ਹਰਚੰਦ ਸਿੰਘ ਲਾਇਲਪੁਰੀ ਤੇ ਗੁਰਦੁਆਰਾ ਰਕਾਬ ਗੰਜ ਦਾ ਮੋਰਚਾ

ਕੰਵਲਬੀਰ ਸਿੰਘ ਪੰਨੂ

ਹਰਚੰਦ ਸਿੰਘ ਲਾਇਲਪੁਰੀ ਦਾ ਜਨਮ 1887 ਈ. ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੁਰਸਿੰਘ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜਗੀਰਦਾਰ ਸਨ। ਉਨ੍ਹਾਂ ਦੀ ਸੁੰਦਰ ਸਿੰਘ ਲਾਇਲਪੁਰੀ ਨਾਲ ਗੂੜੀ ਮਿੱਤਰਤਾ ਸੀ। ਦੋਵਾਂ ਮਿੱਤਰਾਂ ਨੇ ਵਿਦਿਆ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਲਾਇਲਪੁਰ ਵਿਚ ਪਹਿਲਾ ਪ੍ਰਾਇਮਰੀ ਸਕੂਲ ਸਿੰਘ ਸਭਾ ਬਿਲਡਿੰਗ ਵਿੱਚ ਖੋਲ੍ਹਿਆ, ਜੋ 1908 ਈ. ਵਿਚ ਖਾਲਸਾ ਹਾਈ ਸਕੂਲ ਬਣ ਗਿਆ। ਇਸ ਤਰ੍ਹਾਂ ਦੇ ਕਾਰਜਾਂ ਕਾਰਨ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਪ੍ਰੋ. ਨਿਰੰਜਨ ਸਿੰਘ ਆਦਿ ਅਗਾਂਹਵਧੂ ਸਿੱਖ ਆਗੂਆਂ ਨਾਲ ਉਨ੍ਹਾਂ ਦੀ ਨੇੜਤਾ ਹੋ ਗਈ। 29 ਦਸੰਬਰ 1919 ਵਿਚ ਬਣੀ ਸੈਂਟਰਲ ਸਿੱਖ ਲੀਗ ਦੇ ਸਿਰਮੌਰ ਆਗੂਆਂ ਵਿਚ ਸੁੰਦਰ ਸਿੰਘ ਲਾਇਲਪੁਰੀ ਤੇ ਸਰਦੂਲ ਸਿੰਘ ਕਵੀਸ਼ਰ ਦੇ ਨਾਲ ਉਨ੍ਹਾਂ ਦਾ ਨਾਂ ਵੀ ਸ਼ਾਮਲ ਸੀ। ਲੀਗ ਨੇ 1921 ਵਿਚ ਪੂਰਨ ਸਵਰਾਜ ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਮਿਥਿਆ। ਹਰਚੰਦ ਸਿੰਘ ਨੇ ਸੁੰਦਰ ਸਿੰਘ ਲਾਇਲਪੁਰੀ ਨਾਲ ਮਿਲ ਕੇ ਨੇ 21 ਮਈ 1920 ਨੂੰ ਰੋਜ਼ਾਨਾ ‘ਅਕਾਲੀ’ ਅਖਬਾਰ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ 1924 ਨੂੰ ਅੰਗਰੇਜ਼ੀ ਅਖਬਾਰ ‘ਹਿੰਦੋਸਤਾਨ ਟਾਇਮਜ਼’ ਸ਼ੁਰੂ ਕਰਵਾਉਣ ਵਿਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਅੰਗਰੇਜ਼ੀ ਸ਼ਾਸਨ ਖ਼ਿਲਾਫ਼ ਹਰਚੰਦ ਸਿੰਘ ਲਾਇਲਪੁਰੀ ਦਾ ਸੰਘਰਸ਼ ਉਸ ਵੇਲੇ ਸ਼ੁਰੂ ਹੋਇਆ ਜਦੋਂ 1913 ਨੂੰ ਅੰਗਰੇਜ਼ਾਂ ਨੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ। 1911 ਈ. ਵਿਚ ਬਰਤਾਨਵੀ ਹਕੂਮਤ ਨੇ ਫ਼ੈਸਲਾ ਲਿਆ ਕਿ ਰਾਜਧਾਨੀ ਕਲਕੱਤੇ ਦੀ ਥਾਂ ਦਿੱਲੀ ਬਣਾਈ ਜਾਵੇ। ਦਿੱਲੀ ਵਿਚ ਵਾਇਸਰਾਏ ਦੀ ਕੋਠੀ ਨੂੰ ਸੈਕਟਰੀਏਟ ਨਾਲ ਜੋੜਨ ਲਈ ਗੁਰਦੁਆਰਾ ਰਕਾਬਗੰਜ ਦੀ ਚਾਰਦੀਵਾਰੀ ਤੇ ਵਿਚਕਾਰਲੀ ਥਾਂ ਨੂੰ ਲੈਂਡ ਐਕਿਊਜ਼ਿਸ਼ਨ ਐਕਟ 1912 ਅਨੁਸਾਰ ਮਹੰਤ ਤੋਂ ਪ੍ਰਾਪਤ ਕਰ ਲਿਆ ਗਿਆ ਸੀ। 1913 ਵਿਚ ਜਦੋਂ ਸਰਕਾਰ ਗੁਰਦੁਆਰੇ ਦੀ ਕੰਧ ਢਾਹੁਣ ਲੱਗੀ ਤਾਂ ਗੁਰਦੁਆਰੇ ਦੀ ਪ੍ਰਬੰਧਕ ਮਹੰਤ ਸਾਵਨ ਮੱਲ ਦੀ ਪਤਨੀ ਬੀਬੀ ਸ਼ਾਮ ਕੌਰ ਇਹ ਅਨਰਥ ਹੁੰਦਿਆਂ ਵੇਖ ਨਾ ਸਕੀ ਤੇ ਆਪਣੇ ਦੁੱਧ ਚੁੰਘਦੇ ਬਾਲ ਗੁਰਬਖਸ਼ ਸਿੰਘ ਨੂੰ ਛਾਤੀ ’ਤੇ ਪਾ ਕੇ ਢਾਹੀ ਜਾ ਰਹੀ ਕੰਧ ’ਤੇ ਲੇਟ ਗਈ। ਉਸ ਨੇ ਐਲਾਨ ਕੀਤਾ ਕਿ ਉਹ ਜੀਊਂਦੇ ਜੀਅ ਇਹ ਕੰਧ ਨਹੀਂ ਢਹਿਣ ਦੇਵੇਗੀ। ਪਲਾਂ ਵਿਚ ਹੀ ਖ਼ਬਰ ਪੂਰੀ ਦਿੱਲੀ ਵਿਚ ਫੈਲ ਗਈ ਤੇ ਦਿੱਲੀ ਵਸਦੇ ਸਿੱਖ ਇੱਥੇ ਇਕੱਠੇ ਹੋ ਗਏ। ਅਧਿਕਾਰੀਆਂ ਨੂੰ ਆਪਣਾ ਪ੍ਰਾਜੈਕਟ ਉਥੇ ਹੀ ਰੋਕਣਾ ਪਿਆ। ਕੁਝ ਦਿਨਾਂ ਵਿਚ ਹੀ ਇਹ ਖ਼ਬਰ ਪੂਰੇ ਪੰਜਾਬ ਵਿਚ ਫੈਲ ਗਈ। ਥਾਂ ਥਾਂ ’ਤੇ ਸਿੰਘ ਸਭਾਵਾਂ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਰੋਸ ਮਤੇ ਪਾਸ ਕਰਕੇ ਸਰਕਾਰ ਨੂੰ ਭੇਜਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਦਿੱਲੀ ਦੇ ਸਿੱਖਾਂ ਨੇ ਪਹਿਲੀ ਵਾਰ ਅੰਗਰੇਜ਼ਾਂ ਖ਼ਿਲਾਫ਼ ਰੋਸ ਮਾਰਚ ਕੱਢਿਆ। 1913 ਦੇ ‘ਲਾਇਲਪੁਰ ਗਜਟ’ ਵਿਚ ਇਸ ਘਟਨਾ ਦੀ ਖ਼ਬਰ ਨੇ ਲਾਇਲਪੁਰ ਸਿੱਖ ਕਿਸਾਨਾਂ ਤੇ ਬੁਧੀਜੀਵੀਆਂ ਵਿਚ ਰੋਹ ਨੂੰ ਪ੍ਰਚੰਡ ਕਰ ਦਿੱਤਾ। ਮਾਸਟਰ ਸੁੰਦਰ ਸਿੰੰਘ, ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਚੂਹੜਕਾਣਾ, ਹਰੀ ਸਿੰਘ ਨੰਬਰਦਾਰ ਤੇ ਜਵਾਲਾ ਸਿੰਘ ਨੇ ਵਿਚਾਰ ਕਰਕੇ ਲਾਇਲਪੁਰ ’ਚ ਦੀਵਾਨ ਸਜਾਏ ਅਤੇ ਸਿੱਖਾਂ ਨੂੰ ਸਰਕਾਰ ਦੀ ਇਸ ਕਰਤੂਤ ਵਿਰੁੱਧ ਲੜਨ ਲਈ ਲਲਕਾਰਿਆ। ਇਸ ਮਗਰੋਂ ਹਰਚੰਦ ਸਿੰਘ ਨੂੰ ਦਿੱਲੀ ਜਾ ਕੇ ਇਸ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਭੇਜਿਆ ਗਿਆ।

ਕੰਵਲਬੀਰ ਸਿੰਘ ਪੰਨੂ

ਹਰਚੰਦ ਸਿੰਘ ਲਾਇਲਪੁਰੀ ਨੇ ਜਨਵਰੀ 1914 ਵਿਚ ਦਿੱਲੀ ਆ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਵਾਪਸ ਪੰਜਾਬ ਆ ਕੇ ਅਖ਼ਬਾਰਾਂ ਰਸਾਲਿਆਂ, ਕਿਤਾਬਚਿਆਂ, ਭਾਸ਼ਨਾਂ ਰਾਹੀਂ ਸਿੱਖਾਂ ਨੂੰ ਸਰਕਾਰ ਦੀ ਇਸ ਵਧੀਕੀ ਖ਼ਿਲਾਫ਼ ਜਾਗਰੂਕ ਕੀਤਾ। ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਵੀ ਆਪਣੇ ਦੀਵਾਨਾਂ ਵਿਚ ਸੰਗਤ ਨੂੰ ਸੁਚੇਤ ਕੀਤਾ। ਲਾਇਲਪੁਰੀ ਜੀ ਨੇ ਦਿੱਲੀ ਦੇ ਅੱਖੀਂ ਡਿੱਠੇ ਹਾਲ ਨੂੰ ਸਾਹਮਣੇ ਰੱਖ ਕੇ ਉਰਦੂ ਵਿਚ ਇੱਕ ਪੈਂਫਲੇਟ ਲਿਖ ਕੇ ਸਿੱਖਾਂ ਨੂੰ ਵੰਗਾਰਿਆ। ਪੈਂਫਲੇਟ ਵਿਚ ਉਨ੍ਹਾਂ ਲਿਖਿਆ,‘‘ਇਹ ਸਾਡੇ ਧਰਮ ਵਿਚ ਨਾਜਾਇਜ਼ ਦਖਲ ਅੰਦਾਜ਼ੀ ਹੈ। ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਇਹ ਸਿੱਖ ਪੰਥ ਦਾ ਅਧਿਕਾਰ ਹੈ ਕਿ ਉਹ ਗੁਰਦੁਆਰੇ ਦਾ ਨਵਾਂ ਨਕਸ਼ਾ ਬਣਾਏ ਜਾਂ ਅਦਲਾ ਬਦਲੀ ਕਰੇ। ਹਕੂਮਤ ਜਾਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ। ਜੇਕਰ ਹਕੂਮਤ ਅੱਜ ਸਿੱਖ ਪੰਥ ਦੀ ਰਾਏ ਤੋਂ ਬਿਨਾਂ ਇਤਿਹਾਸਕ ਗੁਰਦੁਆਰੇ ਦੀ ਕੰਧ ਢਾਹ ਸਕਦੀ ਹੈ ਤੇ ਜ਼ਮੀਨ ਕਬਜ਼ੇ ਵਿਚ ਲੈ ਸਕਦੀ ਹੈ ਤਾਂ ਕੱਲ੍ਹ ਨੂੰ ਗੁਰਦੁਆਰਾ ਢਾਹ ਵੀ ਸਕਦੀ ਹੈ। ਸਵਾਲ ਸਹੇ ਦਾ ਨਹੀਂ, ਪਹੇ ਦਾ ਹੈ। ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਕੰਧ ਨਾ ਢਾਹੇ, ਸਗੋਂ ਢਾਹੀ ਹੋਈ ਕੰਧ ਉਸੇ ਤਰ੍ਹਾਂ ਉਸਾਰ ਦੇਵੇ।’’ ਇਹ ਪੈਂਫਲੇਟ ਜਾਰੀ ਹੋਣ ਮਗਰੋਂ ਅੰਦੋਲਨ ਛਿੜ ਪਿਆ। ਸਿੱਖਾਂ ਨੇ ਮਹਿਸੂਸ ਕੀਤਾ ਕਿ ਸਰਕਾਰ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਾਂਗ ਗੁਰਦੁਆਰਾ ਰਕਾਬ ਗੰਜ ’ਤੇ ਵੀ ਆਪਣਾ ਅਧਿਕਾਰ ਜਤਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਅਖ਼ਬਾਰਾਂ ਤੇ ਜਲਸਿਆਂ ਰਾਹੀਂ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਗੁਰਦੁਆਰੇ ਦੀ ਕੰਧ ਦਾ ਮਸਲਾ ਸਿੱਖਾਂ ਅਤੇ ਸਰਕਾਰ ਤੇ ਸਰਕਾਰ ਪੱਖੀ ਸਿੱਖ ਆਗੂਆਂ ਵਿਚ ਵਿਰੋਧ ਦਾ ਸਵਾਲ ਬਣਦਾ ਗਿਆ। ਸਰਕਾਰ ਪੱਖੀ ਚੀਫ ਖਾਲਸਾ ਦੀਵਾਨ ਦੇ ਆਗੂ ਤੇ ਹੋਰ ਵਰਕਰ ਰੋਸ ਅੰਦੋਲਨ ਕਰਕੇ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਹ ਕਹਿੰਦੇ ਸਨ ਕਿ ਉਹ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕਰਨਗੇ ਪਰ ਸਿੱਖਾਂ ਵਿਚ ਇਸ ਘਟਨਾ ਦੀ ਵਿਰੋਧਤਾ ਦੀ ਅੱਗ ਤੇਜ਼ ਹੁੰਦੀ ਗਈ। ਇਨ੍ਹਾਂ ਦਿਨਾਂ ਵਿਚ ਸਿੱਖ ਵਿਦਿਅਕ ਕਾਨਫਰੰਸ ਦੇ ਸਮਾਗਮ ਵਿਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਸੀ। ਕਾਨਫਰੰਸ ਦੌਰਾਨ ਧਾਰਮਿਕ ਸਮਾਗਮ ਦਾ ਪੰਡਾਲ ਵੱਖਰਾ ਹੁੰਦਾ ਸੀ ਤੇ ਕੋਈ ਵੀ ਰਾਜਸੀ ਜਲਸਾ ਇਸ ਦੇ ਨੇੜੇ ਨਹੀਂ ਹੋ ਸਕਦਾ ਸੀ। ਮਾਰਚ 1914 ਦੀ ਵਿਦਿਅਕ ਕਾਨਫਰੰਸ ਜਲੰਧਰ ਵਿਚ ਹੋਈ। ਇਸ ਦੇ ਪੰਡਾਲ ਵਿਚ ਹਰਚੰਦ ਸਿੰਘ ਲਾਇਲਪੁਰੀ ਨੇ ਖੜ੍ਹੇ ਹੋ ਕੇ ਜੋਸ਼ ਨਾਲ ਗੁਰਦੁਆਰਾ ਰਕਾਬ ਗੰਜ ਦੀ ਕੰਧ ਦਾ ਸਵਾਲ ਛੇੜਿਆ ਤੇ ਮਤਾ ਪੇਸ਼ ਕਰਨ ਦੀ ਆਗਿਆ ਮੰਗੀ। ਪ੍ਰਧਾਨ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਬੋਲਣ ਤੋਂ ਰੋਕਿਆ ਗਿਆ। ਉਨ੍ਹਾਂ ਨੇ ਬਥੇਰੀਆਂ ਦਲੀਲਾਂ ਦਿੱਤੀਆਂ ਪਰ ਕਿਸੇ ਨਾ ਸੁਣੀ। ਹਰਚੰਦ ਸਿੰਘ ਨੇ ਰੋਸ ਵਜੋਂ ਸਾਥੀਆਂ ਸਮੇਤ ਬਾਹਰ ਆ ਕੇ ਕਿਸੇ ਹੋਰ ਜਗ੍ਹਾ ਸਮਾਗਮ ਸ਼ੁਰੂ ਕਰ ਲਿਆ। ਇਸ ਇਕੱਠ ਵਿਚ ਜੋਸ਼ ਭਰੇ ਲੈਕਚਰਾਂ ਮਗਰੋਂ ਅੰਗਰੇਜ਼ ਸਰਕਾਰ ਅਤੇ ਚੀਫ ਖਾਲਸਾ ਦੀਵਾਨ ਵਿਰੁੱਧ ਰੋਸ ਮਤੇ ਪੇਸ਼ ਕਰਕੇ ਪੰਥਕ ਇਕੱਠ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੇ ਸਾਥੀ ਭਾਈ ਹੀਰਾ ਸਿੰਘ ਦਰਦ ਮੁਤਾਬਿਕ ਉਹ ਮੁੜ ਕਦੇ ਵੀ ਸਿੱਖ ਵਿਦਿਅਕ ਕਾਨਫਰੰਸ ਦੇ ਸਮਾਗਮ ’ਚ ਸ਼ਾਮਲ ਨਹੀਂ ਹੋਏ। ਆਖਰ ਚੀਫ ਖਾਲਸਾ ਦੀਵਾਨ ਨੇ 3 ਮਈ 1914 ਨੂੰ ਟਾਊਨ ਹਾਲ, ਅੰਮ੍ਰਿਤਸਰ ਵਿਚ ਪੰਥਕ ਇਕੱਠ ਬੁਲਾਇਆ। ਇਸ ਵਿਚ ਨਰਮ ਜਿਹਾ ਮਤਾ ਪੇਸ਼ ਕੀਤਾ ਗਿਆ, ਜਿਸ ਮੁਤਾਬਿਕ ਗੁਰਦੁਆਰਾ ਰਕਾਬ ਗੰਜ ਦੀ ਢਾਹੀ ਕੰਧ ਨੂੰ ਨਕਸ਼ੇ ਮੁਤਾਬਿਕ ਵਾਧੇ ਘਾਟੇ ਨਾਲ ਬਣਾਉਣ ਦੀ ਮੰਗ ਕੀਤੀ ਗਈ ਸੀ ਪਰ ਰੌਲੇ ਰੱਪੇ ਤੇ ਵਿਰੋਧਤਾ ਕਾਰਨ ਮਤਾ ਪਾਸ ਨਾ ਹੋ ਸਕਿਆ। ਹਰਚੰਦ ਸਿੰਘ ਤੇ ਉਨ੍ਹਾਂ ਦੇ ਸਾਥੀ ਮੰਗ ਕਰ ਰਹੇ ਸਨ ਕਿ ਕੰਧ ਪਹਿਲਾਂ ਵਰਗੀ ਉਸਾਰ ਦਿੱਤੀ ਜਾਵੇ। ਹਰਚੰਦ ਸਿੰਘ ਨੇ ਆਪਣੇ ਹੱਕ ਵਿਚ ਪ੍ਰਚਾਰ ਕਰਨ ਲਈ ਉਰਦੂ ਵਿਚ ਹਫਤਾਵਾਰੀ ‘ਖ਼ਾਲਸਾ ਅਖਬਾਰ’ ਵੀ ਜਾਰੀ ਕੀਤਾ, ਜਿਸ ਦੇ ਪਹਿਲੇ ਸੰਪਾਦਕ ਲਾਲ ਸਿੰਘ ਕਮਲਾ ਅਕਾਲੀ ਬਣੇ। ਉਧਰ ਸਰਕਾਰ ਨੇ ਚੀਫ ਖਾਲਸਾ ਦੀਵਾਨ ਵਾਲਾ ਨਰਮ ਤੇ ਸਮਝੌਤਾਵਾਦੀ ਮਤਾ ਵੀ ਪ੍ਰਵਾਨ ਨਾ ਕੀਤਾ। ਕਈ ਥਾਵਾਂ ’ਤੇ ਜੋਸ਼ ਭਰੇ ਜਲਸੇ ਹੋਏ। 31 ਮਈ 1914 ਨੂੰ ਲਾਹੌਰ ਵਿਚ ਹੋਈ ਕਾਨਫਰੰਸ ਖਾਸ ਮਹੱਤਵ ਰੱਖਦੀ ਹੈ, ਜਿਸ ਵਿਚ ਹਰਚੰਦ ਸਿੰਘ ਲਾਇਲਪੁਰੀ, ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦਾ ਜਥਾ ਸਰਮੁੱਖ ਸਿੰਘ, ਮੰਗਲ ਸਿੰਘ ਨਾਮਧਾਰੀ, ਗਿਆਨੀ ਹੀਰਾ ਸਿੰਘ ਦਰਦ ਤੇ ਹੋਰ ਪ੍ਰਸਿੱਧ ਆਗੂ ਸ਼ਾਮਲ ਸਨ। ਇਸ ਮਗਰੋਂ ਪੱਟੀ, ਰੋਪੜ, ਗੋਜਰਾ ਆਦਿ ਕਈ ਥਾਵਾਂ ’ਤੇ ਸਰਕਾਰ ਤੇ ਚੀਫ ਖਾਲਸਾ ਦੀਵਾਨ ਦੇ ਰਵੱਈਏ ਵਿਰੁੱਧ ਜਲਸੇ ਹੋਏ। ਇਹ ਅੰਦੋਲਨ 1907 ਦੇ ਕਿਸਾਨੀ ਅੰਦੋਲਨ ਨਾਲੋਂ ਵੀ ਤੇਜ਼ ਸੀ। ਬਾਹਰਲੇ ਮੁਲਕਾਂ ਦੀਆਂ ਸਿੰਘ ਸਭਾਵਾਂ ਨੇ ਵਾਇਸਰਾਏ ਨੂੰ ਕੰਧ ਦੀ ਮੁੜ ਉਸਾਰੀ ਲਈ ਤਾਰਾਂ ਭੇਜੀਆਂ। ਇਹ ਵੇਖ ਕੇ ਸਰਕਾਰ ਘਬਰਾ ਗਈ। ਦੂਜੇ ਪਾਸੇ 4 ਅਗਸਤ 1914 ਨੂੰ ਸੰਸਾਰ ਯੁੱਧ ਆਰੰਭ ਹੋ ਗਿਆ। ਲਇਲਪੁਰ ਦੇ ਡੀਸੀ ਨੇ ਉਚੇਚੇ ਤੌਰ ’ਤੇ ਹਰਚੰਦ ਸਿੰਘ ਨੂੰ ਬੁਲਾ ਕੇ ਆਖਿਆ,‘‘ਹੁਣ ਜੰਗ ਸ਼ੁਰੂ ਹੋ ਗਈ ਹੈ, ਹਕੂਮਤ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਗੁਰਦੁਆਰਾ ਰਕਾਬਗੰਜ ਦਾ ਅੰਦੋਲਨ ਬੰਦ ਕਰ ਦਿਉ। ਸਰਕਾਰ ਨੇ ਕੰਧ ਢਾਹੁਣੀ ਬੰਦ ਕਰ ਦਿੱਤੀ ਹੈ। ਇਸ ਨੂੰ ਮੁੜ ਕਿਵੇਂ ਬਣਾਉਣਾ ਹੈ, ਇਸ ਗੱਲ ਦਾ ਫੈਸਲਾ ਜੰਗ ਦੇ ਖਾਤਮੇ ਤੋਂ ਬਾਅਦ ਸਿੱਖ ਪ੍ਰਤਿਨਿਧਾਂ ਦੀ ਸਲਾਹ ਨਾਲ ਕੀਤਾ ਜਾਵੇਗਾ। ਸਿੱਖਾਂ ਦੀ ਪ੍ਰਵਾਨਗੀ ਬਗੈਰ ਸਰਕਾਰ ਕੁੱਝ ਨਹੀਂ ਕਰੇਗੀ।’’ ਇਸ ਮਗਰੋਂ ਹਰਚੰਦ ਸਿੰਘ ਮੰਨ ਗਏ। ਸੰਸਾਰ ਯੁੱਧ ਦੇ ਖ਼ਤਮ ਹੋਏ ਨੂੰ ਦੋ-ਢਾਈ ਵਰ੍ਹੇ ਹੋ ਚੁੱਕੇ ਸਨ, ਪਰ ਅੰਗਰੇਜ਼ੀ ਹਕੂਮਤ ਨੇ 1914 ਵਿਚ ਕੀਤੇ ਇਕਰਾਰ ਮਤਾਬਕ ਗੁਦੁਆਰਾ ਰਕਾਬਗੰਜ ਦੀ ਕੰਧ ਦੀ ਮੁੜ ਉਸਾਰੀ ਨਾ ਕੀਤੀ ਤਾਂ 1920 ਵਿਚ ਇਸ ਮਸਲੇ ਦੇ ਹੱਲ ਲਈ ਹਕੂਮਤ ਵਿਰੁੱਧ ਦੁਬਾਰਾ ਰੋਸ ਲਹਿਰ ਸ਼ੁਰੂ ਹੋ ਗਈ। ਇਸ ਨੂੰ ਮਘਾਉਣ ਦਾ ਕੰਮ ਹਰਚੰਦ ਸਿੰਘ ਲਾਇਲਪੁਰੀ, ਸਰਦੂਲ ਸਿੰਘ ਕਵੀਸ਼ਰ, ਗਿਆਨੀ ਹੀਰਾ ਸਿੰਘ ਦਰਦ ਆਦਿ ਦੀ ਸਲਾਹ ਨਾਲ ਸੁੰਦਰ ਸਿੰਘ ਲਾਇਲਪੁਰੀ ਨੇ 21 ਮਈ 1920 ਨੂੰ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਰੋਜ਼ਾਨਾ ‘ਅਕਾਲੀ’ ਅਖਬਾਰ ਚਾਲੂ ਕੀਤਾ। ਇਸੇ ਅਖਬਾਰ ਵਿਚ ਸਰਦੂਲ ਸਿੰਘ ਕਵੀਸ਼ਰ ਨੇ ਇੱਕ ਚਿੱਠੀ ਛਪਵਾਈ: ‘‘ਅਗਸਤ 1914 ਵਿਚ ਜਰਮਨੀ ਨਾਲ ਯੁੱਧ ਸ਼ੁਰੂ ਹੋਣ ’ਤੇ ਸਰਕਾਰ ਨੇ ਇਕਰਾਰ ਕਰਕੇ ਅੰਦੋਲਨ ਮੁਲਤਵੀ ਕਰਵਾ ਦਿੱਤਾ ਸੀ ਕਿ ਯੁੱਧ ਖਤਮ ਹੋਣ ’ਤੇ ਸਿੱਖਾਂ ਦੀ ਮਰਜ਼ੀ ਮੁਤਾਬਕ ਕੰਧ ਦੀ ਉਸਾਰੀ ਉਸੇ ਤਰ੍ਹਾਂ ਕਰਵਾ ਦਿੱਤੀ ਜਾਵੇਗੀ, ਪਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਹੁਣ ਸਾਨੂੰ ਸਰਕਾਰ ’ਤੇ ਕੋਈ ਇਤਬਾਰ ਨਹੀਂ, ਇਹ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ। ਹੁਣ ਅਸੀਂ ਇਹ ਕਾਰਜ ਆਪ ਕਰਨਾ ਹੈ। ਲੋੜ ਪੈਣ ’ਤੇ ਸੀਸ ਭੇਟ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। 100 ਅਜਿਹੇ ਸੂਰਬੀਰ ਸਿੱਖਾਂ ਦੀ ਲੋੜ ਹੈ, ਜੋ ਇਸ ਪਵਿੱਤਰ ਕੰਮ ਲਈ ਸਿਰ ਵਾਰਨ ਲਈ ਤਿਆਰ ਹੋਣ। ਜੋ ਸੱਜਣ ਇਸ ਕੰਮ ’ਚ ਹਿੱਸਾ ਲੈਣਾ ਚਾਹੁੰਦੇ ਹੋਣ, ਉਹ ਗੁਰੂ ਦੇ ਹਜ਼ੂਰ ਸੀਸ ਭੇਟ ਕਰਨ ਦਾ ਪ੍ਰਣ ਕਰਕੇ ਆਪਣਾ ਨਾਂ ਸਾਨੂੰ ਭੇਜ ਦੇਣ। 100 ਨਾਂ ਪੂਰੇ ਹੋਣ ’ਤੇ ਸਰਕਾਰ ਨੂੰ ਨੋਟਿਸ ਦਿੱਤਾ ਜਾਵੇਗਾ ਕਿ ਏਨੇ ਦਿਨਾਂ ’ਚ ਕੰਧ ਬਣਾ ਦਿੱਤੀ ਜਾਵੇ, ਨਹੀਂ ਤਾ ਸ਼ਹੀਦੀ ਜਥਾ ਦਿੱਲੀ ਪਹੁੰਚ ਕੇ ਆਪ ਕੰਧ ਦੀ ਉਸਾਰੀ ਕਰੇਗਾ। ਜੇ ਹਕੂਮਤ ਰੋਕੇਗੀ ਤਾਂ ਗੋਲੀਆਂ ਖਾਣ ਲਈ ਤਿਆਰ ਰਹੇਗਾ ਪਰ ਪਿੱਛੇ ਨਹੀਂ ਹਟੇਗਾ।’’ ਮਹੀਨੇ ਅੰਦਰ ਹੀ ਹਜ਼ਾਰ ਤੋਂ ਉੱਪਰ ਨਾਂ ਆ ਗਏ। ਅਕਤੂਬਰ 1920 ਦਾ ਸਿੱਖ ਲੀਗ ਦਾ ਸਮਾਗਮ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਉਸੇ ਦਿਨ ਹੀ ਹਰਚੰਦ ਸਿੰਘ ਲਾਇਲਪੁਰੀ ਨੇ ਸਾਥੀਆਂ ਨਾਲ ਮਿਲ ਕੇ ਸ਼ਹੀਦੀ ਜਥੇ ਦੀ ਮੀਟਿੰਗ ਕੀਤੀ। ਮੀਟਿੰਗ ਵਿਚ ਮਤਾ ਪਾਸ ਕਰਕੇ ਸਰਕਾਰ ਨੂੰ ਕੰਧ ਦੀ ਉਸਾਰੀ ਲਈ 15 ਦਿਨਾਂ ਦਾ ਨੋਟਿਸ ਦੇ ਦਿੱਤਾ ਗਿਆ। ਇਸ ਵਿਚ ਲਿਖਿਆ ਗਿਆ ਕਿ ਹੂ-ਬ-ਹੂ ਕੰਧ ਬਣਾ ਦਿੱਤੀ ਜਾਵੇ, ਨਹੀਂ ਤਾਂ ਸ਼ਹੀਦੀ ਜਥਾ ਆਪ ਆ ਕੇ ਬਣਾਏਗਾ। ਜਿਹੜਾ ਕੰਮ ਪਿਛਲੇ 6 ਸਾਲ ਦੇ ਮਤਿਆਂ, ਤਾਰਾਂ ਤੇ ਡੈਪੂਟੇਸ਼ਨਾਂ ਤੇ ਬੇਨਤੀਆਂ ਨਾਲ ਨਹੀਂ ਹੋਇਆ, ਉਹ ਕੰੰਮ ਜਥੇਬੰਦੀ ਤੇ ਕੁਰਬਾਨੀ ਦੇ ਉਛਾਲੇ ਨੇ ਕੁਝ ਦਿਨਾਂ ਵਿਚ ਕਰ ਵਿਖਾਇਆ। ਹਫ਼ਤੇ ਦੇ ਅੰਦਰ ਹੀ ਦਿੱਲੀ ਤੋਂ ਪਤਾ ਆ ਗਿਆ ਕਿ ਹਕੂਮਤ ਨੇ ਕੰਧ ਬਣਾ ਦਿੱਤੀ ਹੈ। ਇਸ ਜਿੱਤ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਜਿੱਤਾਂ ਪ੍ਰਾਪਤ ਕਰਨ ਤੇ ਸਰਕਾਰ ਤੋਂ ਹੋਰ ਮੰਗਾਂ ਪੂਰੀਆਂ ਕਰਾਉਣ ਲਈ ਸਿੱਖ ਕੌਮ ਦੇ ਹੌਸਲੇ ਦੂਣੇ ਹੋ ਗਏ। ਕੌਮ ਦੀ ਇਹ ਜਿੱਤ ਅਕਾਲੀ ਲਹਿਰ ਦੀਆਂ ਹੋਰ ਜਿੱਤਾਂ ਦੀ ਰਾਹ ਦਸੇਰੀ ਸੀ। ਸੰਪਰਕ: 98766-09068

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All