ਸਿੱਖ ਕਤਲੇਆਮ: ਮਹੀਪਾਲ ਕੇਸ ’ਚ ਦੋ ਵਿਅਕਤੀ ਦੋਸ਼ੀ ਕਰਾਰ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 14 ਨਵੰਬਰ

ਹਰਦੇਵ ਸਿੰਘ

ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਦੋ ਸਿੱਖਾਂ ਦੇ ਮੁੱਕਦਮੇ ਵਿੱਚ ਦੋ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਅਜੈ ਪਾਂਡੇ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਸਿੱਖ ਕਤਲੇਆਮ ਦੌਰਾਨ ਮਹੀਪਾਲ ਇਲਾਕੇ ’ਚ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਜਾਨ ਲੈਣ ਦਾ ਦੋਸ਼ੀ ਕਰਾਰ ਦਿੱਤਾ ਹੈ। ਮ੍ਰਿਤਕ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਉੱਪਰ ਚੱਲ ਰਹੀ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਭਲਕੇ 15 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਇਹ ਕੇਸ 1994 ’ਚ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਸੀ ਪਰ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਮੁੜ ਇਹ ਕੇਸ ਮੁੜ ਖੋੋਲ੍ਹਿਆ ਗਿਆ ਸੀ। ਅਦਾਲਤ ਨੇ ਦੋਵਾਂ ਨੂੰ ਧਾਰਾ 302, 307, 395 ਤੇ 324 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਧਾਰਾਵਾਂ ਤਹਿਤ ਦੋਸ਼ੀਆਂ ਨੂੰ ਵੱਧ ਤੋਂ ਵੱਧ ਮੌਤ ਦੀ ਸਜ਼ਾ ਤੇ ਘੱਟੋ-ਘੱਟ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਫ਼ੈਸਲੇ ਮਗਰੋਂ ਪੁਲੀਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਜੀਕੇ ਨੇ ਕਿਹਾ ਕਿ 1984 ਕਤਲੇਆਮ ਤੋਂ ਬਾਅਦ ਇਨਸਾਫ਼ ਦਾ ਵੀ ਕਤਲ ਹੋਇਆ। ਉਨ੍ਹਾਂ ਕਿਹਾ ਕਿ ਮਹੀਪਾਲਪੁਰ ਕੇਸ ਵਿੱਚ ਨਤੀਜਾ ਸਾਹਮਣੇ ਆਉਣ ਦਾ ਮੁੱਖ ਕਾਰਨ ਤ੍ਰਿਲੋਕ ਸਿੰਘ, ਸੰਗਤ ਸਿੰਘ ਅਤੇ ਕੁਲਦੀਪ ਸਿੰਘ ਵੱਲੋਂ ਬਿਨਾਂ ਡਰੇ ਪੈਰਵੀ ਕਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 9 ਸਾਲ ਬਾਅਦ ਐੱਫਆਈਆਰ ਦਰਜ ਹੋਈ ਅਤੇ ਉਸ ਤੋਂ 25 ਸਾਲ ਬਾਅਦ ਹੁਣ 2 ਵਿਅਕਤੀ ਦੋਸ਼ੀ ਕਰਾਰ ਹੋਏ ਹਨ, ਜਦਕਿ ਭੀੜ ਦੀ ਅਗਵਾਈ ਕਰਨ ਵਾਲਾ ਮੁੱਖ ਕਾਂਗਰਸੀ ਆਗੂ ਜੇਪੀ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਹੋਣ ਤੋਂ ਬਚ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤੀ ਫ਼ੈਸਲੇ ਨੂੰ ਦਿੱਲੀ ਕਮੇਟੀ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ 2013 ਤੋਂ ਸੇਵਾ ਸੰਭਾਲ ਕਰ ਰਹੀ ਕਮੇਟੀ ਨੂੰ 6 ਸਾਲ ਬਾਅਦ ਇਹ ਪ੍ਰਾਪਤੀ ਮਿਲੀ ਹੈ। ਉਨ੍ਹਾਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਛੇਤੀ ਹੀ ਸਜ਼ਾ ਦਿਵਾਉਣ ਦੀ ਉਮੀਦ ਵੀ ਜ਼ਾਹਿਰ ਕੀਤੀ। ਸ੍ਰੀ ਸਿਰਸਾ ਨੇ ਐੱਸਆਈਟੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ ਵੱਲੋਂ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਕੇਸ ਦੇ ਗਵਾਹ ਤ੍ਰਿਲੋਕ ਸਿੰਘ, ਸੰਗਤ ਸਿੰਘ, ਕੁਲਦੀਪ ਸਿੰਘ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All