ਸੰਘਰਸ਼ ਦੀ ਲਾਟ

ਅਤਰਜੀਤ

ਸੁਰਿੰਦਰ ਹੇਮ ਜਯੋਤੀ ਨੂੰ ਯਾਦ ਕਰਦਿਆਂ ਅਹਿਸਾਸ ਹੁੰਦਾ ਹੈ ਕਿ ਸੱਤਰਵਿਆਂ ਦੇ ਫਾਸ਼ੀਵਾਦੀ ਦੌਰ ਵਿਚ ਇਨਕਲਾਬੀ ਸਾਹਿਤਕ ਪਰਚਿਆਂ ਵਿਚ ਹੇਮ ਜਯੋਤੀ ਨੇ ਨਿੱਗਰ ਪੈੜਾਂ ਪਾਈਆਂ ਸਨ। ਇਹ ਸੁਰਿੰਦਰ ਅਤੇ ਹੇਮ ਜਯੋਤੀ ਪਰਚੇ ਨੂੰ ਇਕਮਿਕ ਹੋਇਆ ਵੇਖੇ ਜਾਣ ਪਿੱਛੇ ਬਹੁਤ ਵੱਡਾ ਸੱਚ ਇਹ ਸੀ ਕਿ ਸੁਰਿੰਦਰ ਆਪ ਬਹੁਤ ਅਮੀਰ ਖਾਨਦਾਨ ਵਿਚੋਂ ਹੋਣ ਦੇ ਬਾਵਜੂਦ ਸਭ ਕਾਸੇ ਤੋਂ ਅਭਿੱਜ ਸ਼ਖ਼ਸੀਅਤ ਸੀ ਜਿਸ ਨੇ ਇਨਕਲਾਬੀ ਜਮਹੂਰੀ ਸਾਹਿਤਕ ਲਹਿਰ ਉਸਾਰਨ ਲਈ ਵੱਡਾ ਯੋਗਦਾਨ ਪਾਇਆ। ਇਹ ਉਹ ਦੌਰ ਸੀ ਜਦੋਂ ਕੁਝ ਧਿਰਾਂ ਕੇਵਲ ਬੰਦੂਕ ਦੀ ਗੱਲ ਕਰਨ ਨੂੰ ਹੀ ਸਾਹਿਤਕ ਲਹਿਰ ਕਹਿਣ ਤੱਕ ਜਾਂਦੀਆਂ ਸਨ। ਕਲਾ ਸਾਹਿਤ ਅਤੇ ਜੀਵਨ ਮੁੱਲਾਂ ਦੇ ਗੂੜ੍ਹੇ ਰਿਸ਼ਤੇ ਦੀ ਗੱਲ ਨੂੰ ਅਣਗੌਲਿਆ ਕਰਕੇ ਇਕੋ ਐਕਸ਼ਨਵਾਦ ਦੀ ਲਹਿਰ ਭਾਰੂ ਸੀ। ਹੇਮ ਜਯੋਤੀ ਪਰਚੇ ਦੁਆਰਾ ਕਲਾ ਸਾਹਿਤ ਅਤੇ ਜ਼ਿੰਦਗੀ ਦੀ ਗਲਵੱਕੜੀ ਪਵਾ ਕੇ ਪਰਚੇ ਨੂੰ ਸਿਖਰ ’ਤੇ ਪਹੁੰਚਾਉਣ ਦੀ ਇਹ ਕਮਾਲ ਸੀ ਕਿ ਪਰਚਾ ਬਾਜ਼ਾਰ ਵਿਚ ਆਉਂਦਿਆਂ ਹੀ ਹੱਥੋ ਹੱਥ ਵਿਕ ਜਾਂਦਾ ਸੀ। ਇੱਥੋਂ ਤੱਕ ਵੀ ਹਾਲਾਤ ਬਣ ਗਏ ਸਨ ਕਿ ਦੁਕਾਨਦਾਰ ਬਲੈਕ ਵਿਚ ਵੇਚਣ ਤੱਕ ਜਾਂਦੇ ਸਨ। ਇਹ ਉਸ ਸਾਹਿਤਕ ਲਹਿਰ ਦੀ ਬਦੌਲਤ ਹੀ ਸੀ ਕਿ ਪੰਜਾਬ ਵਿਚ ਪੰਜਾਬੀ ਸਾਹਿਤ ਸਭਿਆਚਾਰ ਮੰਚ ਦੀ ਸਥਾਪਨਾ ਕਰਕੇ ਬਾਕਾਇਦਾ ਯੋਜਨਾਬੱਧ ਢੰਗ ਨਾਲ ਇਸ ਦਾ ਘੇਰਾ ਵਸੀਹ ਹੋ ਗਿਆ। ਅੱਜ ਫਿਰ ਉਸ ਨੂੰ ਇਨ੍ਹਾਂ ਕਾਰਨਾਂ ਕਰਕੇ ਯਾਦ ਕਰਨਾ ਵਾਜਬ ਹੈ ਕਿਉਂਕਿ ਸੱਤਰਵਿਆਂ ਦੇ ਵੇਲ਼ਿਆਂ ਨਾਲੋਂ ਇਨਕਲਾਬੀ ਜਮਹੂਰੀ ਲਹਿਰ ਨੂੰ ਤਾਂ ਕੀ, ਵਿਧਾਨ ਵਿਚ ਦਰਸਾਈ ਗਈ ਅਖੌਤੀ ਜਮਹੂਰੀਅਤ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਮ ਜਯੋਤੀ ਨੂੰ ਏਸ ਲਈ ਵੀ ਯਾਦ ਕਰਨਾ ਜ਼ਰੂਰੀ ਹੋ ਗਿਆ- ਜਦ ਵਿਚਾਰ, ਇਤਿਹਾਸ, ਗਿਆਨ ਅਤੇ ਚਿੰਤਨ ਨੂੰ ਇਸ ਵੇਲ਼ੇ ਵੱਡਾ ਭਿਆਨਕ ਖ਼ਤਰਾ ਦਰਪੇਸ਼ ਹੈ। ਸੁਰਿੰਦਰ ਨੂੰ ਯਾਦ ਕਰਨਾ ਇਸ ਕਾਰਨ ਵੀ ਵਾਜਬ ਹੈ ਕਿ ਅੱਜ ਬੁੱਧੀਜੀਵੀ ਵਰਗ ਮੂਕ ਅਵਸਥਾ ਵਿਚ ਗੂੜ੍ਹੀ ਨੀਂਦ ਸੁੱਤਾ ਜਾਪਦਾ ਹੈ ਕਿ ਚਿੰਤਨ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ ਜੋ ਸ਼ਾਵਨਵਾਦ ਦੇ ਭੂਤ ਤੋਂ ਤਹ੍ਰਿ ਗਿਆ ਹੋਵੇ। ਵਿਰੋਧ ਵਿਚ ਉਪਜਣ ਵਾਲੀ ਥੋੜ੍ਹੀ ਜਿੰਨੀ ਧੁਨੀ ਵੀ ਸੱਤਾ ਨੂੰ ਬਗ਼ਾਵਤ ਅਤੇ ਦੇਸ਼ ਧਰੋਹ ਜਾਪਦੀ ਹੈ। ਹਨੇਰਗਰਦੀ ਦੇ ਇਸ ਦੌਰ ਵਿਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀ, ਲੇਖਕ, ਪੱਤਰਕਾਰ ਜੋ ਬਹੁਲਤਾਵਾਦ ਦੀ ਗੱਲ ਕਰਦੇ ਹਨ, ਸ਼ਹਿਰੀ ਨਕਸਲੀ ਜਾਂ ਮਾਓਵਾਦੀ ਕਹਿ ਕੇ ਜੇਲ੍ਹਾਂ ਵਿਚ ਸੁੱਟੇ ਜਾ ਰਹੇ ਹਨ, ਸਿਰਫ਼ ਭਗਵੇਂ ਸੱਜ ਪਿਛਾਖੜੀ ਹਜੂਮ ਨੂੰ, ਖੂੰਖਾਰ ਭੀੜਵਾਦ ਨੂੰ ਦੇਸ਼ ਭਗਤੀ ਦਾ ਨਾਂ ਦੇ ਕੇ ਐਲਾਨੀਆ ਮੁਲਕ ਨੂੰ ਪੰਜ ਹਜ਼ਾਰ ਪੁਰਾਣੀ ਸੰਸਕ੍ਰਿਤੀ ਉਪਰ ਗੌਰਵ ਦੇ ਨਾਂ ’ਤੇ ਸਿੱਖਿਆ ਉੱਪਰ ਕਰੂਰ ਹਮਲਾ ਵਿੱਢ ਦਿੱਤਾ ਗਿਆ ਹੈ। ਅੱਜ ਜਦ ਮੁਲਕ ਨੂੰ ਦਰਪੇਸ਼ ਸਮੱਸਿਆਵਾਂ ਮੁਲਕ ਦੇ ਹੁਕਮਰਾਨਾਂ ਦੇ ਏਜੰਡੇ ’ਤੇ ਨਹੀਂ, ਭਾਰਤ ਨੂੰ ਸਿਰਫ਼ ਹਿੰਦੂ ਰਾਸ਼ਟਰ ਘੋਸ਼ਤ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਸੁਰਿੰਦਰ ਨੂੰ ਯਾਦ ਕਰਨਾ ਏਸ ਲਈ ਜ਼ਰੂਰੀ ਹੋ ਗਿਆ ਹੈ ਕਿ ਅੱਜ ਕੱਟੜ ਧਰਮੀ ਰਾਜਨੀਤੀ ਅੰਧ-ਰਾਸ਼ਟਰਵਾਦ ਅਤੇ ਫ਼ਿਰਕੂ ਮਾਹੌਲ ਸਿਰਜ ਕੇ ਘੱਟਗਿਣਤੀਆਂ ਨੂੰ ਮੁਲਕ ਛੱਡ ਜਾਣ ਦੇ ਦਬਕੇ ਮਾਰ ਰਹੀ ਹੈ। ਸੁਰਿੰਦਰ ਨੂੰ ਯਾਦ ਕਰਨਾ ਇਸ ਲਈ ਵੀ ਵਾਜਬ ਹੈ ਕਿ ਅੱਜ ਸਾਨੂੰ ਪੰਜਾਬ ਵਿਚ ਜੁਆਨੀ ਦਾ ਕਾਲ਼ ਪੈਂਦਾ ਦਿਖਾਈ ਦੇ ਰਿਹਾ ਹੈ। ਆਈਲੈਟਸ ਕਰਕੇ ਵਿਦੇਸ਼ਾਂ ਵੱਲ ਜਾਣ ਲਈ ਲੱਗੀ ਦੌੜ ਸਾਡੀ ਚੇਤਨਾ ਅਤੇ ਚਿੰਤਨ ਦੇ ਖੁੰਢਾ ਹੋਣ ਤੇ ਦੀਵਾਲੀਆਪਣ ਦੀ ਦੇਣ ਹੈ ਜਿਸ ਦੇ ਇੱਥੋਂ ਦੀ ਵਿਵਸਥਾ ਨੇ ਹਾਲਾਤ ਪੈਦਾ ਕੀਤੇ ਹੋਏ ਹਨ। ਰਹਿੰਦੀ-ਖੂੰਹਦੀ ਜੁਆਨੀ ਸਮਾਰਟ ਫੋਨ ਅਤੇ ਚੰਦਰੇ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਕੇ ਭਵਿੱਖ ਵੱਲ ਪਿੱਠ ਕਰੀ ਖੜ੍ਹੀ ਹੈ।

ਅਤਰਜੀਤ

ਸੁਰਿੰਦਰ ਹੇਮ ਜਯੋਤੀ ਅਜ਼ੀਮ ਸ਼ਖ਼ਸੀਅਤ ਦਾ ਮਾਲਕ ਸੀ। ਉਸ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਮਿਸਾਲ ਵਜੋਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ। ਉਸ ਦੇ ਪਿਤਾ ਦੇ ਆਸਾਮ ਆਦਿ ਸੂਬਿਆਂ ਵਿਚ ਪੈਟਰੋਲ ਪੰਪ ਸਨ ਤੇ ਵੱਡੇ ਠੇਕੇ ਲੈਣ ਦਾ ਉਸ ਦਾ ਵੱਡਾ ਕਾਰੋਬਾਰ ਸੀ। ਇਕ ਵਾਰ ਮਜ਼ਦੂਰਾਂ ਵੱਲੋਂ ਅਗਾਊਂ ਤਨਖ਼ਾਹ ਦੀ ਮੰਗ ਕਰਨ ’ਤੇ ਸੁਰਿੰਦਰ ਨੇ ਸਾਰਿਆਂ ਨੂੰ ਅਗਾਊਂ ਅਦਾਇਗੀ ਕਰ ਦਿੱਤੀ। ਪਿਤਾ ਨੇ ਸੁਰਿੰਦਰ ਵੱਲੋਂ ਕਾਰਬਾਰੀ ਨਿਯਮਾਂ ਦੀ ਉਲੰਘਣਾ ਕਰਨ ਉੱਪਰ ਵੱਡਾ ਇਤਰਾਜ਼ ਕੀਤਾ ਤਾਂ ਉਹ ਆਪਣਾ ਤੜੀ ਤੱਪੜ ਲਪੇਟ ਕੇ ਪੰਜਾਬ ਵਾਪਸ ਆ ਗਿਆ। ਉਨ੍ਹਾਂ ਸਮਿਆਂ ਵਿਚ ਜਿਸ ਪਰਿਵਾਰ ਕੋਲ ਟੈਲੀਫੋਨ, ਕਾਰ ਅਤੇ ਕੋਠੀ ਹੋਵੇ ਉਹ ਅਮੀਰ ਖਾਨਦਾਨ ਗਿਣਿਆ ਜਾਂਦਾ ਸੀ। ਪਰ ਗੈਰਤ ਦਾ ਸਬੂਤ ਦਿੰਦਿਆਂ ਸੁਰਿੰਦਰ ਨੇ ਆਪਣੇ ਗੁਜ਼ਾਰੇ ਲਈ ਪੋਲਟਰੀ ਫਾਰਮ ਖੋਲ੍ਹ ਲਿਆ। ਅੰਡਿਆਂ ਤੋਂ ਹੁੰਦੀ ਕਮਾਈ ਦਾ ਬਹੁਤਾ ਹਿੱਸਾ ਵੀ ਉਹ ਆਏ ਦੋਸਤਾਂ ਖ਼ਾਸ ਕਰਕੇ ਇਨਕਲਾਬੀ ਸਾਹਿਤਕ ਲਹਿਰ ਦੇ ਲੇਖੇ ਲਾ ਦਿੰਦਾ ਸੀ। ਇਕ ਵਾਰ ਕੀ ਹੋਇਆ ਕਿ ਇਕ ਖੱਚਰ ਰੇੜ੍ਹੇ ਵਾਲਾ ਲੋਹਾ ਲੱਦ ਕੇ ਪੁਲ਼ ਚੜ੍ਹਨ ਲੱਗਿਆ ਤਾਂ ਖੱਚਰ ਤੋਂ ਸੰਤੁਲਨ ਨਾ ਬਣਿਆ। ਰੇੜ੍ਹਾ ਪਿੱਛੇ ਰੁੜ੍ਹ ਗਿਆ ਤੇ ਆਵਾਜਾਈ ਵਿਚ ਵਿਘਨ ਪੈ ਗਿਆ। ਇਕ ਥਾਣੇਦਾਰ ਨੇ ਰੇੜ੍ਹੇ ਵਾਲੇ ’ਤੇ ਡੰਡਾ ਬਰਸਾਉਣਾ ਸ਼ੁਰੂ ਕਰ ਦਿੱਤਾ। ਉਸੇ ਵਕਤ ਕੋਲੋਂ ਲੰਘ ਰਹੇ ਸੁਰਿੰਦਰ ਨੇ ਥਾਣੇਦਾਰ ਦੀ ਬਾਂਹ ਮਰੋੜ ਕੇ ਡੰਡਾ ਖੋਹ ਲਿਆ। ਹੱਬ-ਦੱਬ ਜਿਹੀ ਕਰਦੇ ਥਾਣੇਦਾਰ ਨੂੰ ਸੁਰਿੰਦਰ ਇਹ ਕਹਿ ਕੇ ਤੁਰਦਾ ਹੋਇਆ- ‘‘ਬਹੁਤਾ ਬੋਲਣ ਦੀ ਲੋੜ ਨਹੀਂ, ਕਚਹਿਰੀਆਂ ਵਿਚ ਫਲਾਣੇ ਕੈਬਿਨ ਵਿਚ ਆ ਜੀਂ ਮੇਰਾ ਨਾਂ ਸੁਰਿੰਦਰ ਐਡਵੋਕੇਟ ਐ।’’ ਇਕ ਨਿਡਰ ਬੇਧੜਕ ਸ਼ਖ਼ਸੀਅਤ ਦਾ ਮਾਲਕ ਸੀ ਸੁਰਿੰਦਰ ਹੇਮ ਜਯੋਤੀ। ਉਸ ਦਾ ਬਹੁਤਾ ਕੁਝ ਇਸ ਸਾਹਿਤਕ ਲਹਿਰ ਅਤੇ 1975 ਦੀ ਐਮਰਜੈਂਸੀ ਦੇ ਲੇਖੇ ਲੱਗ ਗਿਆ। ਆਖ਼ਰੀ ਅੰਕ ਵਿਚ ਚੀਨੀ ਨਾਵਲ ‘ਚਿੜੀਆਂ ਦੀ ਮੌਤ’ ਛਾਪਣ ਨਾਲ ਪਰਚਾ ਬੰਦ ਹੋ ਗਿਆ। ਉਸ ਨੂੰ ਆਪਣੀ ਪ੍ਰੈੱਸ ਵੀ ਵੇਚਣੀ ਪਈ। ਵੀਹ ਕੁ ਹਜ਼ਾਰ ਕਰਜ਼ਾ ਵੀ ਸਿਰ ਚੜ੍ਹ ਗਿਆ। ਪਿਤਾ ਨੇ ਇਹ ਕਰਜ਼ਾ ਅਦਾ ਕਰਨ ਦੀ ਪੇਸ਼ਕਸ਼ ਕੀਤੀ ਜੋ ਸੁਰਿੰਦਰ ਨੇ ਠੁਕਰਾ ਦਿੱਤੀ। ਮਜਬੂਰ ਹੋ ਕੇ ਉਸ ਨੂੰ ਜਰਮਨੀ ਪਰਵਾਸ ਕਰਨਾ ਪਿਆ, ਜਿੱਥੋਂ ਉਹ ਜੋ ਵੀ ਕਮਾਈ ਕਰਦਾ ਸੀ, ਉਸ ਦਾ ਵੱਡਾ ਹਿੱਸਾ ਰਾਜਨੀਤਕ ਮੈਗਜ਼ੀਨ ‘ਜੈਕਾਰੇ’ ਲਈ ਹਰਭਜਨ ਹਲਵਾਰਵੀ ਅਤੇ ਪ੍ਰੋ. ਮੇਘ ਰਾਜ ਰਾਮਪੁਰਾ ਫੂਲ ਰਾਹੀਂ ਭੇਜਦਾ ਰਿਹਾ। ਅੰਤ ਦਿਮਾਗ਼ ਦੇ ਕੈਂਸਰ ਨਾਲ 28 ਜੁਲਾਈ 1980 ਨੂੰ ਅਮਰਜੀਤ ਚੰਦਨ ਦੇ ਹੱਥਾਂ ਵਿਚ ਸਾਡਾ ਪਿਆਰਾ ਸੁਰਿੰਦਰ ਸਾਨੂੰ ਸਭ ਨੂੰ ਸਦੀਵੀ ਅਲਵਿਦਾ ਕਹਿ ਗਿਆ। ਹਰ ਸਾਲ ਦੀ ਤਰ੍ਹਾਂ ਅੱਜ 28 ਜੁਲਾਈ ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਸੁਰਿੰਦਰ ਯਾਦਗਾਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ‘ਫਾਸ਼ੀਵਾਦ, ਚੁਣੌਤੀਆਂ, ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ੇਸ਼ ਭੂਮਿਕਾ’ ਵਿਸ਼ੇ ਉੱਪਰ ਮੁੱਖ ਬੁਲਾਰੇ ਸ਼ਮਸੁਲ ਇਸਲਾਮ ਨਵੀਂ ਦਿੱਲੀ ਵਿਚਾਰ ਪੇਸ਼ ਕਰਨਗੇ।

ਸੰਪਰਕ: 94634-03848

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All