ਸੰਗੀਤ ਦਾ ਸ਼ੌਕੀ ਕਿਰਤੀ

ਪਟਿਆਲਾ ਦੇ ਬੰਸੀ ਲਾਲ ਦਾ ਜੀਵਨ ਸੰਘਰਸ਼।

ਮੈਂ ਗਾਣੇ ਲਾਏ ਬਿਨਾਂ ਕੰਮ ਨ੍ਹੀਂ ਕਰ ਸਕਦਾ। ਇਹ ਸ਼ੌਕ ਤਾਂ ਮੈਨੂੰ ਬਚਪਨ ਤੋਂ ਈ ਆ। ਮੈਂ ਪੁਰਾਣੇ ਬਹੁਤ ਸਾਰੇ ਰਿਕਾਰਡ ਵੀ ਸਾਂਭ ਕੇ ਰੱਖੇ ਹੋਏ ਹਨ। ਪੁਰਾਣੇ ਰਿਕਾਰਡ ਖ਼ਰੀਦਣ ਲਈ ਮੈਂ ਦੇਸ਼ ਦੇ ਦੂਜੇ ਸੂਬਿਆਂ ਤਕ ਵੀ ਗਿਆ ਹਾਂ। ਮੈਂ ਅੱਠ ਸਾਲ ਦੀ ਉਮਰ ਵਿਚ ਪਹਿਲੀ ਫ਼ਿਲਮ ‘ਨਾਦਾਨ’ ਦੇਖੀ ਸੀ। ਉਸਦਾ ਇਕ ਗੀਤ ਸੀ ‘ਐ ਬਾਦਲ ਝੂਮ ਕੇ ਚੱਲ’। ਬਸ ਇਸ ਗੀਤ ਤੋਂ ਮੈਨੂੰ ਗੀਤਾਂ ਦਾ ਅਜਿਹਾ ਸ਼ੌਕ ਚੜ੍ਹਿਆ ਕਿ ਇਸ ਕਾਰਨ ਮੇਰਾ ਪੜ੍ਹਾਈ ਵਿਚ ਵੀ ਮਨ ਨ੍ਹੀਂ ਲੱਗਿਆ। ਫਿਰ ਕੱਪੜੇ ਪ੍ਰੈੱਸ ਕਰਨ ਤੇ ਕੱਪੜੇ ਧੋਣ ਦਾ ਆਪਣਾ ਕੰਮ ਈ ਸ਼ੁਰੂ ਕਰ ਲਿਆ। ਪਹਿਲਾਂ ਨਹਿਰਾਂ ’ਤੇ ਕੱਪੜੇ ਧੋ ਕੇ ਲਿਆਉਣੇ। ਇੱਥੇ ਬੱਸ ਸਟੈਂਡ ਨੇੜੇ ਸੂਆ ਜਾਂਦਾ ਸੀ। ਉੱਥੇ ਲੋਕੀਂ ਨਹਾਉਂਦੇ ਤੇ ਕੱਪੜੇ ਧੋਂਦੇ ਹੁੰਦੇ ਸੀ। ਜਦੋਂ ਸੜਕਾਂ ਚੌੜੀਆਂ ਹੋਈਆਂ ਤਾਂ ਉਹ ਸੂਏ ਬੰਦ ਕਰ ਦਿੱਤੇ। ਉਥੋਂ ਪਾਣੀ ਲੈ ਕੇ ਅਸੀਂ ਕੱਪੜੇ ਧੋਂਦੇ ਸੀ। ਫਿਰ ਕੋਲੇ ਵਾਲੀ ਪਿੱਤਲ ਦੀ ਭਾਰੀ ਪ੍ਰੈੱਸ ਨਾਲ ਕੱਪੜੇ ਪ੍ਰੈੱਸ ਕਰਦੇ ਸੀ। ਯੂਨੀਵਰਸਿਟੀ ਵਿਚ ਮੈਨੂੰ ਨੌਕਰੀ ਵੀ ਮਿਲੀ ਗਈ ਸੀ, ਪਰ ਮੈਂ ਛੱਡ ਆਇਆ ਸੀ। ਸਾਡੇ ਪਰਿਵਾਰ ਵਾਲੇ ਹੈਦਰਾਬਾਦ, ਪਾਕਿਸਤਾਨ ਦੇ ਰਹਿਣ ਵਾਲੇ ਸੀ। ਉੱਥੇ ਉਹ ਖੇਤੀਬਾੜੀ ਦਾ ਕੰਮ ਕਰਦੇ ਸੀ। ਮੂਲ ਤੌਰ ’ਤੇ ਅਸੀਂ ਮਾਰਵਾੜੀ ਆਂ। ਪਹਿਲਾਂ ਅਸੀਂ ਜੈਪੁਰ ਗਏ, ਪਰ ਫਿਰ ਪਟਿਆਲਾ ਆ ਗਏ। ਮੈਂ 17 ਸਾਲ ਦੀ ਉਮਰ ’ਚ ਇਹ ਕੰਮ ਸ਼ੁਰੂ ਕੀਤਾ ਸੀ। ਪਹਿਲਾਂ ਕੋਲਿਆਂ ਵਾਲੀਆਂ ਪ੍ਰੈੱਸਾਂ ਹੁੰਦੀਆਂ ਸੀ, ਫਿਰ ਬਿਜਲੀ ਵਾਲੀਆਂ ਆ ਗਈਆਂ। ਹੁਣ ਤਾਂ ਸਟੀਮ ਵਾਲੀਆਂ ਵੀ ਆ ਗਈਆਂ। ਮੇਰੀ ਇਹ ਪ੍ਰੈੱਸ ਅੱਠ ਕਿੱਲੋ ਦੀ ਐ। ਮੇਰਾ ਕੰਮ ਬਹੁਤ ਵਧੀਆ ਚੱਲਦਾ, ਪਰ ਮੇਰਾ ਮੁੰਡਾ ਇਸ ਕੰਮ ਵਿਚ ਨਹੀਂ ਪਿਆ। ਉਹ ਦਿੱਲੀ ਵਿਚ ਕੰਮ ਕਰਦਾ ਹੈ। ਮੇਰੀ ਪਤਨੀ ਸਰਿਤਾ ਮੇਰੇ ਨਾਲ ਕੰਮ ਕਰਾਉਂਦੀ ਐ। ਸਤਦੀਪ ਗਿੱਲ 9465155746

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All