ਹਕੂਮਤ ਦੀ ਬੇਰੁਖ਼ੀ ਤੋਂ ਖ਼ਫ਼ਾ ਅੰਦੋਲਨਕਾਰੀ ਭਖ਼ਾਉਣਗੇ ਸੰਘਰਸ਼ ਦਾ ਪਿੜ

ਜੈਤੋ ਦੇ ਉਪ-ਮੰਡਲ ਪ੍ਰਬੰਧਕੀ ਕੰਪਲੈਕਸ ਵਿੱਚ ਧਰਨੇ ’ਤੇ ਬੈਠੇ ਸੰਘਰਸ਼ਕਾਰੀ ਕਿਸਾਨ।

ਸ਼ਗਨ ਕਟਾਰੀਆ ਜੈਤੋ, 1 ਦਸੰਬਰ ਇੱਥੋਂ ਰਾਜ ਵਿਆਪੀ ਅੰਦੋਲਨ ਚਲਾ ਰਹੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਅੱਜ ਸਰਕਾਰ ਦੇ ‘ਅੱਖੜ’ ਵਤੀਰੇ ਤੋਂ ਖ਼ਫ਼ਾ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇੱਥੇ ਤਿੰਨ ਘੰਟੇ ਚੱਲੀ ਸੂਬਾਈ ਕਮੇਟੀ ਦੀ ਮੀਟਿੰਗ ’ਚ ਹਕੂਮਤ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਹਕੂਮਤ ’ਤੇ ਕਿਸਾਨਾਂ ਦਾ ਸਬਰ ਪਰਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਦੇ ਦਰਦ ਨੂੰ ਗੰਭੀਰਤਾ ਨਾਲ ਲੈ ਕੇ, ਹਲਕੇ ਪੱਧਰ ’ਤੇ ਵਾਚ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਪਰਾਲੀ ਮਾਮਲਿਆਂ ’ਚ ਕਿਸਾਨਾਂ ਨੂੰ ਉਲਝਾ ਕੇ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਲਈ ਖੇਤੀ ਸੈਕਟਰ ’ਤੇ ਕਬਜ਼ਾ ਕਰਾਉਣ ਦਾ ਰਾਹ ਮੋਕਲਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਰਾਲੀ ਨਾਲ ਸਬੰਧਿਤ ਮਾਮਲਿਆਂ ਦੇ ਨਿਬੇੜੇ ਲਈ 7 ਨਵੰਬਰ ਤੋਂ ਜੈਤੋ ’ਚ ਚੱਲ ਰਹੇ ਨਿਰੰਤਰ ਅੰਦੋਲਨ ਤੋਂ ਸਰਕਾਰ ਨੇ ਜੇ ਕੁਝ ਸਬਕ ਸਿੱਖਿਆ ਹੁੰਦਾ ਤਾਂ ਮਾਮਲਾ ਕਦੋਂ ਦਾ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਿਲ ਬੈਠ ਕੇ ਮਸਲੇ ਦਾ ਹੱਲ ਕਰਨ ਦੀ ਪੇਸ਼ਕਸ ਕੀਤੀ ਤਾਂ ਜਥੇਬੰਦੀ ਨੇ ਮੰਨਿਆ ਪਰ ਹਰ ਵਾਰ ਹਕੂਮਤ ਦੀ ਅਸਾਵੀਂ ਪਹੁੰਚ ਕਾਰਨ ਗੱਲਬਾਤ ਸਿਰੇ ਨਹੀਂ ਲੱਗੀ। ਸ੍ਰੀ ਡੱਲੇਵਾਲਾ ਨੇ ਖੁਲਾਸਾ ਕੀਤਾ ਕਿ ਅੱਜ ਮੀਟਿੰਗ ’ਚ ਸਰਕਾਰ ਦੀ ਅੰਦੋਲਨ ਪ੍ਰਤੀ ‘ਗ਼ੈਰ-ਸੰਜੀਦਗੀ’ ਨੂੰ ਲੈ ਕੇ ਆਗੂਆਂ ਵਿੱਚ ਰੋਸ ਸੀ। ਇਸੇ ਆਧਾਰ ’ਤੇ ਫੈਸਲਾ ਕੀਤਾ ਗਿਆ ਕਿ ਚੱਲ ਰਹੇ ‘ਸੰਕੇਤਕ’ ਧਰਨੇ ਨੂੰ ‘ਵਿਸ਼ਾਲ’ ਦਿੱਖ ਦਿੱਤੀ ਜਾਵੇ। ਤਾਜ਼ਾ ਫੈਸਲੇ ਬਾਰੇ ਉਨ੍ਹਾਂ ਦੱਸਿਆ ਕਿ ਚੱਲ ਰਹੇ ਬੇਮਿਆਦੀ ਧਰਨੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵਾਲੰਟੀਅਰ ਸ਼ਾਮਿਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਸਰਕਾਰੀ ਦਫ਼ਤਰਾਂ ਵਿੱਚ ਐਤਵਾਰੀ ਛੁੱਟੀ ਹੋਣ ਕਾਰਨ ਗ੍ਰਿਫ਼ਤਾਰੀਆਂ ਨਹੀਂ ਦਿੱਤੀਆਂ ਜਾ ਸਕੀਆਂ ਪਰ ਭਲਕ ਤੋਂ ਗ੍ਰਿਫ਼ਤਾਰੀਆਂ ਦਾ ਗੇੜ ਚੱਲੇਗਾ। ਉਪ ਮੰਡਲ ਪ੍ਰਬੰਧਕੀ ਕੰਪਲੈਕਸ ’ਚ ਧਰਨੇ ਵਾਲੀ ਥਾਂ ’ਤੇ ਅੱਜ ਜ਼ਿਲ੍ਹਾ ਫ਼ਾਜ਼ਲਿਕਾ ਤੋਂ ਕਿਸਾਨ ਗ੍ਰਿਫ਼ਤਾਰੀਆਂ ਦੇਣ ਲਈ ਪਹੁੰਚੇ ਸਨ। ਸੋਮਵਾਰ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨ ਆ ਕੇ ਗ੍ਰਿਫ਼ਤਾਰੀਆਂ ਦੇਣਗੇ। ਮੁਕਤਸਰ ਜ਼ਿਲ੍ਹੇ ਦੇ ਇਕ ਕਿਸਾਨ ਵੱਲੋਂ ਥਾਣੇ ’ਚ ਜਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਉਠਾਉਂਦਿਆਂ ਸ੍ਰੀ ਡੱਲੇਵਾਲਾ ਨੇ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਕਿਸਾਨ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ’ਚ ਦਰਜ ਹਨ, ਉਨ੍ਹਾਂ ’ਤੇ ਫੌਰੀ ਪੁਲੀਸ ਕੇਸ ਦਰਜ ਹੋਵੇ। ਉਨ੍ਹਾਂ ਤਾੜਨਾ ਕੀਤੀ ਕਿ ਕਿਸੇ ਕਿਸਮ ਦੀ ਢਿੱਲਮੱਠ ਜਾਂ ਟਾਲਮਟੋਲ ਦੀ ਸੂਰਤ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All