ਹਰਸਿਮਰਨ ਕੌਰ ਦੀ ਐੱਨਬੀਏ ਲਈ ਚੋਣ

ਪਾਲ ਸਿੰਘ ਨੌਲੀ ਜਲੰਧਰ, 14 ਫਰਵਰੀ ਕਪੂਰਥਲਾ ਦੀ 16 ਸਾਲਾ ਖਿਡਾਰਨ ਹਰਸਿਮਰਨ ਕੌਰ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਲਈ ਚੋਣ ਹੋਈ ਹੈ, ਜੋ ਸ਼ਿਕਾਗੋ ਵਿੱਚ 14 ਤੋਂ 16 ਫਰਵਰੀ ਤੱਕ ਚੱਲਣ ਵਾਲੇ ਕੈਂਪ ਦਾ ਹਿੱਸਾ ਹੈ। ਇਹ ਕੈਂਪ ਐਨਬੀਏ ਵੱਲੋਂ ਲਗਾਇਆ ਜਾ ਰਿਹਾ ਹੈ। ਹਰਸਿਮਰਨ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਵਿਚੋਂ ਉਹ ਇਕਲੌਤੀ ਖਿਡਾਰਨ ਹੈ, ਜੋ ਇਸ ਕੈਂਪ ਵਿੱਚ ਹਿੱਸਾ ਲੈ ਰਹੀ ਹੈ। ਉਹ ਆਪਣੀ ਪ੍ਰੀਖਿਆ ਦੇਣ ਲਈ 3 ਮਾਰਚ ਨੂੰ ਵਾਪਸ ਪਰਤੇਗੀ। ਉਨ੍ਹਾਂ ਦੱਸਿਆ ਕਿ ਕੈਂਪ ’ਚ ਸ਼ਾਮਲ ਹੋਣ ਦਾ ਅਸਰ ਉਸ ਦੀ ਪੜ੍ਹਾਈ ’ਤੇ ਵੀ ਪੈ ਰਿਹਾ ਹੈ। ਉਸ ਦਾ ਅਗਲਾ ਟ੍ਰੇਨਿੰਗ ਕੈਂਪ 17 ਮਾਰਚ ਨੂੰ ਆਸਟਰੇਲੀਆ ਵਿੱਚ ਸ਼ੁਰੂ ਹੋ ਰਿਹਾ ਹੈ। ਕਪੂਰਥਲਾ ਦੀ ਰਹਿਣ ਵਾਲੀ ਹਰਸਿਮਰਨ ਕੌਰ ਬਾਸਕਟਬਾਲ ਦਾ ਅਭਿਆਸ ਕਰਨ ’ਚ ਇਕ ਦਿਨ ਵੀ ਅਜਾਈਂ ਨਹੀਂ ਗਵਾਉਂਦੀ। ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਧੀ ਦੀ ਜ਼ਿੰਦਗੀ ‘ਦੰਗਲ’ ਫਿਲਮ ਵਰਗੀ ਹੈ। ਉਸ ਦੀ ਭੈਣ ਵੀ ਬਾਸਕਟਬਾਲ ਖੇਡਦੀ ਹੈ ਤੇ ਉਸ ਦੇ ਪਿਤਾ ਵੀ ਬਾਸਕਟਬਾਲ ਦੇ ਖਿਡਾਰੀ ਰਹੇ ਹਨ। ਹਰਸਿਮਰਨ ਦੀ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਹ ਪੰਜਾਬ ਦੀ ਇਕਲੌਤੀ ਖਿਡਾਰਨ ਹੈ ਜਿਸ ਨੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਤੇ ਨੈਸ਼ਨਲ ਕਾਲਜੀਏਟ ਅਥਲੈਟਿਕ ਐਸੋਸੀਏਸ਼ਨ ਵੱਲੋਂ ਲਾਏ ਜਾਂਦੇ ਟ੍ਰੇਨਿੰਗ ਕੈਂਪਾਂ ਵਿੱਚ ਹਿੱਸਾ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All