ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ

ਇਸਲਾਮਾਬਾਦ, 21 ਜੁਲਾਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਅਤੇ ਆਜ਼ਾਦ ਉਮੀਦਵਾਰਾਂ ਨੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਅਰਧ-ਖੁਦਮੁਖਤਿਆਰ ਕਬਾਇਲੀ ਇਲਾਕੇ ’ਚ ਪਹਿਲੀ ਵਾਰ ਹੋਈਆਂ ਚੋਣਾਂ ’ਚ ਪੰਜ-ਪੰਜ ਸੀਟਾਂ ਜਿੱਤੀਆਂ ਹਨ। ਇਹ ਖ਼ਿੱਤਾ ਕਦੇ ਤਾਲਿਬਾਨ ਅਤੇ ਅਲ ਕਾਇਦਾ ਜਿਹੀਆਂ ਦਹਿਸ਼ਤੀ ਜਥੇਬੰਦੀਆਂ ਦਾ ਮਜ਼ਬੂਤ ਗੜ੍ਹ ਸੀ। ਸੰਘ ਸ਼ਾਸਿਤ ਕਬਾਇਲੀ ਖੇਤਰ (ਫਾਟਾ) ’ਚ ਸੱਤ ਜ਼ਿਲ੍ਹੇ ਹਨ ਅਤੇ ਸੰਵਿਧਾਨ ’ਚ ਸੋਧ ਮਗਰੋਂ ਮਈ 2018 ’ਚ ਇਸ ਨੂੰ ਖ਼ੈਬਰ ਪਖਤੂਨਖਵਾ ਸੂਬੇ ਨਾਲ ਮਿਲਾ ਦਿੱਤਾ ਗਿਆ ਸੀ। ਇਸ ਖੇਤਰ ’ਚ ਸ਼ਨਿਚਰਵਾਰ ਨੂੰ ਪਹਿਲੀ ਵਾਰ ਵੋਟਾਂ ਪਈਆਂ। ਗ਼ੈਰ ਅਧਿਕਾਰਤ ਨਤੀਜਿਆਂ ਮੁਤਾਬਕ 16 ’ਚੋਂ 13 ਹਲਕਿਆਂ ’ਚ ਇਮਰਾਨ ਖ਼ਾਨ ਦੀ ਪੀਟੀਆਈ ਅਤੇ ਆਜ਼ਾਦ ਉਮੀਦਵਾਰਾਂ ਨੂੰ ਪੰਜ-ਪੰਜ ਸੀਟਾਂ ਮਿਲੀਆਂ ਹਨ ਜਦਕਿ ਜਮਾਤ-ਏ-ਇਸਲਾਮੀ, ਜਮਾਇਤ ਉਲੇਮਾ-ਏ-ਇਸਲਾਮ-ਫਜ਼ਲ ਅਤੇ ਅਵਾਮੀ ਨੈਸ਼ਨਲ ਪਾਰਟੀ ਨੇ ਇਕ-ਇਕ ਸੀਟ ਜਿੱਤੀ ਹੈ। ਤਿੰਨ ਸੀਟਾਂ ਦੇ ਨਤੀਜੇ ਅਜੇ ਨਹੀਂ ਮਿਲ ਸਕੇ। ਚੋਣ ਕਮਿਸ਼ਨ ਦੇ ਤਰਜਮਾਨ ਨਦੀਮ ਕਾਸਿਮ ਨੇ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਨਤੀਜਿਆਂ ਦਾ ਅਧਿਕਾਰਤ ਤੌਰ ’ਤੇ ਐਲਾਨ ਕਰਨ ’ਚ ਇਕ ਦਿਨ ਦਾ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ’ਚ ਮੁਲਕ ’ਚ ਹੋਈਆਂ ਆਮ ਚੋਣਾਂ ਦੌਰਾਨ ਇਨ੍ਹਾਂ ਸੀਟਾਂ ’ਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਚੋਣਾਂ ਨਹੀਂ ਹੋ ਸਕੀਆਂ ਸਨ। ਚੋਣ ਕਮਿਸ਼ਨ ਨੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਮਗਰੋਂ 16 ਜਨਰਲ ਸੀਟਾਂ ’ਤੇ ਚੋਣਾਂ ਕਰਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All