ਸਿੱਖਿਆ, ਸਕੂਲ, ਲਾਇਬਰੇਰੀ ਅਤੇ ਵਿਦਿਆਰਥੀ

ਸਿੱਖਿਆ, ਸਕੂਲ, ਲਾਇਬਰੇਰੀ ਅਤੇ ਵਿਦਿਆਰਥੀ

ਗੁਰਬਿੰਦਰ ਸਿੰਘ ਮਾਣਕ

ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਲਾਇਬਰੇਰੀ ਗਿਆਨ ਦਾ ਵਿਸ਼ਾਲ ਭੰਡਾਰ ਹੁੰਦੀ ਹੈ। ਪੁਸਤਕਾਂ ਦੀ ਮਹੱਤਤਾ ਕਾਰਨ ਹੀ ਇਨ੍ਹਾਂ ਨੂੰ ਮਨੁੱਖ ਦਾ ਸੱਚਾ ਮਿੱਤਰ ਕਿਹਾ ਜਾਂਦਾ ਹੈ। ਲਾਇਬਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ ‘ਲੀਬਰੇ’ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਿਤਾਬ। ਸਾਹਿਤਕ ਤੇ ਗਿਆਨ ਵਾਲੀਆਂ ਪੁਸਤਕਾਂ ਮਨੁੱਖ ਦੀ ਸੋਚ ਤੇ ਨਜ਼ਰੀਏ ਨੂੰ ਬਦਲਣ ਤੇ ਪ੍ਰਪੱਕ ਕਰਨ ਦਾ ਵੱਡਮੁੱਲਾ ਕਾਰਜ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਆਪਣੀ ਉਮਰ, ਰੁਚੀ ਤੇ ਪਸੰਦ ਅਨੁਸਾਰ ਕੋਈ ਵੀ ਸ਼ਖ਼ਸ ਲਾਇਬਰੇਰੀ ਵਿਚ ਪੁਸਤਕਾਂ ਸੰਗ ਦੋਸਤੀ ਪਾ ਕੇ ਨਾਂ ਕੇਵਲ ਗਿਆਨ-ਰੂਪੀ ਸਮੁੰਦਰ ਵਿਚ ਤਾਰੀਆਂ ਲਾ ਸਕਦਾ ਹੈ ਸਗੋਂ ਜੀਵਨ ਦਾ ਵਿਸ਼ੇਸ਼ ਨਜ਼ਰੀਆ ਤੇ ਸੂਝ ਵਿਕਸਤ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚਣ ਦਾ ਰਾਹ ਵੀ ਤਲਾਸ਼ ਸਕਦਾ ਹੈ। ਘਰ ਤੋਂ ਬਾਅਦ ਸਕੂਲ ਬੱਚੇ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਕੂਲ ਵਿਚ ਬੱਚੇ ਨੇ ਕੇਵਲ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹ ਕੇ ਹੀ ਜਮਾਤਾਂ ਨਹੀਂ ਪਾਸ ਕਰਨੀਆਂ ਹੁੰਦੀਆਂ ਸਗੋਂ ਸਮਾਜਿਕ, ਸੱਭਿਆਚਾਰਕ, ਭਾਵਨਾਤਮਿਕ ਅਤੇ ਨੈਤਿਕ ਮੁੱਲਾਂ ਬਾਰੇ ਬਹੁਤ ਕੁਝ ਸਿੱਖਣਾ ਤੇ ਸਮਝਣਾ ਹੁੰਦਾ ਹੈ। ਇਸ ਗੱੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਜ਼ਿੰਦਗੀ ਦਾ ਇਹ ਅਣਮੁੱਲਾ ਗਿਆਨ ਹਾਸਲ ਕਰਕੇ ਹੀ ਜੀਵਨ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ। ਸਕੂਲ ਪੱਧਰ ‘ਤੇ ਪੜ੍ਹਾਏ ਜਾਂਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਲਾਇਬਰੇਰੀ ਵਿਚੋਂ ਪ੍ਰਾਪਤ ਕਰਕੇ ਵਿਦਿਆਰਥੀ ਕਿਸੇ ਵੀ ਵਿਸ਼ੇ ਬਾਰੇ ਹੋਰ ਗਿਆਨ ਹਾਸਲ ਕਰਕੇ ਵਿਸ਼ੇ ਬਾਰੇ ਚੰਗੀ ਸਮਝ ਪੈਦਾ ਕਰ ਸਕਦਾ ਹੈ। ਅਜੋਕੀ ਸਿਖਿਆ ਪ੍ਰਣਾਲੀ ਵਿਚ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕੇਵਲ ਪਾਠ ਪੁਸਤਕਾਂ ਅਤੇ ਮਿਥੇ ਪਾਠਕ੍ਰਮ ਪੜ੍ਹਾਉਣ ‘ਤੇ ਹੀ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਪਾਠਕ੍ਰਮ ਇੰਨੇ ਲੰਮੇ ਅਕਾਊ ਅਤੇ ਨੀਰਸ ਹਨ ਕਿ ਬੱਚੇ ਅਤੇ ਅਧਿਆਪਕ ਸਾਲ ਦਾ ਬਹੁਤਾ ਸਮਾਂ ਇਸ ਨੂੰ ਮੁਕਾਉਣ ਵਿਚ ਹੀ ਉਲਝੇ ਰਹਿੰਦੇ ਹਨ। ਅਧਿਆਪਕ ਵੀ ‘ਨਤੀਜਾ’ ਚੰਗਾ ਲਿਆਉਣ ਦੇ ਯਤਨਾਂ ਵਿਚ, ਤੇ ਮਹਿਕਮੇ ਨੂੰ ਆਪਣੀ ‘ਕਾਰਗੁਜ਼ਾਰੀ’ ਦਿਖਾਉਣ ਲਈ ਪਾਠਕ੍ਰਮ ਦੇ ਚੱਕਰਵਿਊ ਵਿਚੋਂ ਹੀ ਬਾਹਰ ਨਹੀਂ ਨਿਕਲਦਾ। ਪ੍ਰੀਖਿਆ ਪਾਸ ਕਰਨ ਦੇ ਹਊਏ ਨੇ ਵਿਦਿਆਰਥੀ ਲਈ ਕਿਸੇ ਵੀ ਹੋਰ ਸਰਗਰਮੀ ਵਿਚ ਹਿੱਸਾ ਲੈਣ ਦੇ ਦਰਵਾਜ਼ੇ ਹੀ ਬੰਦ ਕੀਤੇ ਹੋਏ ਹਨ। ਅਜੋਕੇ ਸਮਿਆਂ ਵਿਚ ਤਾਂ ਗਿਆਨ ਦੇ ਅਨੇਕਾਂ ਸਾਧਨਾਂ ਦੀ ਬਦੌਲਤ ਹਰ ਵਿਸ਼ੇ ਨਾਲ ਸਬੰਧਿਤ ਅਸੀਮ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਨਵੇਂ ਤਕਨੀਕੀ ਸਾਧਨਾਂ ਦੀ ਵਰਤੋਂ ਪ੍ਰਤੀ ਸੇਧ ਦੇਣ ਦੀ ਲੋੜ ਹੈ। ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਇਨ੍ਹਾਂ ਸਾਧਨਾਂ ਦੀ ਸੁਯੋਗ ਤੇ ਲਾਭਕਾਰੀ ਵਰਤੋਂ ਪ੍ਰਤੀ ਸੁਚੇਤ ਕਰ ਸਕਦੇ ਹਨ। ਬਿਨਾਂ ਸ਼ੱਕ ਟੀਵੀ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਇਸ ਦੀ ਚਕਾਚੌਂਧ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਚਿੰਤਾਜਨਕ ਗੱਲ ਇਹ ਹੈ ਕਿ ਅਜੋਕੇ ਬੱਚੇ ਮਾਰਧਾੜ, ਅਪਰਾਧ ਵਾਲੀਆਂ ਤੇ ਨੰਗੇਜ਼ ਭਰਪੂਰ ਫਿਲਮਾਂ ਅਤੇ ਤਰਕਹੀਣ ਤੇ ਗੈਰ ਵਿਗਿਆਨਕ ਸੀਰੀਅਲਾਂ ਦੇ ਦੀਵਾਨੇ ਹੋਏ ਪਏ ਹਨ। ਇਸ ਸਿਲਸਿਲੇ ਨੂੰ ਭਾਵੇਂ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ, ਪਰ ਸਕੂਲ ਲਾਇਬਰੇਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਕਸਤ ਕਰਕੇ,ਵਿਦਿਆਰਥੀਆ ਨੂੰ ਸਾਰਥਿਕ ਬਦਲ ਦਿੱਤਾ ਜਾ ਸਕਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਲਾਇਬਰੇਰੀ ਸਕੂਲ ਪਾਠਕ੍ਰਮ ਦਾ ਹਿੱਸਾ ਹੋਵੇ। ਅਧਿਆਪਕ ਬੱਚਿਆਂ ਦੇ ਮਨ ਵਿਚ ਪੁਸਤਕਾਂ ਦੇ ਵਿਲੱਖਣ ਸੰਸਾਰ ਪ੍ਰਤੀ ਦਿਲਚਸਪੀ ਅਤੇ ਪ੍ਰੇਰਨਾ ਪੈਦਾ ਕਰਕੇ ਉਨ੍ਹਾਂ ਨੂੰ ਲਾਇਬਰੇਰੀ ਜਾਣ ਲਈ ਉਤਸ਼ਾਹਿਤ ਕਰੇ। ਬੱਚਿਆਂ ਦੇ ਉਮਰ-ਗਰੁੱਪ ਅਨੁਸਾਰ ਉਨ੍ਹਾਂ ਨੂੰ ਪੁਸਤਕਾਂ ਮੁਹੱਈਆ ਕਰਾਈਆਂ ਜਾਣ। ਬੱਚੇ ਨੂੰ ਲਾਇਬਰੇਰੀ ਵਿਚ ਬੈਠ ਕੇ ਅਖਬਾਰਾਂ, ਰਸਾਲੇ ਅਤੇ ਪੁਸਤਕਾਂ ਦੇ ਅਲੋਕਾਰ ਸੰਸਾਰ ਦੀ ਥਾਹ ਪਾਉਣ ਦਾ ਮੌਕਾ ਦੇਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਜੇ ਅਧਿਆਪਕ ਨੂੰ ਆਪ ਪੁਸਤਕਾਂ ਪੜ੍ਹਨ ਵਿਚ ਦਿਲਚਸਪੀ ਹੋਵੇਗੀ ਤਾਂ ਉਹ ਹੌਲੀ ਹੌਲੀ ਬੱਚਿਆਂ ਨੂੰ ਵੀ ਇਸ ਰਾਹ ਤੋਰਨ ਵਿਚ ਕਾਮਯਾਬੀ ਹਾਸਲ ਕਰ ਲਏਗਾ। ਪੁਸਤਕਾਂ ਵਿਚੋਂ ਕਦੇ ਕਦੇ ਕੁਝ ਦਿਲਚਸਪ ਵੇਰਵੇ ਅਧਿਆਪਕ ਬੱਚਿਆਂ ਨੂੰ ਪੜ੍ਹ ਕੇ ਸੁਣਾਏ ਤਾਂ ਕਿ ਬੱਚਿਆਂ ਦੇ ਮਨਾਂ ਵਿਚ ਪੁਸਤਕਾਂ ਪ੍ਰਤੀ ਉਤਸੁਕਤਾ ਤੇ ਤਾਂਘ ਪੈਦਾ ਹੋ ਸਕੇ। ਬੱਚਿਆਂ ਦੀ ਸਕੂਲ ਵਿਚ ਕਿਸੇ ਪ੍ਰਾਪਤੀ ਲਈ ਪੁਸਤਕਾਂ ਇਨਾਮ ਵਜੋਂ ਦਿੱਤੀਆਂ ਜਾਣ ਤਾਂ ਕਿ ਉਹ ਜਦੋਂ ਚਾਹੇ ਪੜ੍ਹਨ ਦੀ ਭੁੱਖ ਪੂਰੀ ਕਰ ਸਕੇ। ਇਸ ਤਰ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਬੱਚਿਆਂ ਵਿਚ ਸਿਰਜਣਾਤਮਿਕ ਰੁਚੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਬੱਚੇ ਅਧਿਆਪਕ ਦੀ ਅਗਵਾਈ ਵਿਚ ਹਲਕੇ ਫੁਲਕੇ ਲੇਖ ਅਤੇ ਕਵਿਤਾਵਾਂ ਲਿਖ ਕੇ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਨ। ਅਸਲ ਵਿਚ ਬਹੁਤ ਕੁਝ ਅਧਿਆਪਕ ਦੀ ਆਪਣੀ ਲਗਨ ਅਤੇ ਪ੍ਰਤੀਬੱਧਤਾ ਉੱਤੇ ਨਿਰਭਰ ਕਰਦਾ ਹੈ। ਜੇ ਆਧਿਆਪਕ ਆਪ ਅਜਿਹੀ ਰੁਚੀ ਦਾ ਮਾਲਕ ਹੈ ਤਾਂ ਉਹ ਦੇਰ ਸਵੇਰ ਬੱਚਿਆਂ ਨੂੰ ਵੀ ਉਸ ਰਾਹ ਤੋਰਨ ਵਿਚ ਕਾਮਯਾਬੀ ਹਾਸਲ ਕਰ ਸਕਦਾ ਹੈ। ਜਿਹੜਾ ਅਧਿਆਪਕ ਆਪਣੇ ਗਿਆਨ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਖਬਾਰਾਂ, ਰਸਾਲੇ ਅਤੇ ਪੁਸਤਕਾਂ ਪੜ੍ਹਨ ਵਿਚ ਡੂੰਘੀ ਦਿਲਚਸਪੀ ਲੈਂਦਾ ਹੈ, ਉਹ ਨਾ ਕੇਵਲ ਆਪਣੇ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਲੈਂਦਾ ਹੈ, ਸਗੋਂ ਜ਼ਿੰਦਗੀ ਦੇ ਅਸੀਮ ਗਿਆਨ ਨਾਲ ਵੀ ਉਸ ਦਾ ਮਨ ਮਸਤਕ ਰੌਸ਼ਨ ਹੋ ਜਾਂਦਾ ਹੈ। ਅਧਿਆਪਕ ਇਸ ਗਿਆਨ ਅਤੇ ਅਨੁਭਵ ਦੁਆਰਾ ਬੱਚਿਆਂ ਨੂੰ ਪਾਠਕ੍ਰਮ ਦੇ ਖੂਹ ਦੇ ਡੱਡੂ ਬਣਨ ਦੀ ਥਾਂ, ਜੀਵਨ ਦਾ ਸਰਵਪੱਖੀ ਗਿਆਨ ਹਾਸਲ ਕਰਨ ਦੀ ਸੂਝ ਵਿਕਸਤ ਕਰ ਸਕਦਾ ਹੈ। ਸਿਖਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਗਿਆ ਹੈ। ਅਜੋਕੀ ਸਿਖਿਆ ਪ੍ਰਣਾਲੀ ਬੱਚੇ ਦੀ ਸੁਝ ਨੂੰ ਵਿਕਸਤ ਕਰਨ ਅਤੇ ਉਸ ਦੇ ਮਨ ਵਿਚ ਆਲੋਚਨਾਤਮਿਕ ਸਵਾਲ ਪੈਦਾ ਕਰਨ ਤੋਂ ਅਸਮਰੱਥ ਹੈ। ਜਦੋਂ ਤੱਕ ਕਿਸੇ ਵਿਚਾਰ ਜਾਂ ਮਸਲੇ ਬਾਰੇ ਕੋਈ ਸਵਾਲ ਪੈਦਾ ਨਹੀਂ ਹੁੰਦਾ, ਉਦੋਂ ਤੱਕ ਤੀਸਰਾ ਨੇਤਰ ਬੰਦ ਹੀ ਰਹੇਗਾ। ਸਾਡੇ ਦੇਸ਼ ਦੀ ਸਮੁੱਚੀ ਸਿਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੁਖਾਂਤ ਇਹੀ ਹੈ। ਲਾਇਬਰੇਰੀ ਦੀਆਂ ਸਾਹਿਤਕ ਤੇ ਹੋਰ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਦੀ ਲਗਾਤਾਰ ਸਾਂਝ ਨਾਲ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਨਵਾਂ ਤੇ ਸਾਰਥਿਕ ਮੋੜ ਦੇਣ ਦਾ ਯਤਨ ਕੀਤਾ ਜਾ ਸਕਦਾ ਹੈ। ਪੁਸਤਕਾਂ ਪੜ੍ਹਨ ਦੀ ਰੁਚੀ ਹੌਲੀ ਹੌਲੀ ਬੱਚਿਆਂ ਦੇ ਮਨ ਵਿਚ ਜੀਵਨ ਦੇ ਵਰਤਾਰਿਆਂ ਨੂੰ ਸਮਝਣ ਦੀ ਸੂਝ ਪੈਦਾ ਕਰਦੀ ਹੈ ਤੇ ਸਵੈ-ਵਿਸ਼ਵਾਸ ਪੈਦਾ ਕਰਦੀ ਹੈ। ਅਗਲੇਰੀ ਜ਼ਿੰਦਗੀ ਵਿਚ ਇਹ ਗੁਣ ਕਿਸੇ ਦੀ ਸ਼ਖ਼ਸੀਅਤ ਉਸਾਰਨ ਵਿਚ ਸਹਾਈ ਹੁੰਦੇ ਹਨ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਲਾਇਬਰੇਰੀ ਦੀ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਹ ਸੋਚ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਇਸ ਦੇ ਉਲਟ ਸਗੋਂ ਪੁਸਤਕਾਂ ਪੜ੍ਹਨ ਅਤੇ ਗਿਆਨ ਹਾਸਲ ਕਰਨ ਦੀ ਪ੍ਰਵਿਰਤੀ, ਬੱਚੇ ਦੇ ਮਨ ਵਿਚ ਜੀਵਨ ਵਿਚ ਅੱਗੇ ਵਧਣ ਲਈ ਜੋਸ਼ ਅਤੇ ਲਗਨ ਪੈਦਾ ਕਰਦੀ ਹੈ। ਸਾਰਥਿਕ ਰੁਚੀਆਂ ਪੈਦਾ ਕਰਨ ਲਈ ਸਾਹਿਤਕ ਪੁਸਤਕਾਂ ਦੀ ਭੂਮਿਕਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਵੀ ਕੁਝ ਹੱਦ ਤੱਕ ਲਾਇਬਰੇਰੀਆਂ ਬਣੀਆਂ ਹਨ। ਪੁਸਤਕਾਂ ਖਰੀਦਣ ਲਈ ਗਰਾਂਟਾਂ ਵੀ ਮੁਹੱਈਆ ਕਰਾਈਆਂ ਗਈਆਂ ਹਨ। ਜਿੱਥੇ ਅਧਿਆਪਕ ਰੁਚੀ ਲੈਂਦੇ ਹਨ, ਉਨ੍ਹਾਂ ਸਕੂਲਾਂ ਵਿਚ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਲਾਇਬਰੇਰੀਆਂ ਦੇਖੀਆਂ ਜਾ ਸਕਦੀਆਂ ਹਨ। ਲਾਇਬਰੇਰੀ ਵਿਚ ਬੈਠ ਕੇ ਬੱਚੇ ਆਰਾਮ ਨਾਲ ਅਖਬਾਰਾਂ ਅਤੇ ਪੁਸਤਕਾਂ ਪੜ੍ਹਦੇ ਹਨ। ਬਹੁਤੇ ਸਕੂਲਾਂ ਵਿਚ ਲਾਇਬਰੇਰੀਅਨ ਦੀ ਆਸਾਮੀ ਖਾਲੀ ਹੋਣ ਕਾਰਨ ਕੋਈ ਅਧਿਆਪਕ ਹੀ ਲਾਇਬਰੇਰੀ ਦਾ ਕੰਮਕਾਜ ਦੇਖਦਾ ਹੈ। ਜੇ ਅਧਿਆਪਕ ਆਪ ਪੁਸਤਕਾਂ ਵਿਚ ਰੁਚੀ ਰੱਖਦਾ ਹੋਵੇ, ਫਿਰ ਤਾਂ ਇਹ ਕੰਮ ਖੁਸ਼ੀ ਨਾਲ ਕੀਤਾ ਜਾਂਦਾ ਹੈ, ਨਹੀਂ ਤਾਂ ਬਹੁਤੇ ਅਧਿਆਪਕ ਇਸ ਨੂੰ ਵਾਧੂ ਦਾ ਬੋਝ ਸਮਝ ਕੇ ਬੱਧੇ-ਰੁੱਧੇ ਹੀ ਕਰਦੇ ਹਨ। ਇਉਂ ਲਾਇਬਰੇਰੀ ਦੇ ਵਿਦਿਅਕ, ਸਾਹਿਤਕ ਅਤੇ ਸੂਝ ਨੂੰ ਰੌਸ਼ਨ ਕਰਨ ਦੇ ਮਹੱਤਵ ਨੂੰ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਸੁੰਦਰ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਕਿਤਾਬਾਂ ਦਾ ਕੀ ਲਾਭ ਹੈ, ਜੇ ਉਹ ਬੱਚਿਆਂ ਦੇ ਹੱਥਾਂ ਵਿਚ ਨਹੀਂ ਜਾਂਦੀਆਂ। ਬਹੁ ਗਿਣਤੀ ਸਕੂਲਾਂ ਵਿਚ, ਘੱਟੇ-ਮਿੱਟੀ ਵਿਚ ਲੱਥ-ਪੱਥ ਹੋਇਆ ਇਹ ਗਿਆਨ ਰੂਪੀ ਸਰਮਾਇਆ, ਅਲਮਾਰੀਆਂ ਵਿਚ ਕੈਦ ਹੋ ਕੇ ਹੀ ਰਹਿ ਗਿਆ ਹੈ। ਅਜੋਕੇ ਸਮੇਂ ਵਿਚ ਬੱਚੇ ਕੰਪਿਊਟਰ ਅਤੇ ਮੋਬਾਇਲ ਆਦਿ ਤਕਨੀਕੀ ਸਾਧਨਾਂ ਵਿਚ ਜਿਸ ਤਰ੍ਹਾਂ ਉਲਝ ਕੇ ਰਹਿ ਗਏ ਹਨ ਤਾਂ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਲਾਇਬਰੇਰੀਆਂ ਨੂੰ ਗੰਭੀਰਤਾ ਨਾਲ ਸਕੂਲੀ ਸਿਖਿਆ ਦਾ ਅੰਗ ਬਣਾਇਆ ਜਾਵੇ ਤਾਂ ਕਿ ਬੱਚੇ ਕਿਤਾਬਾਂ ਨਾਲ ਸਾਂਝ ਪਾ ਸਕਣ। ਇਨ੍ਹਾਂ ਸਾਧਨਾਂ ਵਿਚ ਕੋਈ ਬੁਰਾਈ ਨਹੀਂ ਹੈ, ਪਰ ਜਿਸ ਤਰ੍ਹਾਂ ਅਜੋਕੇ ਬੱਚੇ ਇਨ੍ਹਾਂ ਦੇ ਗੁਲਾਮ ਬਣਦੇ ਜਾ ਰਹੇ ਹਨ, ਇਸ ਨਾਲ ਬੱਚਿਆਂ ਵਿਚ ਕਈ ਸਰੀਰਕ ਤੇ ਮਾਨਸਿਕ ਵਿਕਾਰ ਪੈਦਾ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਬਹੁਤ ਜ਼ਰੂਰੀ ਹੈ ਕਿ ਸਕੂਲ ਲਾਇਬਰੇਰੀ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾ ਕੇ, ਇਸ ਦੀ ਸੁਚੱਜੀ ਤੇ ਯੋਗ ਵਰਤੋਂ ਕੀਤੀ ਜਾਵੇ, ਤਾਂ ਕਿ ਸਕੂਲਾਂ ਵਿਚ ਪੜ੍ਹਦਾ ਦੇਸ਼ ਦਾ ਭਵਿੱਖ ਨਵੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਸਕੇ।

ਸੰਪਰਕ: 98153-56086

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All