ਸੱਜੇ ਹੱਥ ਵਰਗੇ ਲੋਕ

ਪਰਮਜੀਤ ਕੌਰ ਸਰਹਿੰਦ

ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਵਿਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ ਇਲਾਕਿਆਂ ਵਿਚ ਤੰਗੀਆਂ-ਤੁਰਸ਼ੀਆਂ ਕੱਟਦੇ ਸਨ, ਉੱਥੇ ਉਨ੍ਹਾਂ ਨੂੰ ਪਿੰਡ ਵਿਚਲੇ ਕਾਮੇ ਕਈ ਸਹੂਲਤਾਂ ਵੀ ਮੁਹੱਈਆ ਕਰਵਾ ਦਿੰਦੇ ਸਨ। ਨਿੱਕੇ-ਮੋਟੇ ਕੰਮਾਂ ਲਈ ਉਨ੍ਹਾਂ ਨੂੰ ਸ਼ਹਿਰ ਨਾ ਜਾਣਾ ਪੈਂਦਾ। ਸਿਆਲ ਦੀ ਰੁੱਤੇ ਰਜਾਈਆਂ-ਗਦੈਲੇ ਭਰਾਉਣ ਲਈ ਪਿੰਡਾਂ ਵਿਚ ਪੇਂਜਾ ਹੁੰਦਾ ਜਿਸ ਨੂੰ ਪੇਂਡੂ ਲੋਕ ‘ਪੀਂਜਾ’ ਕਹਿੰਦੇ। ਇਹ ਹੱਥੀਂ ਕੰਮ ਕਰਨ ਵਾਲਾ ਕਾਮਾ ਆਮ ਤੌਰ ’ਤੇ ਮੁਸਲਮਾਨ ਭਾਈਚਾਰੇ ਵਿਚੋਂ ਹੁੰਦਾ। ਕਿੱਤਾ ਵੰਡ ਸਦਕਾ ਹੀ ਇਹ ਨਾਮ ਬਣਿਆ ਕਿਉਂਕਿ ਰੂੰ ਪਿੰਜਣ ਵਾਲੇ ਨੂੰ ਪੇਂਜਾ ਕਿਹਾ ਜਾਂਦਾ। ਛੋਟੇ ਪਿੰਡਾਂ ਵਿਚ ਸਾਰੇ ਕਾਮੇ ਨਹੀਂ ਸਨ ਹੁੰਦੇ, ਪਰ ਨਾਲ ਲੱਗਦੇ ਪਿੰਡਾਂ ਨੇੜਿਓਂ ਹੀ ਅਜਿਹੇ ਬਹੁਤ ਸਾਰੇ ਕੰਮ ਸਰ ਜਾਂਦੇ। ਇਹ ਲੋਕ ਆਪਣੇ ਛੋਟੇ-ਛੋਟੇ ਘਰਾਂ ਵਿਚ ਹੀ ਰੂੰ ਪਿੰਜਣ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਤੋਰਦੇ। ਇਹ ਕਾਮੇ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੁੰਦੇ। ਅੱਜ ਸ਼ਹਿਰਾਂ ਵਿਚ ਵੀ ਜਾਤੀਵਾਦ ਨੂੰ ਛੱਡ ਕੇ ਹੋਰ ਲੋਕਾਂ ਨੇ ਵੀ ਇਹ ਕਿੱਤਾ ਆਪਣਾ ਲਿਆ ਹੈ। ਪਿੰਡਾਂ ਵਿਚ ਕਪਾਹ ਆਮ ਹੁੰਦੀ ਸੀ। ਘਰ ਦੀਆਂ ਸੁਆਣੀਆਂ ਕਪਾਹ ਦੀਆਂ ਫੁੱਟੀਆਂ ਨੂੰ ਹੱਥ ਨਾਲ ਗੇੜਨ ਵਾਲੇ ਵੇਲਣੇ ਨਾਲ ਵੇਲ ਕੇ ਵੜੇਵੇਂ (ਬੀਜ) ਅਲੱਗ ਕੱਢ ਲੈਂਦੀਆਂ। ਇਸੇ ਵੇਲਣੇ ਵਾਰੇ ਹੀ ਕਿਹਾ ਗਿਆ ਹੈ: ਕਰੀਰ ਦਾ ਵੇਲਣਾ ਮੈਂ ਵੇਲ-ਵੇਲ ਥੱਕੀ ਜਾਂ ਕਿਸੇ ਚਤਰ ਸੱਸ ਵੱਲੋਂ ਨੂੰਹ ਨੂੰ ਕਿਹਾ ਜਾਂਦਾ ਹੈ: ਉੱਠ ਨੂੰਹੇ ਸੁਸਤਾ ਲੈ ਚਰਖਾ ਛੱਡ ਵੇਲਣਾ ਡਾਹ ਲੈ

ਪਰਮਜੀਤ ਕੌਰ ਸਰਹਿੰਦ

ਇਸ ਵੇਲੀ ਹੋਈ ਕਪਾਹ ਨੂੰ ਪੀਂਜੇ ਦੇ ਘਰ ਭੇਜਿਆ ਜਾਂਦਾ ਜਾਂ ਉਹ ਆਪ ਆ ਕੇ ਲੈ ਜਾਂਦਾ ਤੇ ਉਹ ਰੂੰ ਨੂੰ ਤਾੜੇ ਨਾਲ ਪਿੰਜਦਾ। ਤਾੜੇ ਨੂੰ ਕਈ ਇਲਾਕਿਆਂ ਵਿਚ ਧੁਣਖੀ ਜਾਂ ਪਿੰਜਣੀ ਵੀ ਕਿਹਾ ਜਾਂਦਾ ਹੈ। ਧੁਣਖੀ, ਧਨੁਸ਼ ਜਾਂ ਤੀਰ ਕਮਾਨ ਦਾ ਸੰਕੇਤਕ ਸ਼ਬਦ ਹੈ ਕਿਉਂਕਿ ਤਾੜਾ ਤੀਰ ਕਮਾਨ ਵਰਗਾ ਹੁੰਦਾ ਸੀ। ਤਾੜਾ ਬਣਾਉਣ ਲਈ ਲੱਕੜ ਦੀ ਗੋਲ ਲਰ ਲਈ ਜਾਂਦੀ ਜਾਂ ਇਸ ਨੂੰ ਰੰਦ-ਸੁਆਰ ਕੇ ਗੋਲ ਕਰ ਲਿਆ ਜਾਂਦਾ। ਇਹ ਲਰ ਭਾਵ ਡੰਡਾ ਇਕ ਸਿਰੇ ਤੋਂ ਮੋਟਾ ਤੇ ਦੂਜੇ ਸਿਰੇ ਤੋਂ ਪਤਲਾ ਹੁੰਦਾ। ਖੱਬੇ ਪਾਸੇ ਮੋਟੇ ਸਿਰੇ ਵੱਲੋਂ ਇਹ ਖੂੰਡੇ ਵਰਗਾ ਜਾਪਦਾ ਕਿਉਂਕਿ ਇਸ ਨੂੰ ਡੇਢ ਕੁ ਫੁੱਟ ਦੀ ਇਕ ਫੱਟੀ ਥੱਲੇ ਠੋਕੀ ਹੁੰਦੀ ਜੋ ਖੂੰਡੇ ਵਾਂਗੂ ਮੁੜਵੀਂ ਹੁੰਦੀ। ਇਸ ਦਾ ਸਿਰਾ ਵੀ ਗੋਲ ਕੀਤਾ ਹੁੰਦਾ। ਇਸ ਦੇ ਸਿਰੇ ’ਤੇ ਤਾੜੇ ਦੀ ਤੰਦ ਕਸਣ ਲਈ ਕਿੱਲ ਗੱਡੇ ਹੁੰਦੇ। ਡੰਡੇ ਦੇ ਸੱਜੇ ਪਾਸੇ ਛੋਟੀ ਜਿਹੀ ਗੋਲ ਫੱਟੀ ਲੱਗੀ ਹੁੰਦੀ ਤੇ ਉਸ ਦੇ ਉੱਪਰ ਇਕ ਚਪਟੀ ਲੱਗੀ ਹੁੰਦੀ। ਇਸ ਵਿਚੋਂ ਤੰਦ ਲੰਘਾਈ ਜਾਂਦੀ। ਇਨ੍ਹਾਂ ਵਿਚ ਕਿੱਲੇ ਗੱਡੇ ਹੁੰਦੇ ਜਿਨ੍ਹਾਂ ਨਾਲ ਤੰਦ ਨੂੰ ਕਸ ਕੇ ਬੰਨ੍ਹਿਆ ਜਾਂਦਾ। ਤੰਦ ਕਾਫ਼ੀ ਲੰਬੀ ਬਣਾਈ ਜਾਂਦੀ ਤੇ ਵਾਧੂ ਤੰਦ ਨੂੰ ਉੱਥੇ ਹੀ ਲਪੇਟ ਕੇ ਸਾਂਭ ਦਿੱਤਾ ਜਾਂਦਾ। ਜਦੋਂ ਸੱਟਾਂ ਨਾਲ ਘਸ ਕੇ ਤੰਦ ਟੁੱਟ ਜਾਂਦੀ ਤਾਂ ਵਾਧੂ ਤੰਦ ਖੋਲ੍ਹ ਕੇ ਬੰਨ੍ਹ ਲਈ ਜਾਂਦੀ। ਇਸ ਤੰਦ ਦੇ ਸਹਾਰੇ ਹੀ ਤਾੜਾ ਚੱਲਦਾ। ਤਾੜੇ ਦੀ ਤੰਦ ਝੋਟੇ ਜਾਂ ਮੱਝ ਦੇ ਚਮੜੇ ਤੋਂ ਬਣਾਈ ਜਾਂਦੀ। ਦੋਵੇਂ ਪਾਸੇ ਕਸ ਕੇ ਰੱਖੀ ਇਸ ਤੰਦ ਦੇ ਅੱਗੇ ਹੀ ਰੂੰ ਰੱਖੀ ਹੁੰਦੀ ਤੇ ਉੱਥੇ ਹੀ ਪੀਂਜਾ ਬੈਠਦਾ। ਸੱਜੇ ਪਾਸੇ ਤੋਂ ਤੰਦ ਨੂੰ ਤੇੜੇ ਦੇ ਡੰਡੇ ਨਾਲ ਮਜ਼ਬੂਤ ਰੱਸੀ ਨਾਲ ਬੰਨ੍ਹਿਆ ਹੁੰਦਾ। ਤਾੜੇ ਦੇ ਉੱਪਰ ਛੱਤ ਨਾਲ ਇਕ ਲਚਕਦਾਰ ਫੱਟੀ ਬੰਨ੍ਹੀ ਜਾਂਦੀ ਜੋ ਵਹਿੰਗੀ ਦੀ ਫੱਟੀ ਵਰਗੀ ਹੁੰਦੀ। ਇਸ ਦੇ ਦੋਵੇਂ ਸਿਰੇ ਤਾੜੇ ਦੇ ਡੰਡੇ ਦੇ ਸਿਰਿਆਂ ਨਾਲ ਬੰਨ੍ਹ ਦਿੱਤੇ ਜਾਂਦੇ, ਤਾੜੇ ਵਿਚਕਾਰੋਂ ਵੀ ਇਕ ਰੱਸੀ ਉਸ ਵਹਿੰਗੀ ਦੀ ਫੱਟੀ ਵਰਗੀ ਫੱਟੀ ਨਾਲ ਬੰਨ੍ਹੀ ਜਾਂਦੀ। ਤਾੜੇ ਨੂੂੰ ਚਲਾਉਣ ਲਈ ਲੱਕੜ ਦਾ ਛੋਟਾ ਜਿਹਾ ਮੋਗਰਾ ਹੁੰਦਾ ਜੋ ਵਿਚਕਾਰੋਂ ਪਤਲਾ ਤੇ ਸਿਰਿਆਂ ਤੋਂ ਮੋਟਾ ਹੁੰਦਾ। ਰੂੰ, ਤੰਦ ਦੇ ਹੇਠ ਰੱਖੀ ਜਾਂਦੀ ਪੀਂਜਾ ਖੱਬੇ ਹੱਥ ਨਾਲ ਤਾੜੇ ਦੇ ਖੂੰਡੇ ਵਰਗੇ ਡੰਡੇ ਨੂੰ ਫੜੀ ਰੱਖਦਾ ਤੇ ਸੱਜੇ ਹੱਥ ਨਾਲ ਤੰਦ ’ਤੇ ਛੇਤੀ-ਛੇਤੀ ਮੋਗਰਾ ਮਾਰਦਾ। ਜਿਉਂ ਹੀ ਕਸੀ ਹੋਈ ਤੰਦ ’ਤੇ ਸੱਟ ਪੈਂਦੀ, ਉਹ ਜ਼ੋਰ-ਜ਼ੋਰ ਦੀ ਉੱਪਰ-ਥੱਲੇ ਹੁੰਦੀ ਤੇ ਉਸ ਦੀ ਜ਼ੁੰਬਸ਼ ਨਾਲ ਰੂੰ ਫੂਹੀ-ਫੂਹੀ ਹੋ ਕੇ ਪਰੇ ਡਿੱਗਦੀ ਰਹਿੰਦੀ। ਮੋਗਰੇ ਦੀ ਸੱਟ ਨਾਲ ਛੱਤ ਵਾਲੀ ਲਚਕਦਾਰ ਫੱਟੀ ਵੀ ਲਚਕਦੀ ਤੇ ਤੰਦ ਨੂੰ ਕਸਦੀ ਤੇ ਢਿੱਲੀ ਛੱਡਦੀ। ਪਿੰਜੀ ਹੋਈ ਰੂੰ ਦੇ ਢੇਰ ਸਾਹਮਣੇ ਪਾਸੇ ਲੱਗੀ ਜਾਂਦੇ। ਘਰ ਦੇ ਹੋਰ ਜੀਅ ਵੀ ਇਸ ਕਾਮੇ ਕਾਰੀਗਰ ਦੀ ਮਦਦ ਕਰਦੇ। ਔਰਤਾਂ ਇਸ ਕੰਮ ਵਿਚ ਮਰਦਾਂ ਦਾ ਪੂਰਾ ਸਾਥ ਦਿੰਦੀਆਂ ਤੇ ਆਪ ਵੀ ਤਾੜਾ ਚਲਾਉਂਦੀਆਂ। ਪਿੰਜੀ ਹੋਈ ਦੁੱਧ ਚਿੱਟੀ ਰੂੰ ਪੰਡਾਂ ਬੰਨ੍ਹ ਕੇ ਪਾਸੇ ਰੱਖੀ ਜਾਂਦੀ। ਜੇ ਕਿਸੇ ਨੇ ਕੱਤਣ ਲਈ ਪਿੰਜਾਈ ਹੁੰਦੀ ਤਾਂ ਉਸ ਦੇ ਘਰ ਛੱਡ ਆਉਂਦੇ ਤੇ ਜੇ ਕਿਸੇ ਨੇ ਰਜਾਈਆਂ-ਗਦੈਲੇ ਭਰਾਉਣੇ ਹੁੰਦੇ ਤਾਂ ਪੀਂਜੇ ਦਾ ਪਰਿਵਾਰ ਨਾਲ-ਨਾਲ ਰਜਾਈਆਂ-ਗਦੈਲੇ ਤੇ ਸਰ੍ਹਾਣੇ ਆਦਿ ਰੂੰ ਨਾਲ ਭਰੀ ਜਾਂਦਾ। ਉਂਜ ਤਾਂ ਔਰਤਾਂ ਰਜਾਈਆਂ-ਗਦੈਲੇ ਆਪ ਹੀ ਘਰਾਂ ਵਿਚ ਨਗੰਦ ਲੈਂਦੀਆਂ, ਪਰ ਵਿਆਹ-ਸ਼ਾਦੀ ਵੇਲੇ ਜਾਂ ਕਾਹਲੀ ਕਾਰਨ ਉਹ ਪੀਂਜੇ ਦੇ ਪਰਿਵਾਰ ਤੋਂ ਹੀ ਨਗੰਦੇ ਪੁਆ ਲੈਂਦੀਆਂ। ਪੀਂਜੇ ਨੂੰ ਰੂੰ ਪਿੰਜਣ ਅਤੇ ਨਗੰਦੇ ਪਾਉਣ ਦੇ ਮਿਹਨਤਾਨੇ ਵਜੋਂ ਅਨਾਜ ਹੀ ਦਿੱਤਾ ਜਾਂਦਾ। ਕਈ ਵਾਰ ਨਗਾਂ ਦੇ ਹਿਸਾਬ ਨਗੰਦਿਆਂ ਦੇ ਪੈਸੇ ਵੀ ਦੇ ਦਿੱਤੇ ਜਾਂਦੇ ਜੋ ਉਸ ਸਮੇਂ ਪ੍ਰਤੀ ਨਗ ਰੁਪਈਆ-ਦੋ ਰੁਪਈਏ ਹੀ ਹੁੰਦੇ। ਰਜਾਈਆਂ-ਗਦੈਲਿਆਂ ਆਦਿ ਵਿਚੋਂ ਕੱਢੀ ਪੁਰਾਣੀ ਰੂੰ ਨੂੰ ‘ਲੋਗੜ’ ਕਿਹਾ ਜਾਂਦਾ ਹੈ। ਚੀੜ੍ਹੀ ਹੋਈ ਇਸ ਪੁਰਾਣੀ ਰੂੰ ਅਰਥਾਤ ਲੋਗੜ ਨੇ ਪੀਂਜੇ ਅਤੇ ਤਾੜੇ ਦੀ ਨਾਂਹ ਕਰਵਾ ਦੇਣੀ। ਲੋਗੜ ਪਿੰਜਦਿਆਂ ਧੂੜ ਵੀ ਉੱਡਦੀ, ਪਰ ਚੰਗੀ ਤਰ੍ਹਾਂ ਪਿੰਜਿਆ ਲੋਗੜ ਮੁੜ ਸੋਹਣੀ ਪੋਲੀ-ਪੋਲੀ ਰੂੰ ਬਣ ਜਾਂਦਾ। ਇਹ ਲੋਗੜ ਭਾਵੇਂ ਨਵੀਂ ਰੂੰ ਵਰਗਾ ਚਿੱਟਾ ਤਾਂ ਨਾ ਹੁੰਦਾ, ਪਰ ਸਾਫ਼-ਸੁਥਰਾ ਹੋ ਜਾਂਦਾ ਤੇ ਮੁੜ ਕੱਤਣ ਜਾਂ ਭਰਾਉਣ ਦੇ ਕੰਮ ਆ ਜਾਂਦਾ। ਅੱਜ ਇਸ ਮਸ਼ੀਨੀ ਯੁੱਗ ਵਿਚ ਬਣੀਆਂ-ਬਣਾਈਆਂ ਹਲਕੀਆਂ-ਫੁਲਕੀਆਂ ਰਜਾਈਆਂ ਮਿਲਦੀਆਂ ਹਨ, ਨਰਮ-ਨਰਮ ਸਰ੍ਹਾਣੇ-ਕੁਸ਼ਨ ਮਿਲਦੇ ਹਨ ਤੇ ਬਹੁਤ ਤਰ੍ਹਾਂ ਦੇ ਗੱਦੇ ਮਿਲਦੇ ਹਨ ਜਿਸ ਕਾਰਨ ਇਹ ਤਾੜੇ-ਧੁਣਖੀਆਂ ਕਿਤੇ ਨਹੀਂ ਲੱਭਦੇ। ਪਿੰਡਾਂ ਵਿਚੋਂ ਤਾੜਾ ਗੁੰਮ ਹੋ ਗਿਆ ਹੈ, ਪਰ ਰਾਜਸਥਾਨ ਅਤੇ ਯੂ.ਪੀ. ਤੋਂ ਆਏ ਲੋਕ ਸਿਆਲ ਦੇ ਦਿਨਾਂ ਵਿਚ ਸੜਕਾਂ ਕਿਨਾਰੇ ਤਾੜੇ ਨਾਲ ਰੂੰ ਪਿੰਜਦੇ ਨਜ਼ਰ ਆਉਂਦੇ ਹਨ। ਪਿੰਡਾਂ ਵਿਚ ਵੀ ਅੱਜਕੱਲ੍ਹ ਰੂੰ ਪਿੰਜਣ ਦੀਆਂ ਮਸ਼ੀਨਾਂ ਲੱਗ ਗਈਆਂ ਹਨ ਜੋ ਥੋੜ੍ਹੇ ਸਮੇਂ ਵਿਚ ਬਹੁਤ ਸਾਰੀ ਰੂੰ ਪਿੰਜ ਦਿੰਦੀਆਂ ਹਨ। ਅਜੋਕੇ ਸਮੇਂ ਆਮ ਤੌਰ ’ਤੇ ਆਟਾ ਪੀਹਣ ਦੀ ਚੱਕੀ, ਕੋਹਲੂ ਤੇ ਰੂੰ ਪਿੰਜਣੀ ਮਸ਼ੀਨ ਇਕੋ ਥਾਂ ਲਗਾ ਲਈਆਂ ਜਾਂਦੀਆਂ ਹਨ। ਪੁਰਾਣੇ ਸਮੇਂ ਵਾਲੇ ਪੀਂਜੇ ਪਰਿਵਾਰਾਂ ਨੇ ਇਹ ਪਿਤਾ ਪੁਰਖੀ ਕਿੱਤਾ ਬਹੁਤਾ ਕਰਕੇ ਛੱਡ ਦਿੱਤਾ ਹੈ।

ਸੰਪਰਕ: 98728-98599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All