ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ

ਵਿਜੈ ਸਾਂਪਲਾ

ਸੋਮ ਪ੍ਰਕਾਸ਼

ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ਹੀ ‘ਕਮਲ’ ਖਿੜਾਉਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਸੋਮ ਪ੍ਰਕਾਸ਼ ਆਪਣੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਅਤੇ ਵਿਜੇ ਸਾਂਪਲਾ ਆਪਣੇ ਪੁੱਤਰ ਸਾਹਿਲ ਸਾਂਪਲਾ ਨੂੰ ਟਿਕਟ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਵੀ ਫਗਵਾੜੇ ਤੋਂ ਟਿਕਟ ਹਾਸਲ ਕਰਨ ਲਈ ਦਿੱਲੀ ’ਚ ਡੇਰੇ ਲਾਏ ਹੋਏ ਹਨ। ਰਾਜੇਸ਼ ਬਾਘਾ ਜਲੰਧਰ ਦੇ ਪਿੰਡ ਬੋਲੀਨਾ ਦੋਆਬਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਫਗਵਾੜੇ ਵਿਚ ਉਨ੍ਹਾਂ ਦੀ ਸਰਗਰਮੀ ਲਗਾਤਾਰ ਰਹੀ ਹੈ। ਭਾਜਪਾ ਆਗੂਆਂ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਉਚੇਚੇ ਤੌਰ ’ਤੇ ਮੀਟਿੰਗ ਰੱਖੀ ਗਈ ਸੀ ਤਾਂ ਜੋ ਲੋਕਾਂ ਨੂੰ ਧਾਰਾ 370 ਅਤੇ 35 ਏ ਦੇ ਹਟਾਏ ਜਾਣ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਦੌਰਾਨ ਭਾਜਪਾ ਦੇ ਆਗੂ ਦੱਬੀ ਜ਼ੁਬਾਨ ਵਿਚ ਫਗਵਾੜਾ ਉਪ ਚੋਣ ਦੀ ਚਰਚਾ ਵੀ ਕਰਦੇ ਰਹੇ। ਜ਼ਿਕਰਯੋਗ ਹੈ ਕਿ ਫਗਵਾੜਾ ਤੋਂ ਲਗਾਤਾਰ ਦੋ ਵਾਰ ਸੋਮ ਪ੍ਰਕਾਸ਼ ਚੋਣ ਜਿੱਤਦੇ ਆ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਦੀ ਲੋਕ ਸਭਾ ਚੋਣਾਂ ਦੌਰਾਨ ਟਿਕਟ ਕੱਟੀ ਗਈ ਸੀ।

ਹਰਿਆਣਾ ਚੋਣਾਂ ਅਕਾਲੀਆਂ ਨਾਲ ਰਲ ਕੇ ਹੀ ਲੜਾਂਗੇ: ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਹ ਪੁੱਛਣ ’ਤੇ ਕਿ ਕੀ ਹਰਿਆਣਾ ’ਚ ਅਕਾਲੀ ਦਲ, ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜ ਰਿਹਾ ਹੈ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਨਾਲ ਰਲ ਕੇ ਹੀ ਲੜਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਫਗਵਾੜਾ ਵਿਚ ਜਿਸ ਨੂੰ ਵੀ ਉਮੀਦਵਾਰ ਬਣਾਏਗੀ ਉਹ ਸਭ ਨੂੰ ਪ੍ਰਵਾਨ ਹੋਵੇਗਾ। ਪਾਰਟੀ ਦਾ ਇਕ ਧੜਾ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਨਵੇਂ ਚਿਹਰੇ ਨੂੰ ਉਤਾਰਨ ਦੀ ਵਕਾਲਤ ਕਰ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All