ਸੂਰਜ ਦੇਵਤਾ ਦਾ ਕਿਲ੍ਹਾ ਮਹਿਰਾਨਗਡ਼੍ਹ

ਸੈਰ ਸਫ਼ਰ

ਹਰਜਿੰਦਰ ਅਨੂਪਗੜ੍ਹ

ਜੋਧਪੁਰ ਰਾਜਸਥਾਨ ਦੇ ਵੱਡੇ ਸ਼ਹਿਰਾਂ ਵਿੱਚੋਂ ਪ੍ਰਮੁੱਖ ਹੈ। ਇਹ ਆਪਣੀ ਉੱਤਮ ਭਵਨ ਨਿਰਮਾਣ ਕਲਾ, ਮੂਰਤੀ ਕਲਾ, ਵਾਸਤੂ ਕਲਾ ਅਤੇ ਹਵੇਲੀਆਂ ਕਾਰਨ ਪ੍ਰਸਿੱਧ ਹੈ। ਜੋਧਪੁਰ ਨੂੰ ‘ਸਨ ਸਿਟੀ’ ਵੀ ਕਹਿੰਦੇ ਹਨ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਰਹਿੰਦੀਆਂ ਹਨ ਅਤੇ ਪੂਰਾ ਸਾਲ ਧੁੱਪ ਖਿੜੀ ਰਹਿੰਦੀ ਹੈ। ਇਸ ਨੂੰ ‘ਨੀਲਾ ਸ਼ਹਿਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਪਹਿਲਾਂ ਇੱਥੋਂ ਦੇ ਜ਼ਿਆਦਾਤਰ ਘਰਾਂ ਉੱਤੇ ਨੀਲਾ ਰੰਗ ਕੀਤਾ ਹੁੰਦਾ ਸੀ। ਅੱਜ ਵੀ ਮਹਿਰਾਨਗੜ੍ਹ ਕਿਲ੍ਹੇ ਤੋਂ ਦੇਖਦਿਆਂ ਆਲੇ-ਦੁਆਲੇ ਦੇ ਘਰ ਨੀਲੇ ਹੀ ਦਿਖਾਈ ਦਿੰਦੇ ਹਨ। ਜੋਧਪੁਰ ਦੀਆਂ ਕਈ ਇਤਿਹਾਸਕ ਇਮਾਰਤਾਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ ਜਿਵੇਂ ਮਹਿਰਾਨਗੜ੍ਹ ਕਿਲ੍ਹਾ,  ਜਸਵੰਤ ਥੜ੍ਹਾ, ਉਮੈਦ ਭਵਨ, ਘੰਟਾ ਘਰ ਆਦਿ। ਇਨ੍ਹਾਂ ਵਿੱਚੋਂ ਮਹਿਰਾਨਗਡ਼੍ਹ ਦਾ ਕਿਲ੍ਹਾ ਸਭ ਤੋਂ ਪ੍ਰਸਿੱਧ ਹੈ ਜੋ ਜੋਧਪੁਰ ਦੀ ਸ਼ਾਨ ਦਾ ਪ੍ਰਤੀਕ ਹੈ। ਅਸਲ ਵਿੱਚ ਮਹਿਰਾਨਗੜ੍ਹ ਸ਼ਬਦ ਸੰਸਕ੍ਰਿਤ ਦੇ ਦੋ ਸ਼ਬਦਾਂ ਮਿਹਿਰ (ਭਾਵ ਸੂਰਜ ਜਾਂ ਸੂਰਜ ਦੇਵਤਾ) ਅਤੇ ਗੜ੍ਹ (ਭਾਵ ਕਿਲ੍ਹਾ) ਤੋਂ ਮਿਲ ਕੇ ਬਣਿਆ ਹੈ। ਇਸ ਤਰ੍ਹਾਂ ਮਹਿਰਾਨਗਡ਼੍ਹ ਦਾ ਭਾਵ ਹੈ ਸੂਰਜ ਕਿਲ੍ਹਾ ਜਾਂ ਸੂਰਜ ਦੇਵਤਾ ਦਾ ਕਿਲ੍ਹਾ। ਰਾਠੌਰ ਰਾਜ ਵੰਸ਼ ਦਾ ਮੁੱਖ ਦੇਵਤਾ ਸੂਰਜ ਸੀ। ਇਸ ਲਈ ਆਪਣੇ ਕੁਲ ਦੇਵਤੇ ਦੇ ਸਨਮਾਨ ਵਜੋਂ ਰਾਓ ਜੋਧਾ ਜੀ ਨੇ ਇਸ ਕਿਲ੍ਹੇ ਨੂੰ ਮਿਹਿਰਗੜ੍ਹ ਦਾ ਨਾਂ ਦਿੱਤਾ। ਹੌਲੀ ਹੌਲੀ ਵਿਗੜ ਕੇ ਮਿਹਿਰਗੜ੍ਹ ਤੋਂ ਇਸ ਦਾ ਨਾਂ ਮਹਿਰਾਨਗੜ੍ਹ ਪੈ ਗਿਆ। ਜੋਧਪੁਰ ਸ਼ਹਿਰ ਦੇ ਵਿਚਕਾਰ 410 ਫੁੱਟ ਉੱਚੀ ਚੱਟਾਨੀ ਪਹਾੜੀ ’ਤੇ ਸੁਸ਼ੋਭਿਤ ਮਹਿਰਾਨਗੜ੍ਹ ਕਿਲ੍ਹਾ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਹੇਠਾਂ ਤੋਂ ਕਿਲ੍ਹੇ ਤਕ ਜਾਣ ਵਾਲੀ ਘੁਮਾਓਦਾਰ ਸੜਕ ਦਾ ਦ੍ਰਿਸ਼ ਬਹੁਤ ਹੀ ਦਿਲ ਲੁਭਾਵਣਾ ਨਜ਼ਰ ਆਉਂਦਾ ਹੈ। ਇਸ ਕਿਲ੍ਹੇ ਦਾ ਨਿਰਮਾਣ 1459 ਵਿੱਚ ਮਾਰਵਾੜ ਰਾਜ ਦੇ ਮਹਾਰਾਜਾ ਰਾਓ ਜੋਧਾ ਜੀ ਨੇ ਕਰਵਾਇਆ ਸੀ। ਇਸ ਤੋਂ ਪਹਿਲਾਂ ਮਾਰਵਾੜ ਰਾਜ ਦੀ ਰਾਜਧਾਨੀ ਜੋਧਪੁਰ ਤੋਂ ਦਸ ਕਿਲੋਮੀਟਰ ਦੂਰ ਮੰਦੋਰ ਵਿਖੇ ਹੁੰਦੀ ਸੀ, ਪਰ ਇੱਕ ਹਜ਼ਾਰ ਸਾਲ ਪੁਰਾਣੇ ਮੰਦੋਰ ਦੇ ਕਿਲ੍ਹੇ ਦੀ ਹਾਲਤ ਹੌਲੀ ਹੌਲੀ ਵਿਗੜਨ ਲੱਗ ਪਈ ਸੀ। ਇਸੇ ਕਾਰਨ ਰਾਓ ਜੋਧਾ ਜੀ ਨੇ ਸੁਰੱਖਿਆ ਦੇ ਮੱਦੇਨਜ਼ਰ ਮੰਦੋਰ ਦੀ ਬਜਾਏ ਜੋਧਪੁਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਸ਼ਹਿਰ ਦੇ ਐਨ ਵਿਚਕਾਰ ਉੱਚੀ ਥਾਂ ’ਤੇ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ ਗਿਆ ਤਾਂ ਜੋ ਦੁਸ਼ਮਣ ਦੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਜਾ ਸਕੇ। ਮਹਿਰਾਨਗੜ੍ਹ ਕਿਲ੍ਹਾ ਰਾਜਸਥਾਨ ਦੇ ਵੱਡੇ ਤੇ ਮਜ਼ਬੂਤ ਕਿਲ੍ਹਿਆਂ ਵਿੱਚੋਂ ਇੱਕ ਹੈ ਜੋ ਤਕਰੀਬਨ ਪੰਜ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਕਿਲ੍ਹੇ ਦੇ ਚਾਰੇ ਪਾਸੇ ਬਣੀਆਂ ਮਜ਼ਬੂਤ ਕੰਧਾਂ 118 ਫੁੱਟ ਉੱਚੀਆਂ ਅਤੇ 69 ਫੁੱਟ ਚੌੜੀਆਂ ਹਨ। ਕਿਲ੍ਹੇ ਅੰਦਰ ਦਾਖਲ ਹੋਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਜੈ ਪੋਲ, ਫਤਹਿ ਪੋਲ, ਅਤੇ ਲੋਹਾ ਪੋਲ ਪ੍ਰਸਿੱਧ ਹਨ। ਜੈ ਪੋਲ ਦਾ ਨਿਰਮਾਣ ਮਹਾਰਾਜਾ ਮਾਨ ਸਿੰਘ ਨੇ 1806 ਵਿੱਚ ਜੈਪੁਰ ਤੇ ਬੀਕਾਨੇਰ ਦੀਆਂ ਸੈਨਾਵਾਂ ਉੱਤੇ ਆਪਣੀ ਜਿੱਤ ਦੀ ਖ਼ੁਸ਼ੀ ਵਜੋਂ ਕਰਵਾਇਆ ਸੀ। ਫਤਹਿ ਪੋਲ ਦੀ ਉਸਾਰੀ ਮਹਾਰਾਜਾ ਅਜੀਤ ਸਿੰਘ ਨੇ ਮੁਗ਼ਲਾਂ ਵਿਰੁੱਧ ਜਿੱਤ ਦੀ ਖ਼ੁਸ਼ੀ ਵਿੱਚ ਕਰਵਾਈ ਸੀ। ਮਹਿਰਾਨਗੜ੍ਹ ਕਿਲ੍ਹੇ ਦੇ ਮੁੱਖ ਕੰਪਲੈਕਸ ਦਾ ਆਖ਼ਰੀ ਦਰਵਾਜ਼ਾ ਲੋਹਾ ਪੋਲ ਹੈ। ਲੋਹਾ ਪੋਲ ਦੇ ਖੱਬੇ ਪਾਸੇ ਰਾਜਾ ਮਾਨ ਸਿੰਘ ਦੀਆਂ ਰਾਣੀਆਂ ਦੇ ਸਤੀ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ, ਜੋ 1843 ਵਿੱਚ ਆਪਣੇ ਪਤੀ ਦੇ ਅੰਤਿਮ ਸੰਸਕਾਰ ਸਮੇਂ ਉਸ ਦੀ ਚਿਤਾ ਵਿੱਚ ਹੀ ਸਤੀ ਹੋ ਗਈਆਂ ਸਨ। ਇਸ ਕਿਲ੍ਹੇ ਦਾ ਨਿਰਮਾਣ ਰਾਓ ਜੋਧਾ ਜੀ ਨੇ ਸ਼ੁਰੂ ਕਰਵਾਇਆ ਸੀ, ਪਰ ਕਿਲ੍ਹੇ ਦੇ ਮੌਜੂਦਾ ਢਾਂਚੇ ਦਾ ਜ਼ਿਆਦਾਤਰ ਹਿੱਸਾ ਮਹਾਰਾਜਾ ਜਸਵੰਤ ਸਿੰਘ (1639-1678) ਦੇ ਸਮੇਂ ਉਸਾਰਿਆ ਗਿਆ ਸੀ। ਕਿਲ੍ਹੇ ਦੇ ਖੱਬੇ ਪਾਸੇ ਕੀਰਤ ਸਿੰਘ ਸੋਢਾ ਨਾਂ ਦੇ ਜਾਂਬਾਜ਼ ਸੈਨਿਕ ਦੀ ਛੱਤਰੀ ਬਣੀ ਹੋਈ ਹੈ ਜੋ ਕਿਲ੍ਹੇ ਦੀ ਰੱਖਿਆ ਕਰਦਿਆਂ ਡਿੱਗ ਕੇ ਮਰ ਗਿਆ ਸੀ। ਕਿਲ੍ਹੇ ਦੀਆਂ ਵੱਖ ਵੱਖ ਇਮਾਰਤਾਂ ਉੱਤੇ ਕੀਤੀ ਨੱਕਾਸ਼ੀ, ਮੀਨਾਕਾਰੀ ਅਤੇ ਚਿੱਤਰਕਲਾ ਦੇ ਕਮਾਲ ਨੂੰ ਦੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ। ਕਿਲ੍ਹੇ ਅੰਦਰਲੇ ਅਜਾਇਬਘਰ ਵਿੱਚ ਰਾਠੌਰ ਵੰਸ਼ ਨਾਲ ਸਬੰਧਿਤ ਹਥਿਆਰ, ਵਸਤਰ, ਪਾਲਕੀਆਂ, ਪੰਘੂੜੇ, ਬਰਤਨ, ਚਿੱਤਰ, ਫਰਨੀਚਰ, ਗਹਿਣੇ ਅਤੇ ਹੌਦੇ ਆਦਿ ਅਨੇਕਾਂ ਇਤਿਹਾਸਕ  ਚੀਜ਼ਾਂ ਸੰਭਾਲੀਆਂ ਪਈਆਂ ਹਨ। ਕਿਲੇ ਅੰਦਰ ਜਾਣ ਤੋਂ ਪਹਿਲਾਂ ਕਤਾਰ ਵਿੱਚ ਲੱਗ ਕੇ ਕਾਊਂਟਰ ਤੋਂ ਟਿਕਟ ਲੈਣੀ ਪੈਂਦੀ ਹੈ ਜੋ ਪਹਿਲੇ ਦਰਵਾਜ਼ੇ ਉੱਤੇ ਹੀ ਬਣਿਆ ਹੋਇਆ ਹੈ। ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਲਈ ਵੱਖੋ-ਵੱਖਰੇ ਕਾਊਂਟਰ ਬਣੇ ਹੋਏ ਹਨ। ਉੱਪਰ ਤਕ ਜਾਣ ਲਈ ਲਿਫਟ ਦਾ ਪ੍ਰਬੰਧ ਵੀ ਹੈ ਜਿਸ ਦੀ ਅਲੱਗ ਤੋਂ ਟਿਕਟ ਲੈਣੀ ਪੈਂਦੀ ਹੈ, ਪਰ ਤੁਰ ਫਿਰ ਕੇ ਕਿਲ੍ਹਾ ਦੇਖਣ ਦਾ ਆਪਣਾ ਹੀ ਮਜ਼ਾ ਹੈ। ਜੈਪੁਰ ਦੀ ਫ਼ੌਜ ਨਾਲ ਯੁੱਧ ਸਮੇਂ ਹੋਈ ਗੋਲਾਬਾਰੀ ਦੇ ਨਿਸ਼ਾਨ ਕਿਲ੍ਹੇ ਦੇ ਦੂਜੇ ਦਰਵਾਜ਼ੇ ਉੱਪਰ ਦੇਖੇ ਜਾ ਸਕਦੇ ਹਨ। ਕਿਲ੍ਹੇ ਦੇ ਅੰਦਰ ਦਾਖਲ ਹੁੰਦਿਆਂ ਹੀ ਸਥਾਨਕ ਕਲਾਕਾਰ ਆਪਣੇ ਗੀਤਾਂ ਅਤੇ ਸੰਗੀਤਕ ਧੁਨਾਂ ਨਾਲ ਸੈਲਾਨੀਆਂ ਦਾ ਸਵਾਗਤ ਕਰਦੇ ਹਨ, ਜੋ ਸਾਰੰਗੀ ਤੇ ਬੈਂਜੋ ਵਰਗੇ ਰਵਾਇਤੀ ਸਾਜ਼ਾਂ ਨਾਲ ਮੰਤਰ ਮੁਗਧ ਕਰ ਦੇਣ ਵਾਲਾ ਸੰਗੀਤ ਪੈਦਾ ਕਰਦੇ ਹਨ। ਵੱਖ ਵੱਖ ਦਰਵਾਜ਼ਿਆਂ ਵਿੱਚੋਂ ਲੰਘਣ ਪਿੱਛੋਂ ਅੱਗੇ ਜਾ ਕੇ ਅਜਾਇਬਘਰ ਵਿੱਚ ਪਹੁੰਚ ਜਾਂਦੇ ਹਾਂ।

ਮਹਿਰਾਨਗੜ੍ਹ ਦਾ ਅਜਾਇਬਘਰ

ਮਹਿਰਾਨਗੜ੍ਹ ਦਾ ਅਜਾਇਬ ਘਰ ਸੈਲਾਨੀਆਂ ਲਈ ਖਿੱਚ ਦਾ ਪ੍ਰਮੁੱਖ ਕੇਂਦਰ ਹੈ। ਇਹ ਅਜਾਇਬਘਰ ਰਾਠੌਰ ਰਾਜਪੂਤਾਨੇ ਦੇ ਸਾਢੇ ਪੰਜ ਸੌ ਸਾਲ ਪੁਰਾਣੇ ਸੱਭਿਆਚਾਰ, ਪਹਿਰਾਵੇ, ਸੈਨਿਕ ਸ਼ਕਤੀ, ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਭਵਨ ਨਿਰਮਾਣ ਕਲਾ, ਚਿੱਤਰਕਲਾ, ਮਨੋਰੰਜਨ ਆਦਿ ਦਾ ਪ੍ਰਤੱਖ ਗਵਾਹ ਹੈ। ਇਸ ਅਜਾਇਬਘਰ ਦਾ ਸੰਚਾਲਨ ਮਹਿਰਾਨਗੜ੍ਹ ਮਿਊਜ਼ੀਅਮ ਟਰੱਸਟ ਦੁਆਰਾ ਕੀਤਾ ਜਾਂਦਾ ਹੈ। ਇਸ ਟਰੱਸਟ ਦਾ ਨਿਰਮਾਣ ਰਾਠੌਰ ਵੰਸ਼ ਦੇ 36ਵੇਂ ਸ਼ਾਸਕ ਮਹਾਰਾਜਾ ਗਜ ਸਿੰਘ ਨੇ 1972 ਵਿੱਚ ਕੀਤਾ ਸੀ ਤਾਂ ਜੋ ਮਹਿਰਾਨਗੜ੍ਹ ਕਿਲ੍ਹੇ ਦਾ ਇਤਿਹਾਸਕ ਵਸਤਾਂ ਦਾ ਸੰਗ੍ਰਹਿ ਸੈਲਾਨੀਆਂ ਦੇ ਦੇਖਣ ਲਈ ਸਾਂਭ ਕੇ ਰੱਖਿਆ ਜਾ ਸਕੇ। ਅਜਾਇਬਘਰ ਦੇ ਵੱਖ ਵੱਖ ਸੈਕਸ਼ਨਾਂ ਵਿੱਚ ਅਲੱਗ ਅਲੱਗ ਵਸਤਾਂ ਸੈਲਾਨੀਆਂ ਦੇ ਦੇਖਣ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਵੱਖ ਵੱਖ ਮਹਿਲਾਂ ਅਤੇ ਸੈਕਸ਼ਨਾਂ ਬਾਰੇ ਸੰਖੇਪ ਜਾਣਕਰੀ ਇਉਂ ਹੈ: ਮੋਤੀ ਮਹਿਲ: ਇਹ ਮਹਿਰਾਨਗੜ੍ਹ ਦੇ ਇਤਿਹਾਸਕ ਮਹਿਲਾਂ ਵਿੱਚੋਂ ਪ੍ਰਮੁੱਖ ਅਤੇ ਸਭ ਤੋਂ ਵੱਡਾ ਮਹਿਲ ਹੈ ਜਿਸ ਨੂੰ ‘ਦਿ ਪਰਲ ਪੈਲੇਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਨਿਰਮਾਣ ਰਾਜਾ ਸੂਰ ਸਿੰਘ ਨੇ ਕਰਵਾਇਆ। ਸ਼ੀਸ਼ ਮਹਿਲ: ਇਹ ਵੀ ਰਾਜਪੂਤ ਭਵਨ ਨਿਰਮਾਣ ਕਲਾ ਦਾ ਠੇਠ ਤੇ ਉੱਤਮ ਨਮੂਨਾ ਹੈ ਜਿਸ ਉੱਤੇ ਸ਼ੀਸ਼ਿਆਂ ਦਾ ਸ਼ਾਨਦਾਰ ਕੰਮ ਕੀਤਾ ਗਿਆ ਹੈ। ਇਸ ਵਿੱਚ ਬਹੁਤ ਹੀ ਮਨਮੋਹਕ ਧਾਰਮਿਕ ਆਕ੍ਰਿਤੀਆਂ ਦੁਆਰਾ ਸਜਾਵਟ ਕੀਤੀ ਹੋਈ ਹੈ। ਫੂਲ ਮਹਿਲ: ਇਸ ਦੀ ਉਸਾਰੀ ਮਹਾਰਾਜਾ ਅਭੈ ਸਿੰਘ ਨੇ ਕਰਵਾਈ ਸੀ। ਇਸ ਨੂੰ ਖ਼ੂਬਸੂਰਤ ਚਿੱਤਰਾਂ ਅਤੇ ਸੋਨੇ ਦੇ ਪੱਤਰਾਂ ਨਾਲ ਸਜਾਇਆ ਗਿਆ ਸੀ। ਇਸ ਦੀ ਛੱਤ ਉੱਤੇ ਸੋਨੇ ਦੀ ਬਹੁਤ ਹੀ ਸੁੰਦਰ ਅਤੇ ਮਹੀਨ ਕਾਰੀਗਰੀ ਕੀਤੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਸ ਛੱਤ ਵਾਸਤੇ ਵਰਤਿਆ ਗਿਆ ਸੋਨਾ ਮੁਗ਼ਲ ਜੋਧਾ ਸਰਬੁਲੰਦ ਖ਼ਾਨ ਨੂੰ ਹਰਾਉਣ ਪਿੱਛੋਂ ਅਹਿਮਦਾਬਾਦ ਤੋਂ ਲੁੱਟ ਕੇ ਲਿਆਂਦਾ ਗਿਆ ਸੀ। ਤਖਤ ਵਿਲਾਸ: ਇਹ ਮਹਾਰਾਜਾ ਤਖਤ ਸਿੰਘ ਨੇ ਬਣਵਾਇਆ ਸੀ ਅਤੇ ਉਸ ਦੇ ਰਾਜ ਕਾਲ ਦੌਰਾਨ ਸ਼ਾਹੀ ਰਿਹਾਇਸ਼ ਵੀ ਇਸੇ ਮਹਿਲ ਵਿੱਚ ਹੁੰਦੀ ਸੀ। ਮਹਾਰਾਜਾ ਤਖਤ ਸਿੰਘ ਮਹਿਰਾਨਗੜ੍ਹ ਕਿਲ੍ਹੇ ਅੰਦਰ ਰਹਿਣ ਵਾਲਾ ਜੋਧਪੁਰ ਦਾ ਆਖ਼ਰੀ ਸ਼ਾਸਕ ਸੀ। ਇਸ ਮਹਿਲ ਦੀਆਂ ਕੰਧਾਂ ਅਤੇ ਛੱਤ ਨੂੰ ਵੀ ਸ਼ਾਨਦਾਰ ਚਿੱਤਰਾਂ ਨਾਲ ਸਜਾਇਆ ਹੋਇਆ ਹੈ। ਝਾਂਕੀ ਮਹਿਲ: ਝਾਂਕੀ ਮਹਿਲ ਵਿੱਚ ਸ਼ਾਹੀ ਝੂਲਿਆਂ ਦਾ ਬਹੁਤ ਵੱਡਾ ਭੰਡਾਰ ਮੌਜੂਦ ਹੈ ਜਿਨ੍ਹਾਂ ਨੂੰ ਸੋਨੇ ਦੇ ਪੱਤਰਾਂ, ਸ਼ੀਸ਼ੇ ਅਤੇ ਪਰੀਆਂ, ਹਾਥੀਆਂ ਤੇ ਪੰਛੀਆਂ ਦੇ ਚਿੱਤਰਾਂ ਨਾਲ ਸਜਾਇਆ ਹੋਇਆ ਹੈ। ਇੱਥੇ ਖੜ੍ਹ ਕੇ ਪੱਥਰ ਦੀ ਜਾਲੀ ਵਿੱਚੋਂ ਸ਼ਾਹੀ ਪਰਿਵਾਰ ਦੀਆਂ ਔਰਤਾਂ ਦਰਬਾਰ ਅਤੇ ਵਿਹੜੇ ਦੀਆਂ ਗਤੀਵਿਧੀਆਂ ਨੂੰ ਤੱਕਦੀਆਂ ਸਨ। ਅਸਲਾਖਾਨਾ: ਮਹਿਰਾਨਗੜ੍ਹ ਦੇ ਅਜਾਇਬਘਰ ਵਿੱਚ ਰਾਠੌਰ ਰਾਜਪੂਤ ਰਾਜਿਆਂ ਦੇ ਹਥਿਆਰ ਮੌਜੂਦ ਹਨ। ਇਨ੍ਹਾਂ ਵਿੱਚ ਸੋਨੇ ਤੇ ਚਾਂਦੀ ਦੇ ਮੁੱਠਿਆਂ ਵਾਲੀਆਂ ਤਲਵਾਰਾਂ, ਖੰਜਰ, ਤੀਰਅੰਦਾਜ਼ਾਂ ਦੇ ਹਥਿਆਰ, ਚਾਂਦੀ ਅਤੇ ਸੋਨੇ ਨਾਲ ਸਜਾਏ ਲੋਹਟੋਪ, ਛੁਰੇ ਅਤੇ ਛੁਰੀਆਂ, ਚਮੜੇ ਦੀ ਦਸਤਕਾਰੀ ਕੀਤੀਆਂ ਢਾਲਾਂ, ਬੰਦੂਕਾਂ ਆਦਿ ਸ਼ਾਮਿਲ ਹਨ। ੲਿੱਥੇ ਰੱਖੇ ਹਥਿਆਰਾਂ ਵਿੱਚੋਂ ਰਾਓ ਜੋਧਾ ਦਾ ਖੰਡਾ, ਮੁਗ਼ਲ ਬਾਦਸ਼ਾਹ ਅਕਬਰ ਦੀ ਤਲਵਾਰ ਅਤੇ ਤੈਮੂਰ ਦੀ ਤਲਵਾਰ ਅਹਿਮ ਹਨ। ਪਾਲਕੀ ਗੈਲਰੀ: ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਸ਼ਾਹੀ ਤੇ ਕੁਲੀਨ ਵਰਗ ਦੀਆਂ ਔਰਤਾਂ ਲਈ ਪਾਲਕੀਆਂ ਸਫ਼ਰ ਦਾ ਮਹੱਤਵਪੂਰਨ ਸਾਧਨ ਸਨ ਜਿਨ੍ਹਾਂ ਵਿੱਚ ਬੈਠ ਕੇ ਉਹ ਰਾਜ ਦਾ ਦੌਰਾ ਕਰਦੀਆਂ ਸਨ। ਸ਼ਾਹੀ ਘਰਾਣੇ ਦੇ ਮਰਦ ਵੀ ਸਫ਼ਰ ਲਈ ਪਾਲਕੀ ਦੀ ਵਰਤੋਂ ਕਰਦੇ ਸਨ। ਮਹਿਰਾਨਗੜ੍ਹ ਦੇ ਅਜਾਇਬਘਰ ਵਿੱਚ ਪਾਲਕੀਆਂ ਦਾ ਬਹੁਤ ਵੱਡਾ ਭੰਡਾਰ ਮਿਲਦਾ ਹੈ ਜਿਨ੍ਹਾਂ ਉੱਤੇ ਲਾਖ ਦੀ ਅਤਿ ਸੁੰਦਰ ਰੰਗਾਈ ਕੀਤੀ ਗਈ ਹੈ। ਇੱਥੇ ਦੋ ਤਰ੍ਹਾਂ ਦੀਆਂ ਪਾਲਕੀਆਂ ਹਨ: ਪਰਦੇ ਵਾਲੀਆਂ ਪਾਲਕੀਆਂ ਤੇ ਖੁੱਲ੍ਹੀਆਂ ਪਾਲਕੀਆਂ। ਪਰਦੇ ਵਾਲੀਆਂ ਪਾਲਕੀਆਂ ਔਰਤਾਂ ਲਈ ਅਤੇ ਖੁੱਲ੍ਹੀਆਂ ਮਰਦਾਂ ਵਾਸਤੇ ਹੁੰਦੀਆਂ ਸਨ। ਪੰਘੂੜਾ ਗੈਲਰੀ: ਅਜਾਇਬਘਰ ਦੇ ਝਾਂਕੀ ਮਹਿਲ ਦੇ ਇੱਕ ਹਿੱਸੇ ਵਿੱਚ ਰਾਜਕੁਮਾਰਾਂ ਦੇ ਪੰਘੂੜੇ ਸੰਭਾਲੇ ਹੋਏ ਹਨ। ਸੈਲਾਨੀਆਂ ਦੀ ਜਾਣਕਾਰੀ ਲਈ ਹਰ ਪੰਘੂੜੇ ਨਾਲ ਉਸ ਵਿੱਚ ਖੇਡਣ ਵਾਲੇ ਰਾਜਕੁਮਾਰ ਦਾ ਨਾਂ ਵੀ ਲਿਖਿਆ ਹੋਇਆ ਹੈ। ਹੌਦਾਖਾਨਾ: ਹੌਦਾ ਉਹ ਖ਼ਾਸ ਸੀਟ ਹੁੰਦੀ ਹੈ ਜਿਸ ਉੱਤੇ ਬੈਠ ਕੇ ਹਾਥੀ ਦੀ ਸਵਾਰੀ ਕੀਤੀ ਜਾਂਦੀ ਸੀ।ਮ ਹਿਰਾਨਗੜ੍ਹ ਦਾ ਹੌਦਾਖਾਨਾ ਸ੍ਰੀਨਗਰ ਚੌਕੀ ਦੇ ਖੱਬੇ ਪਾਸੇ ਸਥਿਤ ਹੈ ਜਿਸ ਵਿੱਚ ਅਠਾਰਵੀਂ-ਉਨ੍ਹੀਵੀਂ ਸਦੀ ਦੇ ਸ਼ਾਨਦਾਰ ਹੌਦਿਆਂ ਦਾ ਭੰਡਾਰ ਹੈ। ਇੱਥੇ ਚਾਂਦੀ ਨਾਲ ਸਜਾਏ ਹੋਏ ਖ਼ੂਬਸੂਰਤ ਸ਼ਾਹੀ ਹੌਦੇ ਮੌਜੂਦ ਹਨ। ਇਨ੍ਹਾਂ ਵਿੱਚੋਂ ਚਾਂਦੀ ਦਾ ਇੱਕ ਬੇਸ਼ਕੀਮਤੀ ਹੌਦਾ ਖ਼ਾਸ ਇਤਿਹਾਸਕ ਮਹੱਤਤਾ ਰੱਖਦਾ ਹੈ। ਇਹ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਦੁਆਰਾ ਮਹਾਰਾਜਾ ਜਸਵੰਤ ਸਿੰਘ ਨੂੰ ਭੇਟ ਕੀਤਾ ਗਿਆ ਸੀ। ਚਿੱਤਰਕਲਾ ਗੈਲਰੀ: ਇਸ ਗੈਲਰੀ ਵਿੱਚ ਸਤਾਰਵੀਂ, ਅਠਾਰਵੀਂ ਅਤੇ ਉਨ੍ਹੀਵੀਂ ਸਦੀ ਦੀ ਰਾਜਪੂਤਾਨਾ ਅਤੇ ਮੁਗ਼ਲਾਂ ਸ਼ੈਲੀ ਦੇ ਚਿੱਤਰ ਸਾਂਭੇ ਹੋਏ ਹਨ। ਰਾਜਾ ਮਾਨ ਸਿੰਘ ਦੇ ਰਾਜ ਕਾਲ ਦੌਰਾਨ ਚਿੱਤਰਕਲਾ ਦਾ ਕਾਫ਼ੀ ਵਿਕਾਸ ਹੋਇਆ ਅਤੇ ਇਸ ਦੇ ਸਰੂਪ ਵਿੱਚ ਜ਼ਿਕਰਯੋਗ ਤਬਦੀਲੀ ਆਈ। ਉਸ ਤੋਂ ਪਹਿਲਾਂ ਦੇ ਜ਼ਿਆਦਾਤਰ ਚਿੱਤਰ ਧਾਰਮਿਕ ਹੀ ਹਨ, ਪਰ ਰਾਜਾ ਮਾਨ ਸਿੰਘ ਦੇ ਸਮੇਂ ਦੌਰਾਨ ਮਹਾਰਾਜੇ ਦੇ ਆਪਣੇ, ਉਸ ਦੇ ਵਫ਼ਾਦਾਰਾਂ ਅਤੇ ਰਾਣੀਆਂ ਦੇ ਦਰਜਨਾਂ ਚਿੱਤਰ ਮਿਲਦੇ ਹਨ।

ਚਾਮੁੰਡਾ ਦੇਵੀ ਦਾ ਇਤਿਹਾਸਕ ਮੰਦਿਰ

ਕਿਲ੍ਹੇ ਦੇ ਸਿਖਰ ਉੱਤੇ ਸਥਿਤ ਚਾਮੁੰਡਾ ਦੇਵੀ ਦਾ ਮੰਦਿਰ ਕਿਲ੍ਹੇ ਦੇ ਦੱਖਣੀ ਹਿੱਸੇ ਵਿੱਚ ਸਭ ਤੋਂ ਉੱਚੀ ਥਾਂ ’ਤੇ ਬਣਿਆ ਹੋਇਆ ਹੈ। ਕਿਲ੍ਹੇ ਦੀ ਛੱਤ ਉੱਤੇ ਸੁਸ਼ੋਭਿਤ ਇਹ ਮੰਦਿਰ ਮੂਰਤੀ ਕਲਾ ਅਤੇ ਭਵਨ ਨਿਰਮਾਣ ਕਲਾ ਦਾ ਬੇਮਿਸਾਲ ਨਮੂਨਾ ਹੈ ਜਿੱਥੋਂ ਪੂਰਾ ਜੋਧਪੁਰ ਦਿਖਾਈ ਦਿੰਦਾ ਹੈ। ਪਹਿਲਾਂ ਮਾਰਵਾੜ ਰਾਜ ਪ੍ਰਤੀਹਾਰ ਵੰਸ਼ ਅਧੀਨ ਹੁੰਦਾ ਸੀ ਅਤੇ ਚਾਮੁੰਡਾ ਦੇਵੀ ਪ੍ਰਤੀਹਾਰ ਵੰਸ਼ ਦੀ ਕੁਲ ਦੇਵੀ ਸੀ। ਬਾਅਦ ਵਿੱਚ ਰਾਠੌਰ ਰਾਜਵੰਸ਼ ਵੀ ਚਾਮੁੰਡਾ ਦੇਵੀ ਦਾ ਸ਼ਰਧਾਲੂ ਬਣ ਗਿਆ। ਰਾਓ ਜੋਧਾ ਵੀ ਚਾਮੁੰਡਾ ਦਾ ਭਗਤ ਸੀ। ਜਦੋਂ ਉਸ ਨੇ ਜੋਧਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਆਪਣੀ ਇਸ਼ਟ ਦੇਵੀ ਨੂੰ ਵੀ ਮਹਿਰਾਨਗੜ੍ਹ ਲੈ ਆਇਆ।

ਮਹਿਰਾਨਗੜ੍ਹ ਮਿਊਜ਼ੀਅਮ ਸ਼ੌਪ

ਮਹਿਰਾਨਗੜ੍ਹ ਮਿਊਜ਼ੀਅਮ ਸ਼ੌਪ ਭਾਰਤ ਦਾ ਇੱਕੋ-ਇੱਕ ਕਿੱਤਾਮੁਖੀ ਮਿਊਜ਼ੀਅਮ ਸਟੋਰ ਹੈ ਜਿਸ ਵਿੱਚ ਮਹਿਰਾਨਗੜ੍ਹ ਕਿਲ੍ਹੇ ਅਤੇ ਜੋਧਪੁਰ ਦੇ ਇਤਿਹਾਸ, ਸੱਭਿਆਚਾਰ, ਰਹਿਣ ਸਹਿਣ, ਪਹਿਰਾਵੇ ਅਤੇ ਰਾਜਨੀਤੀ ਨਾਲ ਸਬੰਧਿਤ ਪੁਸਤਕਾਂ, ਚਿੱਤਰ ਅਤੇ ਹੋਰ ਸਾਮਾਨ ਮੌਜੂਦ ਹੈ। ਇੱਥੋਂ ਬਾਹਰ ਨਿਕਲ ਕੇ ਦੂਜੇ ਪਾਸੇ ਮਹਿਰਾਨਗੜ੍ਹ ਦੀਆਂ ਤੋਪਾਂ ਅਤੇ ਕੈਦਖਾਨਾ ਹਨ। ਪੰਜ ਵਜੇ ਤੋਂ ਬਾਅਦ ਕਿਲ੍ਹੇ ਅੰਦਰ ਦਾਖਲਾ ਬੰਦ ਹੋ ਜਾਂਦਾ ਹੈ। ਇਸ ਕਿਲ੍ਹੇ ਅੰਦਰ ਰਾਠੌਰ ਰਾਜ ਘਰਾਣੇ ਦਾ ਸਾਢੇ ਪੰਜ ਸੌ ਸਾਲ ਪੁਰਾਣਾ ਸੱਭਿਆਚਾਰ, ਚਿੱਤਰਕਲਾ, ਮੂਰਤੀਕਲਾ, ਹਥਿਆਰਾਂ, ਕੱਪੜਿਆਂ ਅਤੇ ਸ਼ਾਹੀ ਘਰਾਣੇ ਦੀਆਂ ਵੱਖ ਵੱਖ ਵਸਤਾਂ ਦਾ ਵੱਡਾ ਸੰਗ੍ਰਹਿ ਸੰਭਾਲਿਆ ਹੋਇਆ ਹੈ।

ਸੰਪਰਕ: 95018-62600

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All