ਹਜੂਮੀ ਕਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਰਾਜ: ਗ੍ਰਹਿ ਮੰਤਰੀ

ਸਰਕਾਰ ਆਪਣੇ ਮੰਤਰੀਆਂ ਨੂੰ ਮੁਲਜ਼ਮਾਂ ਨੂੰ ਹੱਲਾਸ਼ੇਰੀ ਦੇਣ ਤੋਂ ਰੋਕੇ: ਕਾਂਗਰਸ ਨਵੀਂ ਦਿੱਲੀ, 19 ਜੁਲਾਈ

ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਲੋਕ ਸਭਾ ਵਿੱਚ ਆਪਣੇ ਵਿਚਾਰ ਰੱਖਦੇ ਹੋਏ। -ਫੋਟੋ: ਪੀਟੀਆਈ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਲੋਕ ਸਭਾ ਵਿੱਚ ਆਪਣੇ ਵਿਚਾਰ ਰੱਖਦੇ ਹੋਏ। -ਫੋਟੋ: ਪੀਟੀਆਈ

ਕੇਂਦਰ ਨੇ ਹਾਲ ਹੀ ਵਿੱਚ ਹੋਏ ਹਜੂਮੀ ਕਤਲਾਂ (ਮੌਬ ਲਿੰਚਿੰਗ) ਦੀ ਅੱਜ ਨਿੰਦਾ ਕਰਦਿਆਂ ਕਿਹਾ ਹੈ ਕਿ ਉਸ ਨੇ ਰਾਜਾਂ ਨੂੰ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਸਰਵਿਸ ਪ੍ਰੋਵਾਈਡਰਾਂ ਨੂੰ ਅਫ਼ਵਾਹਾਂ ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ’ਤੇ ਬੰਦਸ਼ਾਂ ਲਾਉਣ ਲਈ ਕਿਹਾ ਸੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਸਿਫਰ ਕਾਲ ਦੌਰਾਨ ਕਾਂਗਰਸ ਆਗੂ ਕੇ.ਸੀ. ਵੇਣੂਗੋਪਾਲ ਵੱਲੋਂ ਉਠਾਏ ਹਜੂਮੀ ਕਤਲਾਂ ਦੇ ਮੁੱਦੇ ਦਾ ਜਵਾਬ ਦਿੰਦਿਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ ਨਿੰਦਾ ਕੀਤੀ ਅਤੇ ਇਕ ਬਿਆਨ ਵੀ ਦਿੱਤਾ। ਕਾਂਗਰਸ ਆਗੂ ਨੇ ਝਾਰਖੰਡ ਵਿੱਚ ਸਵਾਮੀ ਅਗਨੀਵੇਸ਼ ’ਤੇ ਹੋਏ ਹਮਲੇ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਟਰੋਲਿੰਗ (ਸੋਸ਼ਲ ਮੀਡੀਆ ’ਤੇ ਗਾਲੀ ਗਲੋਚ) ਦੇ ਮਾਮਲੇ ਵੀ ਉਠਾਏ ਸਨ। ਰਾਜਨਾਥ ਸਿੰਘ ਨੇ ਕਿਹਾ ਕਿ ਹਜੂਮੀ ਕਤਲਾਂ ਦੀਆਂ ਵਾਰਦਾਤਾਂ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਹਨ ਅਤੇ ਸਰਕਾਰ ਲਈ ਇਹ ਵੱਡੀ ਚਿੰਤਾ ਦਾ ਸਬੱਬ ਹੈ। ਉਨ੍ਹਾਂ ਕਿਹਾ ਕਿ ਮੌਬ ਲਿੰਚਿੰਗ ਦੀਆਂ ਘਟਨਾਵਾਂ ਅਫ਼ਵਾਹਾਂ ਜਾਂ ਫ਼ਰਜ਼ੀ ਤੇ ਝੂਠੀਆਂ ਖਬਰਾਂ ਕਾਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਰਾਜਾਂ ਦਾ ਵਿਸ਼ਾ ਹੈ ਪਰ ਤਾਂ ਵੀ ਕੇਂਦਰ ਇਸ ਮਾਮਲੇ ’ਤੇ ਮੂਕ ਦਰਸ਼ਕ ਬਣਿਆ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ, ‘‘ਮੈਂ 2016 ਅਤੇ 2018 ਵਿੱਚ ਸੇਧਾਂ ਜਾਰੀ ਕੀਤੀਆਂ ਸਨ। ਅਸੀਂ ਸੋਸ਼ਲ ਮੀਡੀਆ ਸਰਵਿਸ ਪ੍ਰੋਵਾਈਡਰਾਂ ਨੂੰ ਵੀ ਬੰਦਸ਼ਾਂ ਲਾਉਣ ਲਈ ਕਿਹਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਅਫ਼ਸੋਸਨਾਕ ਹੁੰਦੀਆਂ ਹਨ। ਅਸੀਂ ਮੁੱਖ ਮੰਤਰੀਆਂ ਨੂੰ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।’’ ਸ੍ਰੀ ਵੇਣੂਗੋਪਾਲ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਲੋਕਾਂ ’ਤੇ ਕੀਤੇ ਜਾਂਦੇ ਹਜੂਮੀ ਹਮਲੇ ਨਿੱਤ ਦਾ ਮਾਮਲਾ ਬਣ ਗਏ ਹਨ ਅਤੇ ਸਰਕਾਰ ਤਮਾਸ਼ਬੀਨ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਜੈਯੰਤ ਸਿਨਹਾ ਹਜੂਮੀ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਦੇ ਗਲ਼ਾਂ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਨਿਵਾਜਦੇ ਹਨ। ਉਨ੍ਹਾਂ ਪੁੱਛਿਆ, ‘‘ਕੀ ਇਹ ਕਾਨੂੰਨ ਦਾ ਰਾਜ ਹੈ? ਇਹ ਬਹੁਤ ਗੰਭੀਰ ਮਾਮਲੇ ਹਨ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਦੇਸ਼ ਦੇ ਜਮਹੂਰੀ ਮਾਹੌਲ ਨੂੰ ਖਰਾਬ ਨਾ ਕਰਨ ਦਿੱਤਾ ਜਾਵੇ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਖੁਦ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੌਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਬਣਾਵੇ ਤੇ ਆਪਣੇ ਮੰਤਰੀਆਂ ਨੂੰ ਦੋਸ਼ੀਆਂ ਦੇ ਗਲਾਂ ਵਿੱਚ ਹਾਰ ਪਾਉਣ ਤੋਂ ਵਰਜੇ।’’ ਬਹਿਸ ਦੌਰਾਨ ਭਾਜਪਾ ਦੇ ਕੁਝ ਮੈਂਬਰ ਰੌਲਾ-ਰੱਪਾ ਪਾਉਂਦੇ ਰਹੇ ਅਤੇ ਸ੍ਰੀ ਵੇਣੂਗੋਪਾਲ ਦੀ ਤਕਰੀਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਰਹੇ। ਇਸ ’ਤੇ ਕਾਂਗਰਸ ਆਗੂ ਮਲਿਕਅਰਜੁਨ ਖੜਗੇ ਤੇ ਜਯੋਤਿਰਾਦਿੱਤਿਆ ਸਿੰਧੀਆ ਨੇ ਸਪੀਕਰ ਨੂੰ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਵੇਣੂਗੋਪਾਲ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ।    -ਪੀਟੀਆਈ

ਹਜੂਮੀ ਕਤਲਾਂ ਨੂੰ ਰੋਕਣ ਲਈ ਕਾਨੂੰਨ ਬਣਾਉਣ ਬਾਰੇ ਵਿਚਾਰਾਂ ਨਵੀਂ ਦਿੱਲੀ, 19 ਜੁਲਾਈ ਹਜੂਮੀ ਕਤਲਾਂ ’ਤੇ ਨੱਥ ਪਾਉਣ ਦੇ ਮਕਸਦ ਨਾਲ ਕੇਂਦਰ ਵੱਲੋਂ ਮੁੱਢਲੇ ਪੱਧਰ ’ਤੇ ਵਿਚਾਰਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਹੈ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤੀ ਦੰਡ ਸੰਘਤਾ ’ਚ ਸੋਧ ਕਰਨ ਬਾਰੇ ਵੀ ਵਿਚਾਰ ਹੋ ਰਿਹਾ ਹੈ ਤਾਂ ਜੋ ਹਜੂਮੀ ਕਤਲਾਂ ਨੂੰ ਇਸ ਦੇ ਅਧੀਨ ਲਿਆਂਦਾ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਇਕ ਹੋਰ ਰਾਹ ’ਤੇ ਵਿਚਾਰ ਹੋ ਰਿਹਾ ਹੈ ਕਿ ਆਦਰਸ਼ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾਵੇ ਤਾਂ ਜੋ ਸੂਬੇ ਹਜੂਮੀ ਕਤਲਾਂ ਵਰਗੀਆਂ ਘਟਨਾਵਾਂ ਨੂੰ ਰੋਕ ਸਕਣ। ਉਸ ਮੁਤਾਬਕ ਅਜੇ ਸਾਰਾ ਕੁਝ ਮੁੱਢਲੇ ਪੱਧਰ ’ਤੇ ਹੋ ਰਿਹਾ ਹੈ ਅਤੇ ਕੋਈ ਪੱਕਾ ਸਟੈਂਡ ਲੈਣ ਤੋਂ ਪਹਿਲਾਂ ਸਰਕਾਰ ਨੂੰ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ।      -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All