ਸੰਘਰਸ਼ ਦਾ ਸੱਦਾ ਦਿੰਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’

ਸੰਘਰਸ਼ ਦਾ ਸੱਦਾ ਦਿੰਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’

ਡਾ. ਕੁਲਦੀਪ ਕੌਰ

ਹਾਲ ਹੀ ਵਿਚ ਆਈ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫ਼ਿਲਮ ‘ਲੈਂਡਲੈੱਸ’ ਰਾਹੀਂ ਬੇਜ਼ਮੀਨੇ ਲੋਕਾਂ ਦੀ ਗੱਲ ਕੀਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ਰਣਦੀਪ ਦੇ ਕੈਮਰੇ ਦੀ ਅੱਖ ਨੇ ਪੰਜਾਬੀ ਰਹਿਤਲ ਤੇ ਭੋਇੰ ਵਿਚ ਵਿਚਰਦੇ ਉਨ੍ਹਾਂ ਕਿਰਦਾਰਾਂ ਨੂੰ ਫੜਿਆ ਹੈ ਜਿਹੜੇ ਸਦੀਆਂ ਤੋਂ ‘ਅਣਹੋਏ’ ਹਨ। ਉਹ ਇਸ ਫ਼ਿਲਮ ਰਾਹੀਂ ਪੰਜਾਬੀ ਖਸਲਤ ਅੱਗੇ ਇਨ੍ਹਾਂ ਦੇ ‘ਅਣਹੋਏ’ ਹੋਣ ਦਾ ਸਵਾਲ ਪਾਉਂਦਾ ਹੈ। ਰਣਦੀਪ ਫ਼ਿਲਮ ਰਾਹੀਂ ਇਸ ਵਿਚਾਰਧਾਰਕ ਪੈਰਵੀ ਦੀ ਵਕਾਲਤ ਕਰਦਿਆਂ ਮਨੁੱਖੀ ਹਾਲਾਤ ਵਿਚ ਪਸਰੀ ਬੇਵਿਸਾਹੀ, ਖਦਸ਼ਿਆਂ ਅਤੇ ਟਕਰਾਅ ਨੂੰ ਫੋਟੋਆਂ, ਆਵਾਜ਼ਾਂ, ਚੁੱਪ ਅਤੇ ਕਿਤੇ ਵੀ ਨਾ ਪਹੁੰਚਣ ਵਾਲੇ ਰਸਤਿਆਂ ਦੀ ਇਕਸਾਰਤਾ ਤੇ ਲਗਾਤਾਰਤਾ ਰਾਹੀਂ ਸਿਰਜਦਾ ਹੈ। ਸਰੀਰਾਂ ਦੀ ਬੁਲਬੁਲਿਆਂ ਵਰਗੀ ਹੋਂਦ ਅਤੇ ਪਤਾਸਿਆਂ ਵਰਗੇ ਵਜੂਦ ਹਾਲਾਤ ਦੀ ਕਰੂਰਤਾ ਅਤੇ ਬਰਬਰਤਾ ਅੱਗੇ ਪਲ ਪਲ ਖੁਰਦੇ ਮਹਿਸੂਸ ਹੁੰਦੇ ਹਨ। ਫ਼ਿਲਮ ਵਿਚ ਬਹੁਤ ਸਾਰੀਆਂ ਘਟਨਾਵਾਂ ਮੀਡੀਆ, ਦੰਦ-ਕਥਾਵਾਂ ਤੇ ਚੇਤਿਆਂ ਰਾਹੀਂ ਬਹੁਤਿਆਂ ਦੀ ਯਾਦ ਵਿਚ ਤਾਂ ਪਈਆਂ ਹਨ, ਪਰ ਰਣਦੀਪ ਇਸ ਨੂੰ ਜਮਹੂਰੀਅਤ ਦੀ ਸਾਣ ’ਤੇ ਲਗਾਉਣ ਦਾ ਸੱਦਾ ਦਿੰਦਾ ਹੈ। ਉਸ ਨੇ ਫ਼ਿਲਮ ਵਿਚ ਉਨ੍ਹਾਂ ਹੀ ਚਿੰਨ੍ਹਾਂ, ਪ੍ਰਤੀਕਾਂ ਅਤੇ ਸੰਕੇਤਾਂ ਨੂੰ ਚੁਣਨ ਦਾ ਤਹੱਈਆ ਕੀਤਾ ਹੈ ਜਿਨ੍ਹਾਂ ਨੂੰ ‘ਪਾਪੂਲਰ ਕਲਚਰ’ ਅਤੇ ‘ਮੁੱਖ ਧਾਰਾ ਸਿਨਮਾ’ ਸਾਲਾਂ ਤੋਂ ਪੰਜਾਬ ਦੇ ਖਿੱਤਿਆਂ, ਖੇਤਾਂ ਅਤੇ ਦਿਸਹੱਦਿਆਂ ਦੀ ਰੂਪਕਾਰੀ ਕਰਨ ਲਈ ਵਰਤ ਰਿਹਾ ਹੈ, ਪਰ ਉਸ ਦੇ ਦ੍ਰਿਸ਼ ਦਰਸ਼ਕਾਂ ਅੰਦਰ ਨਿਰੰਤਰ ਦਹਿਸ਼ਤ, ਅਣਵਾਪਰੇ ਦੇ ਡਰਾਂ ਅਤੇ ਅਣਸੁਖਾਵਾਂ ਵਾਪਰਨ ਦੇ ਖਦਸ਼ਿਆਂ ਨੂੰ ਮਰਨ ਨਹੀਂ ਦਿੰਦੇ। ਰਣਦੀਪ ਇਸ ਨੂੰ ਜਮਾਤੀ ਸੰਘਰਸ਼ ਦੇ ਨੁਕਤੇ ਤੋਂ ਦੇਖਦਾ ਹੈ। ਉਹ ਇਸ ਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਮਹੂਰੀਅਤ ਦੀ ਅਸਫਲਤਾ ਵਜੋਂ ਵੀ ਦਰਜ ਕਰਦਾ ਹੈ। ਉਹ ਇਸ ਨੂੰ ਮਨੁੱਖੀ ਜ਼ਿੰਦਗੀਆਂ ਦੀ ਛਟਪਟਾਹਟ, ਆਜ਼ਾਦੀ, ਬਰਾਬਰੀ ਤੇ ਉਮੀਦ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ ਵਜੋਂ ਦੇਖਦਾ ਹੈ। ‘ਲੈਂਡਲੈੱਸ’ ਵਿਚ ਦਿਸਦੇ ਤੇ ਜ਼ਾਹਿਰ ਨਾਲੋਂ ‘ਅਣਦਿਸਦਾ’ ਜ਼ਿਆਦਾ ਮਹੱਤਵਪੂਰਨ ਹੈ। ਸੰਵਾਦਾਂ ਨਾਲੋਂ ਟੋਕਿਆਂ ਦੀ ਕਚਰ ਕਚਰ, ਪੰਛੀਆਂ ਦੀ ਕੁਰਲਾਹਟ, ਵਿਹੜਿਆਂ ਵਿਚ ਪਸਰੀ ਸੁੰਨ ਅਤੇ ਚਿਹਰਿਆਂ ’ਤੇ ਲਿਖੀਆਂ ਰੰਜ਼ ਦੀਆਂ ਇਬਾਰਤਾਂ ਪੰਜਾਬੀ ਫ਼ਿਲਮ, ਅਦਬ ਅਤੇ ਸੁਹਿਰਦਤਾ ਅੱਗੇ ਨਵੇਂ ਸਵਾਲ ਖੜ੍ਹੇ ਕਰਦੀਆਂ ਹਨ। ਉਸ ਦਾ ਇਕ ਕਿਰਦਾਰ ਕਹਿੰਦਾ ਹੈ, ‘ਅਸੀਂ ਹੁਣ ਲੱਤਾਂ ਵਢਾ ਲਈਏ? ਕੀ ਕਸੂਰ ਹੈ ਸਾਡਾ?’ ਰਣਦੀਪ ਦੀ ਫ਼ਿਲਮ ਅੱਗੇ ਦੀ ਲੜਾਈ ‘ਮੱਛਰਦਾਨੀ ਵਿਚੋਂ ਬਾਹਰ’ ਆ ਕੇ ਲੜਨ ਦਾ ਸੱਦਾ ਦਿੰਦੀ ਹੈ ਜਿਸ ਨੂੰ ਸੁਣਿਆ ਜਾਣਾ ਪੰਜਾਬ ਦੀ ਭਵਿੱਖੀ ਹੋਣੀ ਦਾ ਰਸਤਾ ਤੈਅ ਕਰੇਗਾ। ਫ਼ਿਲਮ ਵਿਚ ‘ਬੇਜ਼ਮੀਨਾ’ ਹੋਣ ਦੀ ਸਮੱਸਿਆ ਦੀ ਸਿਰਫ਼ ਇਕ ਨੁੱਕਰ ਹੈ- ਇਸ ਦੇ ਓਹਲੇ ਸਵੈਮਾਣ ਅਤੇ ਅਣਖ ਨਾਲ ਉਗਮਣ, ਵਿਗਸਣ ਅਤੇ ਮੌਲਣ ਦਾ ਸੱਭਿਅਕ ਹੁੰਗਾਰਾ ਪਿਆ ਹੈ। ਇਸ ਫ਼ਿਲਮ ਦੀ ਸਾਰਥਿਕਤਾ ਮੌਜੂਦਾ ਤਕਨੀਕੀ ਤੇ ਸੂਚਨਾ ਪ੍ਰਚਾਰ-ਪਸਾਰ ਦੇ ਦੌਰ ਵਿਚ ਮਨੁੱਖੀ ਗਿਆਨ ਪ੍ਰਕਿਰਿਆ ਦੇ ਹਾਸ਼ੀਆਗ੍ਰਸਤ ਸੁਹਜ ਅਤੇ ਕਲਾ ਜ਼ਰੀਏ ਪੰਜਾਬੀ ਮਾਨਸ ਦੀ ਬਾਤ ਨਵ-ਉਦਾਰਵਾਦੀ ਮੰਡੀ ਅਤੇ ਖਪਤਵਾਦੀ ਸਵਾਦਾਂ ਦੇ ਘੜਮੱਸ ਦੇ ਸਨਮੁੱਖ ਰੱਖਣ ਵਿਚ ਹੈ। ਪੰਜਾਬ ਵਿਚ ਜਾਤ ਦਾ ਸਵਾਲ ਧਰਮ ਅਤੇ ਵਰਗ-ਵੰਡ ਦੀਆਂ ਹਕੀਕਤਾਂ ਅਤੇ 1947 ਦੀ ਸੱਤਾ ਤਬਦੀਲੀ ਤੋਂ ਬਾਅਦ ਆਜ਼ਾਦ ਸ਼ਹਿਰੀ ਦੇ ਤੌਰ ’ਤੇ ਹੱਕ-ਹਕੂਕਾਂ ਦੀਆਂ ਸੰਵਿਧਾਨਕ ਪੇਸ਼ਬੰਦੀਆਂ ਤੋਂ ਬਿਨਾਂ ਨਹੀਂ ਪੜ੍ਹਿਆ ਜਾ ਸਕਦਾ। ਜਾਤ ਨਾਲ ਸਬੰਧਿਤ ਪ੍ਰਮਾਣਿਕ ਦਸਤਾਵੇਜ਼ਾਂ ਅਤੇ ਇਤਿਹਾਸਕ ਹਵਾਲਿਆਂ ਨੂੰ ਦੇਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਨਾ ਸਿਰਫ਼ ਆਰਥਿਕ ਆਧਾਰ ’ਤੇ ਹੋਣ ਵਾਲੀ ਹਿੰਸਾ ਹੈ ਸਗੋਂ ਇਸ ਦੀਆਂ ਬਹੁਤ ਸਾਰੀਆਂ ਅਣਦਿਸਦੀਆਂ ਸੱਭਿਆਚਾਰਕ, ਪਿਤਾ-ਪੁਰਖੀ, ਫਿਰਕਾਪ੍ਰਸਤ, ਸਿਆਸੀ, ਧਾਰਮਿਕ ਤੇ ਮਨੋਵਿਗਿਆਨਕ ਪਰਤਾਂ ਹਨ ਜਿਨ੍ਹਾਂ ਨੂੰ ਖੋਲ੍ਹੇ ਤੇ ਸਮਝੇ ਬਿਨਾਂ ਇਸ ਅੰਨ੍ਹੀ ਧੁੰਦ ਵਿਚੋਂ ਕੁਝ ਸਾਫ਼ ਨਜ਼ਰ ਨਹੀਂ ਦਿਸ ਸਕਦਾ। ਪਿਛਲੇ ਸਾਲ ਕੰਚਾ ਐਲੋਇ ਦੀ ਕਿਤਾਬ ‘ਵ੍ਹਾਏ ਆਈ ਐੱਮ ਨਾਟ ਏ ਹਿੰਦੂ’ ਬਾਰੇ ਆਰਐੱਸਐਸ ਅਤੇ ਸਰਕਾਰੀ ਤੰਤਰ ਵੱਲੋਂ ਦਿੱਤਾ ਗਿਆ ਫਤਵਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਜਾਤ ਦੇ ਸਵਾਲਾਂ ਦੇ ਰੂ-ਬ-ਰੂ ਹੁੰਦਿਆਂ ਹੀ ‘ਦੀਨਾ ਤੇ ਬੀਬਾ’ ਨਜ਼ਰ ਆ ਰਿਹਾ ਰਾਜ ਧਰਮ ਆਪਣੇ ਫਾਸ਼ੀਵਾਦ ਤੇ ਸਰਮਾਏਦਾਰੀ ਰੂਪਾਂ ਤੇ ਢੰਗ-ਤਰੀਕਿਆਂ ਵਿਚ ਤਬਦੀਲ ਹੋ ਜਾਂਦਾ ਹੈ। ਭਾਰਤ ਵਿਚ ਆਧੁਨਿਕਤਾ, ਨਵ-ਰਾਸ਼ਟਰਵਾਦ ਅਤੇ ਰਾਸ਼ਟਰੀ ਚੇਤਨਾ ਉਪਜਣ ਦੇ ਦੌਰ ਵਿਚ ਜਾਤ ਦੇ ਆਧਾਰ ’ਤੇ ਹੁੰਦੀ ਹਿੰਸਾ ਖਿਲਾਫ਼ ਲਿਖਣ ਵਾਲਿਆਂ ਵਿਚੋਂ ਬਹੁਤੇ ਉਨ੍ਹਾਂ ਨੂੰ ਮੁੱਖ-ਧਾਰਾ ਵਿਚ ਸ਼ਾਮਿਲ ਕਰਨ ਦੀ ਬਾਤ ਪਾਉਂਦੇ ਹਨ, ਪਰ ਉਸ ਮੁੱਖ-ਧਾਰਾ ਵਿਚਲੀ ਵਿਚਾਰਧਾਰਕ ਅਤੇ ਸਿਧਾਂਤਕ ਯਥਾਸਥਿਤੀ ਨੂੰ ਬਦਲਣ ਦੇ ਮਾਮਲੇ ’ਤੇ ਚੁੱਪ ਧਾਰ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ’ਚ ਨਵੇਂ ਸੁਧਾਰਾਂ ਨੂੰ ਫੌਰੀ ਲਾਗੂ ਕਰਨ...

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ