ਹਜੂਮੀ ਹਿੰਸਾ: ਅਧਿਕਾਰੀਆਂ ਦੀ ਕਮੇਟੀ ਨੇ ਮੰਤਰੀ ਸਮੂਹ ਨੂੰ ਰਿਪੋਰਟ ਸੌਂਪੀ

ਨਵੀਂ ਦਿੱਲੀ, 29 ਅਗਸਤ ਸੀਨੀਅਰ ਅਧਿਕਾਰੀਆਂ ਦੇ ਇਕ ਪੈਨਲ ਜਿਸ ਨੇ ਭੀੜ ਵੱਲੋਂ ਮਾਰਕੁੱਟ (ਲਿੰਚਿੰਗ) ਦੀਆਂ ਘਟਨਾਵਾਂ ’ਤੇ ਲਗਾਮ ਪਾਉਣ ਲਈ ਇਕ ਨਵਾਂ ਕਾਨੂੰਨ ਘੜਨ ਦੀਆਂ ਸੰਭਾਵਨਾਵਾਂ ’ਤੇ ਗ਼ੌਰ ਕੀਤਾ ਸੀ, ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੇ ਮੰਤਰੀ ਸਮੂਹ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਉਬਾ ਦੀ ਅਗਵਾਈ ਹੇਠਲੀ ਸਕੱਤਰਾਂ ਦੀ ਕਮੇਟੀ ਨੇ ਮੰਤਰੀ ਸਮੂਹ ਨੂੰ ਆਪਣੀ ਰਿਪੋਰਟ ਸੌਂਪਣ ਤੋਂ ਪਹਿਲਾਂ ਸਮਾਜ ਦੇ ਵੱਖ ਵੱਖ ਤਬਕਿਆਂ ਤੇ ਹੋਰਨਾਂ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਸਮੂਹ ਹੁਣ ਆਪਣੀਆਂ ਸਿਫਾਰਸ਼ਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਵੇਗਾ ਜੋ ਇਸ ਮੁੱਦੇ ’ਤੇ ਅੰਤਮ ਫ਼ੈਸਲਾ ਕਰਨਗੇ। ਹਾਲਾਂਕਿ ਸਕੱਤਰਾਂ ਦੀ ਕਮੇਟੀ ਦੀ ਵਿਚਾਰ ਚਰਚਾ ਦੇ ਅੰਤਮ ਸਿੱਟੇ ਬਾਰੇ ਫੌਰੀ ਤੌਰ ’ਤੇ ਪਤਾ ਨਹੀਂ ਚੱਲ ਸਕਿਆ ਪਰ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਪਾਰਲੀਮਾਨੀ ਪ੍ਰਵਾਨਗੀ ਜ਼ਰੀਏ ਆਈਪੀਸੀ ਤੇ ਸੀਆਰਪੀਸੀ ਵਿੱਚ ਕੁਝ ਮੱਦਾਂ ਜੋੜ ਕੇ ਕਾਨੂੰਨ ਸਖ਼ਤ ਕਰਨ ਦਾ ਸੁਝਾਅ ਦਿੱਤਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੇ ਇਸ ਮੰਤਰੀ ਸਮੂਹ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਤੇ ਸਮਾਜਕ ਨਿਆਂ ਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਸ਼ਾਮਲ ਹਨ। ਸੁਪਰੀਮ ਕੋਰਟ ਵੱਲੋਂ ਲਿੰਚਿੰਗ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਆਦੇਸ਼ ਦੇਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਇਕਾਈਆਂ ਨੂੰ ਨਸੀਹਤਾਂ ਜਾਰੀ ਕੀਤੀਆਂ ਸਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All