ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਸੁਰਿੰਦਰ ਸਿੰਘ ਤੇਜ

ਸ਼ਾਹ ਆਲਮ ਦੋਇਮ

ਦਿੱਲੀ ਨੂੰ ਹੁਕਮਰਾਨ ਵਜੋਂ ਦੋ ਸ਼ਾਹ ਆਲਮ ਨਸੀਬ ਹੋਏ। ਇਕ ਸੱਯਦੀ ਸੁਲਤਾਨ ਅਲਾਉਦੀਨ ਆਲਮ ਸ਼ਾਹ (1445-51) ਅਤੇ ਦੂਜਾ 16ਵਾਂ ਮੁਗ਼ਲ ਬਾਦਸ਼ਾਹ ਅਲੀ ਗ਼ੌਹਰ ਖ਼ਾਨ ਸ਼ਾਹ ਆਲਮ (1760-1806)। ਨਾਮ ਤੋਂ ਦੋਵੇਂ ਦੁਨੀਆਂ ਦੇ ਸ਼ਾਹ ਸਨ, ਪਰ ਹਕੂਮਤ ਦੋਵਾਂ ਦੀ ਸਿਰਫ਼ ਦਿੱਲੀ ਦੀਆਂ ਹੱਦਾਂ ਤਕ ਮਹਿਦੂਦ ਸੀ। ਲਿਹਾਜ਼ਾ, ‘ਸਲਤਨਤ-ਇ-ਸ਼ਾਹ ਆਲਮ, ਅਜ਼ ਦਿੱਲੀ ਤਾ ਪਾਲਮ’ (ਸਲਤਨਤੇ ਸ਼ਾਹ ਆਲਮ, ਬਸ ਦਿੱਲੀ ਤੋਂ ਪਾਲਮ) ਵਾਲੀ ਕਹਾਵਤ ਦੋਵਾਂ ਉੱਤੇ ਖ਼ਰੀ ਢੁੱਕਦੀ ਸੀ। ਸ਼ਾਹ ਆਲਮ ਪ੍ਰਥਮ, ਤੁਗ਼ਲਕਾਂ ਖ਼ਿਲਾਫ਼ ਤੈਮੂਰ ਲੰਗ ਦਾ ਸਾਥ ਦੇਣ ਵਾਲੇ ਸੱਯਦ ਖ਼ਿਜ਼ਰ ਖ਼ਾਨ ਦੇ ਸੱਯਦੀ ਰਾਜ ਘਰਾਣੇ ਦਾ ਆਖ਼ਰੀ ਸੁਲਤਾਨ ਸੀ। ਤੈਮੂਰ ਨੇ ਖ਼ਿਜ਼ਰ ਨੂੰ ਮੁਲਤਾਨ ਦੇ ਨਾਲ ਨਾਲ ਲਾਹੌਰ ਤੇ ਦੀਪਾਲਪੁਰ ਦੀ ਸੂਬੇਦਾਰੀ ਇਨਾਮ ਵਜੋਂ ਸੌਂਪੀ ਸੀ, ਪਰ ਉਸ ਨੇ ਤੁਗ਼ਲਕੀ ਬੀਜ-ਨਾਸ ਹੋਇਆ ਦੇਖ ਕੇ ਦਿੱਲੀ ਦੀ ਹਕੂਮਤ ਵੀ ਆ ਸਾਂਭੀ। ਇਸ ਤਰ੍ਹਾਂ ਸੱਯਦ ਰਾਜ ਘਰਾਣਾ ਵਜੂਦ ਵਿਚ ਆਇਆ। ਸ਼ਾਹ ਆਲਮ ਜ਼ਹੀਨਤਰੀਨ ਇਨਸਾਨ ਸੀ। ਕਲਾਵਾਂ ਦਾ ਉਪਾਸ਼ਕ, ਪੜ੍ਹਨ-ਲਿਖਣ ਦਾ ਸ਼ੌਕੀਨ। ਹੁਕਮਰਾਨੀ ਦੇ ਦਾਅ-ਪੇਚਾਂ ਤੋਂ ਕੋਰਾ। ਜਦੋਂ ਪੰਜਾਬ ਦਾ ਸੂਬੇਦਾਰ ਬਹਿਲੋਲ ਲੋਧੀ, ਲਸ਼ਕਰ ਲੈ ਕੇ ਦਿੱਲੀ ’ਤੇ ਆ ਚੜ੍ਹਿਆ ਤਾਂ ਸ਼ਾਹ ਆਲਮ ਪ੍ਰਥਮ ਨੇ ਲੜਨ ਦੀ ਥਾਂ ਗੱਦੀ ਤਿਆਗ ਦਿੱਤੀ ਅਤੇ ਬਦਾਯੂੰ ਜਾ ਡੇਰੇ ਲਾਏ। ਉੱਥੇ ਉਹ ਸਰਕਾਰੀ ਵਜ਼ੀਫ਼ੇ ਨਾਲ ਗੁਜ਼ਰ-ਬਸਰ ਕਰਦਾ ਰਿਹਾ ਅਤੇ ਮਸਨਵੀਆਂ ਰਚਦਾ ਰਿਹਾ। ਵਜ਼ੀਫ਼ਾ, ਸ਼ਾਹ ਆਲਮ ਦੋਇਮ ਦੀ ਹੋਣੀ ਦਾ ਵੀ ਹਿੱਸਾ ਰਿਹਾ, ਪਰ ਉਸ ਦੀ ਨਮੋਸ਼ੀ ਕਿਤੇ ਜ਼ਿਆਦਾ ਵੱਡੀ ਸੀ। ਇਹ ਬਾਦਸ਼ਾਹ, ਮੁਗ਼ਲ ਰਾਜ-ਵੰਸ਼ ਦੇ ਪਸਤ ਵਜੂਦ ਦਾ ਪ੍ਰਤੀਕ ਸਾਬਤ ਹੋਇਆ। ਇਸ ਦੇ ਜੀਵਨ ਕਾਲ ਦੌਰਾਨ ਹਕੂਮਤ-ਇ-ਹਿੰਦ ਹਕੀਕੀ ਤੌਰ ’ਤੇ ਫਿਰੰਗੀਆਂ ਦੀ ਝੋਲੀ ਵਿਚ ਜਾ ਪਈ ਅਤੇ ਦੁਨੀਆਂ ਭਰ ਵਿਚ ਬ੍ਰਿਟਿਸ਼ ਸਾਮਰਾਜਵਾਦ ਤੇ ਬਸਤੀਵਾਦ ਦੀ ਸਥਾਪਨਾ ਤੇ ਪਸਾਰੇ ਦਾ ਮੁੱਢ ਬੱਝ ਗਿਆ। ਵਿਲੀਅਮ ਡੈਲਰਿੰਪਲ ਦੀ ਨਵੀਂ ਕਿਤਾਬ ‘ਦਿ ਅਨਾਰਕੀ’ (ਹਨੇਰਗ਼ਰਦੀ) (ਬਲੂਮਜ਼ਬਰੀ; 596 ਪੰਨੇ; 699 ਰੁਪਏ) ਉਪਰੋਕਤ ਕਥਾਨਕ ਦੀ ਤਸਵੀਰਕਸ਼ੀ ਕਰਦੀ ਹੈ। ਕਿਤਾਬ ਉਸ ਹਨੇਰਗ਼ਰਦੀ ਤੇ ਬਦਨਿਜ਼ਾਮੀ ਦੀ ਕਹਾਣੀ ਹੈ ਜੋ ਛੇਵੇਂ ਮੁਗ਼ਲ ਔਰੰਗਜ਼ੇਬ ਆਲਮਗੀਰ ਦੀ ਹਕੂਮਤ ਦੇ ਆਖ਼ਰੀ ਵਰ੍ਹਿਆਂ ਦੌਰਾਨ ਸ਼ੁਰੂ ਹੋਈ। ਇਸੇ ਬਦਨਿਜ਼ਾਮੀ ਕਾਰਨ ਅੱਸੀ ਵਰ੍ਹਿਆਂ ਤੋਂ ਘੱਟ ਸਮੇਂ ਅੰਦਰ ਦਿੱਲੀ ਨੂੰ ਦਸ ਵੱਖ ਵੱਖ ਬਾਦਸ਼ਾਹ ਤਾਂ ਨਸੀਬ ਹੋਏ, ਪਰ ਖੁਸ਼ਨਸੀਬੀ ਇਸ ਦਾ ਨਸੀਬ ਨਾ ਬਣ ਸਕੀ ਕਿਉਂਕਿ ਬਦਨਿਜ਼ਾਮੀ ਸਿਰਫ਼ ਦਿੱਲੀ ਜਾਂ ਮੁਗ਼ਲੀਆ ਹਕੂਮਤ ਦੀਆਂ ਹੱਦਾਂ ਦਰਮਿਆਨ ਸੀਮਤ ਨਾ ਰਹਿ ਕੇ ਪੱਛਮੀ, ਪੂਰਬੀ ਤੇ ਦੱਖਣੀ ਭਾਰਤ ਤਕ ਫੈਲਦੀ ਚਲੀ ਗਈ, ਇਸ ਦਾ ਲਾਹਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਪੂਰੀ ਬੇਕਿਰਕੀ ਨਾਲ ਲਿਆ। ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਜਦੋਂ ਇਕ ਵਪਾਰਕ ਕੰਪਨੀ ਪਹਿਲਾਂ ਇਕ ਉਪ ਮਹਾਂਦੀਪ ਦੀ ਹਾਕਮ ਬਣੀ ਅਤੇ ਫਿਰ ਉਸ ਕਾਮਯਾਬੀ ਦੇ ਸਹਾਰੇ ਅੱਧੇ ਤੋਂ ਵੱਧ ਏਸ਼ੀਆ ਮਹਾਂਦੀਪ ਦੀ ਮਾਲਕ ਬਣ ਬੈਠੀ।

ਪੁਸਤਕ ਦਾ ਟਾਈਟਲ

ਡੈਲਰਿੰਪਲ ਸਕੌਟਿਸ਼ ਮੂਲ ਦਾ ਬ੍ਰਿਟਿਸ਼-ਭਾਰਤੀ ਹੈ। ਸਿੱਖਿਅਤ ਇਤਿਹਾਸਕਾਰ ਨਾ ਹੋਣ ਦੇ ਬਾਵਜੂਦ ਉਹ ਇਤਿਹਾਸ ਦੀ ਨਬਜ਼ ਫੜਨ ਤੇ ਪੜ੍ਹਨ ਦਾ ਪੂਰਾ ਮਾਹਿਰ ਹੈ। ਭਾਰਤੀ ਉਪ ਮਹਾਂਦੀਪ ਦੇ ਇਤਿਹਾਸ ਉੱਤੇ ਉਸ ਦੀ ਪਕੜ ਦਾ ਪ੍ਰਮਾਣ ਉਸ ਦੀਆਂ ਅੱਧੀ ਦਰਜਨ ਕਿਤਾਬਾਂ ਹਨ। ਸਾਰੀਆਂ ਬੈਸਟ ਸੈੱਲਰ। ਦਸਤਾਵੇਜ਼ਾਂ ਤੇ ਸਰੋਤਾਂ ਨੂੰ ਖੋਜਣਾ, ਉਨ੍ਹਾਂ ਲੱਭਤਾਂ ਦਾ ਗਹਿਨ ਅਧਿਐਨ ਕਰਕੇ ਸਹੀ ਵਿਆਖਿਆ ਤਕ ਅੱਪੜਨਾ ਉਸ ਦੀ ਖ਼ਸਲਤ ਵੀ ਹੈ ਅਤੇ ਜਨੂਨ ਵੀ। ਉੱਪਰੋਂ ਉਪਨਿਆਸਕਾਰੀ ਵਰਗਾ ਲੇਖਣ। ਇਹ ਮਿਕਨਾਤੀਸੀ ਮਿਸ਼ਰਣ ਉਸ ਦੀਆਂ ਸਾਰੀਆਂ ਕ੍ਰਿਤੀਆਂ ਦੀ ਜਿੰਦ-ਜਾਨ ਹੈ। ‘ਦਿ ਅਨਾਰਕੀ’ ਉਸ ਦੀ ਹੁਣ ਤਕ ਦੀ ਸਭ ਤੋਂ ਅਹਿਮ ਕਿਰਤ ਹੈ। ਇਸ ਕਿਤਾਬ ਦੀਆਂ ਤਿੰਨ ਪਰਤਾਂ ਹਨ: ਮੁਗ਼ਲ ਰਾਜ ਦਾ ਪਤਨ, ਇਸ ਪਤਨ ਵਿਚ ਕੰਪਨੀ ਦੀ ਭੂਮਿਕਾ ਅਤੇ ਇਸ ਭੂਮਿਕਾ ਵਿਚ ਭਾਰਤੀ ਜਗਤ-ਸੇਠਾਂ ਤੇ ਦੌਲਤਮੰਦਾਂ ਦੀ ਹਿੱਸੇਦਾਰੀ। 1706 ਤੋਂ 1803 ਤਕ ਚੱਲੀ ਹਨੇਰਗ਼ਰਦੀ ਵਿਚ ਇਹ ਤਿੰਨੋਂ ਤੱਤ ਇਕ ਦੂਜੇ ਦੇ ਅਨੁਪੂਰਕ ਰਹੇ ਅਤੇ ਪੂਰਕ ਵੀ। ਸ਼ਾਹ ਆਲਮ (ਦੋਇਮ) ਇਸ ਕਿਤਾਬ ਦਾ ਕੇਂਦਰੀ ਕਿਰਦਾਰ ਹੈ, ਪਰ ਸਮੁੱਚਾ ਕਥਾਕ੍ਰਮ ਸਿਰਫ਼ ਉਸ ਦੇ ਦੁਆਲੇ ਨਹੀਂ ਘੁੰਮਦਾ। ਹੋਰ ਕਿਰਦਾਰ ਵੀ ਆਪੋ ਆਪਣੀ ਥਾਈਂ ਅਹਿਮ ਹਨ। ਸ਼ਾਹ ਆਲਮ ਦਾ ਮਹੱਤਵ ਇਸ ਕਰਕੇ ਵੱਧ ਹੈ ਕਿ ਬਦਨਿਜ਼ਾਮੀ ਤੇ ਅਰਾਜਕਤਾ ਦਾ ਜਿੰਨਾ ਲੰਮਾ ਦੌਰ-ਦੌਰਾ ਉਸ ਨੇ ਦੇਖਿਆ, ਉਹ ਹੋਰਨਾਂ ਕਿਰਦਾਰਾਂ ਦੀ ਹੋਣੀ ਨਹੀਂ ਬਣਿਆ। ਉਸ ਨੇ ਨਾਦਿਰਸ਼ਾਹੀ ਉਤਪਾਤ ਵੀ ਦੇਖਿਆ ਅਤੇ ਅਬਦਾਲੀ ਵਾਲੀ ਜੁੱਗਗਰਦੀ ਵੀ। ਪਲਾਸੀ ਤੇ ਬਕਸਰ ਵਿਚ ਨਵਾਬਾਂ ਦੀਆਂ ਪਲਟਨਾਂ ਨੂੰ ਕੰਪਨੀ ਦੇ ਭਾੜੇ ਦੇ ਫੌ਼ਜੀਆਂ ਹੱਥੋਂ ਪਸਤ ਹੁੰਦਿਆਂ ਵੀ ਦੇਖਿਆ ਅਤੇ ਮਰਾਠਿਆਂ ਤੇ ਸਿੱਖਾਂ ਦੀਆਂ ਦਿੱਲੀ ’ਤੇ ਚੜ੍ਹਾਈਆਂ ਵੀ ਉਸ ਦੀ ਹੋਣੀ ਦਾ ਹਿੱਸਾ ਰਹੀਆਂ। ਗ਼ੁਲਾਮ ਕਾਦਿਰ ਵਰਗੇ ਬਦਲਾਖੋਰ ਤੇ ਅਹਿਸਾਨਫ਼ਰਾਮੋਸ਼ ਮਨੋਵਿਕਾਰੀ ਦੀ ਵਹਿਸ਼ਤ ਵੀ ਉਸ ਨੇ ਝੱਲੀ। ਇਸ ਵਹਿਸ਼ਤ ਵਿਚ ਸ਼ਾਹੀ ਬੇਗ਼ਮਾਂ ਤੇ ਸ਼ਹਿਜ਼ਾਦੀਆਂ ਦੀ ਉਸ ਦੀਆਂ ਅੱਖਾਂ ਸਾਹਮਣੇ ਬੇਪਤੀ ਅਤੇ ਫਿਰ ਇਹੋ ਅੱਖਾਂ ਬੇਰਹਿਮੀ ਨਾਲ ਕੱਢ ਲਏ ਜਾਣ ਦੀ ਅਸਹਿ ਤੇ ਅਕਹਿ ਪੀੜਾ ਸ਼ਾਮਲ ਸੀ। ਫਿਰ ਜਦੋਂ ਕੰਪਨੀ ਉਸ ਦੀ ਖੈ਼ਰਖਾਹ ਬਣ ਕੇ ਆਈ ਤਾਂ ਖੈ਼ਰਖਾਹੀ ਦੇ ਇਵਜ਼ ਵਿਚ ਨਿਜ਼ਾਮਤ ਦੇ ਸਾਰੇ ਹੱਕ ਤੇ ਅਖ਼ਤਿਆਰ ਉਸ ਪਾਸੋਂ ਖੋਹ ਲਏ ਗਏ ਅਤੇ ਉਸ ਦੇ ਸ਼ਾਹੀ ਵਜੂਦ ਨੂੰ ਵਜ਼ੀਫੇ਼ ਤਕ ਸੀਮਤ ਕਰ ਦਿੱਤਾ ਗਿਆ। ਬਾਕੀ ਦੇ ਅਹਿਮ ਕਿਰਦਾਰਾਂ ਵਿਚ ਰੌਬਰਟ ਕਲਾਈਵ, ਵਾਰੈੱਨ ਹੇਸਟਿੰਗਜ਼, ਜੋਜ਼ੇਫ ਫਰਾਂਸਵਾ ਡੁਪਲੇ, ਸਿਰਾਜ-ਉਲ ਦੌਲਾ, ਮੀਰ ਜਾਫ਼ਰ, ਮੀਰ ਕਾਸਿਮ, ਐਡਮੰਡ ਬਰਕ, ਹੈਦਰ ਅਲੀ, ਟੀਪੂ ਸੁਲਤਾਨ ਤੇ ਵੈੱਲਜ਼ਲੀ ਭਰਾਵਾਂ ਤੋਂ ਇਲਾਵਾ ਮਾਰਵਾੜੀ ਜਗਤ ਸੇਠ/ਸ਼ਾਹੂਕਾਰ ਆ ਜਾਂਦੇ ਹਨ ਜਿਨ੍ਹਾਂ ਨੇ ਹਮਵਤਨਾਂ ਦੀ ਥਾਂ ਫਿਰੰਗੀਆਂ ਦਾ ਸਾਥ ਦਿੱਤਾ ਅਤੇ ਜਿਨ੍ਹਾਂ ਦੇ ਸ਼ਾਹੂਕਾਰੇ ਦੀ ਬਦੌਲਤ ਕੰਪਨੀ ਆਪਣੇ ਦੇਸੀ ਫੌ਼ਜੀਆਂ ਨੂੰ ਤਨਖ਼ਾਹਾਂ ਦੇਣ ਅਤੇ ਭਾਰਤੀ ਰਿਆਸਤਾਂ ਦੇ ਅਹਿਮ ਅਹਿਲਕਾਰਾਂ ਦੀਆਂ ਵਫ਼ਾਦਾਰੀਆਂ ਖ਼ਰੀਦਣ ਦੇ ਸਮਰੱਥ ਸਾਬਤ ਹੁੰਦੀ ਰਹੀ।

ਲੇਖਕ ਵਿਲੀਅਮ ਡੈਲਰਿੰਪਲ

ਕਿਤਾਬ ਦਾ ਨਿਵੇਕਲਾ ਤੇ ਸਭ ਤੋਂ ਅਹਿਮ ਪੱਖ ਹੈ ਇਸ ਦੀ ਸਮਕਾਲੀਨਤਾ। ਇਸ ਅੰਦਰਲੀਆਂ ਘਟਨਾਵਾਂ ਨੂੰ ਜੇਕਰ ਸਮਕਾਲੀ ਪਰਿਪੇਖ ਤੋਂ ਦੇਖਿਆ ਜਾਵੇ ਤਾਂ ਸਬਕ ਤੇ ਸਿੱਟੇ ਅੱਜ ਤੋਂ ਦੋ ਸਦੀਆਂ ਪਹਿਲਾਂ ਵਾਪਰੀ ਦ੍ਰਿਸ਼ਾਵਲੀ ਵਰਗੇ ਹੀ ਨਜ਼ਰ ਆਉਂਦੇ ਹਨ। ਕਿਤਾਬ ਕਾਰਪੋਰੇਟ ਹਿਰਸ ਤੇ ਹਾਬੜਪੁਣੇ ਪ੍ਰਤੀ ਸੁਚੇਤ ਰਹਿਣ ਦਾ ਹੋਕਾ ਦਿੰਦੀ ਹੈ। ਇਹ ਇਸ਼ਾਰਾ ਕਰਦੀ ਹੈ ਕਿ ਕਾਰਪੋਰੇਟ ਜਗਤ, ਨਿਵੇਸ਼ਕਾਰੀ ਦੇ ਨਾਂ ’ਤੇ ਅੱਜ ਵੀ ਸਰਕਾਰੀ ਨੀਤੀਆਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ ਅਤੇ ਮੁਲਕਾਂ ਦੀ ਪ੍ਰਭੁਤਾ ਨੂੰ ਸਿੱਧੇ-ਅਸਿੱਧੇ ਢੰਗ ਨਾਲ ਖੋਰਾ ਲਾਉਂਦਾ ਆ ਰਿਹਾ ਹੈ। ਇਕ ਹੋਰ ਸਬਕ ਹੈ ਕਿ ਦੌਲਤਮੰਦ ਸਿਰਫ਼ ਦੌਲਤ ਦੇ ਵਫ਼ਾਦਾਰ ਹੁੰਦੇ ਹਨ, ਵਤਨ ਦੇ ਨਹੀਂ। ਉਹ ਵਤਨ ਤਿਆਗ ਸਕਦੇ ਹਨ, ਦੌਲਤ ਨਹੀਂ। ਇਹ ਵਰਤਾਰਾ ਅੱਜ ਵੀ ਵਾਪਰ ਰਿਹਾ ਹੈ, ਭਲਕੇ ਵੀ ਇਸੇ ਤਰ੍ਹਾਂ ਵਾਪਰਦਾ ਰਹੇਗਾ।

* * * ਤਸਵੀਰ ਪੜ੍ਹਨ ਦੀ ਕਲਾ ਦਾ ਗਿਆਨ ਬਹੁਤ ਘੱਟ ਲੋਕਾਂ ਕੋਲ ਹੈ। ਇਹ ਜਿਨ੍ਹਾਂ ਕੋਲ ਹੈ, ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਹ ਗਿਆਨ ਵੰਡਣ ਦੀ ਕਲਾ ਨਹੀਂ ਆਉਂਦੀ। ਬਹੁਤੇ ਕਲਾ ਸਮੀਖਿਅਕ ਕਲਾ ਖੇਤਰ ਨਾਲ ਜੁੜੀ ਤਕਨੀਕੀ ਸ਼ਬਦਾਵਲੀ ਵਰਤ ਕੇ ਆਪਣੀਆਂ ਤਹਿਰੀਰਾਂ ਨੂੰ ਏਨਾ ਬੋਝਿਲ ਬਣਾ ਦਿੰਦੇ ਹਨ ਕਿ ਇਹ ਆਮ ਪਾਠਕ ਦੇ ਪੱਲੇ ਨਹੀਂ ਪੈਂਦੀਆਂ। ਜਗਤਾਰਜੀਤ ਸਿੰਘ ਨੇ ਇਸ ਗਿਆਨ ਨੂੰ ਸਰਲ ਜਾਮਾ ਪਹਿਨਾ ਕੇ ਜਨ ਸਾਧਾਰਨ ਤਕ ਪਹੁੰਚਾਉਣ ਦਾ ਪੁੰਨ ਖੱਟਿਆ ਹੈ। ਇਹ ਕਾਰਜ ਨਿਰੰਤਰ ਜਾਰੀ ਹੈ। ਉਸ ਦੀ ਨਵੀਂ ਕਿਤਾਬ ‘ਰੰਗ ਹਸਹਿ ਰੰਗ ਰੋਵਹਿ’ (ਆਟਮ ਆਰਟ, ਬਾਲੀਆਂ, ਸੰਗਰੂਰ; ਪੰਨੇ 168; ਕੀਮਤ 395 ਰੁਪਏ) ਇਸ ਦਾ ਪ੍ਰਮਾਣ ਹੈ। ਇਹ ਕਿਤਾਬ ਕਲਾਕਾਰਾਂ ਅਤੇ ਉਨ੍ਹਾਂ ਦੀ ਕਲਾ ਦੇ ਵਿਸ਼ਲੇਸ਼ਣ ਨਾਲ ਸਬੰਧਤ 10 ਲੇਖਾਂ ਦਾ ਸੰਗ੍ਰਹਿ ਹੈ। ਕਿਸੇ ਇਕ ਵਿਧਾ ਤਕ ਸੀਮਤ ਨਾ ਰਹਿ ਕੇ ਚਿੱਤਰਕਾਰਾਂ ਦੇ ਨਾਲ ਮੂਰਤੀਕਾਰ ਤੇ ਪ੍ਰਿੰਟ ਮੇਕਰਾਂ ਨੂੰ ਵੀ ਇਸ ਕਿਤਾਬ ਵਿਚ ਸਹੀ ਸਥਾਨ ਤੇ ਸਨਮਾਨ ਦਿੱਤਾ ਗਿਆ ਹੈ। ਸਾਰੇ ਨਾਮ ਵੱਡੇ ਹਨ, ਜਾਣੇ-ਪਛਾਣੇ ਜਿਵੇਂ ਕਿ ਅੰਮ੍ਰਿਤਾ ਸ਼ੇਰਗਿੱਲ, ਰਾਬਿੰਦਰ ਨਾਥ ਟੈਗੋਰ, ਸਤੀਸ਼ ਗੁਜਰਾਲ, ਅਨੂਪਮ ਸੂਦ, ਰਾਮ ਕੁਮਾਰ, ਠਾਕੁਰ ਸਿੰਘ, ਧੰਨਰਾਜ ਭਗਤ। ਜੁੜਵਾਂ ਭੈਣਾਂ- ਅੰਮ੍ਰਿਤ ਤੇ ਰਬਿੰਦਰ ਵਾਲਾ ਮਜ਼ਮੂਨ ਵੀ ਦਿਲਚਸਪ ਹੈ। ਜਗਤਾਰਜੀਤ ਅਨੁਸਾਰ ‘‘ਲੇਖਾਂ ਦਾ ਸੁਭਾਅ ਨੁਕਤਾਚੀਨੀ ਵਾਲਾ ਨਹੀਂ। ਪੱਖ-ਵਿਪੱਖ ਵਾਲੇ ਰਾਹ ਉੱਪਰ ਤੁਰਨ ਤੋਂ ਖ਼ੁਦ ਨੂੰ ਰੋਕਿਆ ਗਿਆ ਹੈ। ਪ੍ਰਸੰਸਾਤਮਕ ਤੇ ਵਿਸ਼ੇਸ਼ਣੀ ਸੁਰਾਂ ਤੋਂ ਵੀ ਪਰਹੇਜ਼ ਕੀਤਾ ਗਿਆ ਹੈ।’’ ਇਹ ਪਹੁੰਚ ਲੇਖਾਂ ਦੇ ਸੁਭਾਅ ਦੇ ਅਨੁਕੂਲ ਤੇ ਮਾਕੂਲ ਹੈ। ਲੇਖਾਂ ਦੀ ਭਾਸ਼ਾ ਖ਼ੂਬਸੂਰਤ ਹੈ, ਮੋਹਵੰਤੀ ਹੈ, ਸਹਿਜ ਹੈ। ਇਕ ਮਿਸਾਲ: ‘‘ਇਸਤਰੀ ਦੀ ਦੁਖਾਵੀਂ ਹਾਲਤ ਮੂਰਤੀਕਾਰ ਨੂੰ ਹਲੂਣਦੀ ਹੈ ਤਾਂ ਹੀ ਉਹ ਉਸ ਦੀ ਰਚਨਾ ਵਿਚ ਆਉਂਦੀ ਹੈ। ‘ਬਰਡਨ’ ਮੂਰਤੀ ਵਿਚ ਔਰਤ ਨੇ ਸੱਜੇ ਹੱਥ ਨਾਲ ਬੱਚਾ ਚੁੱਕਿਆ ਹੋਇਆ ਹੈ। ‘ਰੀਇਨਫੋਰਸਡ ਕੰਕਰੀਟ’ ਨਾਲ ਤਿਆਰ ਕੀਤੀ ਇਸ ਮੂਰਤੀ ਨੂੰ ਸਾਹਮਣਿਓਂ ਬਣਾਇਆ ਗਿਆ ਹੈ ਜਿਸ ਦੇ ਪੇਟ ਵਿਚ ਇਕ ਹੋਰ ਜੀਅ ਵੀ ਪਲ ਰਿਹਾ ਹੈ। ...ਔਰਤ ਦੀ ਕੋਮਲਤਾ ਦੇ ਨਾਲ ਨਾਲ ਉੁਸ ਦੇ ਕਠੋਰ ਯਥਾਰਥ ਨੂੰ ਇੱਥੇ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ।’’ (ਪੰਨਾ 79) ਕਿਤਾਬ ਆਮ ਪਾਠਕ ਵਾਸਤੇ ਵੀ ਲਾਹੇਵੰਦੀ ਹੈ ਅਤੇ ਕਲਾ ਪਾਰਖੂਆਂ ਲਈ ਵੀ।

* * * ਫਿਲਮਸਾਜ਼ ਬਿਮਲ ਰਾਏ ਦੀ ਫਿਲਮ ‘ਦੋ ਬੀਘਾ ਜ਼ਮੀਨ’ (1953) ਨੂੰ ਭਾਰਤੀ ਸਿਨੇ-ਇਤਿਹਾਸ ਵਿਚ ਮੀਲ-ਪੱਥਰ ਮੰਨਿਆ ਜਾਂਦਾ ਹੈ। ਇਸ ਨੇ ਦੇਸ਼-ਵਿਦੇਸ਼ ਦੇ ਫਿਲਮ ਮੇਲਿਆਂ ਵਿਚ ਝੰਡੇ ਗੱਡੇ ਅਤੇ ਟਿਕਟ ਖਿੜਕੀ ਉੱਤੇ ਵੀ ਕਾਮਯਾਬੀ ਹਾਸਲ ਕੀਤੀ। ਇਸ ਨੇ ਬਲਰਾਜ ਸਾਹਨੀ ਨੂੰ ਵੀ ਹਿੰਦੀ ਫਿਲਮ ਜਗਤ ਵਿਚ ਸਮਰੱਥ ਤੇ ਸੰਵੇਦਨਸ਼ੀਲ ਅਦਾਕਾਰ ਵਜੋਂ ਸਥਾਪਤ ਕੀਤਾ। ਬਲਰਾਜ ਸਾਹਨੀ ਦੇ ਬੇਟੇ ਪ੍ਰੀਕਸ਼ਿਤ ਸਾਹਨੀ (ਜੋ ਖ਼ੁਦ ਫਿ਼ਲਮ ਤੇ ਟੀਵੀ ਅਦਾਕਾਰ ਹੈ) ਵੱਲੋਂ ਲਿਖੀ ਗਈ ਕਿਤਾਬ ‘ਦਿ ਨੌਨ-ਕੌਨਫੌਰਮਿਸਟ’ ਅਨੁਸਾਰ ‘ਦੋ ਬੀਘਾ ਜ਼ਮੀਨ’ ਦੇ ਨਾਇਕ ਸ਼ੰਭੂ ਦਾ ਕਿਰਦਾਰ ਅਸ਼ੋਕ ਕੁਮਾਰ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਸੀ, ਪਰ ਅਸ਼ੋਕ ਕੁਮਾਰ ਨੇ ਬਿਮਲ ਰਾਏ ਨੂੰ ਹਾਂ-ਨਾਂਹ ਕਰਨ ਵਿਚ ਦੇਰੀ ਕਰ ਦਿੱਤੀ। ਬਿਮਲ ਰਾਏ ਬਲਰਾਜ ਸਾਹਨੀ ਦੀ ਅਭਿਨੈ-ਕਲਾ ਤੋਂ ਮੁਤਾਸਿਰ ਸੀ। ਉਸ ਨੇ ਬਲਰਾਜ ਨੂੰ ਸ਼ੰਭੂ ਦਾ ਕਿਰਦਾਰ ਸੌਂਪ ਦਿੱਤਾ। ਪਤਾ ਲੱਗਣ ’ਤੇ ਅਸ਼ੋਕ ਕੁਮਾਰ ਦਾ ਨਾਰਾਜ਼ ਹੋਣਾ ਸੁਭਾਵਿਕ ਹੀ ਸੀ। ਉਸ ਨੇ ਬਿਮਲ ਰਾਏ ਤੋਂ ਪੁੱਛਿਆ ਕਿ ਗੋਰਾ-ਚਿੱਟਾ, ਪੜ੍ਹਿਆ-ਲਿਖਿਆ, ਲੰਡਨ ਤੋਂ ਆਇਆ ਬਲਰਾਜ ਬੇਜ਼ਮੀਨੇ ਕਿਸਾਨ ਤੇ ਰਿਕਸ਼ਾ ਚਾਲਕ ਦਾ ਕਿਰਦਾਰ ਕਿਵੇਂ ਨਿਭਾ ਸਕੇਗਾ। ਇਹੋ ਤੌਖ਼ਲਾ ਸੰਗੀਤਕਾਰ ਸਲਿਲ ਚੌਧਰੀ, ਜੋ ਫਿ਼ਲਮ ਦਾ ਕਹਾਣੀ ਲੇਖਕ ਵੀ ਸੀ, ਨੇ ਵੀ ਪ੍ਰਗਟਾਇਆ। ਪਰ ਬਿਮਲ ਰਾਏ ਨੇ ਆਪਣਾ ਫੈ਼ਸਲਾ ਨਹੀਂ ਬਦਲਿਆ। ਬਲਰਾਜ ਸਾਹਨੀ, ਬਿਮਲ ਰਾਏ ਦੇ ਵਿਸ਼ਵਾਸ ’ਤੇ ਖ਼ਰਾ ਉਤਰਿਆ। ਫਿਲਮ ਦੇ ਪ੍ਰੀਮੀਅਰ ਸ਼ੋਅ ਮਗਰੋਂ ਅਸ਼ੋਕ ਕੁਮਾਰ ਨੇ ਬਲਰਾਜ ਸਾਹਨੀ ਨੂੰ ਉਚੇਚੇ ਤੌਰ ’ਤੇ ਵਧਾਈ ਦਿੱਤੀ। ਉਸ ਦੀ ਟਿੱਪਣੀ ਸੀ, ‘‘ਕਿਰਦਾਰ ਨਿਭਾਉਣ ਤੇ ਕਿਰਦਾਰ ਜਿਊਣ ਵਿਚ ਫ਼ਰਕ ਕੀ ਹੁੰਦਾ ਹੈ, ਇਹ ਕਲਾ ਮੈਨੂੰ ਹੁਣ ਤੇਰੇ ਕੋਲੋਂ ਸਿੱਖਣੀ ਪਵੇਗੀ।’’

* * *

ਸੁਰਿੰਦਰ ਸਿੰਘ ਤੇਜ

ਸਾਹਿਰ ਲੁਧਿਆਣਵੀ ਬਾਰੇ ਪ੍ਰਭਾਵ ਹੈ ਕਿ ਉਹ ਬਾਲ ਗੀਤ ਲਿਖਣ ਤੋਂ ਪਰਹੇਜ਼ ਕਰਦਾ ਸੀ, ਪਰ ਫਿਲਮ ‘ਬਹੂ ਰਾਨੀ’ (1963) ਦਾ ਗੀਤ ‘ਈਤਲ ਕੇ ਘਲ ਮੇਂ ਤੀਤਲ’ ਇਸ ਪ੍ਰਭਾਵ ਦਾ ਖੰਡਨ ਕਰਦਾ ਹੈ। ਹੇਮੰਤ ਕੁਮਾਰ ਦੀ ਆਵਾਜ਼ ਵਿਚ ਗੁਰੂ ਦੱਤ ਤੇ ਮੁਕਰੀ ਉੱਤੇ ਫਿਲਮਾਇਆ ਇਹ ਗੀਤ ਹੁਣ ਯੂ-ਟਿਊਬ ’ਤੇ ਮੌਜੂਦ ਹੈ। ਗੀਤ ਦਾ ਪੂਰਾ ਮੁਖੜਾ ‘ਈਤਲ ਕੇ ਘਲ (ਘਰ) ਮੇਂ ਤੀਤਲ (ਤੀਤਰ)/ ਬਾਹਲ (ਬਾਹਰ) ਅੱਛਾ ਯਾ ਭੀਤਲ (ਭੀਤਰ)/ ਜ਼ਰਾ ਪੂਛ ਕੇ ਆਓ ਚੀਤਲ/ ਕਿਆ ਬੋਲੇ ਦਾਈ-ਮਾਂ, ਕਿਆ ਬੋਲੇ ਦਾਈ-ਮਾਂ...’ ਹੀ ਦਰਸਾ ਦਿੰਦਾ ਹੈ ਕਿ ਬਾਲ-ਬੱਚੇਦਾਰ ਨਾ ਹੋਣ ਦੇ ਬਾਵਜੂਦ ਸਾਹਿਰ ਨੂੰ ਬਾਲ ਕਲਪਨਾਵਾਂ ਦਾ ਕਿੰਨਾ ਗਹਿਰਾ ਗਿਆਨ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All