ਹਸਪਤਾਲਾਂ ’ਚ ਰੁਲਦੀ ਜ਼ਿੰਦਗੀ…

ਜਗਦੀਪ ਸਿੱਧੂ

ਅਸੀਂ ਬਾਹਰਲੇ ਰਸਤਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ, ਕਿੱਥੇ ਟੋਆ ਹੈ, ਕਿਹੜੀ ਸੜਕ ’ਤੇ ਜਾਮ ਲੱਗਿਆ ਰਹਿੰਦਾ, ਕਿਹੜੇ ਸੀਵਰੇਜ ਤੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਲਈ ਸਰਕਾਰਾਂ ਨੂੰ ਉਲਾਂਬੇ ਦਿੰਦੇ ਹਾਂ। ਉਹ ਸਾਥੋਂ ਵੋਟ ਲੈ ਕੇ ਆਪਣੇ ਢਿੱਡ ਭਰੀ ਜਾਂਦੀਆਂ ਹਨ ਅਤੇ ਸਭ ਕੁਝ ਦਿਨੋਂ-ਦਿਨ ਖਸਤਾ ਹੁੰਦਾ ਜਾਂਦਾ ਹੈ। ਇਨ੍ਹਾਂ ਸਭ ਊਣਤਾਈਆਂ ਕਰ ਕੇ ਜਾਨ ਦਾ ਜ਼ੋਖ਼ਮ ਬਣਿਆ ਰਹਿੰਦਾ ਹੈ। ਹੋਰ ਰਸਤੇ ਵੀ ਹਨ, ਜ਼ਿੰਦਗੀ ਦੇ ਰਸਤੇ, ਜਿਹੜੇ ਬਾਹਰੋਂ ਦੇਖਿਆਂ ਘੱਟ ਨਜ਼ਰ ਆਉਂਦੇ ਹਨ ਪਰ ਇਹਦੇ ਨਾਲ ਜਾਨ ਹੱਥਾਂ ਵਿਚ ਆ ਜਾਂਦੀ ਹੈ। ਇਹ ਰਾਹ ਨੇ ਸਾਡੇ ਸਰੀਰ ਦੇ ਰਾਹ, ਦਿਲ ,ਗੁਰਦੇ, ਆਦਰਾਂ, ਜਿਗਰ। ਇਥੇ ਵੀ ਆਦਰਾਂ ਵਿਚ ਜਾਮ ਲੱਗ ਜਾਂਦਾ ਹੈ, ਅੰਦਰ ਟੋਏ ਨੁਮਾ ਜ਼ਖ਼ਮ ਵੀ ਹੋ ਜਾਂਦੇ ਹਨ ਅਤੇ ਹੋਰ ਨੁਕਸਾਨ ਹੋ ਜਾਣ ਦਾ ਵੀ ਖਦਸ਼ਾ ਰਹਿੰਦਾ ਹੈ। ਇਹਦੇ ਲਈ ਵੀ ਸਰਕਾਰਾਂ ਹੀ ਜ਼ਿੰਮੇਵਾਰ ਹਨ। ਵਿਦੇਸ਼ੀ ਕੰਪਨੀਆਂ ਦੇ ਧੱਕੇ ਚੜ੍ਹ ਕੇ ਉਨ੍ਹਾਂ ਦੇ ਮੁਨਾਫ਼ੇ ਦੇ ਭਾਗੀਦਾਰ ਬਣ ਕੇ ਹਰੀ ਕ੍ਰਾਂਤੀ ਦੇ ਰੂਪ ’ਚ ਸਾਡੇ ਸਰੀਰ ਵਿਚ ਜ਼ਹਿਰ ਭਰ ਦਿੱਤਾ ਹੈ। ਹਰ ਕੋਈ ਹਸਪਤਾਲਾਂ ਦੇ ਰਾਹ ਤੁਰਿਆ ਹੋਇਆ ਹੈ। ਬੱਚੇ ਜਿਨ੍ਹਾਂ ਨੇ ਟਾਇਰਾਂ ਵਾਲੇ ਖਿਡੋਣੇ-ਕਾਰਾਂ, ਸਕੂਟਰਾਂ ’ਤੇ ਝੂਟੇ ਲੈਣੇ ਸਨ,ਪਹੀਆਂ ਵਾਲੇ ਸਟਰੇਚਰਾਂ ’ਤੇ ਇਕ ਵਾਰਡ ਤੋਂ ਦੂਜੇ ਵਾਰਡ ਘੁੰਮ ਰਹੇ ਹਨ। ਬਜ਼ੁਰਗਾਂ ਨੇ ਜਿਨ੍ਹਾਂ ਦਾ ਥੋੜ੍ਹੇ-ਬਹੁਤੇ ਬੁਖਾਰ ਲਈ ਗੋਲੀ-ਦੱਪਾ ਲੈ ਕੇ ਸਰ ਜਾਂਦਾ ਸੀ, ਉਹ ਹੁਣ ਵੱਡੀਆਂ-ਵੱਡੀਆਂ ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਆਖ਼ਰੀ ਘੜੀਆਂ ਗਿਣ ਰਹੇ ਹਨ। ਉਨ੍ਹਾਂ ਨੂੰ ਇਉਂ ਲਗਦਾ ਹੈ ਕਿ ਏਡੀ ਉੱਚੀ ਆ ਕੇ, ਬਸ ਉੱਪਰ ਹੀ ਜਾ ਰਹੇ ਹਾਂ। ਇਨ੍ਹੀਂ ਦਿਨੀਂ ਅਜੀਬ ਅਨੁਭਵ ’ਚੋਂ ਗੁਜ਼ਰ ਰਿਹਾ ਹਾਂ। ਵਾਹ ਮਰੀਜ਼ਾ ਤੇ ਹਸਪਤਾਲਾਂ ਨਾਲ਼ ਪਿਆ ਹੋਇਆ ਹੈ। ਖ਼ੁਦ ਵੀ ਮਰੀਜ਼ ਰਿਹਾਂ ਹਾਂ। ਹਰ ਕੋਈ ਅਜੀਬ ਜਿਹਾ ਸਲਾਹ-ਮਸ਼ਵਰਾ ਕਰਦਾ ਨਜ਼ਰ ਆਉਂਦਾ ਹੈ- ਕੀਹਦੇ ਕੋਲ ਲੈ ਕੇ ਚੱਲੀਏ, ਫਲਾਣਾ ਡਾਕਟਰ ਤਾਂ ਠੱਗ ਹੈ,ਉਥੇ ਕੋਈ ਪੁੱਛਦਾ ਨਹੀਂ, ਢਿਮਕਾ ਹਸਪਤਾਲ ਮਹਿੰਗਾ ਬਹੁਤ ਹੈ। ਸ਼ਾਇਰ ਮਿੱਤਰ ਜਸਵਿੰਦਰ ਦੇ ਸ਼ਿਅਰ ਦਾ ਮਿਸਰਾ ਵਾਰ-ਵਾਰ ਯਾਦ ਆ ਰਿਹਾ ਹੈ, ‘ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਕਿਥੋਂ ਸਾਹ ਮਿਲਦੇ’। ਅਜੀਬ ਜਿਹੀਆਂ ਸਥਿਤੀਆਂ ਦੇਖ ਰਿਹਾ ਹਾਂ। ਏਥੇ ਆ ਕੇ ਬੰਦਾ ਜ਼ਿੰਦਗੀ ਦੇ ਸਾਰੇ ਤੱਤ ਕੱਢਦਾ ਨਜ਼ਰ ਆਉਂਦਾ ਹੈ। ਬਜ਼ੁਰਗ ਔਰਤਾਂ ਦੀ ਫਿਲਾਸਫੀ ਸੁਣ ਕੇ ਹੈਰਾਨੀ ਹੁੰਦੀ ਹੈ, ‘ਅੱਗੇ ਭਾਈ, ਜਨੇਪਾ ਘਰੇ ਹੀ ਹੋ ਜਾਂਦਾ, ਹੁਣ ਤਾਂ ਜੰਮਦੇ ਬੱਚੇ ਨੂੰ ਹੀ ਹਸਪਤਾਲ ਦਾ ਮੂੰਹ ਦੇਖਣਾ ਪੈਂਦਾ, ਫਿਰ ਸਾਰੀ ਉਮਰ ਹਸਪਤਾਲ ਬੰਦੇ ਦਾ ਖਹਿੜਾ ਨਹੀਂ ਛੱਡਦੇ। ’ ਇਸ ਤਰ੍ਹਾਂ ਦੇ ਵਿਚਾਰ ਸੁਣ ਦਿਮਾਗ ਹਰ ਕੋਨੇ ਤੋਂ ਸੋਚਣਾ ਸ਼ੁਰੂ ਕਰ ਦਿੰਦਾ ਹੈ। ਪ੍ਰਾਈਵੇਟ ਹਸਪਤਾਲ ਹੋਟਲ ਵਾਂਗ ਚਮਕਦੇ, ਫਰਸ਼ ’ਚੋਂ ਮੂੰਹ ਦਿਸਦੈ। ਆਪਣੀ ਹੈਸੀਅਤ ਵੀ ਏਥੇ ਸਾਫ਼ ਦਿਸਣ ਲੱਗ ਜਾਂਦੀ ਹੈ। ਉਹ ਜਾਣ ਸਾਰ ਬੰਦੇ ਨੂੰ ਇਉਂ ਕਾਬੂ ਕਰਦੇ ਨੇ,ਜਿਵੇਂ ਕਹਿੰਦੇ ਹੋਣ,ਹੁਣ ਨਹੀਂ ਜਾਣ ਦੇਣਾ ਤੈਨੂੰ। ਪੰਜਾਹ ਟੈਸਟ ਕਰਵਾ ਕੇ ਇਕ ਛੋਟੀ ਜਿਹੀ ਪਰਚੀ ’ਤੇ ਢੇਰ ਦਵਾਈਆਂ ਲਿਖ ਕੇ ਤੁਹਾਡੀਆਂ ਕਈ ਪੜ੍ਹੀਆਂ ਲਿਖੀਆਂ ਕਿਤਾਬਾਂ ਫੇਲ੍ਹ ਕਰ ਦਿੰਦੇ ਨੇ, ਯਾਨੀ ਤੁਸੀਂ ਸਮਝ ਨਹੀਂ ਸਕਦੇ ਕਿ ਹੋ ਕੀ ਰਿਹਾ। ਇਨ੍ਹਾਂ ਹਸਪਤਾਲਾਂ ਦੇ ਕਮਰਿਆਂ ਵਿਚਲੀ ਸ਼ਾਂਤੀ ਦਸਦੀ ਹੈ ਕਿ ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਤੀ ਹੈ ਪਰ ਜੇ ਧਿਆਨ ਨਾਲ ਦੇਖੋ,ਇਹ ਦਸਦੀ ਨਜ਼ਰ ਆਉਂਦੀ ਹੈ ਕਿ ਏਥੋਂ ਚੁੱਪਚਾਪ ਨਿਕਲ ਜਾਵੋ। ਫੌਜੀਆਂ ਨੂੰ ਇਨ੍ਹਾਂ ਹਸਪਤਾਲਾਂ ਵਿਚ ਮੁਫ਼ਤ ਸਹੂਲਤ ਹੁੰਦੀ ਹੈ, ਇਨ੍ਹਾਂ ਦਾ ਭੁਗਤਾਨ ਕੇਂਦਰ ਸਰਕਾਰ ਕਰਦੀ ਹੈ। ਇਨ੍ਹਾਂ ਨੂੰ ਤਾਂ ਪੈਸੇ ਤੱਕ ਮਤਲਬ ਹੈ ਚਾਹੇ ਬੰਦੇ ਤੋਂ ਲੈਣੇ ਹੋਣ ਜਾਂ ਸਰਕਾਰ ਤੋਂ। ਕਈ ਮਰੀਜ਼ਾ ਨੂੰ ਨਾ ਸਹੀ, ਹਸਪਤਾਲਾਂ ਨੂੰ ਬਾਬਿਆਂ ਦਾ ਅਸ਼ੀਰਵਾਦ ਜ਼ਰੂਰ ਪ੍ਰਾਪਤ ਹੁੰਦਾ ਹੈ। ਛੋਟੇ ਪ੍ਰਾਈਵੇਟ ਹਸਪਤਾਲਾਂ ਦਾ ਢਾਂਚਾ ਹੀ ਹੋਰ ਹੁੰਦਾ ਹੈ। ਉਹ ਪਹਿਲਾਂ ਬਹੁਤਾ ਰਿਸਕ ਨਹੀਂ ਲੈਂਦੇ, ਪਾਰਟ ਟਾਈਮ ਡਾਕਟਰ ਰੱਖਦੇ ਹਨ। ਥੋੜਾ ਜਿਹਾ ਆਕਰਸ਼ਕ ਵੀ ਲਗਦੈ, ਬਈ ਫਲਾਣਾ ਡਾਕਟਰ ਤਾਂ ਉਸ ਦਿਨ ਬੈਠਦੈ। ਫੇਰ ਇਹ ਫਰੀ ਮੈਡੀਕਲ ਕੈਂਪ ਦੀ ਸਕੀਮ ਲਾਉਂਦੇ ਨੇ,ਕਿਸੇ ਦਾ ਕੁਝ ਘਟਾ ਕੇ, ਕਿਸੇ ਦਾ ਕੁਝ ਵਧਾ ਕੇ, ਆਪਣਾ ‘ਕੁਝ’ ਪੂਰਾ ਕਰਦੇ ਹਨ। ਉਨ੍ਹਾਂ ’ਚੋਂ ਕੁਝ ਇਨ੍ਹਾਂ ਦੇ ਮਰੀਜ਼ ਬਣ ਹੀ ਜਾਂਦੇ ਹਨ। ਸਰਕਾਰੀ ਹਸਪਤਾਲਾਂ ਦੀ ਬੁਰਾਈ ਅਲੱਗ ਤਰ੍ਹਾਂ ਦੀ ਹੈ। ਓਪੀਡੀ ਮੂਹਰੇ ਲੱਗੀ ਇਕ ਲੰਬੀ ਕਤਾਰ, ਭਾਰਤ ਦੇ ਇਕ ਨੰਬਰ ਹੋਣ ਦਾ ਦਮ ਭਰਦੀ ਹੈ। ਗੱਲ ਛੋਟੇ ਹਸਪਤਾਲ ਦੀ ਐਮਰਜੈਂਸੀ ਤੋਂ ਸ਼ੁਰੂ ਕਰਦੇ ਹਾਂ। ਰਾਤੀ ਸਿਰਫ਼ ਵੱਧੋ-ਵੱਧ ਫਸਟਏਡ ਹੋ ਸਕਦੀ ਹੈ,ਕਿਉਂਕਿ ਜਿਹੜਾ ਡਾਕਟਰ ਆਨ ਡਿਊਟੀ ਹੁੰਦਾ ਉਹ ਜ਼ਰੂਰੀ ਨਹੀਂ ਉਸੇ ਦਾ ਐਕਸਪਰਟ ਹੋਵੇ,ਉਸ ਨੂੰ ਕਿਸੇ ਹੋਰ ਬਿਮਾਰੀ ਦੀ ਮੁਹਾਰਤ ਹੋ ਸਕਦੀ ਹੈ। ਜੇ ਮਰੀਜ਼ ਥੋੜਾ ਵੀ ਗੰਭੀਰ ਹੈ ਤਾਂ ਰੈਫਰ ਨਹੀਂ ਤਾਂ ਉਹੀ ਬਰੂਫਨ, ਉਹੀ ਪੈਰਾਸੀਟਾਮੋਲ ਦੇ ਕੇ ਇਕ ਲਾਈਨ ਵਿਚ ਪਰਚੀ ’ਤੇ ਲਿਖ ਕੇ ਦੇ ਦਿੰਦੇ ਹਨ,ਕੱਲ੍ਹ ਸਪੈਸ਼ਲਿਸਟ ਡਾਕਟਰ ਨੂੰ ਦਿਖਾਓ। ਚਿੱਟੇ ਪੰਨੇ ’ਤੇ ਸਿਰਫ਼ ਇਕ ਸਤਰ। ਜਿਵੇਂ ਬਾਕੀ ਸਫ਼ੈਦ ਪੰਨੇ ’ਤੇ ਅਗਲੇ ਦਿਨ ਦਾ ਪ੍ਰਭਾਵਸ਼ਾਲੀ ਚਿੰਨ੍ਹ ਹੋਵੇ। ਇਸ ਤਰ੍ਹਾਂ ਰਾਤ ਵਾਲਾ ਐਮਰਜੈਂਸੀ ਡਾਕਟਰ ਜ਼ਿਆਦਾਤਰ ਫਸਟ ਏਡ ਤੱਕ ਸੀਮਤ ਹੁੰਦਾ ਹੈ। ਉਹ ਬਹੁਤਾ ਮਜ਼ਬੂਤ ਫ਼ੈਸਲਾ ਲੈਂਦਾ ਨਜ਼ਰ ਨਹੀਂ ਆਉਂਦਾ। ਮਰੀਜ਼ ਬੇਬੱਸ ਹੋਇਆ ਆਪਣੇ ਵਿਤ ਮੁਤਾਬਕ ਪ੍ਰਾਈਵੇਟ ਹਸਪਤਾਲ ਵੱਲ ਜਾਂ ਇਸ ਤੋਂ ਵੱਡੇ ਸ਼ਹਿਰ ਦੇ ਸਰਕਾਰੀ ਹਸਪਤਾਲ ਵੱਲ ਭੱਜਦਾ ਹੈ। ਛੋਟੇ ਤੋਂ ਵੱਡੇ ਵੱਲ ਇਹ ਸਿਰਫ਼ ਸ਼ਬਦਾਂ ’ਚ ਤਰੱਕੀ ਲਗਦਾ ਹੈ। ਵੱਡੇ ਸਰਕਾਰੀ ਹਸਪਤਾਲ ਜਿਵੇਂ ਪੀਜੀਆਈ, ਸੈਕਟਰ 32, ਸੈਕਟਰ 16 ਵਾਲਾ। ਏਥੇ ਮਰੀਜ਼ ਜਦ ਐਮਰਜੈਂਸੀ ਵਿਚ ਆਉਂਦਾ ਹੈ, ਉਹਨੂੰ ਪਹਿਲਾਂ ਤਾਂ ਇਸ ਤਰ੍ਹਾਂ ਸਾਂਭਦੇ ਨੇ,ਜਿਵੇਂ ਆਪਾਂ ਪਹਿਲਾਂ-ਪਹਿਲਾਂ ਘਰ ਆਏ ਪ੍ਰਾਹੁਣੇ ਦਾ ਸਵਾਗਤ ਕਰਦੇ ਹਾਂ। ਫਿਰ ਸਮਾਂ ਬੀਤਣ ’ਤੇ ਉਹ ਇਕ ਖੂੰਜੇ ਵਿਚ ਪਿਆ ਬੈੱਡ ਨੰਬਰ ਹੀ ਹੁੰਦਾ ਹੈ। ਪੀਜੀਆਈ ਜ਼ਿਆਦਾਤਰ ਸਟਰੈਚਰ ਹੀ ਹਨ। ਵਾਰਡ ਤਾਂ ਕੀ ਹਾਲ ’ਚੋਂ ਲੰਘਣ ਵਾਲੇ ਥਾਂ ਵੀ ਮਰੀਜ਼ਾ ਨਾਲ ਭਰੇ ਪਏ ਹਨ। ਏਥੇ ਜ਼ਿਆਦਾਤਰ ਗੰਭੀਰ ਮਰੀਜ਼ ਹੀ ਆਉਂਦੇ ਹਨ। ਕੋਈ ਸੁਰਤ ‘ਚ ਆਇਆ ਮਰੀਜ਼ ਸਟਰੇਚਰ ’ਤੇ ਪਿਆ, ਲੱਗੇ ਪਹੀਆਂ ਵੱਲ ਵੇਖ ਆਪਣੇ ਜੀਵਨ ਦੀ ਨਜ਼ਰਸਾਨੀ ਕਰਦਾ ਬਚਪਨ ਤੀਕ ਪਹੁੰਚਦਾ ਹੋਊ। ਚਿੱਟੇ ਹੀ ਚਿੱਟੇ ਕੱਪੜੇ ਪਾਏ ਡਾਕਟਰਾਂ ਨੂੰ ਦੇਖ ਖ਼ੱਫਨ ਮਰੀਜ਼ ਨੂੰ ਉਂਝ ਹੀ ਚੇਤੇ ਆਉਣ ਲੱਗ ਜਾਂਦਾ ਹੈ। ਅਜੀਬ ਮਾਹੌਲ ਹੁੰਦਾ ਹੈ। ਏਨਾ ਖੌਫ਼ ਏਨੀ ਚਿੰਤਾ। ਜ਼ਿੰਦਗੀ ਦੀ ਭਿਆਨਕਤਾ ਦੇਖ ਕੇ ਤੁਸੀਂ ਕੰਬ ਜਾਂਦੇ ਹੋ। ਬਿਲਕੁਲ ਸਾਹਮਣੇ ਯੂਨੀਵਰਸਿਟੀ ਪੜ੍ਹਦੇ ਪਾੜ੍ਹਿਆਂ ਲਈ ਮੁਕਾਬਲਤਨ ਜ਼ਿੰਦਗੀ ਕਿੰਨੀ ਹੁਸੀਨ ਹੈ। ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਹੋਣਾ ਕਿ ਜ਼ਿੰਦਗੀ ਦਾ ਕਰੂਰ ਚਿਹਰਾ ਦੂਜੇ ਬੰਨ੍ਹੇ ਹੈ। ਵਾਰਡ ਵਿਚ ਮਰੀਜ਼ ਨਾਲ਼ ਸਿਰਫ਼ ਇਕ ਬੰਦਾ ਰਾਤ ਨੂੰ ਰੁਕ ਸਕਦਾ ਹੈ। ਥੱਲੇ ਸੌਣ ਵਾਲੇ ਰਿਸ਼ਤੇਦਾਰ ਸੁਰੱਖਿਆ ਕਰਮਚਾਰੀਆਂ ਤੋਂ ਲੁਕਦੇ ਫਿਰਦੇ ਹਨ,ਜਿਵੇਂ ਕਰਜ਼ ਵਾਲੇ ਸਰਕਾਰੀ ਕਰਮਚਾਰੀਆਂ ਤੋਂ ਕਿਸਾਨ ਲੁਕਦੇ ਫਿਰਦੇ ਹੋਣ। ਪਿਛਲੇ ਦਿਨੀਂ ਇਸੇ ਹਸਪਤਾਲ ਵਿਚ ਨਿਊਰੋਲੌਜੀ ਵਾਰਡ ਐਮਰਜੈਂਸੀ ਵਿਚ ਇਕ ਕਰੀਬੀ ਰਿਸ਼ਤੇਦਾਰ ਦਾਖ਼ਲ ਸੀ। ਦੂਜੀਆਂ ਥਾਵਾਂ ਤੋਂ ਇਸ ਵਿਭਾਗ ਵਿਚ ਜ਼ਿਆਦਾ ਸ਼ਾਂਤੀ ਸੀ। ਕਈ ਮਰੀਜ਼ ਉਥੇ ਵੈਂਟੀਲੇਟਰ ’ਤੇ ਸਨ। ਸਾਡੇ ਸਾਹਮਣੇ ਇਕ ਔਰਤ ਪਈ ਸੀ। ਉਹਦੇ ਪੰਦਰਾਂ ਸੋਲਾਂ ਦੇ ਦੋ ਬੱਚੇ ਕੋਲ ਬੈਠੇ ਸਨ। ਗੁਲੂਕੋਜ਼ ਦੀਆਂ ਬੂੰਦਾਂ ਬੋਤਲ ’ਚੋਂ ਡਿੱਗ ਰਹੀਆਂ ਸਨ ਤੇ ਕੋਈ-ਕੋਈ ਬੂੰਦ ਬੱਚਿਆਂ ਦੀਆਂ ਅੱਖਾਂ ’ਚੋਂ ਵੀ ਡਿੱਗ ਰਹੀ ਸੀ। ਉਹ ਭੱਜ-ਭੱਜ ਡਾਕਟਰਾਂ ਵੱਲੋਂ ਮੰਗਵਾਈਆਂ ਦਵਾਈਆਂ ਲਿਆ ਰਹੇ ਸਨ। ਉਹ ਜਾ ਰਹੀ ਜ਼ਿੰਦਗੀ ਨੂੰ ਫੜ੍ਹਣ ਦੀ ਕੋਸ਼ਿਸ਼ ਵਿਚ ਸਨ ਪਰ ਫੜ੍ਹ ਨਹੀਂ ਸਕੇ। ਉਨ੍ਹਾਂ ਦਾ ਰੋਣਾ ਦੇਖਿਆ ਨਹੀਂ ਸੀ ਜਾ ਰਿਹਾ। ਉਹ ਰੋ-ਰੋ ਕੇ ਡਾਕਟਰਾਂ ਨੂੰ ਕਹਿ ਰਹੇ ਸਨ ਕਿ ਅਸੀਂ ਕਰਜ਼ਾ ਲੈ ਕੇ ਮਾਂ ਦਾ ਇਲਾਜ ਸ਼ੁਰੂ ਕੀਤਾ ਸੀ,ਤੁਸੀਂ ਸਾਡੀ ਮਾਂ ਨੂੰ ਨਹੀਂ ਬਚਾਇਆ। ਮੈਂ ਸੋਚਿਆ ਇਨ੍ਹਾਂ ਦੀ ਮਾਂ ਤਾਂ ਨਹੀਂ ਰਹੀ ਪਰ ਕਰਜ਼ਾ ਇਨ੍ਹਾਂ ਦੇ ਸਿਰ ਜ਼ਰੂਰ ਰਹਿ ਗਿਆ। ਸਾਡੇ ਰਿਸ਼ਤੇਦਾਰ ਦੀ ਕਾਫੀ ਸਮੇਂ ਤੋਂ ਦਵਾਈ ਚੱਲ ਰਹੀ ਸੀ। ਡਾਕਟਰਾਂ ਨੂੰ ਬਿਮਾਰੀ ਪੂਰੀ ਤਰ੍ਹਾਂ ਸਮਝ ਨਹੀਂ ਸੀ ਲੱਗ ਰਹੀ। ਪੀਜੀਆਈ ਵਿਚ ਜ਼ਿਆਦਾਤਰ ਜੂਨੀਅਰ ਰੈਜ਼ੀਡੈਂਟ ਡਾਕਟਰ, ਮਤਲਬ ਉੇਹ ਜੋ ਓਥੇ ਮਾਸਟਰ ਡਿਗਰੀ ਕਰ ਰਹੇ ਹਨ,ਮਰੀਜ਼ਾਂ ਨੂੰ ਦੇਖਦੇ ਹਨ। ਪ੍ਰੋਫੈਸਰ ਉਨ੍ਹਾਂ ਨੂੰ ਚੈੱਕ ਕਰਨ ਆਉਂਦੇ ਨੇ ਕਿ ਉਨ੍ਹਾਂ ਕਿਹੜੇ ਸਿਮਟਮ ਫੜ੍ਹੇ ਨੇ। ਕਈ ਵਾਰੀ ਕਿਸੇ ਬਿਮਾਰੀ ਦੇ ਸਿਮਟਮ ਸਮਝ ਨਹੀਂ ਆਉਂਦੇ ਤਾਂ ਢੇਰਾਂ ਦੇ ਢੇਰ ਟੈਸਟ ਕੀਤੇ ਜਾਂਦੇ ਨੇ। ਏਨੇ ਕਾਗਜ਼ ਰਿਪੋਰਟਾਂ ਦੇ ਕੱਠੇ ਹੋ ਜਾਂਦੇ ਨੇ ਕਿ ਪੂਰੀ ਕਿਤਾਬ ਬਣ ਜਾਂਦੀ ਹੈ ਤੇ ਜੂਨੀਅਰ ਰੈਜ਼ੀਡੈਂਟ ਡਾਕਟਰ ਮਾਸਟਰ ਡਿਗਰੀ ਕਰ ਰਹੇ,ਉਸ ’ਤੇ ਪੜ੍ਹਾਈ ਕਰਦੇ ਹਨ। ਜੇ ਇਨ੍ਹਾਂ ਦੀ ਥਾਂ ਪੱਕੇ ਸੀਨਿਅਰ ਰੈਜ਼ੀਡੈਂਟ ਡਾਕਟਰ ਹੋਣ ਤਾਂ ਬਿਹਤਰ ਨਤੀਜੇ ਆਉਣ, ਆਖ਼ਰਕਾਰ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਤਜ਼ਰਬਾ ਹੁੰਦਾ ਹੈ। ਉਹ ਨਵੇਂ ਸਿਮਟਮਾਂ ਨੂੰ ਜਲਦੀ ਫੜ੍ਹ ਸਕਦੇ ਹਨ ਪਰ ਕਿਹੜਾ ਧਿਆਨ ਦਿੰਦਾ ਹੈ। ਸਾਡੇ ਰਿਸ਼ਤੇਦਾਰ ਮਰੀਜ਼ ਨੂੰ ਦਾਖਲ ਕਰ ਲਿਆ ਜਾਂਦਾ ਹੈ, ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਹਸਪਤਾਲ ਵਿਚ ਵੈਂਟੀਲੇਟਰ ਖ਼ਤਮ ਹੋ ਚੁੱਕੇ ਸਨ। ਸਾਹ ਐਂਬੂ ਨਾਲ਼ ਦਿੱਤੇ ਜਾ ਰਹੇ ਸਨ। ਐਂਬੂ ਗੁਬਾਰਾ ਜਿਹਾ ਹੁੰਦਾ ਹੈ, ਜੀਹਨੂੰ ਦਬਾਉਣ ਨਾਲ਼ ਆਕਸੀਜਨ ਮਿਲਦੀ ਹੈ। ਇਸ ਨੂੰ ਦਬਾਉਣ ’ਤੇ ਜ਼ੋਰ ਲਗਦਾ ਹੈ, ਇਸ ਲਈ ਕਈ ਬੰਦਿਆਂ ਵੱਲੋਂ ਵਾਰੀ-ਵਾਰੀ ਦਬਾਉਣਾ ਪੈਂਦਾ ਹੈ। ਜਦ ਮੈਂ ਦਬਾਇਆ ਤਾਂ ਮੈਨੂੰ ਬਚਪਨ ਯਾਦ ਆਇਆ ਜਦ ਰਿਕਸ਼ੇ ਦਾ ਹੌਰਨ ਵਜਾਉਣ ਲਈ ਉਹਨੂੰ ਦਬਾਉਂਦੇ ਸਾਂ,ਆਉਂਦੇ-ਜਾਂਦੇ ਲੋਕ ਸਾਡੇ ਵੱਲ਼ ਦੇਖਦੇ। ਮੈਨੂੰ ਇਕਦਮ ਇਉਂ ਮਹਿਸੂਸ ਹੋਇਆ ਕਿ ਸਾਡਾ ਮਰੀਜ਼, ਇਸ ਨੂੰ ਦਬਾਉਣ ’ਤੇ ਅੱਖਾਂ ਖੋਲ੍ਹ ਜ਼ਰੂਰ ਦੇਖੇਗਾ। ਖੈਰ! ਉਹ ਚਲਾ ਗਿਆ। ਇਹ ਬਚਪਨ ਥੋੜ੍ਹੇ ਸੀ। ਇਹ ਯਥਾਰਥ ਸੀ, ਕੌੜਾ ਯਥਾਰਥ। ਇਹੋ ਜਿਹੇ ਸਮੇਂ ’ਚ ਮੈਂ ਡੂੰਘਾ ਲਹਿ ਜਾਂਦਾ ਹਾਂ। ਕਵੀ ਨੇ ਗੱਲ ਦਾ ਨਿਚੋੜ ਹੀ ਕੱਢਣਾ ਹੁੰਦਾ ਹੈ ਬਸ। ਪਹਿਲੀ ਗਦ ਕਵਿਤਾ ਉਥੇ ਹੀ ਲਿਖੀ,ਜਿਹੜੀ ਸਭ ਗੱਲਾਂ ਦਾ ਕਾਵਿਕ ਪ੍ਰਗਟਾਵਾ ਹੈ ਅਜੀਬ ਦਾਸਤਾਂ ਹੈ ਯੇ.. ‘ਅਜੀਬ ਥਾਂ ਹੈ ਹਸਪਤਾਲ। ਭਰੇ ਪਏ ਮਰੀਜ਼ਾਂ ਨਾਲ਼। ਉਸ ਤੋਂ ਵੱਧ ਉਨ੍ਹਾਂ ਦੇ ਸਨੇਹੀਆਂ ਨਾਲ। ਜੋ ਮਰੀਜ਼ਾਂ ਦੇ ਬੈਡਾਂ ਕੋਲ ਹੀ ਥੱਲੇ ਪਏ ਰਹਿੰਦੇ ਨੇ, ਸੌਂ ਜਾਂਦੇ। ਬੜੇ ਲਾਚਾਰ ਜਿਵੇਂ, ਹੇਠਾਂ ਜ਼ਿਆਦਾ ਨੇੜੇ ਹੋਣ ਪੈਰ ਡਾਕਟਰ ਦੇ ਮਿੰਨਤਾਂ ਕਰਨ ਲਈ। ਕੋਈ ਨਵੀਂ ਦਵਾਈ ਲਿਖੀ ਡਾਕਟਰ ਨੇ। ਭੱਜੇ-ਭੱਜੇ ਜਾਂਦੇ, ਛਾਣ ਮਾਰਦੇ ਬਟੂਆ। ਕੋਲ ਹੀ ਪਈ ਹੁੰਦੀ ਫੋਟੋ ਪਿਆਰੇ ਦੀ। ਪਿੱਛੋਂ ਵ੍ਹੀਲ ਨਾਲ਼ ਕਰਦੇ ਬੈੱਡ ਖੜ੍ਹਾ। ਬੈਠ ਕੇ ਸਾਰਿਆਂ ਨੂੰ ਦੇਖ ਮਰੀਜ਼ ਉਲੱਦ ਦਿੰਦੇ ਰੋਣ,ਜਿਉਂ ਭਰੀ ਟਰਾਲੀ ਲਹਿੰਦੀ ਹੈ। ਕਈ ਮਹੀਨੇ ਬੇਸੁੱਧ ਮਰੀਜ਼। ਘਰ ਦੇ ਉਡੀਕਦੇ ਘੋਸ਼ਣਾ ਮੌਤ ਦੀ ਜਿਉਂ ਚਿਰ ਬਾਅਦ ਮਿਲਣ ਵਾਲਿਆਂ ਰੋਕਿਆ ਹੁੰਦਾ ਰੋਣਾ ਗਲ ਲੱਗ ਮਿਲਣ ਲਈ। ਛੋਟੇ ਬੱਚੇ ਦੀ ਮੌਤ ਸਭ ਨਾਲ਼ੋ ਵੱਡੀ ਹੁੰਦੀ। ਸਾਰੇ ਹੀ ਉਨ੍ਹਾਂ ਵਾਂਗ ਰੋਂਦੇ ਨੇ ਉੱਚੀ-ਉੱਚੀ।

ਸੰਪਰਕ: 8283826876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All