ਸੂਬਾ ਪੱਧਰੀ ਸਮਾਗਮ: 550 ਧੀਆਂ ਦੀ ਲੋਹੜੀ ਮਨਾਈ

ਨਵ-ਜੰਮੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ।

ਲਾਜਵੰਤ ਸਿੰਘ ਨਵਾਂਸ਼ਹਿਰ, 15 ਜਨਵਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਇੱਥੇ ਆਖਿਆ ਕਿ ਮਿਨੀ ਸਕੱਤਰੇਤ/ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸਾਂ ’ਚ ਕੰਮ-ਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਸੰਭਾਲ ਲਈ ਵਿਭਾਗ ਵੱਲੋਂ ‘ਕਰੈੱਚ’ ਸਥਾਪਤ ਕਰਨੇ ਵਿਚਾਰ ਅਧੀਨ ਹਨ। ਇਹ ਪ੍ਰਗਟਾਵਾ ਉਨ੍ਹਾਂ ਨੇ ਨਵਾਂਸ਼ਹਿਰ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਧੀਆਂ ਦੀ ਲੋਹੜੀ’ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ’ਚ ਅੱਜ ਨਵਾਂਸ਼ਹਿਰ ’ਚ ਵੀ 550 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸੂਬਾ ਪੱਧਰੀ ਸਮਾਗਮ ਦੌਰਾਨ 550 ਨਵ-ਜੰਮੀਆਂ ਧੀਆਂ ਨੂੰ ਬੇਬੀ ਕਿੱਟਸ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਨੂੰ ਦੋਸ਼ਾਲਾ, ਪੌਦਾ ਤੇ ਲੋਹੜੀ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ ਜਾਣਾ ਧੀਆਂ ਪ੍ਰਤੀ ਜਾਗਰੂਕਤਾ ਲਹਿਰ ਨੂੰ ਵੱਡਾ ਹੁਲਾਰਾ ਹੈ। ਇਸ ਮੌਕੇ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ, ਸਮਾਜਿਕ ਸੁਰੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਗੁਰਪ੍ਰੀਤ ਕੌਰ, ਵਿਸ਼ੇਸ਼ ਸਕੱਤਰ ਜਗਵਿੰਦਰਜੀਤ ਸਿੰਘ ਗਰੇਵਾਲ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐੱਸਐੱਸਪੀ ਅਲਕਾ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਹੋਰ ਮੌਜੂਦ ਸਨ। ਫਗਵਾੜਾ (ਪੱਤਰ ਪ੍ਰੇਰਕ): ਸਰਬ ਨੌਜਵਾਨ ਸਭਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ, ਸੀਡੀਪੀਓ ਦਫ਼ਤਰ ਅਤੇ ਲਵਲੀ ਯੂਨੀਵਰਸਿਟੀ ਦੇ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਗੁਰੂ ਨਾਨਕ ਨੇਤਰਹੀਣ ਮਿਸ਼ਨ ਆਸ਼ਰਮ ਸਪਰੋੜ ’ਚ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਿਲ ਹੋਏ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੜਕੀਆਂ ਦੀ ਲੋਹੜੀ ਪਾਈ ਗਈ ਹੈ ਉਨ੍ਹਾਂ ਨੂੰ ਲੋਹੜੀ ਦੇ ਸ਼ਗਨ ਵੱਜੋਂ ਮੂੰਗਫਲੀ, ਰੇਓੜੀਆਂ, ਪਿੰਨੀਆਂ ਤੇ ਸੂਟ ਦਿੱਤੇ ਗਏ ਹਨ। ਇਸ ਮੌਕੇ ਵੋਕੇਸ਼ਨਲ ਸੈਂਟਰ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪੰਜਾਬੀ ਗਾਇਕ ਮਨਮੀਤ ਮੇਵੀ ਅਤੇ ਜਸਬੀਰ ਮਾਹੀ ਨੇ ਵੀ ਗੀਤ ਸੁਣਾਏ।

ਰਿਆਤ ਇੰਸਟੀਚਿਊਟ ’ਚ ਹਵਨ ਬਲਾਚੌਰ (ਪੱਤਰ ਪ੍ਰੇਰਕ): ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਰੈਲਮਾਜਰਾ ਵਿੱਚ ਮਾਘੀ ਮਨਾਈ ਗਈ। ਡਾਇਰੈਕਟਰ ਡਾ. ਐੱਨਐੱਸ ਗਿੱਲ ਨੇ ਦੱਸਿਆ ਕਿ ਇਸ ਮੌਕੇ ਹਵਨ ਕਰਵਾਇਆ ਗਿਆ। ਪੰਡਿਤ ਅਨਿਲ ਸ਼ਰਮਾ ਲਹਿਰੀ ਸ਼ਾਹ ਮੰਦਰ ਰੋਪੜ ਨੇ ਮੰਤਰਾਂ ਦਾ ਉਚਾਰਨ ਕੀਤਾ। ਇਸ ਦੌਰਾਨ ਚੇਅਰਮੈਨ ਨਿਰਮਲ ਸਿੰਘ ਰਿਆਤ, ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਜਗਦੀਪ ਕੌਰ, ਡਾ ਹਰੀਸ਼ ਕੁੰਦਰਾ, ਇੰਜ. ਵਿਸ਼ਾਲ ਵਾਲੀਆ ਡਾ ਆਸ਼ੂਤੋਸ਼ ਸ਼ਰਮਾ, ਡਾ. ਪੱਲਵੀ ਪੰਡਿਤ, ਡਾ ਮੋਨਿਕਾ ਸ਼ਰਮਾ ਹਾਜ਼ਰ ਸਨ।

ਮਾਘ ਮਹੀਨੇ ਦੀ ਸੰਗਰਾਂਦ ’ਤੇ ਦੀਵਾਨ ਸਜਾਏ ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਸ ਮੌਕੇ ਗਿਆਨੀ ਅਜੀਤ ਸਿੰਘ ਰਤਨ, ਭਾਈ ਬਲਬੀਰ ਸਿੰਘ ਹੈੱਡ ਗ੍ਰੰਥੀ ਅਤੇ ਬੀਬੀ ਜਸਜੀਤ ਕੌਰ ਨੇ ਚਾਲੀ ਮੁਕਤਿਆਂ ਦੀ ਸ਼ਹਾਦਤ ਅਤੇ ਮਾਘ ਮਹੀਨੇ ਸਬੰਧੀ ਚਾਨਣਾ ਪਾਇਆ। ਇਸ ਦੌਰਾਨ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਨੇ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾ. ਐਚਐਮ ਹੁਰੀਆ, ਕੁਲਤਾਰਨ ਸਿੰਘ ਅਨੰਦ, ਗਗਨਦੀਪ ਸਿੰਘ ਸੇਠੀ ਸਮੇਤ ਹੋਰਾਂ ਨੇ ਸੰਗਤ ਰੂਪ ’ਚ ਹਾਜ਼ਰੀ ਭਰੀ।

ਜੈਨ ਭਾਈਚਾਰੇ ਨੇ ਲੰਗਰ ਲਾਇਆ ਬਲਾਚੌਰ (ਪੱਤਰ ਪ੍ਰੇਰਕ): ਨਵਾਂ ਸ਼ਹਿਰ ਰੋਡ, ਬਲਾਚੌਰ ’ਤੇ ਅੱਜ ਐੱਸਐੱਸ ਜੈੱਨ ਸਭਾ ਦੇ ਸਾਬਕਾ ਪ੍ਰਧਾਨ ਲਾਜਪਤ ਰਾਏ ਜੈਨ ਨੇ ਭਾਈਚਾਰੇ ਨੂੰ ਨਾਲ ਲੈ ਕੇ ਮੱਘਰ ਦੀ ਸੰਗਰਾਦ ਨੂੰ ਸਮਰਪਿਤ ਖੀਰ ਦਾ ਲੰਗਰ ਲਾਇਆ। ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਨਾਵਕਾਰ ਮੰਤਰ ਦਾ ਉਚਾਰਨ ਕੀਤਾ ਗਿਆ ਤੇ ਮੱਘਰ ਦੀ ਸੰਗਰਾਂਦ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਰਿੰਕੂ ਜੈਨ, ਪ੍ਰਵੇਸ਼ ਜੈਨ, ਪਿਊਸ਼ ਜੈਨ, ਦਵਿੰਦਰ ਜੈਨ, ਚਰਨਜੀਤ ਜੈਨ, ਵਾਹਦ ਜੈਨ, ਮੋਂਟੂ ਜੈਨ ਨੇ ਸੇਵਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All