ਸੱਪ ਲੜ ਜਾਏ ਤਾਂ ਕੀ ਕਰੀਏ ?

ਡਾ. ਮਨਜੀਤ ਸਿੰਘ ਬੱਲ

12109CD _SNAKEਸੱਪ ਲੜਨ ਨਾਲ ਹਰ ਸਾਲ ਵਿਸ਼ਵ ਵਿੱਚ ਅਨੇਕਾਂ ਲੋਕ ਮਰਦੇ ਜਾਂ ਬਿਮਾਰ ਹੁੰਦੇ ਹਨ। ਸੱਪ ਫੜਨ ਵਾਲੇ ਜਾਂ ਜਿਹੜੇ ਲੋਕ ਬਾਹਰ ਖੇਤਾਂ ਜਾਂ ਜੰਗਲਾਂ ’ਚ ਰਹਿੰਦੇ ਹਨ, ਨੂੰ ਇਸ ਡੰਗ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਐਸੀਆਂ ਮੌਤਾਂ ਦੀ ਗਿਣਤੀ ਵੱਖ ਵੱਖ ਭੂਗੋਲਿਕ ਖੇਤਰਾਂ ਵਿੱਚ ਵੱਖ ਵੱਖ ਹੈ। ਆਸਟ੍ਰੇਲੀਆ, ਯੂਰਪ ਤੇ ਉਤਰੀ ਅਮਰੀਕਾ ਵਿੱਚ ਸੱਪ ਲੜਨ ਨਾਲ ਵਧੇਰੇ ਮੌਤਾਂ ਨਹੀਂ ਹੁੰਦੀਆਂ, ਪਰ ਸੰਸਾਰ ਦੇ ਕਈ ਭਾਗਾਂ ਵਿੱਚ ਇਹ ਗਿਣਤੀ ਕਾਫੀ ਹੁੰਦੀ ਹੈ, ਖ਼ਾਸ ਕਰਕੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੁੰਦੀ ਹੈ। ਸੱਪ ਲੜਨ ਦੇ ਕੇਸ ਆਮ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਆਉਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸਾਲਾਨਾ ਸਿਰਫ 2000 ਮੌਤਾਂ ਹੁੰਦੀਆਂ ਹਨ ਜਦਕਿ ਖੋਜਕਾਰ ‘ਕੌਂਤੀਆ ਸਿਨਹਾ’ ਦੇ ਇਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੇ ਅਧਿਐਨ (2011) ਅਨੁਸਾਰ ਇਹ ਅੰਕੜਾ ਕਰੀਬ 46000 ਹੈ। ਦੁਨੀਆਂ ਵਿੱਚ ਸੱਪਾਂ ਦੀਆਂ ਤਕਰੀਬਨ 3000 ‘ਚੋਂ ਸਿਰਫ 15% ਕਿਸਮਾਂ ਹੀ ਜ਼ਹਿਰੀਲੀਆਂ ਹਨ। ਭਾਰਤ ਵਿੱਚ ਸੱਪਾਂ ਦੀਆਂ ਤਕਰੀਬਨ 270 ਕਿਸਮਾਂ ਹਨ। ਵਧੇਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਜਿਹੜੇ ਜ਼ਹਿਰੀਲੇ ਨਹੀਂ ਹੁੰਦੇ ਉਹਨਾਂ ਨਾਲ ਵੀ ਸਰੀਰ ’ਤੇ ਅਲਰਜੀ ਹੋ ਸਕਦੀ, ਜਾਂ ਡਰਨ ਕਰਕੇ ਆਰਜ਼ੀ ਬੇਹੋਸ਼ੀ ਜਾਂ ਮੌਤ ਵੀ ਹੋ ਸਕਦੀ ਹੈ । ਸਾਡੇ ਸੱਭਿਆਚਾਰ ਤੇ ਭਾਸ਼ਾ ਵਿੱਚ ਸੱਪਾਂ ਨੂੰ ਰੰਗ, ਡਿਜ਼ਾਇਨ ਜਾਂ ਆਕਾਰ ਦੇ ਹਿਸਾਬ ਨਾਲ ਵੱਖ-ਵੱਖ ਨਾਮ ਦਿੱਤੇ ਗਏ ਹਨ ਜਿਵੇਂ ਕੌਡੀਆਂ ਵਾਲਾ ਸੱਪ, ਛੀਂਬਾ ਸੱਪ, ਖੜੱਪਾ ਸੱਪ, ਉਡਣਾ ਸੱਪ, ਦੁਮੂੰਹਾਂ ਸੱਪ, ਚੂਹੇ ਖਾਣਾ ਸੱਪ, ਸਪੋਲ਼ੀਆ, ਕਾਲਾ ਨਾਗ, ਫਨੀਅਰ ਸੱਪ, ਤੈਰਨਾ (ਪਾਣੀ ਵਾਲਾ) ਸੱਪ, ਅਜਗਰ ਸੱਪ ਆਦਿ। ਕਿਉਂਕਿ ਸੱਪ ਦੇ ਅਕਾਰ, ਰੰਗ ਜਾਂ ਉਸਦੀ ਬਾਹਰੀ ਦਿੱਖ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਹੜਾ ਜ਼ਹਿਰੀ ਤੇ ਕਿਹੜਾ ਜ਼ਹਿਰ ਰਹਿਤ ਹੈ, ਇਸ ਲਈ ਹਰ ਸੱਪ ਦੇ ਡੰਗਣ ‘ਤੇ ਮੈਡੀਕਲ ਸਹਾਇਤਾ ਫੌਰਨ ਲੈਣੀ ਚਾਹੀਦੀ ਹੈ। ਉਂਜ, ਕਾਲਾ ਨਾਗ (ਕੋਬਰਾ), ਵਾਇਪਰ, ਤਰਨ ਵਾਲਾ ਸੱਪ (ਵਾਟਰ ਮੁਕੈਸਿਨ), ਕਾਪਰ ਹੈਡ (ਤਾਂਬੇ ਰੰਗੇ ਸਿਰ ਵਾਲਾ) ਜ਼ਹਿਰੀ ਹੁੰਦੇ ਹਨ।

ਡਾ. ਮਨਜੀਤ ਸਿੰਘ ਬੱਲ ਡਾ. ਮਨਜੀਤ ਸਿੰਘ ਬੱਲ

ਸੱਪ ਸਾਰੇ ਭਾਰਤ ਵਿੱਚ ਹੀ ਹੁੰਦੇ ਹਨ ਪਰ ਵਧੇਰੇ ਜ਼ਹਿਰੀਲੇ ਸੱਪ ਅਸਾਮ, ਬੰਗਾਲ, ਬਿਹਾਰ, ਉੜੀਸਾ ਵਿੱਚ ਜ਼ਿਆਦਾ ਹਨ। ਆਪਣੇ ਆਪ ਨੂੰ ਬਚਾਉਣ ਜਾਂ ਆਪਣੇ ਭੋਜਨ ਦਾ ਸ਼ਿਕਾਰ ਕਰਨ ਲਈ ਦੂਸਰੇ ‘ਤੇ ਹਮਲਾ ਕਰਦੇ ਹਨ। ਜਿਹੜੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਉਹ ਆਪਣੇ ਸ਼ਿਕਾਰ ਨੂੰ ਵਲ਼ੇਵਿਆਂ ਵਿੱਚ ਘੁੱਟ ਕੇ ਮਾਰਦੇ ਹਨ । ਐਸੇ ਸੱਪ ਨੂੰ ਆਪਣੇ ਨੇੜੇ ਵੇਖ ਕੇ ਹੀ ਬੰਦਾ ਬੌਂਦਲ਼ ਜਾਂਦਾ ਹੈ ਕਿ ਸ਼ਾਇਦ ਮੈਨੂੰ ਸੱਪ ਲੜ ਗਿਐ। ਇਸ ਡਰ ਕਾਰਨ ਉਹ ਗੂੰਗਾ-ਬੋਲ਼ਾ ਹੋਇਆ, ਨੀਮ -ਬੇਹੋਸ਼ੀ ‘ਚ ਜਾ ਸਕਦਾ ਹੈ। ਸੱਪ ਲੜਨ ਤੋਂ ਬਾਅਦ ਭੈ-ਭੀਤ ਹੋ ਜਾਣਾ ਇਕ ਆਮ ਗੱਲ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਲੱਛਣ ਪੈਦਾ ਹੋ ਜਾਂਦੇ ਹਨ, ਜਿਵੇਂ ਦਿਲ ਧੱਕ-ਧੱਕ ਵੱਜਣਾ ਤੇ ਤੇਜ਼ ਨਬਜ਼, ਜੀਅ ਕੱਚਾ ਜਾਂ ਉਲਟੀ। ਜਿਹੜੇ ਸੱਪ ਜ਼ਹਿਰੀ ਨਹੀਂ ਵੀ ਹੁੰਦੇ, ਉਨ੍ਹਾਂ ਦੇ ਡੰਗ (ਦੰਦ) ਵੀ ਜ਼ਖਮ ਕਰਦੇ ਹਨ, ਆਲ਼ੇ-ਦੁਆਲ਼ੇ ਦੀ ਚਮੜੀ ਲਾਲ ਹੋ ਜਾਂਦੀ ਹੈ ਤੇ ਬਾਅਦ ਵਿਚ ਇਨਫੈਕਸ਼ਨ ਹੋ ਸਕਦੀ ਹੈ। ਕਈ ਕੇਸਾਂ ਵਿੱਚ ਉਸ ਡੰਗ ਦਾ ਐਨਾ ਅਸਰ ਹੋ ਸਕਦਾ ਹੈ ਕਿ ਸਰੀਰ ’ਤੇ ਧੱਫੜ, ਬਲੱਡ ਪ੍ਰੈਸ਼ਰ ਇਕਦਮ ਘੱਟ, ਕਮਜ਼ੋਰ ਨਬਜ਼, ਆਦਿ। ਮੌਤ ਵੀ ਹੋ ਸਕਦੀ ਹੈ ਭਾਵੇਂ ਉਹ ਜ਼ਹਿਰੀ ਨਾ ਵੀ ਹੋਵੇ । ਜ਼ਹਿਰੀ ਸੱਪ ਲੜਨ ਨਾਲ ਖ਼ੂਨ ਦੇ ਲਾਲ ਸੈਲ ਟੁੱਟਦੇ ਹਨ ਤੇ ਯਰਕਾਨ ਹੋ ਜਾਂਦਾ ਹੈ । ਅਲਾਮਤਾਂ: ਡੰਗ ਵਾਲੀ ਥਾਂ ‘ਤੇ ਲਾਲਗੀ, ਪੀੜ ਤੇ ਸੋਜ਼, ਜ਼ਖ਼ਮ ‘ਚੋਂ ਲਹੂ ਵਗਣਾ, ਸਾੜ ਪੈਣਾ, ਵਧੇਰੇ ਮੁੜ੍ਹਕਾ, ਦਸਤ, ਨਜ਼ਰ ਧੁੰਦਲੀ ਹੋ ਜਾਣਾ, ਹੱਥ ਪੈਰ ਸੌਂ ਜਾਣੇ, ਕੀੜੀਆਂ ਤੁਰਨੀਆਂ, ਜ਼ਿਆਦਾ ਤੇਹ ਲੱਗਣਾ, ਉਲਟੀਆਂ, ਬੁਖ਼ਾਰ, ਪੱਠਿਆਂ ਦੀ ਕਮਜ਼ੋਰੀ, ਦੌਰੇ ਪੈਣੇ, ਦਿਲ ਦੇ ਤੇਜ਼ ਧੜਕਣ ਨਾਲ ਤੇਜ਼ ਨਬਜ਼, ਕਮਜ਼ੋਰੀ, ਦਿਲ ਘਊਂ-ਮਊਂ, ਬੇਹੋਸ਼ੀ ਆਦਿ । ਪੰਜਾਬ ਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਬਰਸਾਤਾਂ ਤੇ ਹੁੰਮਸ ਦੌਰਾਨ ਸੱਪ ਲੜਨ ਦੇ ਕਾਫੀ ਕੇਸ ਆਉਂਦੇ ਹਨ । ਇਲਾਜ: ਸੱਪ ਦੇ ਜ਼ਹਿਰ ਤੋਂ ਬਣਾਏ ਗਏ ਟੀਕੇ ਹੀ ਇਲਾਜ ਵਜੋਂ ਲਾਏ ਜਾਂਦੇ ਹਨ। ਟੀਕੇ ਵਾਲੀ ਦਵਾਈ ਸਰੀਰ ਵਿੱਚ ਪੁੱਜੇ  ਜ਼ਹਿਰ ਨੂੰ ਨਕਾਰਾ ਕਰ ਦਿੰਦੀ ਹੈ। ਇਹ ਟੀਕਾ ਖ਼ੂਨ ਦੀ ਨਾੜ ਵਿੱਚ ਲਾਇਆ ਜਾਂਦਾ ਹੈ। ਸੱਪ ਲੜਨ ਤੋਂ ਬਾਅਦ ਵਿਅਕਤੀ ਨੂੰ ਕੀ ਹੋਵੇਗਾ, ਕਈ ਗੱਲਾਂ ’ਤੇ ਨਿਰਭਰ ਕਰਦਾ ਹੈ ਜਿਵੇਂ ਸੱਪ ਦੀ ਕਿਸਮ, ਵਿਅਕਤੀ ਦੇ ਸਰੀਰ ਦੇ ਕਿਸ ਹਿੱਸੇ ’ਤੇ ਡੰਗ ਵੱਜਾ ਹੈ, ਸੱਪ ਨੇ ਕਿੰਨਾ ਕੁ ਜ਼ਹਿਰ ਛੱਡਿਆ ਹੈ, ਵਿਅਕਤੀ ਦੀ ਹਾਲਤ ਕਿਸ ਤਰ੍ਹਾਂ ਦੀ ਹੈ । ਫਸਟ ਏਡ: ਡੰਗੇ ਹੋਏ ਵਿਅਕਤੀ ਦੀ “ਫਸਟ ਏਡ”, ਉਸ ਖੇਤਰ ਦੇ ਸੱਪਾਂ ਦੀਆਂ ਕਿਸਮਾਂ ‘ਤੇ ਨਿਰਭਰ ਹੈ ਕਿਉਂਕਿ ਇਕ ਕਿਸਮ ਦਾ ਇਲਾਜ ਦੂਸਰੀ ਕਿਸਮ ਵਾਸਤੇ ਕਾਰਗਰ ਨਹੀਂ ਹੁੰਦਾ। ਵੱਖ ਵੱਖ ਸੱਪਾਂ ਦੇ ਹਿਸਾਬ ਨਾਲ ਇਨ੍ਹਾਂ ਦੇ ਲੜਨ ਤੋਂ ਬਾਅਦ ‘ਫਸਟ ਏਡ’ ਵੀ ਵੱਖ ਵੱਖ ਹੀ ਹੁੰਦੀ ਹੈ। ਪਰ ਹਰੇਕ ਬੰਦੇ ਨੂੰ ਸੱਪ ਦੀ ਕਿਸਮ ਦਾ ਪਤਾ ਨਹੀਂ ਹੁੰਦਾ, ਇਸ ਲਈ ਫਸਟ ਏਡ ਸਬੰਧੀ ਕੁਝ ਆਮ ਨੁਕਤੇ ਇਹ ਹਨ: ਜਿਸ ਲੱਤ ਜਾਂ ਬਾਂਹ ’ਤੇ ਡੰਗ ਵੱਜਾ ਹੋਵੇ, ਉਹਨੂੰ ਦਿਲ ਦੇ ਲੈਵਲ ਤੋਂ ਉੱਚਾ ਰੱਖੋ ਤਾਂ ਕਿ ਖ਼ੂਨ ਦੇ ਦੌਰੇ ਨਾਲ ਘੱਟ ਤੋਂ ਘੱਟ ਜ਼ਹਿਰ ਦਿਲ ਤੱਕ ਤੇ ਬਾਕੀ ਤੰਤੂਆਂ ਤੱਕ ਪਹੁੰਚੇ। ਜਿਹੜੀ ਬਾਂਹ ਜਾਂ ਲੱਤ ‘ਤੇ ਸੱਪ ਲੜਿਆ ਹੋਵੇ, ਉਸ ਤੋਂ ਕੜਾ, ਚੂੜੀਆਂ, ਘੜੀ, ਬ੍ਰੇਸਲੈਟ, ਜੁਰਾਬਾਂ, ਬੂਟ ਆਦਿ ਲਾਹ ਦਿਓ। ਉਸ ਹਿੱਸੇ ਨੂੰ ਘੁੱਟ ਕੇ ਬੰਨ੍ਹ ਦਿਓ ਜਾਂ ਉਸ ਜਗ੍ਹਾ ’ਤੇ ਬਰਫ ਰੱਖ ਦਿਓ ਤਾਂ ਕਿ ਜ਼ਹਿਰ ਉਸੇ ਹਿੱਸੇ ਵਿੱਚ ਹੀ ਰਹੇ। ਡੰਗ ਵਾਲੀ ਥਾਂ ‘ਤੇ ਚੀਰਾ ਨਾ ਦਿਓ। ਜ਼ਹਿਰ ਚੂਸਣ ਵਾਲਾ ਕੰਮ ਕਦੀ ਨਾ ਕਰੋ। ਵਿਅਕਤੀ ਨੂੰ ਖਾਣ ਪੀਣ ਵਾਸਤੇ ਕੁਝ ਨਾ ਦਿਓ, ਇਹਦੇ ਨਾਲ ਜ਼ਹਿਰ ਬੜੀ ਜਲਦੀ ਜਜ਼ਬ ਹੁੰਦਾ ਹੈ (ਖ਼ਾਸ ਕਰਕੇ ਸ਼ਰਾਬ ਵਰਗੀ ਡਰਿੰਕ ਨਾਲ)। ਕਦੀ ਵੀ ਕਿਸੇ ਟੂਣੇ ਜਾਂ ਝਾੜੇ ਵਾਲੇ ਕੋਲ ਜਾ ਕੇ ਸਮਾਂ ਬਰਬਾਦ ਨਾ ਕਰੋ। ਨੇੜੇ ਤੇੜੇ ਦੇ ਹਸਪਤਾਲ ਜਿੱਥੇ “ਸੱਪ-ਲੜੇ ਦੇ ਟੀਕੇ” ਉਪਲਭਧ ਹੋਣ, ਨਾਲ ਫੌਰਨ ਸੰਪਰਕ ਕਰੋ ਤੇ ਵਾਹਨ ਦਾ ਪ੍ਰਬੰਧ ਕਰਕੇ ਵਿਅਕਤੀ ਨੂੰ ਉਥੇ ਸ਼ਿਫਟ ਕਰੋ। ਵਿਅਕਤੀ ਨੂੰ ਸ਼ਾਂਤ ਅਤੇ ਉਸਦਾ ਹੌਸਲਾ ਕਾਇਮ ਰੱਖੋ। ਉਸਦੇ ਸਾਹਮਣੇ ਕਦੀ ਵੀ ਐਸਾ ਨਾ ਕਹੋ, “ਫਲਾਣੇ ਨੂੰ ਸੱਪ ਲੜਿਆ ਸੀ ਤੇ ਉਹ ਦੋ ਦਿਨ ਵੀ ਨਹੀਂ ਕੱਢਿਆ”। ਕਈ ਕੇਸਾਂ ਵਿਚ ਬੰਦਾ ਭੈਅ-ਭੀਤ ਹੋ ਕੇ ਹੀ ਮਰ ਜਾਂਦਾ ਹੈ। ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਦਰਦ-ਨਿਵਾਰਕ ਵੀ ਨਾ ਦਿਓ। ਇਸ ਬੰਦੇ ਨੂੰ ਤੇ ਉਹਦੇ ਨਾਲ ਦੇ ਹੋਰਾਂ ਨੂੰ ਦੁਬਾਰਾ ਸੱਪ ਲੜਨ ਤੋਂ ਬਚਾਓ। ਸੱਪ ਨੂੰ ਫੜਨ ਤੇ ਉਸਨੂੰ ਮਾਰਨ ਵਿੱਚ ਸਮਾਂ ਨਾ ਗਵਾਓ। ਖ਼ਤਰਨਾਕ ਜ਼ਹਿਰੀ ਸੱਪਾਂ ਵਾਲੇ ਖੇਤਰ ’ਚ ਜਾਣ ਤੋਂ ਪ੍ਰਹੇਜ਼ ਕਰੋ ਜਾਂ ਪੈਰਾਂ ’ਚ ਉਚੇ ਬੂਟ ਪਾ ਕੇ ਜਾਉ।

ਸੰਪਰਕ: 83508- 00237

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All