ਸੁੱਕੇ ਖੂਹਾਂ ਦਾ ਵਿਗੋਚਾ : The Tribune India

ਸੁੱਕੇ ਖੂਹਾਂ ਦਾ ਵਿਗੋਚਾ

ਸੁੱਕੇ ਖੂਹਾਂ ਦਾ ਵਿਗੋਚਾ

ਮਨਮੋਹਨ ਸਿੰਘ ਦਾਊਂ

ਪੁਰਾਣੇ ਸਮਿਆਂ ਵਿੱਚ ਖੂਹ ਲਵਾਉਣਾ ਇੱਕ ਵੱਡਾ ਤੇ ਸ਼ੁਭ ਕਾਰਜ ਸਮਝਿਆ ਜਾਂਦਾ ਸੀ। ਇਹ ਨੇਕੀ ਦਾ ਕਰਮ ਹੁੰਦਾ ਸੀ। ਪਿੰਡ ਜਾਂ ਸ਼ਹਿਰ ਦੇ ਬਜ਼ੁਰਗ ਵਿਚਾਰ-ਵਟਾਂਦਰਾ ਕਰ ਕੇ ਖੂਹ ਪੁੱਟਣ ਦੀ ਥਾਂ ਨਿਸ਼ਚਿਤ ਕਰਦੇ ਸਨ ਤਾਂ ਜੋ ਖੂਹ ਸਭ ਲਈ ਵਰਦਾਨ ਸਾਬਿਤ ਹੋ ਸਕੇ ਅਤੇ ਸਭ ਲਈ ਪਾਣੀ ਦੇ ਸੋਮੇ ਵਜੋਂ ਲਾਭਵੰਦ ਹੋ ਸਕੇ। ਢੋਲ ਵਜਾ ਕੇ, ਸ਼ਗਨਾਂ ਨਾਲ ਖੂਹ ਖੋਦਣ ਲਈ ਸਿਆਣੇ ਬੰਦਿਆਂ ਦਾ ਇਕੱਠ ਹੁੰਦਾ। ਦਿਨ ਨਿਸ਼ਚਿਤ ਕੀਤਾ ਜਾਂਦਾ ਤੇ ਸ਼ੁਭ-ਕਾਰਜ ਵਜੋਂ ਧਰਤੀ ’ਤੇ ਟੱਕ ਲਾ ਕੇ ਖੁਦਾਈ ਆਰੰਭ ਕੀਤੀ ਜਾਂਦੀ। ਖੂਹ ਖੋਦਣ ਲਈ ਕਾਮੇ ਲਾਏ ਜਾਂਦੇ। ਖੂਹ ਚਿਣਨ ਲਈ ਮਾਹਿਰ ਕਾਰੀਗਰ ਰਾਜ ਮਿਸਤਰੀਆਂ ਨੂੰ ਕੰਮ ਸੌਂਪਿਆ ਜਾਂਦਾ। ਨਿਪੁੰਨ ਕਾਰੀਗਰ ਡਬੋਲੀਏ ਖੂਹ ਵਿੱਚੋਂ ਮਿੱਟੀ ਪੁੱਟਣ ਦਾ ਕੰਮ ਕਰਦੇ। ਚਿਣੇ ਹੋਏ ਖੂਹ ਨੂੰ ਥੱਲੇ ਉਤਾਰਨ ਲਈ ਉੱਪਰ ਭਾਰ ਲੱਦਿਆ ਜਾਂਦਾ। ਪਾੜਛਾ ਖਿੱਚਣ ਦਾ ਕੰਮ ਮਨੁੱਖਾਂ ਜਾਂ ਬਲਦਾਂ ਤੋਂ ਲਿਆ ਜਾਂਦਾ। ਭੌਣੀ ਤੇ ਰੱਸੇ ਚੰਗੀ ਤਰ੍ਹਾਂ ਪਰਖੇ ਜਾਂਦੇ। ਖੂਹ ਉਤਾਰਨ ਵਿੱਚ ਡਬੋਲੀਏ ਦਾ ਕੰਮ ਸਭ ਤੋਂ ਅੌਖਾ ਹੁੰਦਾ। ਕਿੰਨਾ-ਕਿੰਨਾ ਚਿਰ ਡਬੋਲੀਆ ਪਾਣੀ ਵਿੱਚ ਗੁੱਚੀ ਮਾਰ ਕੇ ਕਹੇ ਨਾਲ ਪਾੜਛਾ ਭਰਨ ਦਾ ਕੰਮ ਕਰਦਾ ਤੇ ਰੱਸੇ ਨਾਲ ਕਾਮੇ ਉਸ ਪਾੜਛੇ ਨੂੰ ਬਾਹਰ ਖਿੱਚਦੇ। ਕਈ ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਖੂਹ ਦੀ ਮੁਕੰਮਲ ਉਸਾਰੀ ਹੁੰਦੀ। ਡਬੋਲੀਏ, ਰਾਜ ਮਿਸਤਰੀ ਤੇ ਕਾਮਿਆਂ ਦੀ ਖਾਧ-ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ। ਖੂਹ ਪੁੱਟਣ ਸਮੇਂ ਮਿੱਟੀ ਦਾ ਵੱਡਾ ਅੰਬਾਰ ਲੱਗ ਜਾਂਦਾ, ਪਰ ਕਥਨ ਹੈ ਕਿ ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ। ਖੂਹ ਨਾਲ ਜੁੜੇ ਕਈ ਮੁਹਾਵਰੇ ਇਸ ਦੀ ਸਿਰਜਣਾ ਦੀ ਪ੍ਰਕਿਰਿਆ ਕਰਕੇ ਹੀ ਬਣੇ ਜਿਵੇਂ ਖੂਹ ਪੁੱਟਦੇ ਨੂੰ ਖਾਤਾ ਤਿਆਰ; ਖੂਹ ਖੂਹ ਨੂੰ ਨਹੀਂ ਮਿਲਦਾ, ਪਰ ਬੰਦਾ ਬੰਦੇ ਨੂੰ ਮਿਲ ਜਾਂਦਾ; ਖੁਆਜੇ ਦਾ ਗੁਆਹ ਡੱਡੂ; ਖੂਹ ਵਿੱਚ ਇੱਟ ਸੁੱਟਣੀ; ਖੂਹਾਂ ’ਚ ਜ਼ਹਿਰ ਘੋਲਣਾ ਸਭ ਤੋਂ ਵੱਡਾ ਪਾਪ ਹੈ; ਜਿਹੋ ਜਿਹੀ ਆਵਾਜ਼ ਖੂਹ ’ਚ ਮਾਰੋਗੇ, ਉਹੀ ਜਿਹੀ ਆਵਾਜ਼ ਸੁਣੋਗੇ। ਖੂਹ ਨੂੰ ਖੁਆਜਾ ਕਰ ਕੇ ਵੀ ਪੂਜਿਆ ਜਾਂਦਾ ਹੈ। ਖੂਹ ਨੂੰ ਪੂਰਨਾ (ਭਰਨਾ) ਮਾੜਾ ਸਮਝਿਆ ਜਾਂਦਾ ਹੈ। ਖੂਹ ਜਾਂ ਖੁਆਜੇ ਦੀ ਪੂਜਾ ਇਸ ਲਈ ਕੀਤੀ ਜਾਂਦੀ ਸੀ ਕਿ ਇਹ ਸਭਨਾ ਲੲੀ ਜਲ ਦਾ ਸੋਮਾ ਹੁੰਦਾ ਸੀ। ਦੀਵਾਲੀ ਮੌਕੇ ਸ਼ਰਧਾ ਵਜੋਂ ਦੀਵੇ ਬਾਲ ਕੇ ਖੂਹ ਦੀ ਅਕੀਦਤ ਕੀਤੀ ਜਾਂਦੀ ਸੀ। ਪਿੰਡਾਂ ਵਿੱਚ ਮੁੰਡੇ ਦੀ ਬਰਾਤ ਚੜ੍ਹਨ ਵੇਲੇ ਖੁਆਜੇ ’ਤੇ ਮੱਥਾ ਟੇਕਿਆ ਜਾਂਦਾ ਸੀ। ਐਤਵਾਰ ਨੂੰ ਦਲੀਆ ਜਾਂ ਮਿੱਠੇ ਚੌਲ ਬਣਾ ਕੇ ਤੇ ਆਟੇ ਦਾ ਦੀਵਾ ਬਾਲ ਕੇ ਅਜੇ ਵੀ ਲੋਕੀਂ ਖੁਆਜੇ ਦੀ ਅਰਾਧਨਾ ਕਰਦੇ ਹਨ। ਖੂਹ ਦੀ ਚਿਣਾਈ ਨੂੰ ਥੱਲੇ ਉਤਾਰਨ ਲਈ ਸਭ ਤੋਂ ਥੱਲੇ ਲੱਕੜ ਦਾ ਗੰਢ (ਚੱਕ) ਟਿਕਾਇਆ ਜਾਂਦਾ ਸੀ, ਜਿਸ ਉੱਤੇ ਸਾਰੀ ਚਿਣਾਈ ਕੀਤੀ ਜਾਂਦੀ ਸੀ। ਗੰਢ ਬਣਾਉਣ ਵਾਲੇ ਖ਼ਾਸ ਕਿਸਮ ਦੀ ਲੱਕੜ ਵਰਤਦੇ ਸਨ ਤਾਂ ਜੋ ਉਹ ਛੇਤੀ ਗਲੇ ਨਾ। ਢੱਕ ਦੀ ਲੱਕੜ ਇਸ ਕੰਮ ਲਈ ਚੰਗੀ ਸਮਝੀ ਜਾਂਦੀ ਸੀ। ਜਦੋਂ ਖੂਹ ਮੁਕੰਮਲ ਹੋ ਜਾਂਦਾ ਸੀ ਤਾਂ ਜਸ਼ਨ ਮਨਾਇਆ ਜਾਂਦਾ ਸੀ। ਖੂਹ ਦੀ ਵਰਤੋਂ ਕਰਨ ਲਈ ਲੱਜ, ਘੜਾ, ਡੋਲ, ਗਾਗਰ ਆਦਿ ਬਰਤਨ ਵਰਤੋਂ ਵਿੱਚ ਆਉਂਦੇ ਸਨ। ਭੌਣੀਆਂ ਦੀ ਆਵਾਜ਼ ਨਾਲ ਪਤਾ ਲੱਗ ਜਾਂਦਾ ਸੀ ਕਿ ਦਿਨ ਚੜ੍ਹਨ ਵਾਲਾ ਹੈ ਤੇ ਪਹੁ-ਫੁਟਾਲਾ ਹੋ ਗਿਆ ਹੈ। ਚੁਬੱਚਿਆਂ ਵਿੱਚ ਪਾਣੀ ਭਰ ਕੇ ਉਸ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਂਦੀ ਸੀ। ਬਿਨਾਂ ਛੱਤ ਵਾਲੇ ਖੂਹ, ਬਿਨਾਂ ਮੌਣ ਤੋਂ ਬੋੜੇ ਖੂਹ ਤੇ ਛੱਤ ਵਾਲੇ ਖੂਹ ਆਪਣੀ-ਆਪਣੀ ਹੋਂਦ ਨਾਲ ਜਾਣੇ ਜਾਂਦੇ ਸਨ। ਜੇ ਕੋਈ ਡੋਲ, ਬਾਲਟੀ ਜਾਂ ਗਾਗਰ ਖੂਹ ’ਚ ਥੱਲੇ ਡਿੱਗ ਜਾਣਾ ਤਾਂ ਲੱਜ ਨਾਲ ਕੰਡਾ ਬੰਨ੍ਹ ਕੇ ਉਸ ਨੂੰ ਬੜੇ ਤਰੀਕੇ ਨਾਲ ਬਾਹਰ ਕੱਢਿਆ ਜਾਂਦਾ ਸੀ। ਇਹ ਨਜ਼ਾਰਾ ਬੜਾ ਰੌਣਕ ਵਾਲਾ ਹੁੰਦਾ ਸੀ। ਹੁਣ ਖੂਹ ਦੀ ਗੱਲ ਛਿੜਨ ’ਤੇ ਮੈਨੂੰ ਆਪਣੇ ਪਿੰਡ ਦਾਊਂ ਦੇ ਛੇ ਖੂਹ ਯਾਦ ਆ ਜਾਂਦੇ ਹਨ। ਇਹ ਸਾਰੇ ਖੂਹ ਪਾਣੀ ਤੋਂ ਸੱਖਣੇ ਹੋ ਗਏ ਹਨ। ਇਨ੍ਹਾਂ ਖੂਹਾਂ ਦੇ ਸੁੱਕਣ ਦਾ ਵਿਗੋਚਾ ਸੋਚਣ ਵਾਲਾ ਹੈ। ਟੋਭੇ ਸੁੱਕ ਰਹੇ ਹਨ। ਨਲਕਿਆਂ ਦਾ ਪਾਣੀ ਵੀ ਵਰਤੋਂ ਵਿੱਚ ਨਹੀਂ ਰਿਹਾ। ਕਦੇ ਸਾਡੇ ਟੋਭੇ (ਛੱਪੜ), ਤਲਾਬ ਤੇ ਡਿੱਗੀਆਂ ਜਲ ਸਰੋਤ ਹੁੰਦੇ ਸਨ। ਹੁਣ ਤਾਂ ਧਾਰਮਿਕ ਸਥਲਾਂ ’ਤੇ ਸਰੋਵਰ ਹੀ ਸਾਡੇ ਪਰਮਾਰਥ-ਅਸਥਾਨ ਹਨ। ਖੂਹ ਲੁਆਉਣ ਦਾ ਸੰਕਲਪ ਹੀ ਖ਼ਤਮ ਹੋ ਗਿਆ ਹੈ। ਟਿਊਬਵੈੱਲ ਹੀ ਪ੍ਰਯੋਗ ਵਿੱਚ ਹਨ। ਸਾਡੇ ਪਿੰਡ ਦੇ ਦੋ ਵੱਡੇ ਟੋਭੇ ਵੀ ਆਪਣੀ ਹੋਂਦ ਗੁਆ ਬੈਠੇ ਹਨ। ਧਰਮਸ਼ਾਲਾ ਦੇ ਨੇੜੇ ਟੋਪ ਵਾਲਾ ਖੂਹ ਅਖਵਾਉਂਦਾ ਸੀ ਜਿੱਥੇ ਬਰਾਤਾਂ ਲਈ ਇਸ ਦਾ ਪਾਣੀ ਵਰਤੋਂ ਵਿੱਚ ਆਉਂਦਾ ਸੀ ਤੇ ਉੱਤਰ ਵੱਲ ਦੇ ਘਰਾਂ ਲਈ ਇਹ ਪੂਰਤੀ ਦਾ ਵੱਡਾ ਸੋਮਾ ਸੀ। ਇੱਕ ਖੂਹ ਹੱਟਾਂ ਵਾਲਾ ਬਿਨਾਂ ਛੱਤ ਤੋਂ ਭੌਣੀਆਂ ਵਾਲਾ ਹੁੰਦਾ ਸੀ। ਇਸ ਖੂਹ ਤੋਂ ਪੂਰਬ ਵੱਲ ਦੇ ਘਰਾਂ ਵਾਲੇ ਪਾਣੀ ਭਰਦੇ ਸਨ। ਰਾਮਦਾਸੀਆਂ ਦੇ ਮੁਹੱਲੇ ਵਿੱਚ ਬਿਨਾਂ ਛੱਤ ਤੋਂ ਖੂਹ ਬੜਾ ਸਾਫ਼-ਸੁਥਰਾ ਹੁੰਦਾ ਸੀ। ਇਸ ਖੂਹ ਦਾ ਪਾਣੀ ਬੜਾ ਨਿਰਮਲ ਸੀ। ਬਾਲਮੀਕੀ ਵਿਹੜੇ ’ਚ ਇੱਕ ਖੂਹੀ ਬਿਨਾਂ ਛੱਤ ਤੋਂ ਹੁੰਦੀ ਸੀ। ਇਹ ਖੂਹੀ ਸਭ ਦੀ ਸਾਂਝੀ ਸੀ। ਇਸ ਦਾ ਵਿਆਸ ਚਾਰ-ਪੰਜ ਫੁੱਟ ਹੀ ਸੀ। ਇਸ ਦਾ ਪਾਣੀ ਵੀ ਨਹੀਂ ਰਿਹਾ। ਇੱਕ ਖੂਹ ਬਾਬਾ ਖੜਕ ਸਿੰਘ ਦੇ ਡੇਰਾ ਸਾਹਿਬ ਅੰਦਰ ਹੁੰਦਾ ਸੀ। ਇਸ ਦਾ ਪਾਣੀ ਕਾਫ਼ੀ ਡੂੰਘਾ ਹੁੰਦਾ ਸੀ। ਇਹ ਖੂਹ ਸਿਰਫ਼ ਇਸ ਡੇਰੇ ਲਈ ਹੁੰਦਾ ਸੀ। ਹੁਣ ਇਸ ਖੂਹ ’ਚ ਮੋਟਰ ਫਿੱਟ ਕਰਕੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਿੰਡ ਦੇ ਵੱਡੇ ਦਰਵਾਜ਼ੇ ਵੱਲ ਇੱਕ ਖੂਹ ਹੁੰਦਾ ਸੀ ਜਿਸ ’ਚੋਂ ਪੱਛਮ ਵਾਲੇ ਪਾਸੇ ਦੇ ਸਾਰੇ ਲੋਕ ਪਾਣੀ ਭਰਦੇ ਸਨ। ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਲਈ ਇਹ ਖੂਹ ਕੇਂਦਰ ਬਿੰਦੂ ਸੀ। ਸਾਡਾ ਘਰ ਵੀ ਇਸ ਖੂਹ ਦੇ ਨੇੜੇ ਪੈਂਦਾ ਸੀ। ਪਹਿਲਾਂ ਇਹ ਬਿਨਾਂ ਛੱਤ ਤੋਂ ਹੁੰਦਾ ਸੀ। ਸੰਤਾਲੀ ਦੀ ਵੰਡ ਤੋਂ ਪਹਿਲਾਂ ਸਾਡੇ ਪਿਤਾ ਜੀ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਦੀ ਮੁਰੰਮਤ ਕਰਵਾਈ। ਮੌਣ ਦੇ ਆਲੇ-ਦੁਆਲੇ ਚਾਰ ਚੁਬੱਚੇ ਬਣਵਾਏ ਤੇ ਉੱਤੇ ਛੱਤ ਪਵਾਈ। ਚਾਰ ਭੌਣੀਆਂ ਲੋਹੇ ਦੀਆਂ ਲਵਾਈਆਂ ਤਾਂ ਜੋ ਪਾਣੀ ਭਰਨ ਦੀ ਸੌਖ ਰਹੇ। ਇਸ ਖੂਹ ਨਾਲ ਮੇਰੇ ਬਚਪਨ ਤੋਂ ਲੈ ਕੇ 1998 ਤਕ ਯਾਦਾਂ ਜੁੜੀਆਂ ਹੋਈਆਂ ਹਨ। ਡੋਲ ਰਾਹੀਂ ਪਾਣੀ ਕੱਢਣਾ, ਚੁਬੱਚਾ ਭਰਨਾ, ਸਵੇਰੇ-ਸ਼ਾਮ ਇਸ ’ਤੇ ਨਹਾਉਣਾ, ਬਾਲਟੀਆਂ ਭਰ ਕੇ ਘਰ ਪਾਣੀ ਲਿਆਉਣਾ, ਐਤਵਾਰ ਨੂੰ ਪਿਤਾ ਜੀ ਨਾਲ ਰਲ ਕੇ ਕੱਪੜੇ ਧੋਣੇ, ਮੱਝਾਂ ਨੂੰ ਇੱਥੇ ਨਹਾਉਣਾ ਆਦਿ। ਇਸ ਖੂਹ ’ਤੇ ਖ਼ੂਬ ਗਹਿਮਾ-ਗਹਿਮੀ ਹੁੰਦੀ ਸੀ। ਕੁੜੀਆਂ ਤੇ ਅੌਰਤਾਂ ਪਾਣੀ ਭਰਨ ਲਈ ਆਪਣੇ ਘੜੇ ਲੈ ਕੇ ਆਉਂਦੀਆਂ। ਘੜੇ ਦੇ ਗਲੇ ਨਾਲ ਲੱਜ ਬੰਨ੍ਹ ਕੇ, ਬੜੇ ਧਿਆਨ ਨਾਲ ਖੂਹ ’ਚੋਂ ਪਾਣੀ ਭਰਨ ਦਾ ਹੁਨਰ ਕੁੜੀਆਂ ਨੂੰ ਸਿਆਣੀਆਂ ਅੌਰਤਾਂ ਤੋਂ ਆ ਜਾਂਦਾ ਸੀ। ਕਦੇ-ਕਦੇ ਘੜਾ ਲੱਜ ਨਾਲ ਬੰਨ੍ਹਿਆ, ਗੰਢ ’ਚੋਂ ਨਿਕਲ ਜਾਂਦਾ ਤੇ ਘੜੰਮ ਕਰਕੇ ਖੂਹ ’ਚ ਡਿੱਗ ਜਾਂਦਾ। ਇਸ ਨੂੰ ਬਦਸ਼ਗਨੀ ਸਮਝਿਆ ਜਾਂਦਾ ਸੀ। ਹੋਰ ਘੜਾ ਖ਼ਰੀਦਣਾ ਪੈਂਦਾ। ਕਦੇ ਡੋਲ ਜਾਂ ਬਾਲਟੀ ਖੂਹ ’ਚ ਥੱਲੇ ਡਿੱਗ ਜਾਣਾ, ਫਿਰ ਉਸ ਨੂੰ ਲੱਜ ਨਾਲ ਕੰਡਾ ਬੰਨ੍ਹ ਕੇ ਕੱਢਿਆ ਜਾਂਦਾ। ਨਿਆਣੇ ਕੰਡੇ ਨਾਲ ਭਾਂਡੇ ਨੂੰ ਕੱਢਣ ਲਈ ਖੂਹ ’ਚ ਝਾਤੀਆਂ ਮਾਰਨ ਲਈ ਇਕੱਠੇ ਹੋ ਜਾਂਦੇ। ਪਾਣੀ ਸਵੱਛ ਰੱਖਣ ਲਈ ਪਿੰਡ ਦੇ ਲੋਕ ਚਲਦੇ ਖੂਹ ਦਾ ਸਾਰਾ ਪਾਣੀ ਕੱਢਣ ਲਈ ਅੱਧਾ-ਅੱਧਾ ਦਿਨ ਲਾ ਦਿੰਦੇ ਤੇ ਫਿਰ ਥੱਲਿਓਂ ਗਾਦ (ਮਲੀਨ ਹੋਈ ਮਿੱਟੀ) ਬਾਹਰ ਕੱਢਦੇ। ਕਈ ਡਿੱਗੀਆਂ ਚੀਜ਼ਾਂ ਵੀ ਲੱਭ ਪੈਂਦੀਆਂ। ਪਾਣੀ ਦੇ ਸਰੋਤ ਖੁੱਲ੍ਹ ਜਾਂਦੇ ਤੇ ਕੁਝ ਘੰਟਿਆਂ ਬਾਅਦ ਖੂਹ ਦਾ ਪਾਣੀ ਉਤਾਂਹ ਚੜ੍ਹ ਜਾਂਦਾ ਤੇ ਝਿਲ-ਮਿਲ, ਝਿਲ-ਮਿਲ ਕਰਨ ਲੱਗਦਾ। ਉਹ ਵੀ ਸਮਾਂ ਸੀ ਜਦੋਂ ਮਰਗਤ ਵਾਲੇ ਘਰ ਦੇ ਬੰਦੇ ਤੇ ਰਿਸ਼ਤੇਦਾਰ ਦਸਾਹੀ ਕਰਨ, ਖੂਹ ’ਤੇ ਇਸ਼ਨਾਨ ਕਰਦੇ ਤੇ ਕੱਪੜੇ ਧੋਂਦੇ। ਵਿਆਹ-ਸ਼ਾਦੀ ਮੌਕੇ ਤਾਂ ਖੂਹ ’ਤੇ ਵਾਰੀ ਨਾ ਆਉਂਦੀ, ਰੰਗ-ਬਰੰਗੀ ਜੀਵਨ-ਸ਼ੈਲੀ ਵੇਖਣ ਨੂੰ ਮਿਲਦੀ। ਖੂਹ ਸੁੱਕਣਾ ਸ਼ੁਰੂ ਹੋ ਗਿਆ। ਘਰਾਂ ਵਿੱਚ ਨਲਕੇ ਲੱਗਣੇ ਸ਼ੁਰੂ ਹੋ ਗਏ। ਕਿੰਨੇ ਸਾਲ ਘਰਾਂ ’ਚ ਨਲਕਿਆਂ ਦੀਆਂ ਹੱਥੀਆਂ ਖੜਕਦੀਆਂ ਰਹੀਆਂ। ਹੌਲੀ-ਹੌਲੀ ਨਲਕਿਆਂ ਨੇ ਵੀ ਪਾਣੀ ਤੋਂ ਜੁਆਬ ਦੇ ਦਿੱਤਾ। ਕਈਆਂ ਨੇ ਸਬਮਰਸੀਬਲ ਬੋਰ ਕਰਾ ਕੇ ਪਾਣੀ ਦਾ ਪ੍ਰਬੰਧ ਕਰ ਲਿਆ, ਪਰ ਇਹ ਮਹਿੰਗਾ ਪੈਣ ਲੱਗਿਆ। ਜਲ-ਘਰ ਹੋਂਦ ਵਿੱਚ ਆਏ ਤੇ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਲੱਗਣ ਲੱਗੀਆਂ। ਵਾਟਰ ਸਪਲਾਈ ਵਿਭਾਗ ਦੀ ਜ਼ਿੰਮੇਵਾਰੀ ਵਧ ਗਈ। ਪਾਣੀ ਦੇ ਬਿੱਲਾਂ ਦੀ ਅਦਾਇਗੀ ਹੋਣ ਲੱਗੀ। ਪਾਣੀ ਵਿਕਣ ਲੱਗਿਆ। ਪਾਣੀ ਦਾ ਦਾਨ ਬੀਤੇ ਸਮੇਂ ਦੀ ਗੱਲ ਹੋ ਗਈ। ਪਾਣੀ ਪਿੱਛੇ ਲੜਾਈਆਂ ਹੋਣ ਲੱਗੀਆਂ। ਜਲ ਦੀ ਮਹੱਤਤਾ ਸਮਝ ਆਉਣ ਲੱਗੀ: ‘‘ਪਵਣੁ ਗੁਰੂ ਪਾਣੀ ਪਿਤਾ।’’ ਅਜੋਕੇ ਸਮੇਂ ਵਿੱਚ ਪਾਣੀ ਦੀ ਕਿੱਲਤ ਹੋਰ ਵੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪਾਣੀ ਦੀ ਘਾਟ ਹੀ ਨਹੀਂ ਸਗੋਂ ਦੂਸ਼ਿਤ ਪਾਣੀ ਹੋਰ ਵੀ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਜਦੋਂ ਮਨੁੱਖ ਲਈ ਪਾਣੀ, ਹਵਾ ਤੇ ਖਾਣ ਵਸਤਾਂ ਪ੍ਰਦੂਸ਼ਤ ਹੋ ਜਾਣ ਤਾਂ ਮਨੁੱਖ ਅਰੋਗ ਕਿਵੇਂ ਰਹਿ ਸਕਦਾ ਹੈ। ਅਸੀਂ ਬਿਮਾਰੀਆਂ ’ਚ ਘਿਰਦੇ ਜਾ ਰਹੇ ਹਾਂ। ਘਾਤਕ ਬਿਮਾਰੀਆਂ ਚਿੰਤਾ ਦਾ ਵਿਸ਼ਾ ਹਨ। ਪਾਣੀ ਜਿਹੜਾ ਮਨੁੱਖ ਨੂੰ ਸਵੱਛਤਾ ਪ੍ਰਦਾਨ ਕਰਦਾ ਸੀ, ਉਹੀ ਪਾਣੀ ਮਨੁੱਖ ਲਈ ਰੋਗ ਬਣਦਾ ਜਾ ਰਿਹਾ ਹੈ। ਲੋਕਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਤੁਰੰਤ ਹੰਭਲਾ ਮਾਰਨ ਦੀ ਲੋੜ ਹੈ। ਪਿੰਡ ਦੇ ਖੂਹਾਂ ਦੇ ਸੁੱਕਣ ਦਾ ਵਿਗੋਚਾ ਸਮਿਆਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। ਪਾਣੀ ਦੀ ਸਾਂਭ-ਸੰਭਾਲ ਤੇ ਪਵਿੱਤਰਤਾ ਬਾਰੇ ਉੱਦਮ ਕਰਨ ਦਾ ਵੇਲਾ ਹੈ। ਹੋਰਾਂ ਚੀਜ਼ਾਂ ਦਾ ਬਦਲ ਹੋ ਸਕਦਾ ਹੈ, ਪਰ ਪਾਣੀ ਦਾ ਕੋਈ ਹੋਰ ਬਦਲ ਹੋ ਹੀ ਨਹੀਂ ਸਕਦਾ। ਪਾਣੀ ਦੀ ਇੱਕ ਬੂੰਦ ਨੂੰ ਕੀਮਤੀ ਮੋਤੀ ਸਮਝਣ ਦਾ ਸੰਕਲਪ ਲਈਏ। ਇਸੇ ਵਿੱਚ ਸਰਬ ਲੋਕਾਈ ਦਾ ਭਲਾ ਹੈ।

ਸੰਪਰਕ: 98151-23900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All