ਹਾਸਰਸ ਦਾ ਉਸਤਾਦ ਸੀ ਸੂਬਾ ਸਿੰਘ

ਪੰਜਾਬੀ ਹਾਸ ਵਿਅੰਗ ਨੂੰ ਆਧੁਨਿਕ ਮੁਹਾਂਦਰਾ ਸੂਬਾ ਸਿੰਘ ਨੇ ਹੀ ਬਖਸ਼ਿਆ। ਇਸ ਕਲਾ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ।

ਡਾ. ਗੁਰਚਰਨ ਸਿੰਘ ਮਹਿਤਾ

ਹਾਸਰਸ ਤੇ ਵਿਅੰਗ ਦਾ ਲੋਕ ਕਵੀ, ਵੰਨ-ਸੁਵੰਨੀਆਂ ਬਹੁ-ਪੱਖੀ  ਰਚਨਾਵਾਂ ਦਾ ਸਿਰਜਕ, ਕਵੀ ਦਰਬਾਰਾਂ ਦੀ ਸ਼ਾਨ, ਅਸਲੀਅਤ ਨੂੰ ਆਪਣੀਆਂ ਛੋਹਾਂ ਦੇ ਕੇ ਸਭ ਨੂੰ ਖਿੜਖਿੜਾਉਣ ਵਾਲਾ ਸੂਬਾ ਸਿੰਘ ਪੰਜਾਬੀ ਸਾਹਿਤ ਜਗਤ ਦਾ ਇੱਕ ਅਨਮੋਲ ਹੀਰਾ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਊਧੋ ਨੰਗਲ ਵਿੱਚ ਸੂਬਾ ਸਿੰਘ ਦਾ ਜਨਮ 15 ਮਈ, 1906 ਈ. ਨੂੰ ਹੋਇਆ। ਉਸ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਬਹੁਤ ਲਾਇਕ ਹੋਣ ਕਾਰਨ ਪ੍ਰਾਇਮਰੀ ਤੋਂ ਲੈ ਕੇ ਐਮ.ਏ. ਮੈਥੇਮੈਟਿਕਸ ਤੱਕ ਉਸ ਨੇ ਸਭ ਜਮਾਤਾਂ ਵਜ਼ੀਫਾ ਲੈ ਕੇ ਪਾਸ ਕੀਤੀਆਂ ਸਨ। ਸੂਬਾ ਸਿੰਘ ਚੰਗੇ ਖਾਨਦਾਨ ਵਿੱਚੋਂ ਸੀ, ਜਿਸ ਕਾਰਨ ਅੰਗਰੇਜ਼ੀ ਰਾਜ ਵਿੱਚ ਉਸ ਨੂੰ ਕਮਿਸ਼ਨ ਮਿਲ ਗਿਆ ਤੇ ਉਹ ਤਰੱਕੀ ਕਰਕੇ ਕੈਪਟਨ ਰੈਂਕ ਤੱਕ ਪੁੱਜ ਗਿਆ। ਜਦੋਂ ਸੁਭਾਸ਼ ਚੰਦਰ ਬੋਸ ਨੇ ਹਿੰਦੁਸਤਾਨੀਆਂ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਮੁਕਤ ਕਰਾਉਣ ਲਈ ਆਈ.ਐਨ.ਏ. ਵਿੱਚ ਭਰਤੀ ਹੋਵੋ ਤਾਂ ਸੂਬਾ ਸਿੰਘ ਅੰਦਰਲੇ ਦੇਸ਼ ਭਗਤੀ ਦੇ ਜਜ਼ਬੇ ਨੇ ਉਸ ਨੂੰ ਪ੍ਰੇਰਨਾ ਦਿੱਤੀ ਤਾਂ ਉਹ ਆਈ.ਐਨ.ਏ. ਵਿੱਚ ਭਰਤੀ ਹੋ ਗਿਆ। ਉੱਥੇ ਉਸ ਨੇ ਜਨਰਲ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੇ ਕਾਫੀ ਨੇੜੇ ਦੇ ਸਾਥੀਆਂ ਵਿੱਚ ਆਪਣੀ ਥਾਂ ਬਣਾ ਲਈ। ਜਦੋਂ ਜਪਾਨੀਆਂ ਦੀ ਜਨਰਲ ਮੋਹਨ ਸਿੰਘ ਨਾਲ ਕੁਝ ਗੱਲਾਂ ਕਰਕੇ ਵਿਗੜ ਗਈ ਤਾਂ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਕੈਦ ਕਰਕੇ ਉਨ੍ਹਾਂ ਉੱਪਰ ਬੜੇ ਤਸ਼ੱਦਦ ਢਾਹੁਣੇ ਸ਼ੁਰੂ ਕਰ ਦਿੱਤੇ। ਕਾਫੀ ਜੱਦੋਜਹਿਦ ਤੋਂ ਬਾਅਦ ਜਦ ਭਾਰਤ ਆਜ਼ਾਦ ਹੋ ਗਿਆ ਤਾਂ ਸੁਭਾਸ਼ ਚੰਦਰ ਬੋਸ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਿੱਚ ਜੋ ਤਕਰਾਰ ਸੀ, ਉਸ ਕਰਕੇ ਆਈ.ਐਨ.ਏ. ਵਾਲਿਆਂ ਨੂੰ ਮੁੜ ਭਾਰਤੀ ਫੌਜ ਵਿੱਚ ਨਾ ਲਿਆ ਗਿਆ। 1947 ਨੂੰ ਦੇਸ਼ ਆਜ਼ਾਦ ਹੋਣ ਮਗਰੋਂ ਸੂਬਾ ਸਿੰਘ ਨੂੰ ਘਰ ਦਾ ਰੋਟੀ ਪਾਣੀ ਚਲਾਉਣ ਲਈ ਕਈ ਧੰਦੇ ਕਰਨੇ ਪਏ। ਪੰਜਾਬੀ ਸਾਹਿਤ ਦੀ ਚੰਗੇਰ ਨੂੰ ਵਿਵਿਧ ਅਤੇ ਆਪਣੇ ਨਿਵੇਕਲੇ ਰੰਗ ਦੀਆਂ ਰਚਨਾਵਾਂ ਨਾਲ ਸ਼ਿੰਗਾਰਨ ਵਾਲੇ ਇਸ ਪ੍ਰਸਿੱਧ ਸਾਹਿਤਕਾਰ ਦਾ 6 ਦਸੰਬਰ, 1981 ਈ. ਨੂੰ ਸਦੀਵੀ ਵਿਛੋੜਾ ਹੋ ਗਿਆ ਸੀ। ਮੈਨੂੰ 1971  ਵਿੱਚ ਡਾ. ਭਾਈ ਵੀਰ ਸਿੰਘ ਦੀ ਕਵਿਤਾ ਦੇ ਵਿਸ਼ੇ 'ਤੇ ਸ਼ੋਧ ਗ੍ਰੰਥ ਲਿਖਣ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐਚ.ਡੀ. ਦੀ ਡਿਗਰੀ ਮਿਲੀ। ਇਹ ਭਾਈ ਵੀਰ ਸਿੰਘ ਦੇ ਸਾਹਿਤ ਬਾਰੇ ਸਭ ਤੋਂ ਪਹਿਲਾ ਸੋਧ ਗ੍ਰੰਥ ਸੀ। 1972 ਈ. ਵਿੱਚ ਭਾਸ਼ਾ ਵਿਭਾਗ, ਪੰਜਾਬ ਨੇ ਇਸ ਸੋਧ ਗ੍ਰੰਥ ਨੂੰ ਛਾਪ ਕੇ ਪ੍ਰਕਾਸ਼ਿਤ ਕਰ ਦਿੱਤਾ ਸੀ। ਮੈਨੂੰ ਸੂਬਾ ਸਿੰਘ ਹੋਰਾਂ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਟੈਲੀਗ੍ਰਾਮ ਮਿਲੀ ਕਿ ਮੈਂ 6 ਦਸੰਬਰ, 1972 ਨੂੰ ਭਾਈ ਵੀਰ ਸਿੰਘ ਦੀ ਪਹਿਲੀ ਸ਼ਤਾਬਦੀ ਮਨਾਉਣ ਦੇ ਸਬੰਧ ਵਿੱਚ ਗੌਰਮਿੰਟ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵਿੱਚ ਹੋ ਰਹੇ ਸੈਮੀਨਾਰ ਵਿੱਚ ਭਾਗ ਲੈਣ ਲਈ ਜ਼ਰੂਰ ਪੁੱਜਾਂ। ਮੈਂ ਉਕਤ ਤਾਰੀਖ ਨੂੰ ਪਹਿਲੀ ਵਾਰ ਜਦ ਸੂਬਾ ਸਿੰਘ ਨੂੰ ਮਿਲਿਆ, ਉਨ੍ਹਾਂ ਬੜੇ ਮੋਹ ਨਾਲ ਮੈਨੂੰ ਕਲਾਵੇ ਵਿੱਚ ਲੈ ਲਿਆ ਅਤੇ ਹੱਸਦਿਆਂ-ਹੱਸਦਿਆਂ ਪੋ੍ਰ. ਪ੍ਰੀਤਮ ਸਿੰਘ, ਗੁਰਚਰਨ ਸਿੰਘ (ਕਰਤਾ ਪੰਜਾਬੀ ਗਲਪਕਾਰ, ਪੰਜਾਬੀ ਗਲਪ ਦਾ ਵਿਕਾਸ, ਪੰਜਾਬੀ ਗਲਪ ਦਾ ਇਤਿਹਾਸ) ਅਤੇ ਕੁਝ ਹੋਰ ਪੰਜਾਬੀ ਲੇਖਕਾਂ ਦੇ ਸਾਹਮਣੇ ਕਿਹਾ ਕਿ 'ਅੱਜ ਸੈਮੀਨਾਰ ਵਿੱਚ ਗੁਰਚਰਨ ਸਿੰਘ 'ਤੇ ਗੁਰਚਰਨ ਸਿੰਘ ਮਹਿਤਾ ਕਮਾਲ ਕਰੂ। ਸਭ ਪਾਸੇ ਹਾਸਾ ਮੱਚ ਗਿਆ। ਮੈਂ ਨਾਮਵਰ ਲੇਖਕ ਗੁਰਚਰਨ ਸਿੰਘ ਹੋਰਾਂ ਦੀਆਂ ਕਈ ਪੁਸਤਕਾਂ ਨੂੰ ਐਮ.ਏ. ਪੰਜਾਬੀ ਕਰਨ ਵੇਲੇ ਪੜ੍ਹਿਆ ਸੀ। ਸੂਬਾ ਸਿੰਘ ਦੇ ਹੱਸਮੁਖ ਸੁਭਾਅ ਦੀ ਝਲਕ ਤਾਂ ਮੈਂ ਅਨੁਭਵ ਕਰ ਲਈ ਪਰ ਅੰਦਰੋਂ ਸੋਚ ਰਿਹਾ ਸਾਂ ਕਿ ਏਨੇ ਵੱਡੇ ਨਾਮਵਰ ਲੇਖਕ ਦੇ ਪਰਚੇ ਉਪਰ ਮੈਨੂੰ ਚਰਚਾ ਕਰਨੀ ਪਏਗੀ। ਜਦ ਸੈਮੀਨਾਰ ਹਾਲ ਵਿੱਚ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਕਿਰਪਾਲ ਸਿੰਘ ਨਾਰੰਗ, ਭਾਈ ਜੋਧ ਸਿੰਘ ਜੀ ਅਤੇ ਹੋਰ ਮੁਖੀ ਮੰਚ 'ਤੇ ਆਸੀਨ ਹੋ ਗਏ ਤਾਂ ਪਤਵੰਤਿਆਂ ਦੇ ਰਸਮੀ ਸੰਸਦਾਂ ਤੋਂ ਬਾਅਦ ਸੂਬਾ ਸਿੰਘ, ਜੋ ਮੰਚ ਦਾ ਸੰਚਾਲਣ ਕਰ ਰਹੇ ਸਨ, ਨੇ ਗੁਰਚਰਨ ਸਿੰਘ ਹੋਰਾਂ ਨੂੰ ਆਪਣਾ ਪਰਚਾ ਪੜ੍ਹਨ ਲਈ ਬੁਲਾਇਆ। ਉਨ੍ਹਾਂ 'ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਜੋ ਪਰਚਾ ਪੜ੍ਹਿਆ ਉਹ ਮਾਰਕਸਵਾਦੀ ਆਲੋਚਨਾ ਦੇ ਪ੍ਰਭਾਵ ਹੇਠ ਭਾਈ ਵੀਰ ਸਿੰਘ ਨੂੰ ਅਵਸਰਵਾਦੀ, ਅੰਗਰੇਜ਼ਾਂ ਦਾ ਪਿੱਠੂ ਪਿਛਾਂਹਖਿੱਚੂ ਆਦਿ ਦਰਸਾਉਣ ਵਾਲਾ ਸੀ। ਉਨ੍ਹਾਂ ਦੇ ਪਰਚੇ ਤੋਂ ਬਾਅਦ ਮੈਨੂੰ ਇਸ ਪਰਚੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ। ਮੈਂ ਬਿਨਾਂ ਕਿਸੇ ਭੂਮਿਕਾ ਦੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ 'ਕੁਤਬ ਦੀ ਲਾਟ', ਪਿੰਜਰੇ ਪਿਆ ਤੋਤਾ', ਮੰਦਰ ਮਾਰਤੰਡ ਦੇ ਖੰਡਰ' ਆਦਿ ਵਿੱਚੋਂ ਹਰ ਤਰ੍ਹਾਂ ਦੀ ਗੁਲਾਮੀ ਵਿਦੇਸ਼ੀਆਂ ਦੇ ਜ਼ੁਲਮ, ਦੇਸ਼ ਦੇ ਧਰਮ ਨੂੰ ਖੀਵ ਕਰਨ ਲਈ ਸੁੰਦਰ ਮੰਦਰਾਂ ਅਤੇ ਕਲਾਤਮਿਕ ਮੂਰਤੀਆਂ ਦੀ ਤਬਾਹੀ ਬਾਰੇ ਮੂਲ ਸਬੰਧਤ ਤੁਕਾਂ ਦੇ ਹਵਾਲੇ ਦੇ ਕੇ ਭਾਈ ਵੀਰ ਸਿੰਘ ਦੇ ਸਾਹਿਤ ਦਾ ਮੂਲ ਉਦੇਸ਼ ਦਰਸਾਉਣ ਦਾ ਯਤਨ ਕੀਤਾ। ਉੱਥੇ ਬਹੁਤੇ ਸਰੋਤੇ ਭਾਈ ਵੀਰ ਸਿੰਘ ਦੇ ਸ਼ਰਧਾਲੂ ਸਨ, ਉਨ੍ਹਾਂ ਨੇ ਵੀ ਗੁਰਚਰਨ ਸਿੰਘ ਹੋਰਾਂ ਦੇ ਪਰਚੇ ਉੱਪਰ ਬੜੇ' ਕਿੰਤੂ-ਪ੍ਰੰਤੂ ਕੀਤੇ। ਸੈਮੀਨਾਰ ਸਮਾਪਤ ਹੋਣ 'ਤੇ ਮੈਨੂੰ ਥਾਪੜਾ ਦਿੰਦਿਆਂ ਸੂਬਾ ਸਿੰਘ ਹੋਰਾਂ ਗੁਰਚਰਨ ਸਿੰਘ ਨੂੰ ਹਾਸੇ-ਹਾਸੇ ਵਿੱਚ ਕਿਹਾ ਕਿ ''ਮੈਂ ਕਿਹਾ ਸੀ ਨਾ ਕਿ ਗੁਰਚਰਨ ਸਿੰਘ ਉੱਤੇ ਗੁਰਚਰਨ ਸਿੰਘ ਮਹਿਤਾ ਕਮਾਲ ਕਰੂ।'' ਸੂਬਾ ਸਿੰਘ ਹੋਰਾਂ ਦੇ ਹਾਸ-ਰਸੀ ਵਿਅੰਗ ਸਾਹਿਤਕਾਰਾਂ ਵਿੱਚ ਬੜੇ ਚਰਚਿਤ ਰਹੇ ਹਨ। ਮੇਰੇ ਨਜ਼ਦੀਕੀ ਅਜ਼ੀਜ਼ ਤੇ ਮਿੱਤਰ ਡਾ. ਗੁਰਮੁਖ ਸਿੰਘ ਐਮ.ਏ. ਪੰਜਾਬੀ ਕਰਨ ਦੌਰਾਨ ਸੂਬਾ ਸਿੰਘ ਦੇ ਬਹੁਤ ਨੇੜੇ ਰਹੇ ਸਨ। ਉਨ੍ਹਾਂ ਨੇ ਆਪਣੀ ਪੁਸਤਕ 'ਜਾਇ ਸੁਤੇ ਜੀਰਾਣਿ' (2011) ਵਿੱਚ ਸੂਬਾ ਸਿੰਘ ਦੇ ਹਾਸ ਰਸ ਭਰਪੂਰ ਵਿਅੰਗਾਂ ਦੀਆਂ ਸੁੰਦਰ ਝਲਕੀਆਂ ਦਿੱਤੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਕੁ ਨਾਲ ਪਾਠਕਾਂ ਦੀ ਸਾਂਝ ਪਾ ਰਿਹਾਂ ਹਾਂ। ਡਾ. ਗੁਰਮੁਖ ਸਿੰਘ 'ਹੀਰ' ਸੂਬਾ ਸਿੰਘ ਦੀ ਕਾਪੀ ਮੰਗਣ ਲਈ ਸੂਬਾ ਸਿੰਘ ਹੋਰਾਂ ਪਾਸ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਵੇਂ ਆਇਆ ਹੈਂ। ਉਸ ਨੇ ਕਿਹਾ ਕਿ ਤੁਸੀਂ 'ਹੀਰ' ਦੀ ਪੁਸਤਕ ਮੈਨੂੰ ਦਿਓ, ਪੜ੍ਹ ਕੇ ਮੈਂ ਦੋ ਦਿਨ ਬਾਅਦ ਮੋੜ ਦਿਆਂਗਾ। ਉਹ ਹੱਸ ਪਏ ਤੇ ਕਹਿਣ ਲੱਗੇ, ''ਗੁਰਮੁਖ ਯਾਰ! ਮੈਂ ਬੁੜ੍ਹਾ ਬੰਦਾ, ਹੁਣ ਹੀਰ' ਮੇਰੀ ਕਾਹਦੀ ਰਹਿ ਜਾਊ। ਤੂੰ ਜਵਾਨ ਮੁੰਡਾ ਹੈਂ। ਹੁਣ ਤਾਂ ਇਹ ਤੇਰੇ ਜੋਗੀ ਹੀ ਹੋ ਜਾਣੀ ਹੈ। ਬਸ, ਇੰਨਾ ਕਰੀਂ, ਦੋ ਦਿਨਾਂ ਬਾਅਦ ਮੋੜ ਜਾਈਂ।'' ਡਾ. ਗੁਰਮੁਖ ਸਿੰਘ ਸੂਬਾ ਹੋਰਾਂ ਦਾ ਚੇਟਕੀ ਰਸੀਆ ਬਣ ਗਿਆ। ਗਿਆਨੀ ਗੁਰਮੁਖ ਸਿੰਘ ਚੀਫ਼ ਮਨਿਸਟਰ, ਪੰਜਾਬ ਸਰਕਾਰ ਦੀ ਪ੍ਰਧਾਨਗੀ ਵਿੱਚ ਭਾਸ਼ਾ ਵਿਭਾਗ, ਪਟਿਆਲਾ ਨੇ ਕਿਲ੍ਹਾ ਮੁਬਾਰਕ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ 'ਤੇ ਡਾ. ਗੁਰਮੁਖ ਸਿੰਘ ਵੀ ਸਰੋਤਿਆਂ ਵਿੱਚ ਬੈਠਾ ਸੀ। ਗਿਆਨੀ ਜੀ ਖ਼ੁਦ ਕਵੀ ਸਨ। ਉਨ੍ਹਾਂ ਨੇ ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀਆਂ ਵੱਲ ਵੇਖ ਕੇ ਸੂਬਾ ਸਿੰਘ  ਨੂੰ ਆਖਿਆ, ''ਸੂਬਾ ਸਿਹੁੰ ਮੇਰੇ 'ਤੇ ਵਿਅੰਗ ਸੁਣਾਵੇ ਤਾਂ ਮਜ਼ਾ ਆ ਜਾਏ।'' ਸੂਬਾ ਸਿੰਘ ਦੀ ਵਾਰੀ ਆਈ ਤਾਂ ਉਨ੍ਹਾਂ ਆਪਣੀ ਕਵਿਤਾ ਦੀਆਂ ਪਹਿਲੀਆਂ ਚਾਰ ਤੁਕਾਂ ਮੁਸਾਫਿਰ ਜੀ ਬਾਰੇ ਇੰਝ ਕਹੀਆਂ: ਸਤਿਗੁਰ ਬੁਲ੍ਹ 'ਚੋਂ ਬੋਲਿਆ ਚਾਹ ਧਰ ਦੇ ਚੇਲਾ। ਅੱਜ ਸੰਗਤਾਂ ਨੇ ਆਵਣਾ ਮੱਸਿਆ ਦਾ ਮੇਲਾ। ਰਾਂਝਾ ਕਹਿੰਦਾ ਹੀਰ ਨੂੰ ਨਹੀਂ ਚੰਗਾ ਵੇਲਾ। ਗੁਰਮੁਖ ਪਾਸ ਨਾ ਜਾਈਏ ਜਦ ਹੋਇ ਇਕੇਲਾ। ਇਨ੍ਹਾਂ ਸਤਰਾਂ ਵਿੱਚ ਗਿਆਨੀ ਜੀ ਦੇ ਆਚਰਣ 'ਤੇ ਕਰਾਰਾ ਵਿਅੰਗ ਸੀ, ਪਰ ਸੂਬਾ ਸਿੰਘ ਦੇ ਕਾਵਿ ਵਿਅੰਗ ਕਹਿਣ ਦੀ ਦਲੇਰੀ ਨੂੰ ਸਰਾਹੁੰਦਿਆਂ ਉਹ ਤਾੜੀ ਮਾਰ ਕੇ ਉੱਚੀ ਉੱਚੀ ਹੱਸੇ ਤੇ ਫਿਰ ਕਹਿਣ ਲੱਗੇ, ''ਓਏ ਸੂਬਾ ਸਿਆਂ ਆਪਣਾ ਨਾਂ ਗੁਰਮੁਖ ਕਦੋਂ ਤੋਂ ਰੱਖ ਲਿਆ ਹੈ।'' ਅੱਗੇ ਸਾਰੀ ਕਵਿਤਾ ਵਿੱਚ ਉਸ ਨੇ ਕੁਝ ਸਾਹਿਤਕਾਰਾਂ ਅਤੇ ਸਿਆਸੀ ਲੀਡਰਾਂ 'ਤੇ ਹਾਸਰਸੀ ਵਿਅੰਗ ਕੱਸਦਿਆਂ ਸਭ ਨੂੰ ਖੂਬ ਹਸਾਇਆ। ਇਵੇਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੂਬਾ ਸਿੰਘ ਹੋਰਾਂ ਨੂੰ ਆਪਣਾ ਪੈ੍ਰਸ ਸੈਕਟਰੀ ਨਿਯੁਕਤ ਕਰ ਲਿਆ ਤਾਂ ਇੱਕ ਵਾਰ ਉਸ ਦੇ ਦੋਖੀਆਂ ਨੇ ਗਿਆਨੀ ਜ਼ੈਲ ਸਿੰਘ ਦੇ ਕੰਨ ਭਰਦਿਆਂ ਆਖਿਆ, ''ਹਜ਼ੂਰ ਤੁਸੀਂ ਮੁੱਖ ਮੰਤਰੀ ਹੋ। ਤੁਹਾਡਾ ਟੀ.ਏ. ਘੱਟ ਹੈ ਤੇ ਤੁਹਾਡੇ ਪੈ੍ਰਸ ਸੈਕਟਰੀ ਦਾ ਟੀ.ਏ. ਜ਼ਿਆਦਾ ਹੈ। ਉਹ ਹੇਰਾਫੇਰੀ ਨਾਲ ਟੀ.ਏ. ਜ਼ਿਆਦਾ ਬਣਾ ਰਿਹਾ ਹੈ।'' ਗਿਆਨੀ ਜੀ ਨੇ ਆਪਣੇ ਪੀ.ਏ. ਨੂੰ ਆਖਿਆ ਜਦੋਂ ਸੂਬਾ ਸਿੰਘ ਟੀ.ਏ. ਬਿਲ ਲੈ ਕੇ ਆਵੇ ਤਾਂ ਮੇਰੇ ਪਾਸ ਭੇਜਣਾ।'' ਕੁਝ ਦਿਨਾਂ ਮਗਰੋਂ ਜਦ ਸੂਬਾ ਸਿੰਘ ਟੀ.ਏ. ਬਿਲ ਦੀ ਪ੍ਰਵਾਨਗੀ ਲੈਣ ਪਹੁੰਚੇ ਤਾਂ ਪੀ.ਏ. ਨੇ ਉਨ੍ਹਾਂ ਨੂੰ ਗਿਆਨੀ ਜੀ ਪਾਸ ਭੇਜ ਦਿੱਤਾ। ਸੱਚੀ ਮੁੱਚੀ ਉਨ੍ਹਾਂ ਦਾ ਟੀ.ਏ. ਗਿਆਨੀ ਜੀ ਦੇ ਟੀ.ਏ. ਨਾਲੋਂ ਵੱਧ ਸੀ। ਜਦੋਂ ਗਿਆਨੀ ਜੀ ਨੇ ਇਸ ਬਾਰੇ ਪੁੱਛਿਆ ਤਾਂ ਉਹ ਹੱਸ ਕੇ ਕਹਿਣ ਲੱਗੇ, ''ਗਿਆਨੀ ਜੀ ਗਧੇ ਨਾਲੋਂ ਘੁਮਾਰ ਡਾਢਾ ਕੰਮ ਕਰਦਾ ਹੈ। ਤੁਸੀਂ ਤਾਂ ਸਿੱਧੇ ਸਮਾਗਮ ਪੁੱਜ ਜਾਣਾ ਹੁੰਦਾ ਹੈ, ਮੈਂ ਤਾਂ ਕਈ ਥਾਈਂ ਡੱਡੂਆਂ ਦੀ ਪੰਸੇਰੀ ਪੱਤਰਕਾਰਾਂ ਨੂੰ ਇਕੱਠਾ ਕਰਕੇ ਲਿਆਉਣਾ ਹੁੰਦਾ ਹੈ। ਇਸ ਲਈ ਟੀ.ਏ. ਵੱਧ ਹੀ ਬਣੇਗਾ ਨਾ। ਗਿਆਨੀ ਜੀ ਨੇ ਹੱਸਦਿਆਂ ਟੀ.ਏ. ਬਿਲ ਨੂੰ ਪ੍ਰਵਾਨ ਕਰਦਿਆਂ ਆਖਿਆ ''ਸੂਬਾ ਸਿੰਘ ਮੰਨ ਗਏ।'' ਇਸੇ ਤਰ੍ਹਾਂ ਇੱਕ ਵਾਰੀ ਪੰਜਾਬੀ ਸਾਹਿਤ ਸਭਾ, ਪਟਿਆਲਾ ਦਾ ਸਮਾਗਮ ਸੈਂਟਰਲ ਪਬਲਿਕ ਲਾਇਬਰੇਰੀ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਸੂਬਾ ਸਿੰਘ ਕਰ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਇਸ ਸਭਾ ਦੇ ਬਹੁਤੇ ਮੈਂਬਰ ਕਾਮਰੇਡ ਸਨ ਤੇ ਉਨ੍ਹਾਂ ਨੇ ਵਾਰੋ ਵਾਰੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਹਿਤ ਲੋਕਾਂ ਲਈ ਲਿਖਿਆ ਜਾਣਾ ਚਾਹੀਦਾ ਹੈ। ਇਸ ਬਾਰੇ ਗਰਮਾ-ਗਰਮ ਬਹਿਸ ਹੋਈ। ਸੂਬਾ ਸਿੰਘ ਨੇ ਆਪਣਾ ਭਾਸ਼ਣ ਇਉਂ ਸ਼ੁਰੂ ਕੀਤਾ: ''ਮੇਰੇ ਪਿਆਰੇ ਬਹੁਤ ਸਾਰੇ ਕਾਮਰੇਡ ਦੋਸਤਾਂ ਨੇ ਆਖਿਆ ਹੈ ਕਿ ਸਾਹਿਤ ਲੋਕਾਂ ਲਈ ਲਿਖਿਆ ਜਾਵੇ। ਮੈਂ ਉਨ੍ਹਾਂ ਤੋਂ ਸਨਿਮਰ ਪੁੱਛਦਾ ਹਾਂ ਕਿ ਕੀ ਅਸੀਂ ਘੋੜਿਆਂ ਲਈ ਲਿਖਦੇ ਹਾਂ?'' ਉੱਥੇ ਖੂਬ ਹਾਸਾ ਪਿਆ। ਫਿਰ ਉਸ ਨੇ ਬੜੇ ਆਲਮਾਨਾ ਢੰਗ ਨਾਲ ਸਾਹਿਤ ਦੇ ਪ੍ਰਯੋਜਨ ਬਾਰੇ ਆਪਣੇ ਵਿਚਾਰ   ਪ੍ਰਗਟ ਕਰਦਿਆਂ  ਸਭ ਨੂੰ ਹੈਰਾਨ ਕਰ ਦਿੱਤਾ। ਸੂਬਾ ਸਿੰਘ ਕੋਲ ਜ਼ਿੰਦਗੀ ਦਾ ਬੜਾ ਡੂੰਘਾ ਤੇ ਵਿਸ਼ਾਲ ਅਨੁਭਵ ਸੀ। ਉਸ ਦੀਆਂ ਸਾਂਝਾਂ ਸਿਆਸੀ ਲੀਡਰਾਂ, ਸਾਹਿਤਕਾਰਾਂ ਤੇ ਹੋਰ ਮਹੱਤਵਪੂਰਨ ਵਿਅਕਤੀਆਂ ਨਾਲ ਰਹੀਆਂ ਸਨ। ਉਸ ਦੀ ਹਾਸਰਸ ਭਰਪੂਰ ਸ਼ਖ਼ਸੀਅਤ ਅਤੇ ਸਾਹਿਤਕ ਦੇਣ ਕਾਰਨ ਪੰਜਾਬੀ ਸਾਹਿਤ ਜਗਤ ਸਦਾ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ।

* ਮੋਬਾਈਲ: 097616-15866

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All