ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ

ਮਨਪ੍ਰੀਤ ਕੌਰ ਮੋਗਾ

ਸੋਸ਼ਲ ਮੀਡੀਆ ਨੂੰ ਅੱਜ-ਕੱਲ੍ਹ ਵੱਖ-ਵੱਖ ਐਪਸ ਰਾਹੀਂ ਵੱਡੇ ਪੱਧਰ ’ਤੇ ਹਰ ਬੱਚੇ-ਬੁੱਢੇ ਵੱਲੋਂ ਵਰਤਿਆ ਜਾਂਦਾ ਹੈ। ਸੋਸ਼ਲ ਮੀਡੀਆ ਐਪਸ ਜਿਵੇਂ ਟਵਿੱਟਰ, ਵਟਸਐਪ, ਸਨੈਪਚੈਟ, ਇੰਸਟਾਗਰਾਮ ਤੇ ਫੇਸਬੁੱਕ ਆਦਿ ਹਰ ਵਰਗ ਵੱਲੋਂ ਵਰਤੇ ਜਾਂਦੇ ਹਨ, ਇਹ ਜਿਥੇ ਇਕ-ਦੂਜੇ ਨਾਲ ਰਾਬਤਾ ਬਣਾਉਣਾ ਬਹੁਤ ਜ਼ਿਆਦਾ ਆਸਾਨ ਕਰਦੇ ਹਨ, ਉਥੇ ਵੱਖ-ਵੱਖ ਸਮੱਸਿਆਵਾਂ ਦਾ ਕਾਰਨ ਵੀ ਬਣ ਰਹੇ ਹਨ ਅਤੇ ਇਸ ਕਾਰਨ ਕਈ ਵਾਰ ਵਰਤੋਂਕਾਰ ਖ਼ਾਸਕਰ ਨੌਜਵਾਨ ਮੁੰਡੇ-ਕੁੜੀਆਂ ਧੋਖਿਆਂ ਤੇ ਠੱਗੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਤੇ ਕਈ ਵਾਰ ਤਾਂ ਉਨ੍ਹਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਇਨ੍ਹਾਂ ਐਪਸ ਰਾਹੀ ਨੌਜਵਾਨ ਮੁੰਡੇ-ਕੁੜੀਆਂ ਦੀ ਦੋਸਤੀ ਪੈ ਜਾਂਦੀ ਹੈ। ਕਈ ਵਾਰ ਕੁੜੀਆਂ ਅਜਿਹੇ ਸੋਸ਼ਲ ਮੀਡੀਆ ਦੋਸਤਾਂ ਨੂੰ ਮਿਲਣ ਚਲੇ ਗਈਆਂ ਤੇ ਸਮੂਹਿਕ-ਬਲਾਤਕਾਰ ਵਰਗੇ ਜੁਰਮਾਂ ਦਾ ਸ਼ਿਕਾਰ ਹੋਈਆਂ ਜਾਂ ਮੁੰਡਿਆਂ ਦੀ ਵੀ ਦੋਸਤ ਕੁੜੀਆਂ ਨੂੰ ਮਿਲਣ ਜਾਣ ’ਤੇ ਹੱਤਿਆ ਆਦਿ ਹੋ ਜਾਣ ਦੀਆਂ ਖ਼ਬਰਾਂ ਮਿਲੀਆਂ। ਅਜਿਹਾ ਅਕਸਰ ਠੱਗਾਂ ਤੇ ਹੋਰ ਅਪਰਾਧੀਆਂ ਵੱਲੋਂ ਫੇਕ ਭਾਵ ਫ਼ਰਜ਼ੀ ਆਈਡੀਜ਼ ਬਣਾ ਕੇ ਮੁੰਡੇ-ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਣ ਨਾਲ ਵਾਪਰਦਾ ਹੈ। ਕਈ ਵਾਰ ਇਨ੍ਹਾਂ ਐਪਸ ’ਤੇ ਮੁੰਡੇ ਹੀ ਕੁੜੀਆਂ ਬਣ ਕੇ ਮੁੰਡਿਆਂ ਨਾਲ ਗੱਲਾਂ ਕਰਦੇ ਹਨ ਤੇ ਦੋਸਤ ਬਣ ਜਾਂਦੇ ਹਨ। ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਜਾਂਦੀ ਹੈ। ਫਿਰ ਫਰਜ਼ੀ ਆਈਡੀ ਵਾਲਾ ਕੁੜੀ ਬਣਿਆ ਮੁੰਡਾ ਕਿਸੇ ਬਹਾਨੇ ਜਿਵੇਂ ਕਾਲਜ ਦੀ ਫੀਸ ਭਰਨ ਆਦਿ ਲਈ ਦੂਜੇ ਮੁੰਡੇ ਤੋਂ ਆਪਣੇ ਖਾਤਿਆਂ ’ਚ ਰੁਪਏ ਮੰਗਵਾਉਣੇ ਸ਼ੁਰੂ ਕਰ ਦਿੰਦਾ ਹੈ। ਜਦੋਂ ਰੁਪਏ ਭੇਜਣ ਵਾਲਾ ਆਪਣੀ ਦੋਸਤ ਨੂੰ ਮਿਲਣ ਆਉਣ ਲਈ ਕਹਿੰਦਾ ਹੈ ਤਾਂ ਫਰਜ਼ੀ ਆਈਡੀ ਵਾਲਾ ਘਰਦਿਆਂ ਤੇ ਸਮਾਜ ਦਾ ਹਵਾਲਾ ਦੇ ਕੇ ਕਿ ਉਸਦੇ ਪਾਪਾ ਬਹੁਤ ਗੁੱਸੇ ਵਾਲੇ ਹਨ ਜਾਂ ਉਸ ਦੇ ਭਰਾ ਉਸ ਨੂੰ ਮਾਰ ਦੇਣਗੇ, ਮਿਲਣ ਤੋਂ ਟਾਲਾ ਵੱਟਦਾ ਹੈ। ਵਿਆਹ ਲਈ ਕਹਿਣ ’ਤੇ ਤਾਂ ਆਖ਼ਰ ਫਰਜ਼ੀ ਆਈਡੀ ਹੀ ਬੰਦ ਹੋ ਜਾਂਦੀ ਹੈ। ਹਜ਼ਾਰਾਂ ਨੌਜਵਾਨਾਂ ਨਾਲ ਅਜਿਹੀਆਂ ਠੱਗੀਆਂ ਸੋਸ਼ਲ ਮੀਡੀਆ ਰਾਹੀਂ ਹੋ ਰਹੀਆਂ ਹਨ। ਅਜਿਹੇ ਖ਼ਤਰਿਆਂ ਤੋਂ ਬਚਣ ਸਾਨੂੰ ਇਨ੍ਹਾਂ ਐਪਸ ’ਤੇ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਖ਼ਬਰਦਾਰ ਕਰਦੇ ਰਹਿਣਾ ਚਾਹੀਦਾ ਹੈ, ਸਗੋਂ ਜਿੰਨਾ ਹੋ ਸਕੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਅਕਸਰ ਆਖਿਆ ਹੀ ਜਾਂਦਾ ਹੈ ਕਿ ਬਚਾਅ ਵਿਚ ਹੀ ਬਚਾਅ ਹੈ। ਸੋਸ਼ਲ ਮੀਡੀਆ ਕਾਰਨ ਨਾ ਸਿਰਫ਼ ਨੌਜਵਾਨਾਂ ਨੂੰ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ, ਸਗੋਂ ਉਨ੍ਹਾਂ ਦੇ ਸਮੇਂ ਦੀ ਭਾਰੀ ਬਰਬਾਦੀ ਵੀ ਹੋ ਰਹੀ ਹੈ, ਜਦੋਂਕਿ ਨੌਜਵਾਨ ਇਹੋ ਸਮਾਂ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਰਤ ਸਕਦੇ ਹਨ।

*ਵਿਦਿਆਰਥਣ ਮਾਸ ਕਮਿਊਨੀਕੇਸ਼ਨ -ਕੋਟਲਾ ਮਿਹਰ ਸਿੰਘ, ਮੋਗਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All