ਸਿੱਖ ਕੌਮ ਵਿੱਚ ਪੰਜ ਪਿਆਰਿਆਂ ਦੀ ਸਥਿਤੀ ਅਤੇ ਸਥਾਨ : The Tribune India

ਸਿੱਖ ਕੌਮ ਵਿੱਚ ਪੰਜ ਪਿਆਰਿਆਂ ਦੀ ਸਥਿਤੀ ਅਤੇ ਸਥਾਨ

ਸਿੱਖ ਕੌਮ ਵਿੱਚ ਪੰਜ ਪਿਆਰਿਆਂ ਦੀ ਸਥਿਤੀ ਅਤੇ ਸਥਾਨ

ਹਰਚਰਨ ਸਿੰਘ*

ਪੰਜ ਪਿਆਰਿਆਂ ਵੱਲੋਂ ਹਾਲ ਹੀ ਵਿੱਚ ਨਿਭਾਈ ਜਾ ਰਹੀ ਭੂਮਿਕਾ ਨੇ ਸਿੱਖ ਕੌਮ ਲਈ ਸੰਕਟ ਅਤੇ ਕਈ ਸਵਾਲ ਪੈਦਾ ਕਰ ਦਿੱਤੇ ਹਨ। ਹਾ.ਲਾਤ ਅਜਿਹੇ ਬਣ ਚੁੱਕੇ ਹਨ ਜਿਹਡ਼ੇ ਸਿੱਖ ਕੌਮ ਨੇ ਕਦੇ ਵੀ ਚਿਤਵੇ ਨਹੀਂ ਸਨ। ਪੰਜ ਪਿਆਰਿਆਂ ਦੀ ਪ੍ਰਥਾ ਕਿਵੇਂ ਹੋਂਦ ਵਿੱਚ ਆਈ? ਇਨ੍ਹਾਂ ਦੀ ਭੂਮਿਕਾ ਕੀ ਸੀ? ਮੌਜੂਦਾ ਸਮੇਂ ਇਹ ਸਭ ਸਮਝਣਾ ਜ਼ਰੂਰੀ ਹੋ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਸਿਰ ਮੰਗੇ ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ। ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਫਿਰ ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਨ੍ਹਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ। ਜਿਨ੍ਹਾਂ ਨੇ ਪਹੁਲ ਲਈ ਸੀ ਫਿਰ ਉਨ੍ਹਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ, ਪਰ ਉਹ ਪੰਜ-ਪੰਜ ਸਿੱਖਾਂ ਦੇ ਜਥੇ ਸਨ ਤੇ ਪੰਜ ਪਿਆਰੇ ਨਹੀਂ ਸਨ। ਪੰਜ ਪਿਆਰੇ ਤਾਂ ਸਿਰਫ਼ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਹੀ ਸਨ ਜਿਨ੍ਹਾਂ ਗੁਰੂ ਸਾਹਿਬ ਨੂੰ ਆਪਣੇ ਸੀਸ ਭੇਟ ਕੀਤੇ ਸਨ। ਇਨ੍ਹਾਂ ਪੰਜ ਪਿਆਰਿਆਂ ਤੋਂ ਪਹੁਲ ਪ੍ਰਾਪਤ ਕਰਕੇ ਪੰਜ ਪੰਜ ਸਿੰਘਾਂ ਦੇ ਜਥਿਆਂ ਨੇ ਥਾਉਂ ਥਾਈਂ ਜਾ ਕੇ ਹਜ਼ਾਰਾਂ ਸਿੱਖਾਂ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ, ਪਰ ਸਿੱਖ ਤਵਾਰੀਖ ਵਿੱਚ ਪੰਜ ਪਿਆਰੇ ਲਿਖਿਆ ਹੋਇਆ ਨਹੀਂ ਮਿਲਦਾ। ਹਮੇਸ਼ਾਂ ਜ਼ਿਕਰ ਇਸ ਗੱਲ ਦਾ ਰਿਹਾ ਹੈ ਕਿ ਪੰਜ ਸਿੰਘਾਂ ਨੇ ਤਿਆਰ ਕਰਕੇ ਖੰਡੇ ਬਾਟੇ ਦੀ ਪਹੁਲ ਸਿੰਘਾਂ ਨੂੰ ਛਕਾਈ। ਇਹ ਨਾ ਭੁੱਲੀਏ ਕਿ ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪੂਰਨ ਤਿਆਰ ਬਰ ਤਿਆਰ ਸਿੰਘਾਂ ਵਿੱਚੋਂ ਪੰਜ ਪਿਆਰੇ ਥਾਪੇ ਜਾਂਦੇ ਰਹੇ ਤੇ ਇਨ੍ਹਾਂ ਦਾ ਸਬੰਧ ਗੁਰਦੁਆਰਾ ਸੰਸਥਾ ਨਾਲ ਜੁਡ਼ਿਆ ਰਿਹਾ ਤੇ ਇਹ ਪੰਜ ਪਿਆਰੇ ਆਪਣਾ ਕਾਰਜ ਪੰਥਕ ਪ੍ਰੰਪਰਾਵਾਂ ਵਿੱਚ ਰਹਿ ਕੇ ਨਿਭਾਉਂਦੇ ਰਹੇ। ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਬਾਰੇ ਪੁਰਾਣੇ ਦਿੱਤੇ ਹੋਏ ਆਦੇਸ਼ਾਂ ਤੋਂ ਲਾਂਭੇ ਹੋ ਕੇ 24-9-2015 ਨੂੰ ਦਿੱਤੇ ਗਏ ਡੇਰਾ ਮੁਖੀ ਨੂੰ ਮੁਆਫ਼ ਕਰਨ ਦੇ ਆਦੇਸ਼ ’ਤੇ ਸਿੱਖ ਕੌਮ ਵਿੱਚ ਇਸ ਦਾ ਵਿਰੋਧ ਹੋਇਆ ਤਾਂ ਸਿੰਘ ਸਾਹਿਬਾਨ, ਸਿੱਖਾਂ ਦੇ ਗੁੱਸੇ ਦੇ ਪਾਤਰ ਬਣੇ। ਹਾਲਾਤ ਨੂੰ ਸਮਝਦਿਆਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ 24 ਸਤੰਬਰ ਨੂੰ ਇਹ ਦਿੱਤਾ ਹੋਇਆ ਆਦੇਸ਼ ਵਾਪਸ ਲੈ ਲਿਆ। ਇਸ ਨਾਲ ਸਿੱਖ ਕੌਮ ਨੂੰ ਇਸ ਗੱਲੋਂ ਰਾਹਤ ਮਹਿਸੂਸ ਹੋਈ ਤੇ ਇਹ ਸਮਝਿਆ ਜਾਣ ਲੱਗ ਪਿਆ ਕਿ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਕੌਮ ਦੀ ਭਾਵਨਾ ਨੂੰ ਠੀਕ ਸਮਝਦੇ ਹੋਏ ਆਪਣੇ ਪੁਰਾਣੇ ਆਦੇਸ਼ ਦੀ ਦਰੁਸਤੀ ਕੀਤੀ ਹੈ। ਫਿਰ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਇੱਕ ਬਿਆਨ ਦੇ ਕੇ ਪੰਥ ਵਿੱਚ ਖਲਬਲੀ ਵਾਲੀ ਸਥਿਤੀ ਪੈਦਾ ਕਰ ਦਿੱਤੀ। ਉਨ੍ਹਾਂ ਨੇ ਤਿੰਨ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨਾਂ ਨੂੰ ਤਲਬ ਕਰ ਲਿਆ ਤੇ ਉਨ੍ਹਾਂ ਦੀ ਜਵਾਬ ਤਲਬੀ ਮੰਗ ਲਈ। ਇੱਥੇ ਦੋ ਗੱਲਾਂ ਵਿਚਾਰਨ ਵਾਲੀਆਂ ਹਨ। ਪਹਿਲੀ ਤਾਂ ਇਹ ਕਿ ਇਹ ਪੰਜ ਪਿਆਰੇ ਸਥਾਪਿਤ ਤਖ਼ਤਾਂ ਦੇ ਜਥੇਦਾਰਾਂ ਦੀ ਜਵਾਬ ਤਲਬੀ ਕਰ ਸਕਦੇ ਹਨ। ਦੂਜੀ ਗੱਲ ਇਹ ਕਿ ਇਹ ਜਵਾਬ ਤਲਬੀ ਉਸ ਮਸਲੇ ’ਤੇ ਸੀ ਜਿਸ ਕਰਕੇ ਸਿੱਖ ਕੌਮ ਵਿੱਚ ਵਿਰੋਧ ਤੇ ਨਿਰਾਸ਼ਾ ਸੀ, ਪਰ ਉਹ ਆਦੇਸ਼ ਤਾਂ ਵਾਪਸ ਲੈ ਲਿਆ ਗਿਆ ਸੀ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਭੂਮਿਕਾ ਕਿਵੇਂ ਨਿਭਾਈ? ਇਸ ਬਾਰੇ ਵੀ ਖੁਲਾਸਾ ਕਰਨਾ ਬਣਦਾ ਹੈ। ਉਨ੍ਹਾਂ ਪੰਜ ਪਿਆਰਿਆਂ ਕੋਲ ਜਾ ਕੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਠੀਕ ਨਹੀਂ ਤੇ ਤਖ਼ਤ ਸਾਹਿਬਾਨਾਂ ਦੀ ਸੰਸਥਾ ਉੱਤਮ ਹੈ ਅਤੇ ਜਿਸ ਮਸਲੇ ਨੂੰ ਲੈ ਕੇ ਉਹ ਜਵਾਬ ਤਲਬੀ ਕਰ ਰਹੇ ਹਨ, ਉਹ ਆਦੇਸ਼ ਤਾਂ ਪਹਿਲਾਂ ਹੀ ਵਾਪਸ ਹੋ ਚੁੱਕਾ ਹੈ, ਪਰ ਪੰਜ ਪਿਆਰੇ ਇੱਕੋ ਗੱਲ ਕਹਿਣ ਲੱਗੇ ਕਿ ਤਖ਼ਤਾਂ ਦੇ ਸਿੰਘ ਸਾਹਿਬਾਨ ਉਨ੍ਹਾਂ ਕੋਲ ਆ ਕੇ ਜਵਾਬ ਦੇਣ ਤੇ ਆਪਣਾ ਪੱਖ ਪੂਰਨ। ਫਿਰ ਪੰਜ ਪਿਆਰਿਆਂ ਨੂੰ ਦੱਸਿਆ ਗਿਆ ਕਿ ਤਖ਼ਤ ਸਾਹਿਬਾਨਾਂ ਦੀ ਸੰਸਥਾ ਪੰਥ ਵਿੱਚ ਉਚੇਰੀ ਹੈ ਤੇ ਪੰਜ ਪਿਆਰਿਆਂ ਕੋਲ ਉਨ੍ਹਾਂ ਨੂੰ ਤਲਬ ਕਰਨ ਦਾ ਹੱਕ ਨਹੀਂ ਅਤੇ ਆਪਣੇ ਤਰਕ ਵਿੱਚ ਇਹ ਵੀ ਦੱਸਿਆ ਗਿਆ ਕਿ ਸਿਰਫ਼ ਉਹੀ ਪੰਜ ਪਿਆਰੇ ਨਹੀਂ ਹਨ, ਬਲਕਿ ਬਾਕੀ ਤਖ਼ਤ ਸਾਹਿਬਾਨਾਂ, ਹੋਰ ਗੁਰਧਾਮਾਂ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਉੱਥੇ ਵੀ ਪੰਜ ਪਿਆਰੇ ਬਣਦੇ ਹਨ ਅਤੇ ਜੇ ਉਨ੍ਹਾਂ ਵਿੱਚੋਂ ਪੰਜ ਰਲ ਕੇ ਤੁਹਾਡੇ ਆਦੇਸ਼ ਨੂੰ ਗ਼ਲਤ ਕਰਾਰ ਕਰਕੇ ਬਿਆਨ ਦੇਣ ਤਾਂ ਇਸ ਨਾਲ ਕੌਮ ਵਿੱਚ ਖਿੱਲੀ ਉੱਡੇਗੀ। ਉਨ੍ਹਾਂ ਪੰਜ ਪਿਆਰਿਆਂ ਨੂੰ ਇਸ ਤਰ੍ਹਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੰਮ੍ਰਿਤ ਸੰਚਾਰ ਕਰਵਾਉਦੇ ਹਨ ਤੇ ਉਨ੍ਹਾਂ ਕੋਲ ਉਹੀ ਆਉਂਦਾ ਹੈ ਜਿਸ ਨੂੰ ਅੰਮ੍ਰਿਤ ਦੀ ਅਭਿਲਾਸ਼ਾ ਹੋਵੇ। ਜੇ ਕਿਸੇ ਤੋਂ ਅੰਮ੍ਰਿਤ ਛੱਕਣ ਤੋਂ ਬਾਅਦ ਕੋਈ ਕੁਰਹਿਤ ਹੁੰਦੀ ਹੈ ਤਾਂ ਉਹ ਖ਼ੁਦ-ਬ-ਖ਼ੁਦ ਪੇਸ਼ ਹੋ ਕੇ ਭੁੱਲ ਬਖਸ਼ਾਉਂਦੇ ਹਨ। ਪੰਜ ਪਿਆਰੇ ਕਿਸੇ ਨੂੰ ਤਲਬ ਨਹੀਂ ਕਰ ਸਕਦੇ। ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਪਦਾ ਸੀ ਕਿ ਉਨ੍ਹਾਂ ਉੱਪਰ ਕਿਸੇ ਦਲੀਲ ਤੇ ਅਪੀਲ ਦਾ ਕੋਈ ਅਸਰ ਨਹੀਂ ਤੇ ਬਾਹਰੀ ਦਬਾਅ ਤੋਂ ਪ੍ਰਭਾਵਿਤ ਹਨ। ਇਨ੍ਹਾਂ ਪੰਜ ਪਿਆਰਿਆਂ ਨੇ ਇਹ ਵੀ ਸਾਡੀ ਇੱਕ ਮੁਲਾਕਾਤ ਵਿੱਚ ਕਿਹਾ ਕਿ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਚਮਕੌਰ ਦੀ ਗਡ਼੍ਹੀ ਛੱਡਣ ਦਾ ਹੁਕਮ ਦਿੱਤਾ ਸੀ ਤੇ ਜੇ ਉਹ ਗੁਰੂ ਸਾਹਿਬ ਨੂੰ ਆਦੇਸ਼ ਦੇ ਸਕਦੇ ਹਨ ਤਾਂ ਕੀ ਉਹ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਜਵਾਬ ਤਲਬੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਮਾਝਿਆ ਗਿਆ ਕਿ ਉਹ ਪੰਜ ਪਿਆਰਿਆਂ ਨੇ ਗਲ ਵਿੱਚ ਪੱਲਾ ਪਾ ਕੇ ਦਸਮ ਪਾਤਸ਼ਾਹ ਨੂੰ ਪੰਥ ਖ਼ਾਤਰ ਬੇਨਤੀ ਕੀਤੀ ਸੀ। ਪੰਜ ਪਿਆਰੇ ਉਹ ਸਨ ਜੋ ਆਪਾ ਵਾਰਨ ਲਈ ਗੁਰੂ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਇੱਥੇ ਉਹ ਕਿਸ ਤਰ੍ਹਾਂ ਭਾਈ ਦਇਆ ਸਿੰਘ ਤੇ ਬਾਕੀ ਪਿਆਰਿਆਂ ਦੀ ਬਰਾਬਰੀ ਕਰ ਸਕਦੇ ਹਨ। ਕਿਤੇ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਨਿਰਾ ਮੁਲਾਜ਼ਮ ਸਮਝ ਕੇ ਉਨ੍ਹਾਂ ਨੂੰ ਪਹਿਲਾਂ ਬਰਖ਼ਾਸਤ ਤੇ ਫਿਰ ਨੌਕਰੀ ਤੋਂ ਲਾਂਭੇ ਕੀਤਾ ਹੈ। ਹਾਲਾਂਕਿ ਉਨ੍ਹਾਂ ਪ੍ਰਤੀ ਬੇਨਤੀ, ਅਪੀਲ ਅਤੇ ਦਲੀਲ ਦਾ ਹਰ ਰਸਤਾ ਅਪਣਾਇਆ ਗਿਆ। ਇੱਕ ਗੱਲ ਕਹਿਣੀ ਮੁਨਾਸਿਬ ਹੋਵੇਗੀ ਕਿ 1925 ਦੇ ਗੁਰਦੁਆਰਾ ਐਕਟ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਈ ਅਹਿਮੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਰਫ਼ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸੇਵਾ ਦੀਆਂ ਸ਼ਰਤਾਂ ਤੋਂ ਬਾਹਰ ਰੱਖੇ ਗਏ ਸਨ। ਇਨ੍ਹਾਂ ਤਖ਼ਤ ਸਾਹਿਬਾਨਾਂ ਦੇ ਪ੍ਰਬੰਧਕੀ ਢਾਂਚੇ ਨੂੰ ਕੋਈ ਵੀ ਪੰਜ ਪਿਆਰੇ ਆਪਣੇ ਹੱਥ ਵਿੱਚ ਕਿਵੇਂ ਲੈ ਸਕਦੇ ਹਨ? ਇਸ ਵਿੱਚ ਦੋ ਰਾਇ ਨਹੀਂ ਹੈ ਕਿ ਤਖ਼ਤ ਸਾਹਿਬਾਨਾਂ ਵੱਲੋਂ ਸਿਰਫ਼ ਉਹੀ ਫ਼ੈਸਲਾ ਲੈਣਾ ਚਾਹੀਦਾ ਹੈ ਜੋ ਪੰਥਕ ਭਰੋਸੇ ਦੀ ਕਸਵੱਟੀ ’ਤੇ ਖਰਾ ਉੱਤਰਦਾ ਹੋਵੇ। ਪੰਜ ਪਿਆਰੇ ਖ਼ਾਸ ਨਹੀਂ ਸਨ ਬਲਕਿ ਆਮ ਸਿੰਘਾਂ ਵਿੱਚੋਂ ਹੀ ਚੁਣੇ ਜਾਂਦੇ ਰਹੇ ਹਨ। ਪੰਜ ਪਿਆਰੇ ਉਨੀ ਦੇਰ ਹੀ ਪੰਜ ਪਿਆਰੇ ਸਦਵਾ ਸਕਦੇ ਹਨ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਸੰਚਾਰ ਦੀ ਪ੍ਰਕਿਰਿਆ ਸੰਪੂਰਨ ਹੁੰਦੀ ਹੈ। ਪੰਜ ਪਿਆਰਿਆਂ ਦੀ ਅਸਲ ਵਿੱਚ ਵਿਰਾਸਤੀ ਸ਼ਾਨ ਤਾਂ ਸਿਰ ਦੇਣ ਵਿੱਚ ਹੈ, ਸਿਰ ਲੈਣ ਵਿੱਚ ਨਹੀਂ। ਸਾਡੀ ਵਿਰਾਸਤੀ ਗੱਲ ਤਾਂ ਇਹ ਹੈ ਕਿ ‘‘ਪੰਥ ਵਸੇ, ਮੈਂ ਉਜਡ਼ਾ, ਮਨ ਚਾਓ ਘਨੇਰਾ”। ਇਸ ਨੂੰ ਦਿਲ ਵਿੱਚ ਵਸਾਉਣ ਦੀ ਲੋਡ਼ ਹੈ। ਦਾਨਸ਼ਮੰਦ ਸਿੰਘ, ਵਿਦਵਾਨ ਤੇ ਧਾਰਮਿਕ ਮਹਾਂਪੁਰਸ਼ ਇਸ ਸਬੰਧੀ ਸੰਵਾਦ ਰਚਾਉਣ, ਇਹ ਸਮੇਂ ਦੀ ਲੋਡ਼ ਹੈ।.

* ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਪਰਕ: 88720-06924

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All