ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ

ਜਸਵੰਤ ਜੱਸ ਫ਼ਰੀਦਕੋਟ, 25 ਮਈ ਸੀ.ਆਈ.ਏ ਸਟਾਫ਼ ਫ਼ਰੀਦਕੋਟ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਜੈਦੀਪ ਸਿੰਘ ਦੇ ਗੋਲੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਜੈਦੀਪ ਸਿੰਘ ਕੋਲ 32 ਬੋਰ ਰਿਵਾਲਵਰ ਸੀ ਜਿਸ ਵਿੱਚੋਂ ਚੱਲੀ ਗੋਲੀ ਉਸ ਦੇ ਪੱਟ ਵਿੱਚ ਵੱਜ ਗਈ ਜਿਸ ਨੂੰ ਤੁਰੰਤ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਜੈਦੀਪ ਸਿੰਘ ਦੇ ਸੀ.ਆਈ.ਏ ਸਟਾਫ਼ ਦੇ ਬਾਹਰ ਗੇਟ ਕੋਲ ਸ਼ੱਕੀ ਹਾਲਾਤ ਵਿੱਚ ਗੋਲੀ ਵੱਜੀ ਜੋ ਉਸ ਦੇ ਪੱਟ ‘ਚ ਲੱਗੀ ਅਤੇ ਖੂਨ ਵਾਲੀ ਨਾੜ ਪਾਟ ਗਈ। ਮੈਡੀਕਲ ਕਾਲਜ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸੀ.ਐੱਮ.ਸੀ. ਲੁਧਿਆਣੇ ਰੈਫ਼ਰ ਕਰ ਦਿੱਤਾ ਹੈ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਨੇ ਇਸ ਘਟਨਾ ਉੱਪਰ ਹਾਲ ਦੀ ਘੜੀ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪੁਰਾਣੀ ਕੈਂਟ ਰੋਡ ਚੁੰਗੀ ਨੰਬਰ 7 ‘ਤੇ ਲੱਗੇ ਪੁਲੀਸ ਨਾਕੇ ਉੱਪਰ ਪੁਲੀਸ ਮੁਲਾਜ਼ਮ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਅਨੁਸਾਰ ਵੀਰਮ ਸਿੰਘ ਨਾਮ ਦੇ ਪੁਲੀਸ ਮੁਲਾਜ਼ਮ ਉੱਪਰ ਦੋ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਦਾਖ਼ਲ ਕਰਵਾਇਆ ਗਿਆ। ਐੱਸ.ਐੱਚ.ਓ ਰਾਜੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਸਿਹਤ ਬਿਲਕੁਲ ਠੀਕ ਹੈ ਅਤੇ ਉਸ ਨੂੰ ਹਸਪਤਾਲ ‘ਚੋਂ ਛੁੱਟੀ ਵੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ ਨੇ ਇਸ ਘਟਨਾ ਸਬੰਧੀ ਪੁਲੀਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All