ਹਾਈ ਬਲੱਡ ਪ੍ਰੈਸ਼ਰ ਤੇ ਦਵਾਈ ਦਾ ਨੇਮ

ਡਾ. ਅਜੀਤਪਾਲ ਸਿੰਘ

ਹਾਈ ਬਲੱਡ ਪ੍ਰੈਸ਼ਰ (ਬੀਪੀ) ਦੇ ਮਰੀਜ਼ ਅਕਸਰ ਵਿਚਕਾਰ ਹੀ ਦਵਾਈ ਲੈਣੀ ਛੱਡ ਦਿੰਦੇ ਹਨ ਪਰ ਅਜਿਹਾ ਕਰਨਾ ਖਤਰਨਾਕ ਹੁੰਦਾ ਹੈ। ਇਸ ਬਾਰੇ 45 ਸਾਲਾ ਮਰੀਜ਼ ਦੀ ਮਿਸਾਲ ਹੈ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਉਸ ਦਾ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ ਸੀ। ਉਸ ਦੀ ਮੈਡੀਕਲ ਹਿਸਟਰੀ ਨੇ ਸੰਕੇਤ ਦਿੱਤਾ ਕਿ ਉਸ ਨੂੰ ਪਿਛਲੇ ਸੱਤ ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਸੀ ਪਰ ਕੁੱਝ ਸਮੇਂ ਬਾਅਦ ਹੀ ਉਸ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਉਸ ਮਰੀਜ਼ ਨੇ ਦਵਾਈ ਲਈ ਤਾਂ ਕੁਝ ਸਮੇਂ ਬਾਅਦ ਬੀਪੀ ਕੰਟਰੋਲ ’ਚ ਆ ਗਿਆ ਤੇ ਉਸ ਨੇ ਦਵਾਈ ਛੱਡ ਦਿੱਤੀ। ਇੱਕ ਦਿਨ ਅਚਾਨਕ ਸਿਰ ਦਰਦ ਸ਼ੁਰੂ ਹੋਇਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਦਿਮਾਗ ਦੀ ਸਿਟੀ ਸਕੈਨ ਤੋਂ ਸੰਕੇਤ ਮਿਲਿਆ ਕਿ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਹੈ ਅਤੇ ਸਰੀਰ ਦੇ ਸੱਜੇ ਹਿੱਸੇ ਨੂੰ ਲਕਵਾ ਹੋ ਗਿਆ ਹੈ। ਇਉਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਵਾਈ ਛੱਡਣਾ ਕਿਸੇ ਲਈ ਵੀ ਕਿੰਨਾ ਖਤਰਨਾਕ ਹੋ ਸਕਦਾ ਹੈ। ਇਸ ਬਾਰੇ ਟਰਾਂਸ ਰੇਡੀਅਲ ਇੰਟਰਵੈਂਸ਼ਨਲ ਪ੍ਰੋਗਰਾਮ ਦੇ ਡਾਇਰੈਕਟਰ ਡਾ. ਰਾਜੀਵ ਰਾਠੀ ਦਾ ਕਹਿਣਾ ਹੈ ਕਿ ‘ਹਾਈ ਬੀਪੀ ਇੱਕ ਖਾਮੋਸ਼ ਕਤਲ ਹੈ ਅਤੇ ਇੱਕ ਅਜਿਹੀ ਹਾਲਤ ਹੁੰਦੀ ਹੈ, ਜੋ ਸਮੇਂ ਦੇ ਨਾਲ ਦਿਲ,ਦਿਮਾਗ, ਗੁਰਦਿਆਂ ਤੇ ਅੱਖਾਂ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਭਾਵਿਤ ਕਰ ਸਕਦੀ ਹੈ। ਦੇਸ਼ ਦੇ ਲਗਭਗ 2.6 ਫੀਸਦੀ ਲੋਕ ਹਾਈ ਬੀਪੀ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਦੇਸ਼ ਦੀ ਇਹ ਸਭ ਤੋਂ ਪੁਰਾਣੀ ਬਿਮਾਰੀ ਬਣ ਗਈ ਹੈ। ਹਾਈ ਬੀਪੀ ਅਤੇ ਇਸ ਦੀ ਵਜ੍ਹਾ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦੀ ਮੈਨੇਜਮੈਂਟ ਅਤੇ ਰੋਕਥਾਮ ਲਈ ਜੀਵਨ ਸ਼ੈਲੀ ’ਚ ਬਦਲਾਓ ਬੇਹੱਦ ਮਹੱਤਵਪੂਰਨ ਹੈ।’ ਡਾ. ਰਾਠੀ ਮੁਤਾਬਕ ‘ਸਟੱਡੀ ਇਹ ਕਹਿੰਦੀ ਹੈ ਕਿ ਹਾਈਪਰਟੈਂਸ਼ਨ ਨੂੰ ਅਜਿਹੇ ਬਲੱਡ ਪ੍ਰੈਸ਼ਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ 140/90 ਮਿ.ਮੀ.ਐੱਚ.ਜੀ. ਦੇ ਪੱਧਰ ਤੋਂ ਲਗਾਤਾਰ ਜ਼ਿਆਦਾ ਹੁੰਦਾ ਹੈ। ਲੱਛਣਾਂ ਦੀ ਕਮੀ ਕਾਰਨ ਇਹ ਹਾਲਤ ਅਸਲੀ ਸ਼ੁਰੂਆਤੀ ਕੁਝ ਸਾਲਾਂ ਬਾਅਦ ਹੀ ਪਤਾ ਲੱਗਦੀ ਹੈ, ਇਸ ਲਈ ਸੁਰੱਖਿਆ ਵਜੋਂ ਇਲਾਜ ਜ਼ਰੂਰੀ ਹੈ। ਖਾਸ ਕਰ ਕੇ ਉਨ੍ਹਾਂ ਲੋਕਾਂ ਵਿਚ ਜਿਨ੍ਹਾਂ ਦੇ ਪਰਿਵਾਰ ’ਚ ਪਹਿਲਾਂ ਵੀ ਕਿਸੇ ਨੂੰ ਵੀ ਪ੍ਰੇਸ਼ਾਨੀ ਰਹਿ ਚੁੱਕੀ ਹੋਵੇ। ਹਾਲ ਹੀ ’ਚ 6,13,815 ਮਰੀਜ਼ਾਂ ’ਤੇ ਹੋਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਐੱਚਜੀ ਸਿਸਟੋਲਿਕ ਬਲੱਡ ਪ੍ਰੈਸ਼ਰ ’ਚ 10 ਮਿ.ਮੀ ਦੀ ਕਮੀ ਲਿਆਉਣ ਨਾਲ ਵੀ ਦਿਮਾਗ ਫੇਲ੍ਹ ਹੋਣਾ, ਬ੍ਰੇਨ ਹੈਮਰੇਜ, ਦਿਲ ਦਾ ਦੌਰਾ ਪੈਣ ਤੇ ਮੌਤ ਦੀ ਘਟਨਾ ’ਚ ਜ਼ਿਕਰਯੋਗ ਕਮੀ ਆ ਸਕਦੀ ਹੈ। ਇਸ ਅਧਿਐਨ ਨੇ ਬਿਨਾ ਕਿਸੇ ਸ਼ੱਕ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਮਹੱਤਵ ਅਤੇ ਜ਼ਰੂਰਤ ਨੂੰ ਸਾਬਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈ ਬੀਪੀ ਤੋਂ ਪੀੜਤ ਪੰਜਾਹ ਫੀਸਦੀ ਤੋਂ ਜ਼ਿਆਦਾ ਭਾਰਤੀ ਆਪਣੀ ਹਾਲਤ ਤੋਂ ਅਨਜਾਣ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਸੱਤ ਮਰੀਜ਼ਾਂ ’ਚੋਂ ਸਿਰਫ਼ ਇੱਕ ਜਾਂ ਇੱਕ ਤੋਂ ਵੀ ਘੱਟ ਮਰੀਜ਼ ਹਾਈ ਬੀਪੀ ਨੂੰ ਘੱਟ ਕਰਨ ਦੀ ਦਵਾਈ ਖਾਂਦੇ ਹਨ। ਇਸ ਸੂਰਤ ਵਿਚ ਜ਼ਰੂਰਤ ਹੈ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਉਹ ਹਾਈ ਬੀਪੀ ਦੀ ਦਵਾਈ ਨਹੀਂ ਖਾਂਦੇ ਅਤੇ ਇਸ ਦਾ ਇਲਾਜ ਨਹੀਂ ਕਰਦੇ ਤਾਂ ਇਹ ਸਰੀਰ ਦੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਉਪਾਅ: *ਸਟ੍ਰੈੱਸ (ਤਣਾਅ) ਘਟਾਉਣਾ ਚਾਹੀਦਾ ਹੈ। *ਸੋਡੀਅਮ ਦੀ ਵਰਤੋਂ ਰੋਜ਼ਾਨਾ ਪੰਜ ਗ੍ਰਾਮ ਤੋਂ ਘੱਟ ਕਰੋ। *ਫ਼ਲਾਂ ਤੇ ਸਬਜ਼ੀਆਂ ਤੋਂ ਕੈਲਸ਼ੀਅਮ ਹਾਸਲ ਕਰੋ। *ਰੋਜ਼ਾਨਾ ਥੋੜ੍ਹੀ ਬਹੁਤ ਕਸਰਤ ਜ਼ਰੂਰ ਕਰੋ। *ਫਲ ਤੇ ਹਰੀਆਂ ਸਬਜ਼ੀਆਂ ਖਾਓ ਅਤੇ ਆਪਣੇ ਵਜ਼ਨ ’ਤੇ ਕੰਟਰੋਲ ਰੱਖੋ। *ਆਪਣੇ ਬਲੱਡ ਪ੍ਰੈਸ਼ਰ ਨੂੰ ਨਿਯਮਤ ਰੂਪ ਨਾਲ ਮਨੀਟਰ ਕਰੋ ਅਤੇ ਇਸ ਨੂੰ ਕੰਟਰੋਲ ’ਚ ਰੱਖਣ ’ਚ ਆਪਣੇ ਡਾਕਟਰ ਦੀ ਸਲਾਹ ਲਓ। ਸੰਪਰਕ: ajitpal1952<\@>gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All