ਸਿੱਖ ਪੁਨਰ-ਜਾਗ੍ਰਿਤੀ ਲਹਿਰ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਵਾਿਲਅਾਂ ਦਾ ਯੋਗਦਾਨ

ਸਿੱਖ ਪੁਨਰ-ਜਾਗ੍ਰਿਤੀ ਲਹਿਰ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਵਾਿਲਅਾਂ ਦਾ ਯੋਗਦਾਨ

ਗੁਰਤੇਜ ਸਿੰਘ ਠੀਕਰੀਵਾਲਾ (ਡਾ.)

ਸਿੱਖ ਪੁਨਰ-ਜਾਗ੍ਰਿਤੀ ਦੀ ਲਹਿਰ ਦਾ ਸਮਾਂ 19ਵੀਂ ਸਦੀ ਦੇ ਅੱਧ ਤੋਂ ਲੈ ਕੇ 1925 ਤਕ ਉਦੋਂ ਦਾ ਹੈ, ਜਦੋਂ ‘ਗੁਰਦੁਆਰਾ ਐਕਟ’ ਹੋਂਦ ਵਿੱਚ ਆਇਆ ਸੀ। ਲਹਿਰ ਦੇ ਇੰਨੇ ਕੁ ਅਰਸੇ ਦੌਰਾਨ ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਸਿੱਖ ਪੁਨਰ-ਜਾਗ੍ਰਿਤੀ ਲਈ ਯਤਨਸ਼ੀਲ ਰਹੀਆਂ ਪਰ ਕੁਝ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਨ ਅਤੇ ਆਪਣੀਆਂ ਅੰਦਰੂਨੀ ਊਣਤਾਈਆਂ ਕਾਰਨ ਇਹ ਦੋਵੇਂ ਲਹਿਰਾਂ ਸਿੱਖਾਂ ਵਿੱਚ ਹਰਮਨਪਿਆਰੀਆਂ ਨਾ ਹੋ ਸਕੀਆਂ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਸਿੱਖ ਸੰਪਰਦਾਵਾਂ ਦਾ ਵੀ ਉਭਾਰ ਹੋਇਆ, ਜਿਨ੍ਹਾਂ ਦਾ ਘੇਰਾ ਵੀ ਸੀਮਤ ਸੀ ਅਤੇ ਸਿੱਖ ਰਹਿਤ ਮਰਿਆਦਾ ਦਾ ਪੂਰਨ ਅਨੁਸਰਨ ਵੀ ਨਹੀਂ ਕਰਦੀਆਂ ਸਨ। ਫ਼ਲਸਰੂਪ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਇਸ ਲਹਿਰ ਨਾਲ ਸੰਤ ਅਤਰ ਸਿੰਘ ਮਸਤੂਆਣਾ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿੱਖ ਪੁਨਰ- ਜਾਗ੍ਰਿਤੀ ਦੀ ਲਹਿਰ ਵਿੱਚ ਆਮਦ ਹੋਈ। ਸਿੱਖ ਪੁਨਰ-ਜਾਗ੍ਰਿਤੀ ਦੀ ਲਹਿਰ ਵਿੱਚ ਸੰਤ ਅਤਰ ਸਿੰਘ ਦਾ ਯੋਗਦਾਨ ਦੋ ਪੱਖਾਂ ਤੋਂ ਵਿਸ਼ੇਸ਼ ਹੈ। ਇੱਕ ਧਾਰਮਿਕ ਅਤੇ ਦੂਜਾ ਵਿੱਦਿਅਕ ਖੇਤਰ ਵਿੱਚ। ਇਨ੍ਹਾਂ ਦੋਹਾਂ ਖੇਤਰਾਂ ਵਿੱਚ ਸੰਤੁਲਨ ਬਣਾ ਕੇ ਆਪਣੇ ਮਿਸ਼ਨ ਦੀ ਪੂਰਤੀ ਕਰਨੀ ਵੀ ਆਪਣੇ ਆਪ ਵਿੱਚ ਵਿਸ਼ੇਸ਼ ਗੱਲ ਸੀ। ਜਿੱਥੇ ਉਨ੍ਹਾਂ ਦੀ ਅਧਿਆਤਮਕ ਅਵਸਥਾ ਅਤੇ ਬਿਰਤੀ ਅਕਹਿ ਸੀ, ਉੱਥੇ ਹੀ ਵਿੱਦਿਆ ਦੇ ਪ੍ਰਚਾਰ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਹਿੱਤ ਵਚਨਬੱਧਤਾ ਵੀ ਲਾਸਾਨੀ ਸੀ। ਪ੍ਰਿੰਸੀਪਲ ਗੰਗਾ ਸਿੰਘ ਨੇ ਸ਼ਿਮਲੇ ਦੇ ਨਾਭਾ ਹਾਊਸ ਵਿੱਚ ਉਨ੍ਹਾਂ ਦੇ ਰੂਹਾਨੀ ਜਾਹੋ-ਜਲਾਲ ਦੇ ਪ੍ਰਤੱਖ ਦਰਸ਼ਨਾਂ ਨੂੰ ਉਲੇਖ ਕੀਤਾ ਹੈ। ਪ੍ਰਿੰਸੀਪਲ ਗੰਗਾ ਸਿੰਘ ਇਸ ਸਥਾਨ ’ਤੇ ‘ਸਚਖੰਡ’ ਦੇ ਵਿਸ਼ੇ ’ਤੇ ਵਖਿਆਨ ਕਰਦਿਆਂ ਬਿਜਲੀਆਂ, ਸੂਰਜ ਅਤੇ ਹੋਰ ਤੇਜ਼ ਪ੍ਰਕਾਸ਼ ਵਸਤੂਆਂ ਦੇ ਦ੍ਰਿਸ਼ਟਾਂਤਾਂ ਨਾਲ ਇਸ ਅਵਸਥਾ ਦਾ ਵਰਣਨ ਕਰ ਰਹੇ ਸਨ ਤੇ ਸੰਤ ਅਤਰ ਸਿੰਘ ਵੀ ਉੱਥੇ ਮੌਜੂਦ ਸਨ। ਸਮਾਪਤੀ ਸਮੇਂ ਸੰਤ ਜੀ ਨੇ ਪ੍ਰਿੰਸੀਪਲ ਗੰਗਾ ਸਿੰਘ ਨੂੰ ਇਸ ਉੱਤਮ ਅਧਿਆਤਮਕ ਅਵਸਥਾ ਦਾ ਕਦੇ ਅਨੁਭਵ ਹੋਣ ਬਾਰੇ ਪੁੱਛਿਆ ਤਾਂ ਆਪਣੀ ਅਸਮਰੱਥਾ ਪ੍ਰਗਟਾਉਂਦਿਆਂ ਪ੍ਰਿੰਸੀਪਲ ਗੰਗਾ ਸਿੰਘ ਨੇ ਸੰਤਾਂ ਨੂੰ ਇਸ ਅਵਸਥਾ ਬਾਰੇ ਕੁਝ ਗਿਆਤ ਕਰਾਉਣ ਦੀ ਬੇਨਤੀ ਕੀਤੀ। ਇਸ ’ਤੇ ਸੰਤ ਅਤਰ ਸਿੰਘ ਨੇ ਕੁਝ ਸਮਾਂ ਅੱਖਾਂ ਬੰਦ ਕੀਤੀਆਂ ਅਤੇ ਚਿਹਰੇ ’ਤੇ ਬਿਜਲਈ ਪ੍ਰਕਾਸ਼ ਦਾ ਅਸਚਰਜਮਈ ਦ੍ਰਿਸ਼ ਬਣਿਆ। ਇਹ ਸੰਤ ਅਤਰ ਸਿੰਘ ਦੀ ਰੂਹਾਨੀ ਪ੍ਰਾਪਤੀ ਦੀ ਪ੍ਰਤੱਖ ਮਿਸਾਲ ਹੈ, ਜੋ ਪ੍ਰਿੰਸੀਪਲ ਗੰਗਾ ਸਿਘ ਨੇ ਅੱਖੀਂ ਡਿੱਠੀ ਕਲਮਬੱਧ ਕੀਤੀ ਹੈ। ਵਿੱਦਿਅਕ ਖੇਤਰ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਇਸ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਉਤਸ਼ਾਹਤ ਕਰਨ ਦੇ ਕਾਰਜ ਨੂੰ ਸੰਤ ਅਤਰ ਸਿੰਘ ਧਾਰਮਿਕ ਫ਼ਰਜ਼ ਸਮਝਦੇ ਸਨ। ਧਾਰਮਿਕ ਤੌਰ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਇਹ ਹੈ ਕਿ ਬਤੌਰ ‘ਸੰਤ’ ਉਹ ਸਮੁੱਚੇ ਸਿੱਖ ਜਗਤ ਵਿੱਚ ਸਤਿਕਾਰੇ ਗਏ ਕਿਉਂਕਿ ੳੁਨ੍ਹਾਂ ਨੇ ਕਿਸੇ ਸੰਪਰਦਾਇ ਜਾਂ ਡੇਰਾਵਾਦ ਦੀ ਪ੍ਰਥਾ ਦਾ ਰੁਝਾਨ ਪੈਦਾ ਨਹੀਂ ਕੀਤਾ, ਸਿਰਫ਼ ਗੁਰਮਤਿ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਨੂੰ ਧਰਮ ਦੇ ਪ੍ਰਚਾਰ ਦਾ ਅਾਧਾਰ ਬਣਾ ਕੇ ਰੱਖਿਆ। ਸ਼ਬਦ ਗੁਰੂ ਦਾ ਪ੍ਰਚਾਰ ਅਤੇ ਸਰਵਉੱਚ ਸਤਿਕਾਰ ਕਰਨਾ ਉਨ੍ਹਾਂ ਦੇ ਮਿਸ਼ਨ ਦਾ ਪ੍ਰਮੁੱਖ ਉਦੇਸ਼ ਸੀ। ਉਨ੍ਹਾਂ ਨੇ ਸਿਰਫ਼ ਵਿਦਿਤ ਲੋਕਾਂ ਨੂੰ ਹੀ ਨਹੀਂ, ਸਗੋਂ ਜਨ-ਸਾਧਾਰਨ ਨੂੰ ਵੀ ਸਿੱਖੀ ਦੇ ਮੂਲ ਆਸ਼ੇ ਨਾਲ ਜੋੜਦਿਆਂ ਅੰਮ੍ਰਿਤ ਪ੍ਰਚਾਰ ਲਹਿਰ ਤਹਿਤ ਲੱਖਾਂ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਛਕਾਈ। ਪੋਠੋਹਾਰ (ਪਾਕਿਸਤਾਨ) ਵਿੱਚ ਸਿੰਘ ਸਭਾ ਲਹਿਰ ਦੀ ਅਰੰਭਤਾ ਸੰਤ ਅਤਰ ਸਿੰਘ ਵੱਲੋਂ ਕੀਤੀ ਅਣਥੱਕ ਅਤੇ ਸਮਰਪਿਤ ਘਾਲਣਾ ਦਾ ਸਿੱਟਾ ਸੀ। ਪੋਠੋਹਾਰ ਵਿੱਚ ਉਨ੍ਹਾਂ ਦਾ ਨਾਂ ‘ਭੂਰੀ ਵਾਲੇ ਸੰਤ’ ਪ੍ਰਸਿੱਧ ਹੋ ਗਿਆ ਸੀ ਕਿਉਂਕਿ ਪਹਿਰਾਵੇ ਵਿੱਚ ਕੇਵਲ ਕਛਹਿਰਾ, ਛੋਟੀ ਦਸਤਾਰ ਅਤੇ ਮੋਢਿਆਂ ’ਤੇ ਇੱਕ ਭੂਰੀ ਹੁੰਦੀ ਸੀ। ਗੁਰੂ ਕਾਲ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਉਹ ਇਕੱਲੇ ਹੀ ਅਜਿਹੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਵਿਆਪਕ ਪੱਧਰ ’ਤੇ ਕੀਤਾ ਅਤੇ ਸਿੱਖਾਂ ਵਿੱਚ ਸਿੱਖੀ ਪ੍ਰਤੀ ਪਿਆਰ ਅਤੇ ਉਤਸ਼ਾਹ ਪੈਦਾ ਕਰਨ ਦੀ ਲਹਿਰ ਚਲਾਈ। ਉਨ੍ਹਾਂ ਦੀ ਦੈਵੀ ਸ਼ਖ਼ਸੀਅਤ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਮਾਲਵੇ ਦੇ ਮਾਰੂਥਲਾਂ ਵਿੱਚ ਜਿਹੜੇ ਲੋਕ ਪੰਜਾਬੀ ਲੱਚਰ ਗੀਤਾਂ ਦੀਆਂ ਹੇਕਾਂ ਲਾਇਆ ਕਰਦੇ ਸਨ, ਉਹ ਉਨ੍ਹਾਂ ਦੇ ਪ੍ਰਭਾਵ ਸਦਕਾ ਬਾਣੀ ਦੇ ਸ਼ਬਦਾਂ ਜਾਂ ਸ਼ਬਦ ਦੀ ਟੇਕ ’ਤੇ ਧਾਰਨਾਵਾਂ ਦਾ ਗਾਇਨ ਕਰਨ ਲੱਗੇ। ਸਮੁੱਚੇ ਤੌਰ ’ਤੇ ਸਿੱਖ ਪੁਨਰ-ਜਾਗ੍ਰਿਤੀ ਦੇ ਯਤਨਾਂ ਦਾ ਇਹ ਸਿੱਟਾ ਨਿਕਲਿਆ ਕਿ ਵਿਆਹ-ਸ਼ਾਦੀਆਂ ਦੇ ਮੌਕੇ ’ਤੇ ਰਵਾਇਤੀ ਪੰਜਾਬੀ ਗੀਤਾਂ ਦੀ ਥਾਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਅਰੰਭ ਹੋ ਗਿਆ। ਸੰਤ ਅਤਰ ਸਿੰਘ ਦੀ ਦੂਜੀ ਵਿਸ਼ੇਸ਼ ਦੇਣ ਵਿੱਦਿਆ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਦੇਣਾ ਹੈ। ਖ਼ਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਗੁਜਰਾਂਵਾਲਾ, ਖ਼ਾਲਸਾ ਉਪਦੇਸ਼ਕ ਮਹਾਂ ਵਿਦਿਆਲਾ ਘਰਜਾਖ (ਫਰਵਰੀ 1907), ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ, ਅਕਾਲ ਕਾਲਜ ਮਸਤੂਆਣਾ, ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ (27 ਅਕਤੂਬਰ 1910), ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਆਦਿ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਪੱਥਰ ਸੰਤ ਅਤਰ ਸਿੰਘ ਨੇ ਹੀ ਰੱਖਿਆ ਸੀ। ਉਹ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿੱਚ ਅਕਸਰ ਸ਼ਬਦ ਕੀਰਤਨ ਦੁਆਰਾ ਹਾਜ਼ਰੀ ਲਵਾਉਂਦੇ ਸਨ। ਫ਼ਿਰੋਜ਼ਪੁਰ ਵਿੱਚ 15-16 ਅਕਤੂਬਰ 1915 ਨੂੰ ਆਯੋਜਿਤ ਇੱਕ ਕਾਨਫ਼ਰੰਸ ਵਿੱਚ ਰਾਜਾ ਰਣਬੀਰ ਸਿੰਘ ਦੇ ਬੀਮਾਰ ਹੋਣ ਕਾਰਨ ਨਾ ਪੁੱਜਣ ’ਤੇ ਸੰਤ ਅਤਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਨੇ ਸ਼ਬਦਾਂ ਦੀ ਧੁਨੀ ਦੁਆਰਾ ਆਪਣੀ ਹਾਜ਼ਰੀ ਲਵਾਈ ਅਤੇ ਆਪਣੇ ਅੰਤਿਮ ਭਾਸ਼ਣ ਵਿੱਚ ਗੁਰੂ ਗੋਬਿੰਦ ਸਿੰਘ ਦੇ ਇੱਕ ਸ਼ਬਦ ‘ਜਾਗਤ ਜੋਤਿ ਜਪੈ ਨਿਸ ਬਾਸੁਰ’ ਦਾ ਗਾਇਨ ਕਰ ਕੇ ਇਸ ਦੇ ਭਾਵ-ਅਰਥ ਦਰਸਾਉਂਦਾ ਵਖਿਆਨ ਕੀਤਾ। 5 ਮਈ 1917 ਨੂੰ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਨੂੰ ਖੋਲ੍ਹਣ ਦੀ ਰਸਮ ਪੰਜ ਪਿਆਰਿਆਂ ਦੇ ਰੂਪ ਵਿੱਚ ਸੰਤ ਅਤਰ ਸਿੰਘ, ਸਰਦਾਰ ਹਰਬੰਸ ਸਿੰਘ, ਸਰਦਾਰ ਸੁੰਦਰ ਸਿੰਘ ਮਜੀਠੀਆ, ਮਾਸਟਰ ਜੋਧ ਸਿੰਘ ਅਤੇ ਭਾਈ ਵੀਰ ਸਿੰਘ ਨੇ ਅਦਾ ਕੀਤੀ। ਸੰਤ ਅਤਰ ਸਿੰਘ ਦੁਆਰਾ ਅਰਦਾਸ ਕਰਨ ’ਤੇ ਕਮਰੇ ਦਾ ਜਿੰਦਰਾ ਖੋਲ੍ਹਿਆ ਗਿਆ ਅਤੇ ਉਨ੍ਹਾਂ ਨੇ ਇੱਕ ਲੜਕੇ ਨੂੰ ਜਪੁਜੀ ਦੀਆਂ ਪਹਿਲੀਆਂ ਪੰਜ ਪਉੜੀਆਂ ਦੀ ਸੰਥਿਆ ਦੇ ਕੇ ਉਸ ਦਾ ਨਾਂ ਕਾਲਜ ਵਿੱਚ ਦਰਜ ਕੀਤਾ। ਮਾਲਵੇ ਦੀ ਪ੍ਰਸਿੱਧ ਪੁਰਾਤਨ ਵਿੱਦਿਅਕ ਸੰਸਥਾ ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਸਥਾਪਨਾ ਅਤੇ ਇਸ ਦੇ ਸੰਚਾਲਨ ਦਾ ਪ੍ਰਬੰਧ ਸੰਤ ਅਤਰ ਸਿੰਘ ਦੀ ਇਸ ਖੇਤਰ ਨੂੰ ਵੱਡੀ ਵਿੱਦਿਅਕ ਦੇਣ ਹੈ। ਜੈਤੋ ਦੇ ਮੋਰਚੇ ਵਿੱਚ ਅਖੰਡ ਪਾਠ ਦੇ ਭੋਗ ਸਮੇਂ ਵੀ ਉਨ੍ਹਾਂ ਨੇ ਹਾਜ਼ਰੀ ਭਰੀ ਅਤੇ ਮੋਰਚੇ ਵਿੱਚ ਸ਼ਾਮਿਲ ਹੋਣ ਵਾਲੇ ਅਕਾਲੀਆਂ ਨੂੰ ਉਤਸ਼ਾਹਿਤ ਕਰਦੇ ਸਨ। ਪਟਿਆਲਾ ਰਿਆਸਤ ਦੀ ਰਜਵਾੜਾਸ਼ਾਹੀ ਸੱਤਾ ਪ੍ਰਣਾਲੀ ਦੇ ਵਿਰੋਧੀ ਨਾਇਕ ਸੇਵਾ ਸਿੰਘ ਠੀਕਰੀਵਾਲਾ ਨੂੰ ਉਸ ਵੇਲੇ ਕਾਲਜ ਕੌਂਸਲ ਮਸਤੂਆਣਾ ਦਾ ਪ੍ਰਧਾਨ ਬਣਾਉਣਾ, ਜਦੋਂ ਮਹਾਰਾਜਾ ਪਟਿਆਲਾ ਦਾ ਸਾਰਾ ਪਰਿਵਾਰ ਸੰਤਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ, ਸੰਤ ਅਤਰ ਸਿੰਘ ਮਸਤੂਆਣਾ ਦੀ ਲੋਕ ਲਹਿਰਾਂ ਨੂੰ ਨਿਵਾਜਣ ਦੀ ਦ੍ਰਿਸ਼ਟੀ ਦਾ ਪ੍ਰਗਟਾਵਾ ਹੈ। ਜੇ ਸਿੱਖ ਪੁਨਰ-ਜਾਗ੍ਰਿਤੀ ਸਮੇਂ ਦੇ ਇਤਿਹਾਸ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਨਾਲ ਹੀ ਸੰਤ ਅਤਰ ਸਿੰਘ ਮਸਤੂਆਣਾ ਦਾ ਸਿੱਖ ਪੁਨਰ-ਜਾਗ੍ਰਿਤੀ ਦੇ ਪ੍ਰਚਾਰ ਵਿੱਚ ਵਡਮੁੱਲਾ ਯੋਗਦਾਨ ਹੈ।

ਸੰਪਰਕ: 94638-61316

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All