ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ

ਦਵੀ ਦਵਿੰਦਰ ਕੌਰ

ਇਹ ਦੌਰ ਬੜਾ ਤਲਖ਼ੀ ਭਰਿਆ ਹੈ। ਆਮ ਲੋਕਾਂ ਦੇ ਦੁੱਖਾਂ ਸੁੱਖਾਂ ਨਾਲ ਹਕੂਮਤਾਂ ਦਾ ਕੋਈ ਲਾਗਾ ਤੇਗਾ ਨਹੀਂ ਰਿਹਾ। ਲੋਕ ਮਸਲੇ ਹਾਸ਼ੀਏ ’ਤੇ ਧੱਕੇ ਜਾ ਚੁੱਕੇ ਹਨ। ਜ਼ੁਬਾਨਬੰਦੀ ਦੇ ਇਸ ਦੌਰ ਵਿਚ ਹਵਾ ਦੇ ਉਲਟ ਰੁਖ਼ ਪਰਵਾਜ਼ ਭਰਨਾ ਲਗਭਗ ਨਾਮੁਮਕਿਨ ਹੋ ਰਿਹਾ ਹੈ, ਪਰ ਕੁਝ ਲੋਕ ਜੋਖ਼ਮ ਉਠਾ ਰਹੇ ਹਨ। ਉਨ੍ਹਾਂ ਵਿਚੋਂ ਇਕ ਨਾਮ ਸਿਧਾਰਥ ਵਰਦਰਾਜਨ ਹੈ। ਉਹ ‘ਦਿ ਵਾਇਰ’ ਦੇ ਸੰਪਾਦਕ ਹਨ। ਇਸ ਤੋਂ ਪਹਿਲਾਂ ਉਹ ‘ਦਿ ਹਿੰਦੂ’ ਦੇ ਸੰਪਾਦਕ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਨੰਦਿਨੀ ਸੁੰਦਰ ਵੀ ਇਨ੍ਹਾਂ ਰਾਹਾਂ ਦੀ ਪਾਂਧੀ ਹੈ ਤੇ ਲੋਕਾਂ ਦੀ ਬਾਤ ਪਾਉਣ ਕਰਕੇ ਨਿਜ਼ਾਮ ਦੇ ਕਹਿਰ ਦੀ ਪਾਤਰ ਬਣੀ ਹੈ। ਸਿਧਾਰਥ ਬੇਬਾਕੀ ਨਾਲ ਲੋਕ ਪੱਖੀ ਮੁੱਦਿਆਂ ’ਤੇ ਬੋਲਦੇ ਹਨ। ਪਿਛਲੇ ਦਿਨੀਂ ਉਹ ਪੰਜਾਬ ਆਏ ਸਨ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼: * ਮੁਲਕ ਭਰ ਖ਼ਾਸਕਰ ਪੰਜਾਬ ਵਿਚ ਗੁਰੂ ਨਾਨਕ ਦਾ 550 ਸਾਲਾ ਗੁਰਪੁਰਬ ਮਨਾਇਆ ਗਿਆ ਹੈ। ਇਸ ਬਾਰੇ ਕੀ ਕਹੋਗੇ? - ਹਾਂ, ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਸਾਰੇ ਹਿੰਦੋਸਤਾਨ ਸਗੋਂ ਮੈਂ ਤਾਂ ਕਹਾਂਗਾ ਸਮੁੱਚੀ ਮਾਨਵਤਾ ਲਈ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਸਿਆਸਤਦਾਨ ਉਨ੍ਹਾਂ ਨੂੰ ਮਹਿਜ਼ ਪ੍ਰਤੀਕ ਵਾਂਗ ਵਰਤ ਕੇ ਸਿਆਸੀ ਲਾਹੇ ਲੈ ਰਹੇ ਹਨ, ਸਿਆਸਤ ਖੇਡ ਰਹੇ ਹਨ। ਉਨ੍ਹਾਂ ਨੂੰ ਧਨ ਖ਼ਰਚ ਕੇ ਸ਼ਰਧਾਂਜਲੀ ਨਹੀਂ ਦਿੱਤੀ ਜਾ ਸਕਦੀ ਸਗੋਂ ਲੋਕਾਂ ਲਈ ਕੰਮ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਬਸ ਲੋਕਾਂ ਨੂੰ ਇਹ ਗੱਲ ਜ਼ਰੂਰ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਬਾਬਾ ਨਾਨਕ ਦਾ ਅਸਲ ਫਲਸਫ਼ਾ ਕੀ ਸੀ। * ਪੰਜਾਬ ਦੀ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਇਕ ਮੁਟਿਆਰ ਨੇ ਪੰਜਾਬ ਦੇ ਮੁੱਖ ਮੰਤਰੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ। ਕੀ ਕਹੋਗੇ? - ਹਾਂ, ਇਹੋ ਜਿਹੀ ਰੌਸ਼ਨ ਜ਼ਿਹਨੀਅਤ ਜਿਹੇ ਕ੍ਰਿਸ਼ਮੇ ਪੰਜਾਬ ’ਚ ਵਾਪਰਦੇ ਹਨ। ਇਸ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਇਸ ਗੱਲ ਨੂੰ ਅੱਗੇ ਲਿਜਾਣ ਦੀ ਲੋੜ ਹੈ। ਇਹ ਗੱਲ ਵੱਡੇ ਪੱਧਰ ’ਤੇ ਉੱਠਣੀ ਚਾਹੀਦੀ ਹੈ ਜੋ ਗੁਰੂ ਨਾਨਕ ਜੀ ਨੂੰ ਸੱਚੀ-ਮੁੱਚੀ ਦੀ ਸ਼ਰਧਾਂਜਲੀ ਹੋਵੇਗੀ। * ਤੁਸੀਂ ਪੰਜਾਬ ਵਿਚ ਗਦਰੀ ਬਾਬਿਆਂ ਦੇ ਮੇਲੇ ਵਿਚ ਆਏ ਸੀ? ਕਿਰਤੀ ਲੋਕਾਂ ਦਾ ਇੰਨਾ ਵੱਡਾ ਇਕੱਠ ਦੇ ਕੇ ਕਿਵੇਂ ਲੱਗਿਆ? - ਇਹ ਪੰਜਾਬ ਦੀ ਤਰਬੀਅਤ ਦਾ ਮੁਜ਼ਾਹਰਾ ਸੀ ਤੇ ਸੁਭਾਵਿਕ ਹੈ ਕਿ ਇਸ ਇਕੱਠ ਨੂੰ ਦੇਖ ਕੇ ਆਸ ਜਗਦੀ ਹੈ। * ਪੰਜਾਬ ਤੋਂ ਤੁਹਾਨੂੰ ਕੀ ਆਸਾਂ ਹਨ? - ਅਸੀਂ ਜਿਸ ਦੌਰ ਵਿਚ ਜਿਉਂ ਰਹੇ ਹਾਂ, ਉਹ ਬੜਾ ਖ਼ਤਰਨਾਕ ਹੈ। ਮੁਲਕ ਦੇ ਆਦਿਵਾਸੀ ਇਲਾਕਿਆਂ ਜਿਵੇਂ ਛੱਤੀਸਗੜ੍ਹ, ਉੱਤਰ-ਪੂਰਬ ਤੇ ਸਭ ਤੋਂ ਅਹਿਮ ਜੋ ਕੁਝ ਕਸ਼ਮੀਰ ਵਿਚ ਹੋ ਰਿਹਾ ਹੈ, ਉਸ ਖ਼ਿਲਾਫ਼ ਕਿਧਰੇ ਲਾਮਬੰਦੀ ਨਹੀਂ ਹੋ ਰਹੀ। ਪੰਜਾਬ ਦੀ ਭੂਮਿਕਾ ਬੜੀ ਇਤਿਹਾਸਕ ਰਹੀ ਹੈ ਅਤੇ ਇੱਥੇ ਹੁਣ ਵੀ ਇਸ ਸਿਲਸਿਲੇ ਵਿਚ ਆਵਾਜ਼ਾਂ ਉੱਠ ਰਹੀਆਂ ਹਨ। * ਧਾਰਾ 370 ਹਟਾਏ ਜਾਣ ਮਗਰੋਂ ਤੁਸੀਂ ਸਭ ਤੋਂ ਪਹਿਲਾਂ ਕਸ਼ਮੀਰ ਪੁੱਜ ਗਏ ਸੀ? - ਹਾਂ, 5 ਅਗਸਤ ਨੂੰ ਇਹ ਧਾਰਾ ਹਟਾ ਕੇ ਕਸ਼ਮੀਰ ਬੰਦ ਕਰ ਦਿੱਤਾ ਗਿਆ ਸੀ। ਮੈਂ 7 ਅਗਸਤ ਨੂੰ ਉੱਥੇ ਪੁੱਜ ਗਿਆ ਸੀ। ਮੈਂ ਗਿਆ ਤਾਂ ਉੱਥੇ ਹਫ਼ਤੇ ਲਈ ਸੀ, ਪਰ 9 ਅਗਸਤ ਨੂੰ ਹੀ ਪਰਤਣਾ ਪਿਆ ਕਿਉਂਕਿ ਉੱਥੋਂ ਦੇ ਹਾਲਾਤ ਬਾਰੇ ਤੇ ਦੁਨੀਆਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਲਈ ਉਹ ਸਮੱਗਰੀ ਛਾਪਣੀ ਜ਼ਰੂਰੀ ਸੀ ਜੋ ਮੈਂ ਤਿੰਨ ਦਿਨਾਂ ’ਚ ਇਕੱਠੀ ਕਰ ਲਈ ਸੀ। ਉੱਥੇ ਇੰਟਰਨੈੱਟ ਤੇ ਫੋਨ ਸਭ ਕੁਝ ਬੰਦ ਸੀ, ਸੋ ਮੈਨੂੰ ਉੱਥੋਂ ਪਰਤਣਾ ਪਿਆ ਤੇ ਮੈਂ ਇਸ ਬਾਰੇ ਆ ਕੇ ਲਿਖਿਆ। * ਕਸ਼ਮੀਰ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿਚ ਅੱਜ ਸਿਆਸਤ ਤੇ ਮੁਲਕ ਕਿਸ ਪੜਾਅ ’ਤੇ ਪੁੱਜ ਗਏ ਹਨ? - ਕੇਵਲ ਖੱਬੀਆਂ ਧਿਰਾਂ ਤੇ ਤਾਮਿਲਨਾਡੂ ਵਿਚ ਡੀ.ਐੱਮ.ਕੇ. ਵਗੈਰਾ ਹੀ ਵਿਰੋਧ ਕਰ ਰਹੀਆਂ ਹਨ ਤੇ ਕਿਉਂਕਿ ਭਾਰਤ ਜਮਹੂਰੀ ਮੁਲਕ ਹੈ ਤੇ ਉਹ ਇਸ ਸੂਬੇ ਵਿਚ ਜਮਹੂਰੀਅਤ ਦੀ ਬਹਾਲੀ ਲਈ ਜ਼ੋਰਦਾਰ ਮੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਬਹੁਤੀਆਂ ਖੇਤਰੀ ਪਾਰਟੀਆਂ ਇਸ ਦਾ ਵਿਰੋਧ ਕਰਨ ਦੀ ਥਾਂ ਕੇਂਦਰ ਦੇ ਇਸ ਪੈਂਤੜੇ ਦੀ ਧਿਰ ਬਣਦੀਆਂ ਨਜ਼ਰ ਆ ਰਹੀਆਂ ਹਨ। ਇਹ ਬਹੁਤ ਗ਼ਲਤ ਗੱਲ ਹੈ। ਖੇਤਰੀ ਪਾਰਟੀਆਂ ਨੂੰ ਤਾਂ ਇਹ ਸਮਝ ਹੋਣੀ ਚਾਹੀਦੀ ਸੀ ਕਿ ਕੱਲ੍ਹ ਨੂੰ ਉਨ੍ਹਾਂ ਦੇ ਸੂਬਿਆਂ ਦੀ ਵੀ ਇਹੋ ਹੋਣੀ ਹੋ ਸਕਦੀ ਹੈ। ਇਹੋ ਪਾਰਟੀਆਂ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦੀਆਂ ਰਹੀਆਂ ਹਨ। * ਇਕ ਸਬੰਧੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? - ਕਸ਼ਮੀਰ ਤੋਂ ਸਬਕ ਲੈਂਦਿਆਂ ਜੋ ਲੜਾਈ ਸਿਆਸੀ ਪਾਰਟੀਆਂ ਨੇ ਲੜਨੀ ਸੀ, ਉਹ ਹੁਣ ਲੋਕਾਂ ਨੂੰ ਲੜਨੀ ਪੈਣੀ ਹੈ ਤੇ ਇਹ ਕਿਸੇ ਤਣ-ਪੱਤਣ ਲੱਗਣੀ ਜ਼ਰੂਰੀ ਹੈ। ਲੋਕਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਸੰਵਿਧਾਨ ’ਤੇ ਹਮਲੇ ਦਾ ਵਿਰੋਧ ਕਰਨਾ ਲਾਜ਼ਮੀ ਹੈ ਤੇ ਇਸ ਵਿਚੋਂ ਨਵੀਂ ਸਿਆਸਤ ਦਾ ਆਗਾਜ਼ ਹੋਣਾ ਹੈ। * ਕੀ ਬਦਲਵੀਂ ਸਿਆਸਤ ਨੇੜ-ਭਵਿੱਖ ਵਿਚ ਸੰਭਵ ਹੈ? - ਹਾਂ ਬਿਲਕੁਲ। ਇਹ ਸੰਭਵ ਕਰਨਾ ਪਵੇਗਾ। ਲੋਕਾਂ ਦਾ ਅਜਿਹਾ ਅੰਦੋਲਨ ਉੱਠਣਾ ਜ਼ਰੂਰੀ ਹੈ ਜੋ ਚੋਣ ਸਿਆਸਤ ਨੂੰ ਬਦਲੇ। ਇਕ ਜਨ-ਅੰਦੋਲਨ, ਜੋ ਭ੍ਰਿਸ਼ਟਾਚਾਰ ਵਿਰੋਧੀ ਹੋਵੇ। ਲੋਕ-ਪੱਖੀ ਹੋਵੇ ਤੇ ਨੌਜਵਾਨਾਂ ਨੇ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣੀ ਹੈ। * ਪਰ ਰਾਸ਼ਟਰਵਾਦ ਦਾ ਲੁਭਾਉਣਾ ਪ੍ਰਵਚਨ ਲੋਕਾਂ ਦਾ ਧਿਆਨ ਫਿਰ ਲਾਂਭੇ ਕਰ ਦਿੰਦਾ ਹੈ? - ਬਿਲਕੁਲ ਠੀਕ ਹੈ। ਅੰਧ-ਰਾਸ਼ਟਰਵਾਦ ਦਾ ਪ੍ਰਵਚਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਪਰ ਇਹ ਇੰਨਾ ਸ਼ਦੀਦ ਵੀ ਨਹੀਂ ਜਿੰਨਾ ਕੇਂਦਰ ’ਚ ਸੱਤਾਧਾਰੀ ਧਿਰ ਸਮਝੀ ਬੈਠੀ ਹੈ। ਮਹਾਂਰਾਸ਼ਟਰ ਤੇ ਹਰਿਆਣਾ ਨੇ ਇਹ ਦਿਖਾ ਦਿੱਤਾ ਹੈ। ਪ੍ਰਾਪੇਗੰਡਾ ਵੀ ਇਕ ਸੀਮਾ ਤਕ ਹੀ ਹੋ ਸਕਦਾ ਹੈ। ਮੈਨੂੰ ਆਸ ਹੈ ਕਿ ਦੂਜੇ ਰਾਜਾਂ ਦੇ ਲੋਕ ਵੀ ਸਚੇਤ ਹੋਣਗੇ ਅਤੇ ਸਮਝ ਸਕਣਗੇ ਕਿ ਕਸ਼ਮੀਰ ਵਰਗੀ ਹੋਣੀ ਉਨ੍ਹਾਂ ਨਾਲ ਕਦੇ ਵੀ ਵਾਪਰ ਸਕਦੀ ਹੈ। * ਮੀਡੀਆ ਲਈ ਸਪੇਸ ਦਿਨੋ-ਦਿਨ ਸੁੰਗੜ ਰਹੀ ਹੈ? - ਹਾਂ, ਹੁਕਮਰਾਨ ਧਿਰ ਮੀਡੀਆ ’ਤੇ ਲਗਾਤਾਰ ਦਬਾਅ ਬਣਾ ਰਹੀ ਹੈ। ਮੀਡੀਆ ਦਾ ਵੱਡਾ ਹਿੱਸਾ ਸੱਚ ਤੋਂ ਟਾਲਾ ਵੱਟ ਰਿਹਾ ਹੈ। ਪਰ ਇਸ ਬਾਰੇ ਫ਼ੈਸਲਾ ਵੀ ਲੋਕਾਂ ਨੇ ਕਰਨਾ ਹੈ। ਜਿਸ ਕੋਲ ਜਿੰਨੀ ਵੀ ਜਗ੍ਹਾ ਹੈ, ਜਿਹੜਾ ਵੀ ਪਲੈਟਫਾਰਮ ਹੈ, ਉਸ ਦੀ ਵਰਤੋਂ ਕੀਤੀ ਜਾਵੇ ਤੇ ਵਿਰੋਧ ਦਰਜ ਕਰਵਾਇਆ ਜਾਵੇ। * ਡਿਜੀਟਲ ਯੁੱਗ ਵਿਚ ਦਬਾਅ, ਦਮਨ ਦੇ ਹੁੰਦਿਆਂ ਪ੍ਰਗਟਾਵੇ ਦੀ ਆਜ਼ਾਦੀ ਦਾ ਤਸੱਵਰ ਕੀ ਬਣਦਾ ਹੈ? - ਡਿਜੀਟਲ ਯੁੱਗ ਵਿਚ ਸਾਰੇ ਕੁਝ ’ਤੇ ਸਰਕਾਰਾਂ ਦਾ ਕੰਟਰੋਲ ਇੰਨਾ ਵੀ ਸੌਖਾ ਨਹੀਂ ਰਹਿ ਜਾਂਦਾ ਹਾਲਾਂਕਿ ਉਹ ਸੰਸਦ ਰਾਹੀਂ ਸਭ ਕਾਸੇ ’ਤੇ ਨਜ਼ਰ ਰੱਖਣੀ ਚਾਹੁੰਦੇ ਹਨ, ਪਰ ਇੱਥੇ ਫਿਰ ਲੋਕ-ਮਰਜ਼ੀ ’ਤੇ ਗੱਲ ਮੁੱਕਦੀ ਹੈ। ਕਿਉਂਕਿ ਉਹ ਡਰਾਉਂਦੇ ਹਨ ਤੇ ਜੇਕਰ ਲੋਕ ਡਰਦੇ ਰਹੇ ਤਾਂ ਉਨ੍ਹਾਂ ਦੀ ਜਿੱਤ ਹੋਵੇਗੀ, ਪਰ ਜੇਕਰ ਲੋਕ ਨਾ ਡਰੇ ਤਾਂ ਉਨ੍ਹਾਂ ਨੂੰ ਪਿੱਛੇ ਹਟਣਾ ਪੈ ਸਕਦਾ ਹੈ। * ਡਿਜੀਟਲ ਮੀਡੀਆ ਦਾ ਕੀ ਭਵਿੱਖ ਹੈ? - ਡਿਜੀਟਲ ਮੀਡੀਆ ਦਾ ਸਾਰਾ ਦਾਰੋਮਦਾਰ ਵਿੱਤੀ ਆਧਾਰ ’ਤੇ ਨਿਰਭਰ ਹੈ। ਪਾਠਕ ਤੇ ਦਰਸ਼ਕ ਜੇਕਰ ਪੈਸੇ ਦੇਣ ਲਈ ਤਿਆਰ ਹਨ ਤਾਂ ਇਸ ਦਾ ਭਵਿੱਖ ਚੰਗਾ ਹੈ। ਇਸ ਤੋਂ ਇਲਾਵਾ ਡਿਜੀਟਲ ਮੀਡੀਆ ਕੀ ਪੇਸ਼ ਕਰ ਰਿਹਾ ਹੈ, ਇਹ ਵੀ ਅਹਿਮ ਹੈ। * ਤੁਹਾਡੇ ਮੁਤਾਬਿਕ ਇਸ ਦੌਰ ’ਚ ਮੀਡੀਆ ’ਚ ਨਾਬਰੀ ਦੀ ਕਿੰਨੀ ਕੁ ਗੁੰਜਾਇਸ਼ ਬਚਦੀ ਹੈ? - ਨਾਬਰੀ ਤਾਂ ਪੱਤਰਕਾਰੀ ਦਾ ਮੀਰੀ ਖਾਸਾ ਹੈ। ਇਸ ਅੱਗੇ ਬਹੁਤ ਚੁਣੌਤੀਆਂ ਹਨ। ਮਸਲਨ ਲੋਕਾਂ ਦੀ, ਲੋਕ ਸੰਘਰਸ਼ਾਂ ਦੀ ਗੱਲ ਕਰਨ, ਹੁਕਮਰਾਨਾਂ ਦੇ ਖਾਸੇ ਸਾਹਮਣੇ ਲਿਆਉਣ ਨਾਲ ਉਹ ਤੁਹਾਨੂੰ ਮੁਕੱਦਮੇਬਾਜ਼ੀ ਆਦਿ ਵਿਚ ਉਲਝਾਉਂਦੇ ਹਨ, ਪਰ ਇਹ ਚਲਦਾ ਹੈ। ਇਸ ਵੇਲੇ ਯੂ.ਏ.ਪੀ.ਏ. ਲਿਆਂਦਾ ਗਿਆ ਹੈ। ਇਹ ਬਹੁਤ ਖ਼ਤਰਨਾਕ ਕਾਨੂੰਨ ਹੈ। ਇਸ ਤਹਿਤ ਮੁਕੱਦਮੇ ਤੋਂ ਪਹਿਲਾਂ ਜ਼ਮਾਨਤ ਕਰਵਾ ਕੇ ਬਾਹਰ ਆਉਣਾ ਬਿਲਕੁਲ ਅਸੰਭਵ ਹੈ। ਕਾਰਕੁਨ ਸੁਧਾ ਭਾਰਦਵਾਜ ਨੂੰ ਵੀ ਇਸੇ ਤਰ੍ਹਾਂ ਫਸਾਇਆ ਹੋਇਆ ਹੈ। * ਪਿਛਲੇ ਕੁਝ ਸਮੇਂ ਤੋਂ ਅਜਿਹਾ ਦਬਾਅ ਵਧ ਰਿਹਾ ਹੈ? - 2014 ਤੋਂ ਪਹਿਲਾਂ ਉਨ੍ਹਾਂ ਦਾ ਏਜੰਡਾ ਮੀਡੀਆ ’ਤੇ ਕਬਜ਼ਾ ਕਰਨਾ ਸੀ ਤੇ ਉਹ ਕਾਫ਼ੀ ਹੱਦ ਤਕ ਇਸ ਵਿਚ ਸਫਲ ਵੀ ਹੋਏ। ਹੁਣ ਖ਼ਤਰਨਾਕ ਗੱਲ ਇਹ ਹੋਈ ਹੈ ਕਿ ਇਸ ਵਿਚ ਫ਼ਿਰਕੂਪੁਣਾ ਵੀ ਸ਼ਾਮਲ ਹੈ। ਸਾਨੂੰ ਰੋਕਣ ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ। ਇਹ ਸੱਚ ਹੈ ਕਿ ਕਾਨੂੰਨੀ ਜਕੜ ਇੰਨੀ ਵਧਾਈ ਜਾ ਰਹੀ ਹੈ ਕਿ ਹੁਣ ਕਿਸੇ ਨੂੰ ਵੀ ‘ਅਤਿਵਾਦੀ ਸਾਹਿਤ’ ਰੱਖਣ ਦੇ ਨਾਮ ’ਤੇ ਫਸਾਇਆ ਜਾ ਸਕਦਾ ਹੈ ਤੇ ‘ਅਤਿਵਾਦੀ ਸਾਹਿਤ’ ਦੀ ਕੋਈ ਪ੍ਰੀਭਾਸ਼ਾ ਨਹੀਂ ਹੈ। * ਜਲ੍ਹਿਆਂਵਾਲਾ ਬਾਗ਼ ਕਾਂਡ ਦੀ ਸ਼ਤਾਬਦੀ ਵੀ ਚੱਲ ਰਹੀ ਹੈ। - ਜਲ੍ਹਿਆਂਵਾਲਾ ਬਾਗ਼ ਵਾਲਾ ਕਾਂਡ ਰੌਲਟ ਐਕਟ ਦਾ ਵਿਰੋਧ ਕਰਨ ਦੀ ਪ੍ਰਤੀਕਿਰਿਆ ਸੀ। ਉਹ ਹਾਕਮ ਵਿਦੇਸ਼ੀ ਸਨ, ਪਰ ਅੱਜ ਇਸ ਵੇਲੇ ਸਾਡੀ ਹਕੂਮਤ ਨੇ ਰੌਲਟ ਐਕਟ ਨਾ ਲਾ ਕੇ ਵੀ ਲਾਇਆ ਹੋਇਆ ਹੈ। ਸਥਿਤੀ ਇਹ ਹੈ ਕਿ ਸਾਡੀ ਨਿਆਂਪਾਲਿਕਾ ਵੀ ਸਰਕਾਰ ਤੋਂ ਜੁਆਬ ਨਹੀਂ ਮੰਗ ਰਹੀ। * ਅੰਗਰੇਜ਼ੀ ਦਾ ਇਕ ਵੱਡਾ ਅਖ਼ਬਾਰ ਬੰਦ ਹੋ ਚੁੱਕਿਆ ਹੈ। ਪੱਤਰਕਾਰਾਂ ਦੀ ਧੜਾਧੜ ਛਾਂਟੀ ਹੋ ਰਹੀ ਹੈ। ਇਹ ਖ਼ਬਰ ਵੀ ਕਿਧਰੇ ਨਹੀਂ ਛਪਦੀ। ਇਸ ਵਰਤਾਰੇ ਨੂੰ ਕਿਵੇਂ ਰੋਕਿਆ ਜਾਵੇ? - ਮੀਡੀਆ ਹਾਊਸ ਇਕ ਦੂਜੇ ਬਾਰੇ ਬੁਰੀ ਖ਼ਬਰ ਨਹੀਂ ਛਾਪਣੀ ਚਾਹੁੰਦੇ, ਪਰ ਸਾਨੂੰ ਅਜਿਹੇ ਮੁੱਦੇ ਸੋਸ਼ਲ ਮੀਡੀਆ ’ਤੇ ਉਠਾਉਣੇ ਚਾਹੀਦੇ ਹਨ। ਇਹ ਕਾਰਜ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਹੈ। ਲੋਕ ਮੁੱਦਿਆਂ ਨਾਲ ਵੀ ਇਹੀ ਵਾਪਰ ਰਿਹਾ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਔਖੇ ਦੌਰ ਵਿਚੋਂ ਲੰਘ ਕੇ ਹੀ ਲੋਕਾਂ ਦਾ ਦੌਰ ਆਉਣਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All