ਸਿੰਗਾਪੁਰ ਬਗ਼ਾਵਤ: ਪੰਜਵੀਂ ਲਾਈਟ ਇਨਫੈਂਟਰੀ ਦੇ ਫ਼ੌਜੀਆਂ ਦਾ ਗ਼ਦਰ

ਉਨੀਂਦਰਾ ਇਤਿਹਾਸ, ਸੁਲਗਦਾ ਵਰਤਮਾਨ

ਰਾਜਵਿੰਦਰ ਮੀਰ

ਮਾਰਚ ਦਾ ਮਹੀਨਾ ਪੰਜਾਬੀ ਸੋਚਣੀ ਵਿੱਚ ਬਰਛੀ ਬਣ ਕੇ ਖੁੱਭਿਆ ਹੋਇਆ ਹੈ। ਇਸ ਮਹੀਨੇ ਦੇ ਸ਼ਹੀਦੀ ਦਿਹਾੜਿਆਂ ਵਿੱਚ 23 ਮਾਰਚ 1931 ਦਾ ਦਿਨ ਸਿਖਰ ਹੈ। ਪਰ ਇਸੇ ਮਹੀਨੇ ਲਗਾਤਾਰ-ਪੜਾਅਵਾਰ ਸ਼ਹਾਦਤਾਂ ਦਾ ਇੱਕ ਦੌਰ ਵਾਪਰਦਾ ਹੈ, ਜਿਸ ਬਾਰੇ ਬੱਝਵੀਂ ਨਜ਼ਰਸਾਨੀ ਅਜੇ ਤੱਕ ਹੋਈ ਨਹੀਂ। ਇਹ ਦੌਰ ਸਿੰਗਾਪੁਰ ਦੇ ਗ਼ਦਰੀ ਫ਼ੌਜੀਆਂ ਦੀਆਂ ਸ਼ਹਾਦਤਾਂ ਦਾ ਹੈ, ਜੋ ਮਾਰਚ ਮਹੀਨੇ ਦੇ ਸ਼ੁਰੂ ਤੋਂ 25 ਮਾਰਚ 1915 ਤੱਕ ਚੱਲਿਆ। ਅਮਰੀਕਨ ਦਸਤਾਵੇਜ਼ੀ ਫ਼ਿਲਮ ‘ਦਿ ਸਿੰਗਾਪੁਰ ਮਿਊਟਨੀ’ ਦਾ ਸੂਤਰਧਾਰ ਦੱਸਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਲ ’ਚ ਲਿਆਂਦੀਆਂ ਗਈਆਂ ਮੌਤ ਦੀਆਂ ਸਜ਼ਾਵਾਂ ਦਾ ਇਹ ਸਭ ਤੋਂ ਵੱਡਾ ਵਾਕਾ ਸੀ। ਪਿਛਲੇ ਦਿਨਾਂ ’ਚ ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਉੱਲਾ ਖਾਨ ਦੀ ਸਾਂਝੀ ਵਿਰਾਸਤ ਤੇ ਸਾਂਝੀ ਸ਼ਹਾਦਤ ਦੀ ਬਾਤ ਪਾਈ ਗਈ। ਬਾਤ ਉਦੋਂ ਪਾਈ ਗਈ ਜਦੋਂ ਨਵੇਂ ਨਾਗਰਿਕਤਾ ਕਾਨੂੰਨ ਨੇ ਮੁਲਕ ਨੂੰ ਬੇਹੱਦ ਡਰਾਉਣਾ ਬਣਾ ਰੱਖਿਆ ਹੈ। ਸਦੀ ਪਹਿਲਾਂ ਮੁਲਕ ’ਚ ਰਹਿਣ ਵਾਲੀਆਂ ਘੱਟ ਗਿਣਤੀਆਂ ਨੂੰ ਇਹ ਮੁਲਕ ਇਉਂ ਡਰਾਉਣਾ ਨਹੀਂ ਸੀ ਲੱਗਦਾ। ਬਸਤੀਵਾਦੀ ਹਾਕਮਾਂ ਦੇ ਆਉਣ ਤੋਂ ਪਹਿਲਾਂ ਭਗਤੀ ਲਹਿਰ ਦੇ ਕਵੀਆਂ ਨੇ ਮੁਲਕ ਦਾ ਕਣ ਜਿਉਂਦਾ ਰੱਖਿਆ ਹੋਇਆ ਸੀ। ਗੁਰੂ ਅਰਜਨ ਦੇਵ ਅਤੇ ਸਾਈਂ ਮੀਆਂ ਮੀਰ ਜਿਹੇ ਰਹਿਬਰ ‘ਮੇਵਾ ਸਿੰਘ ਤੇ ਮਾਖੇ ਖਾਂ’ ਦੇ ਇਕੱਠੇ ਹੋਣ ਦੀ ਬੁਨਿਆਦ ਮਜ਼ਬੂਤ ਕਰ ਰਹੇ ਸਨ। ਅੰਗਰੇਜ਼ ਹਕੂਮਤ ਦੇ ਕਬਜ਼ੇ ਤੋਂ ਬਾਅਦ ਜਦੋਂ ਮੈਕਾਲੇ ਦਾ ‘ਬਾਬੂ ਘੜਨਾ’ ਪ੍ਰਾਜੈਕਟ ਭਾਰਤੀ ਬੁੱਧੀਜੀਵੀਆਂ ਦੀਆਂ ਦੱਬੂ ਨਸਲਾਂ ਪੈਦਾ ਕਰ ਰਿਹਾ ਸੀ, ਠੀਕ ਉਦੋਂ ਬਾਲਜ਼ਾਕ-ਮਾਰਕਸ ਅਜਿਹੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਥਰਥਰਾਹਟ ਪੈਦਾ ਕਰਨੀ ਸੀ। ਅਜਿਹੇ ਬੁੱਧੀਜੀਵੀ ਪੈਦਾ ਕਰਨੇ ਸਨ, ਜਿਨ੍ਹਾਂ ਨੂੰ ਏਂਗਲਜ਼ ਨੇ ‘ਮਹਾਂਮਾਨਵ’ ਆਖਣਾ ਸੀ। ਅੰਗਰੇਜ਼ ਹਕੂਮਤ ਦੀਆਂ ਸੂਖਮ ਅਤੇ ਸਥੂਲ ਅੜਚਣਾਂ ਦੇ ਬਾਵਜੂਦ ਇਸ ਥਰਥਰਾਹਟ ਨੇ ਭਾਰਤ ਪਹੁੰਚਣਾ ਹੀ ਸੀ। 1890ਵਿਆਂ ਤੋਂ ਬਾਅਦ ਭਾਰਤੀਆਂ ਖਾਸ ਕਰਕੇ ਉੱਤਰ ਭਾਰਤੀਆਂ ਨੇ ਵਿਦੇਸ਼ਾਂ ਦਾ ਰੁਖ ਕੀਤਾ। ਅਮਰੀਕਾ-ਕੈਨੇਡਾ ਪਹੁੰਚ ਕੇ ਉਨ੍ਹਾਂ ਨੂੰ ਸੰਸਾਰ ਵਿੱਚ ਆਪਣੀ ਦੁਜੈਲੀ ਸਥਿਤੀ ਦਾ ਗਿਆਨ ਹੋਇਆ। ਜਦੋਂ ਗੁਲਾਮੀ ਤੋਂ ਮੁਕਤੀ ਦੇ ਮੁਢਲੇ ਯਤਨ ਸ਼ੁਰੂ ਹੋਏ ਤਾਂ ਨਿਰਸੰਦੇਹ ਇਹ ਆਪਣੇ ਧਾਰਮਿਕ ਅਕੀਦਿਆਂ ਤੋਂ ਪ੍ਰੇਰਿਤ ਹੋਣੇ ਸਨ। ਗ਼ਦਰ ਪਾਰਟੀ ਬਣਦਿਆਂ ਹੀ ਇਹ ਧਾਰਮਿਕ ਅਕੀਦੇ ਪਿੱਠ ਭੂਮੀ ਵਿੱਚ ਚਲੇ ਗਏ।

ਰਾਜਵਿੰਦਰ ਮੀਰ

ਗ਼ਦਰੀਆਂ ਅੱਗੇ ਇਤਿਹਾਸ ਵਿੱਚ ਕ੍ਰਾਂਤੀ ਦਾ ਕੋਈ ਮਾਡਲ ਮੌਜੂਦ ਨਹੀਂ ਸੀ। ਸੁਭਾਵਿਕ ਹੀ ਉਨ੍ਹਾਂ ਨੇ 1857 ਦੇ ਗ਼ਦਰ ਨੂੰ ਆਪਣਾ ਮਾਡਲ ਚੁਣਿਆ। ਦੇਸ਼ ਵਿਦੇਸ਼ ਵਿੱਚ ਫ਼ੌਜੀ ਛਾਉਣੀਆਂ ਦੀਆਂ ਭਾਰਤੀ ਯੂਨਿਟਾਂ ਵਿੱਚ ਕੰਮ ਖੜ੍ਹਾ ਕੀਤਾ ਗਿਆ। ਵਿਦੇਸ਼ ਗਏ ਮੁਢਲੇ ਪ੍ਰਵਾਸੀ ਅਮਰੀਕਨ ਰਾਜਸੀ ਢਾਂਚੇ ਤੋਂ ਵੀ ਮੁਤਾਸਿਰ ਸਨ। ਬਰਕਤਉੱਲਾ ਭੋਪਾਲੀ ਅਤੇ ਰਾਜਾ ਮਹੇਂਦਰ ਪ੍ਰਤਾਪ ਦੀ ਅਗਵਾਈ ਵਿੱਚ ਕਾਬੁਲ ਵਿੱਚ ਸਥਾਪਤ ਆਜ਼ਾਦ ਭਾਰਤ ਦੀ ਜਲਾਵਤਨ ਸਰਕਾਰ ਨੇ ਰੂਸ ਦੇ ਜ਼ਾਰ ਨਾਲ ਸੰਪਰਕ ਬਣਾਉਣ ਦੇ ਯਤਨ ਕੀਤੇ। ਪਰ ਘਟਨਾਵਾਂ ਤੇਜ਼ ਗਤੀ ਨਾਲ ਕਿਸੇ ਹੋਰ ਵਹਿਣ ’ਚ ਵਹਿ ਰਹੀਆਂ ਸਨ। ਪਹਿਲੇ ਵਿਸ਼ਵ ਯੁੱਧ ਵਿੱਚ ਰੂਸ ਦੀ ਖਸਤਾ ਹਾਲਤ ਨੇ ਰੂਸੀ ਜਨਤਾ ਵਿੱਚ ਆਕ੍ਰੋਸ਼ ਦਾ ਮਾਹੌਲ ਬਣਾਇਆ ਹੋਇਆ ਸੀ। ਹਰਜ਼ਨ, ਦਾਬ੍ਰੋਲਿਊਬੋਵ ਤੋਂ ਲੈ ਕੇ ਚੀਰੇਨੇਸ਼ਵਸਕੀ ਤੱਕ ਦੀ ਪੀੜ੍ਹੀ ਨੇ ਰੂਸ ਵਿੱਚ 19ਵੀਂ ਸਦੀ ਦੇ ਦੂਜੇ ਅੱਧ ਤੋਂ ਜਮਹੂਰੀ ਕਦਰਾਂ ਦੇ ਪ੍ਰਚਾਰ ਦਾ ਚੰਗਾ ਚੋਖਾ ਕੰਮ ਕੀਤਾ ਹੋਇਆ ਸੀ। ਵਿਰਸੇ ’ਚ ਮਿਲੇ ਇਸੇ ਧਰਾਤਲ ’ਤੇ ਬਾਲਸ਼ਵਿਕਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਅਜੇ ਰੂਸ ਦਾ ਇਨਕਲਾਬ ਵਾਪਰਿਆ ਵੀ ਨਹੀਂ ਸੀ ਕਿ ਗ਼ਦਰੀਆਂ ਨੇ ਇਸ ਦੀ ਪੈੜ ਨੱਪ ਲਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਰੂਸ ਦਾ ਜਨਤਕ ਉਭਾਰ ਉਨ੍ਹਾਂ ਦੀ ਆਪਣੀ ਮੁਕਤੀ ਲਈ ਰਾਹ ਤਿਆਰ ਕਰੇਗਾ। ਬੁੱਧ ਸਿੰਘ ਵਾਲਾ (ਜ਼ਿਲ੍ਹਾ ਮੋਗਾ) ਦਾ ਗ਼ਦਰੀ ਦਲੀਪ ਸਿੰਘ ਗਿੱਲ ‘ਬਰਲਿਨ ਕਮੇਟੀ’ ਦੇ ਨੁਮਾਇੰਦੇ ਵਜੋਂ ਜੂਨ 1917 ਦੇ ਨੇੜੇ ਤੇੜੇ ਲੈਨਿਨ ਨੂੰ ਜਾ ਮਿਲਿਆ। ਇਸ ਮੁਲਾਕਾਤ ਨੇ ਭਾਰਤ ਵਿੱਚ ਜਨਤਕ ਪ੍ਰਸਾਰ ਪ੍ਰਚਾਰ ਅਤੇ ਲਾਮਬੰਦੀ ਦਾ ਮੁੱਢ ਬੰਨ੍ਹਿਆ, ਜਿਸ ਨੇ ਭਾਈ ਸੰਤੋਖ ਸਿੰਘ ਦੇ ਰਸਾਲੇ ‘ਕਿਰਤੀ’ ਰਾਹੀਂ ਕਮਿਊਨਿਸਟ ਲਹਿਰ ਦੇ ਰੂਪ ਵਿੱਚ ਅੱਗੇ ਵਧਣਾ ਸੀ। ਪਰ ਅੰਗਰੇਜ਼ ਬਸਤੀਵਾਦ ਨੇ ਭਾਰਤੀ/ਪੰਜਾਬੀ ਮਨੁੱਖ ਦੀ ਮਾਨਸਿਕ ਬਣਤਰ ਵਿੱਚ ਜੋ ਵਿਗਾੜ ਪਾਏ, ਉਸ ਨਾਲ ਭਾਰਤ ਦੇ ਇਤਿਹਾਸ ਦੀ ਤੋਰ ਖੰਡਿਤ ਹੋ ਗਈ। ਇਤਿਹਾਸ ਦੇ ਕਈ ਸਿਰੇ ਅਜੇ ਵਕਤ ਦੀ ਗਰਦਿਸ਼ ’ਚ ਅੱਖੋਂ ਓਹਲੇ ਹਨ। ਗ਼ਦਰੀਆਂ ਵੱਲੋਂ ਬ੍ਰਿਟਿਸ਼ ਭਾਰਤੀ ਫ਼ੌਜੀਆਂ ਵਿੱਚ 20ਵੀਂ ਸਦੀ ਦੇ ਦੂਜੇ ਦਹਾਕੇ ਤੋਂ ਸ਼ੁਰੂ ਕੀਤੇ ਪ੍ਰਚਾਰ ਦੇ ਸਿੱਟੇ ਦਹਾਕੇ ਦੇ ਅੰਤ ਤੱਕ, ਫੌਜੀ ਬਗਾਵਤਾਂ ਦੇ ਰੂਪ ਵਿੱਚ ਨਿਕਲਦੇ ਰਹੇ। ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ/ਪੰਜਾਬੀ ਫ਼ੌਜੀਆਂ ਦੀ ਤਾਸ਼ਕੰਦ ਲੜਨ ਗਈ ਇੱਕ ਟੁਕੜੀ ਬਾਗ਼ੀ ਹੋ ਗਈ। ਇਹ ਬਾਗ਼ੀ ਰੂਸ ਦੇ ਬਾਲਸ਼ਵਿਕ ਇਨਕਲਾਬੀਆਂ ਨਾਲ ਰਲ ਗਏ ਅਤੇ ਸਮਾਜਵਾਦੀ ਇਨਕਲਾਬ ਨੇਪਰੇ ਚਾੜ੍ਹਨ ਵਿੱਚ ਹਿੱਸਾ ਲਿਆ। ਮਈ 1920 ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਤੁਰਕਿਸ਼ ਸ਼ਹਿਰ ਐਨੇਜ਼ਿਲੀ ਵਿੱਚ ਸੈਂਕੜੇ ਭਾਰਤੀ ਬ੍ਰਿਟਿਸ਼ ਫੌਜੀ ਬਾਲਸ਼ਵਿਕਾਂ ਨਾਲ ਰਲ ਗਏ। ਲਾਹੌਰ ਦਾ ਗ਼ਦਰੀ ਇਨਕਲਾਬੀ ਮੁਹੰਮਦ ਅਲੀ ਗ਼ਦਰ ਦੀ ਪਰਿਕਰਮਾ ਕਰਦਾ ‘ਇੰਟਰਨੈਸ਼ਨਲ ਬ੍ਰਿਗੇਡ’ ਦਾ ਹਿੱਸਾ ਬਣਿਆ ਅਤੇ ਸਪੇਨ ’ਚ ਜਾ ਸ਼ਹੀਦ ਹੋਇਆ। ਵਿਦੇਸ਼ੀ ਧਰਤੀਆਂ ’ਤੇ ਬਿਨਾਂ ਥਹੁ ਪਤੇ ਤੋਂ ਖਪ ਜਾਣ ਦਾ ਮੁੱਢ ਗ਼ਦਰੀਆਂ ਨੇ ਬੰਨ੍ਹਿਆ। ਇਸ ਦੀ ਅਦੁੱਤੀ ਮਿਸਾਲ ਬ੍ਰਿਟਿਸ਼ ਭਾਰਤੀ ਫੌਜ ਦੀ ਪੰਜਵੀਂ ਲਾਈਟ ਇਨਫੈਂਟਰੀ ਦੇ ਬਾਗ਼ੀ ਫੌਜੀ ਹਨ। ਇਹ ਪਲਟਨ ਸਿੰਗਾਪੁਰ ਵਿੱਚ ਤਾਇਨਾਤ ਸੀ। ਗ਼ਦਰ ਪਾਰਟੀ ਨੇ ਫਰਵਰੀ 1915 ਦੇ ਮਹੀਨੇ ਦੇਸ਼ ਵਿਦੇਸ਼ ਦੀਆਂ ਫ਼ੌਜੀ ਛਾਉਣੀਆਂ ਵਿੱਚ ਬਗਾਵਤ ਕਰਵਾ ਕੇ ਗ਼ਦਰ ਛੇੜਨਾ ਸੀ। ਪਰ ਮੁਖ਼ਬਰੀ ਕਾਰਨ ਭਾਰਤ ਵਿੱਚ ਇਹ ਯੋਜਨਾ ਅਸਫਲ ਹੋ ਗਈ। ਸਿੰਗਾਪੁਰ ਵਿੱਚ ਗੁਜਰਾਤ ਦਾ ਕੌਫੀ ਵਿਕਰੇਤਾ ਕਾਸਿਮ ਮਨਸੂਰ ਪੰਜਵੀਂ ਲਾਈਟ ਇਨਫੈਂਟਰੀ ਦੇ ਸਿਪਾਹੀਆਂ ਦੇ ਸੰਪਰਕ ਵਿੱਚ ਸੀ। ਨੂਰ ਆਲਮ ਸ਼ਾਹ ਉਨ੍ਹਾਂ ਪੰਜਾਬੀ ਗ਼ਦਰੀਆਂ ’ਚੋਂ ਇੱਕ ਸੀ, ਜਿਨ੍ਹਾਂ ਨੇ ਚਿਰ ਤੋਂ ਇਸ ਪਲਟਨ ਵਿੱਚ ਗ਼ਦਰ ਦਾ ਪ੍ਰਚਾਰ ਵਿੱਢਿਆ ਹੋਇਆ ਸੀ। ਅਜੇ ਤੱਕ ਅੰਗਰੇਜ਼ ਹਕੂਮਤ ਦੇ ਖੁਫ਼ੀਆ ਵਿਭਾਗ ਦੀ ਨਜ਼ਰ ਇੱਥੋਂ ਤੱਕ ਨਹੀਂ ਸੀ ਅੱਪੜੀ। ਸਿੰਗਾਪੁਰ ਵਿੱਚ ਤਾਇਨਾਤ ਇਹ ਪਲਟਨ ਪੰਜਾਬੀ ਮੁਸਲਿਮ ਪਲਟਨ ਸੀ, ਜਿਸ ਦੇ ਜ਼ਿਆਦਾਤਰ ਸਿਪਾਹੀ ਰੋਹਤਕ-ਹਿਸਾਰ ਦੇ ਰਹਿਣ ਵਾਲੇ ਸਨ। ਕੁਝ ਸਿਪਾਹੀ ਲੁਧਿਆਣਾ, ਨਾਭਾ, ਪਟਿਆਲਾ ਦੇ ਵੀ ਸਨ। ਨੂਰ ਆਲਮ ਸ਼ਾਹ ਅਤੇ ਕਾਸਿਮ ਮਨਸੂਰ ਗ਼ਦਰ ਪਾਰਟੀ ਵੱਲੋਂ ਬਣਾਈ ਫੌਜੀ ਬਗ਼ਾਵਤ ਦੀ ਯੋਜਨਾ ਨੂੰ ਸਿਰੇ ਚਾੜ੍ਹਨ ਵਿੱਚ ਸਫਲ ਰਹੇ। ਬਗ਼ਾਵਤ 15 ਫਰਵਰੀ 1915 ਨੂੰ ਸ਼ੁਰੂ ਹੋਈ। ਸਿਪਾਹੀ ਇਸਮਾਈਲ ਖਾਨ ਨੇ 3:30 ਵਜੇ ਬਾਅਦ ਦੁਪਹਿਰ ਅਸਲੇ ਦੀ ਇੱਕ ਗੱਡੀ ’ਤੇ ਗੋਲੀ ਚਲਾ ਕੇ ਬਗਾਵਤ ਸ਼ੁਰੂ ਕੀਤੀ। ਬਗ਼ਾਵਤ ਸੱਤ ਦਿਨ ਚੱਲੀ। ਤਿੰਨ ਦਿਨ ਬਾਗ਼ੀਆਂ ਨੇ ਸ਼ਹਿਰ ’ਤੇ ਕਬਜ਼ਾ ਕਰੀ ਰੱਖਿਆ। 40 ਦੇ ਕਰੀਬ ਬ੍ਰਿਟਿਸ਼ ਫੌਜੀ ਅਫਸਰਾਂ ਨੂੰ ਮਾਰ ਦਿੱਤਾ ਗਿਆ। ਬ੍ਰਿਟਿਸ਼ ਸਰਕਾਰ ਨੇ ਰੂਸ, ਜਪਾਨ ਅਤੇ ਮਲੇਹ ਸਟੇਟ ਦੀ ਮੱਦਦ ਨਾਲ ਬਗ਼ਾਵਤ ਨੂੰ ਕੁਚਲ ਦਿੱਤਾ। ਹੁਣ ਅੰਗਰੇਜ਼ ਹਕੂਮਤ ਵੱਲੋਂ ਵਹਿਸ਼ਤ ਤੇ ਦਹਿਸ਼ਤ ਦਾ ਨਵਾਂ ਅਧਿਆਏ ਲਿਖਿਆ ਜਾਣਾ ਸੀ। ਅਧਿਆਏ ਜੋ 1857 ਦੇ ਵਿਦਰੋਹ ’ਚ ਸ਼ਾਮਿਲ ਫੌਜੀਆਂ/ਗ਼ਦਰੀਆਂ ਦੀਆਂ ਜਨਤਕ ਫਾਂਸੀਆਂ ਨਾਲ ਸ਼ੁਰੂ ਹੋਇਆ ਅਤੇ ਕੂਕਿਆਂ ਨੂੰ ਤੋਪਾਂ ਨਾਲ ਉਡਾਉਂਦਾ ਹੋਇਆ ਅੱਗੇ ਵਧਿਆ। ਅਧਿਆਏ ਜੋ ਚਾਰ ਸਾਲਾਂ ਬਾਅਦ ਜਨਰਲ ਡਾਇਰ ਰਾਹੀਂ ਜੱਲ੍ਹਿਆਂਵਾਲੇ ਬਾਗ ਦੀ ਧਰਤੀ ’ਤੇ ਲਿਖਿਆ ਜਾਣਾ ਸੀ ਤੇ ਜਿਸ ਨੂੰ ਮਾਈਕਲ ਓਡਵਾਇਰ ਨੇ ਆਪਣੀ ਕਿਤਾਬ ‘ਇੰਡੀਆ ਐਜ਼ ਆਈ ਨਿਊ ਇਟ’ ਰਾਹੀਂ ਸਹਿਜਤਾ ਨਾਲ ਉਚਿਤ ਸਿੱਧ ਕਰਨਾ ਸੀ। ਪਹਿਲੇ ਵਿਸ਼ਵ ਯੁੱਧ ਸਮੇਂ ਦੀਆਂ ਫ਼ੌਜੀ ਬਗ਼ਾਵਤਾਂ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦਰਮਿਆਨ ਅਣਸੁਲਝੀ ਤੰਦ ਹੈ, ਜਿਸ ਨੂੰ ਸੁਲਝਾਇਆ ਜਾਣਾ ਬਾਕੀ ਹੈ। ਸਰੋਤ ਸੰਕੇਤ ਦਿੰਦੇ ਹਨ ਕਿ ਉਸ ਦਿਨ ਜੱਲ੍ਹਿਆਂਵਾਲੇ ਬਾਗ ਵਿੱਚ ਉਨ੍ਹਾਂ ਪੰਜਾਬੀ ਫ਼ੌਜੀਆਂ ਦੀ ਗਿਣਤੀ ਚੋਖੀ ਸੀ, ਜਿਨ੍ਹਾਂ ਨੂੰ ਵਿਸ਼ਵ ਯੁੱਧ ਖਤਮ ਹੋਣ ਪਿੱਛੋਂ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ ਸੀ। ਅੰਗਰੇਜ਼ ਹਕੂਮਤ ਨੂੰ ਡਰ ਸੀ ਕਿ ਇਹ ਟਰੈਂਡ ਸਾਬਕਾ ਫੌਜੀ ਜਨਤਕ ਇਕੱਠਾਂ ਰਾਹੀਂ ਵਿਆਪਕ ਹਥਿਆਰਬੰਦ ਬਗਾਵਤ ਦੇ ਰਾਹ ਪੈਣਗੇ। ਜੱਲ੍ਹਿਆਂਵਾਲੇ ਬਾਗ ਦੇ ਕਤਲੇਆਮ ’ਤੇ ਗਵਰਨਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਡਾਇਰ ਲਿਖਦਾ ਹੈ, ‘‘ਉਸ ਨੂੰ ਡਰ ਸੀ ਕੇ ਭੀੜ ਉਨ੍ਹਾਂ (ਡਾਇਰ ਅਤੇ ਉਸ ਦੇ ਸਿਪਾਹੀਆਂ) ’ਤੇ ਹਮਲਾ ਕਰਕੇ ਉਨ੍ਹਾਂ ਦਾ ਸਫਾਇਆ ਕਰ ਦੇਵੇਗੀ।’’ ਇਉਂ ਜੱਲ੍ਹਿਆਂਵਾਲਾ ਬਾਗ ਸਿੰਗਾਪੁਰ ਦੇ ਸੈਨਿਕ ਕਤਲੇਆਮ ਦੀ ਅਗਲੀ, ਵਿਸਥਾਰਤ ਸਜ਼ਾ-ਏ-ਮੌਤ ਦੀ ਜਨਤਕ ਕੜੀ ਸੀ। ਓਡਵਾਇਰ/ਡਾਇਰ ਦਾ ਅਸਲ ਮਕਸਦ ਉਨ੍ਹਾਂ ਫੌਜੀਆਂ ਨੂੰ ਸਬਕ ਸਿਖਾਉਣਾ ਸੀ, ਜਿਨ੍ਹਾਂ ਨੇ ਬਗਾਵਤੀ ਸਾਜ਼ਿਸ਼ਾਂ ਕੀਤੀਆਂ ਸਨ ਅਤੇ ਉਨ੍ਹਾਂ ਸ਼ਹਿਰੀਆਂ ਨੂੰ ਸਬਕ ਸਿਖਾਉਣਾ ਸੀ ਜਿਨ੍ਹਾਂ ਲਈ ਇਹ ਸਾਜ਼ਿਸ਼ਾਂ ਕੀਤੀਆਂ ਗਈਆਂ ਸਨ। ਮੁੱਢ ਮਾਰਚ 1915 ਨੂੰ ਸਿੰਗਾਪੁਰ ਦੀ ਆੱਟਰਮ ਰੋਡ ’ਤੇ ਕੀ ਵਾਪਰਨਾ ਸ਼ੁਰੂ ਹੋਇਆ? 10 ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਜੇਲ੍ਹ ਦੇ ਬਾਹਰ ਇਕੱਠਾ ਕੀਤਾ ਗਿਆ ਤਾਂ ਜੋ ਉਹ ਬਾਗ਼ੀਆਂ ਦਾ ਹਸ਼ਰ ਦੇਖ ਸਕਣ। ਵਾਕੇ ਦਾ ਦਰਸ਼ਕ ਇੱਕ ਚੀਨੀ ਨਾਗਰਿਕ ਚੈਨ-ਚੁਨ-ਹੋ ਦੱਸਦਾ ਹੈ ਕਿ ਭੀੜ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਲੋਕਾਂ ਦੀਆਂ ਲੱਤਾਂ ਵਿੱਚੋਂ ਫਸ ਕੇ ਲੰਘਦਿਆਂ ਵਾਕੇ ਵਾਲੀ ਥਾਂ ’ਤੇ ਪਹੁੰਚਣਾ ਪਿਆ। ਅੰਗਰੇਜ਼ ਧਾੜਵੀ, ਅੰਗਰੇਜ਼ ਕੂਟਨੀਤੀਵਾਨ, ਫ਼ੌਜੀ ਅਫ਼ਸਰ ਅਤੇ ਸਿੰਗਾਪੁਰ ਦੇ ਅਮੀਰ ਘਰਾਣਿਆਂ ਦੇ ਲੋਕਾਂ ਤੋਂ ਦੂਰ ਕਰਕੇ ਭਾਰਤੀ, ਚੀਨੀ ਅਤੇ ਸਥਾਨਕ ਗੁਲਾਮ ਲੋਕਾਂ ਨੂੰ ਬਿਠਾਇਆ ਹੋਇਆ ਸੀ। ਫੌਜੀ ਵਲੰਟੀਅਰ ਬੈਂਡ ਨੇ ਸ਼ਹਿਰ ਵਿੱਚ ਮਾਰਚ ਕਰ ਕੇ ਸਜ਼ਾ-ਏ-ਮੌਤ ਦੇ ਅਮਲ ਨੂੰ ਜਨਤਕ ਜਸ਼ਨ ਦਾ ਭਿਆਨਕ ਰੂਪ ਦੇ ਦਿੱਤਾ। ਮਕਸਦ ਗ਼ਦਰੀਆਂ ਨੂੰ ਤੁੱਛ ਦੱਸਣਾ ਤੇ ਖੁਦ ਨੂੰ ਉਨ੍ਹਾਂ ਦੀ ਹੋਣੀ ਦਾ ਮਾਲਕ ਸਿੱਧ ਕਰਨਾ ਸੀ। ਅੰਦਾਜ਼ਾ ਹੈ ਕਿ 8 ਮਾਰਚ ਤੋਂ ਜਨਤਕ ਫ਼ਾਂਸੀਆਂ ਦਾ ਅਮਲ ਸ਼ੁਰੂ ਹੋਇਆ। 23 ਮਾਰਚ ਨੂੰ ਗ਼ਦਰ ਦੇ ਪੰਜ ਫ਼ੌਜੀ ਆਗੂਆਂ ਨੂੰ ਗੋਲੀਆਂ ਮਾਰੀਆਂ ਗਈਆਂ। ਕਾਸਿਮ ਮਨਸੂਰ ਸਮੇਤ ਤਿੰਨ ਸਿਵਲ ਆਗੂਆਂ ਨੂੰ ਫਾਂਸੀ ਦਿੱਤੀ ਗਈ। 25 ਮਾਰਚ ਨੂੰ 22 ਗ਼ਦਰੀ ਫੌਜੀਆਂ ਨੂੰ ਜੇਲ੍ਹ ਦੀ ਕੰਧ ਨਾਲ ਖੜਾ ਕਰਕੇ 110 ਸਿਪਾਹੀਆਂ ਦੇ ਦਸਤੇ ਨੇ ਗੋਲੀਆਂ ਮਾਰੀਆਂ। ਬਾਕੀਆਂ ਨੂੰ ਵੀਹ ਸਾਲ ਕਾਲੇ ਪਾਣੀ, ਪੰਦਰਾਂ ਸਾਲ ਕਾਲੇ ਪਾਣੀ, ਪੰਜ ਸਾਲ ਅਤੇ ਦੋ ਸਾਲ ਕੈਦ ਹੋਈ। ਮੌਤ ਦੀ ਸਜ਼ਾ ਪਾਉਣ ਵਾਲੇ ਬਾਗ਼ੀਆਂ ਦੀ ਗਿਣਤੀ ਤਕਰੀਬਨ 400 ਹੈ। ਕੁਝ ਬਾਗੀ ਭੱਜ ਕੇ ਜੰਗਲਾਂ ਵਿੱਚ ਲੁਕਣ ’ਚ ਸਫਲ ਹੋਏ। ਬਗਾਵਤ ਹੋਰ ਭੜਕਣ ਦੇ ਡਰ ਤੋਂ ਨੂਰ ਆਲਮ ਸ਼ਾਹ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਗਈ। ਉਸ ਨੂੰ ਫੜ੍ਹ ਕੇ ਬਾਕੀ ਫ਼ੌਜੀ ਅਫ਼ਸਰਾਂ ਸਮੇਤ ਜਲਾਵਤਨ ਕਰ ਦਿੱਤਾ ਗਿਆ। 100 ਸਾਲ ਬਾਅਦ ਤੁਰਕੀ ਦਾ ਖੋਜੀ ਪੱਤਰਕਾਰ ਮੈਟਿਨ ਓਰਸਿਨ ਵਾਕੇ ਵਾਲੀ ਥਾਂ ਪਹੁੰਚ ਕੇ ਖੁਦ ਨੂੰ ਸਵਾਲ ਪੁੱਛਦਾ ਹੈ ਕਿ ਉਹ ਇੱਥੇ ਕਿਉਂ ਆਇਆ? ਫਿਰ ਆਪਣੇ ਸੀਨੇ ਵੱਲ ਇਸ਼ਾਰਾ ਕਰਕੇ ਦੱਸਦਾ ਹੈ ਕਿ ਸਿੰਗਾਪੁਰ ਦੇ ਸ਼ਹੀਦ ਉਸ ਦੇ ਅੰਦਰ ਵਸਦੇ ਹਨ। ਉਹ ਦੱਸਦਾ ਹੈ ਕਿ ਉਸ ਦਾ ਵੱਡਾ ਵਡੇਰਾ ਇਨ੍ਹਾਂ ਬਾਗੀਆਂ ਦਾ ਸੰਗੀ ਸਾਥੀ ਸੀ। ਉਹ ਦੱਸਦਾ ਹੈ ਕਿ ਸ਼ਹੀਦ ਹੋਣ ਵਾਲਿਆਂ ਦੀ ਕੋਈ ਯਾਦਗਾਰ, ਕੋਈ ਸ਼ਿਲਾਲੇਖ ਇੱਥੇ ਮੌਜੂਦ ਨਹੀਂ ਹੈ। ਮਾਰੇ ਜਾਣ ਵਾਲੇ 40 ਅੰਗਰੇਜ਼ ਅਫ਼ਸਰਾਂ ਦੇ ਨਾਂ ਜ਼ਰੂਰ ਸੁਨਹਿਰੀ ਧਾਤੂ ਵਿੱਚ ਉੱਕਰੇ ਹੋਏ ਹਨ। 100 ਸਾਲ ਬਾਅਦ ਵੀ ਇਤਿਹਾਸ ਬਸਤੀਵਾਦੀ ਹਾਕਮਾਂ ਦੀਆਂ ਅੱਖਾਂ ਥਾਣੀ ਦਰਜ ਹੋ ਰਿਹਾ ਹੈ। ਮੈਕਾਲੇ ਦੀਆਂ ਜ਼ਿਹਨੀ ਅਪੰਗ ਔਲਾਦਾਂ ਆਵਾਰਾ ਪੂੰਜੀ ਦੇ ਲੋਰ ’ਚ ਹਨ। ਆਟਰਮ ਰੋਡ ’ਤੇ ਫੁੰਡੇ ਜਾ ਰਹੇ ਬਾਗ਼ੀ ਇਤਿਹਾਸ ਦੇ ਵਰਕਿਆਂ ’ਚ ਕੋਈ ਥਾਂ ਲਭਦੇ ਭਟਕ ਰਹੇ ਹਨ, ਜਿੱਥੇ ਉਹ ਘੜੀ ਪਲ ਲਈ 100 ਵਰ੍ਹਿਆਂ ਦੀ ਗੁੰਮਨਾਮੀ ਲਾਹ ਕੇ ਆਰਾਮ ਕਰ ਸਕਣ। ਉਨ੍ਹਾਂ ਦੀਆਂ ਪੁਸ਼ਤਾਂ ਫਾਸ਼ਿਸਟ ਭੀੜਾਂ ਹੱਥੋਂ ਕਤਲ ਹੋਣ ਲਈ ਸਰਾਪੀਆਂ ਗਈਆਂ ਹਨ। ਜਿਸ ਮੁਲਕ ਦੀ ਆਜ਼ਾਦ ਫਿਜ਼ਾ ’ਚ ਸੌਖਾ ਸਾਹ ਲੈਣ ਲਈ ਉਨ੍ਹਾਂ ਨੇ ਮਰਨਾ ਕਬੂਲ ਕੀਤਾ, ਉਹ ਮੁਲਕ ਉਨ੍ਹਾਂ ਦੇ ਭਾਈਬੰਦਾਂ ਦੀਆਂ ਕਬਰਾਂ ਤੱਕ ਪੁੱਟ ਕੇ ਵਗਾਹ ਮਾਰਨ ਨੂੰ ਤਿਆਰ ਹੋਇਆ ਬੈਠਾ ਹੈ। ਆਪਣੇ ਪੁਰਖਿਆਂ ਨੂੰ ਇਤਿਹਾਸ ਬਦਰ ਕਰਨ ਦੀ ਇਹ ਤਸਵੀਰ ਹਰ ਲੰਘਦੇ ਦਿਨ ਹੋਰ ਭਿਆਨਕ ਹੋ ਰਹੀ ਹੈ। ਸਦੀ ਪਹਿਲਾਂ ਇਹ ਮੁਲਕ ਇੰਨਾ ਡਰਾਉਣਾ ਨਹੀਂ ਸੀ ਲੱਗਦਾ। ਸਦੀ ਬਾਅਦ ਇਹ ਮੁਲਕ ਹੋਰ ਵੀ ਡਰਾਉਣਾ ਹੋ ਗਿਆ ਹੈ, ਜਦੋਂ ਇਨ੍ਹਾਂ ਗ਼ਦਰੀਆਂ ਦੇ ਆਪਣੇ ਪੰਜਾਬੀ ਭਰਾ ਇਨ੍ਹਾਂ ਸ਼ਹਾਦਤਾਂ ਨੂੰ ਅਨਮਤੀਆਂ ਅਤੇ ਕੂੜ ਦਾਅਵੇ ਆਖ ਕੇ ਤਾਅੜ-ਤਾਅੜ ਫੁੰਡ ਦਿੰਦੇ ਹਨ। ਸਾਂਝੀਵਾਲਤਾ ਦੇ ਆਦਰਸ਼ ਨੂੰ ਪਿੱਠ ਦੇ ਕੇ ਜਦੋਂ ਉਹ ਪੁੱਛਦੇ ਹਨ ਕਿ ‘ਗ਼ਦਰੀ ਬਾਬੇ ਕੌਣ ਸਨ?’ ਤਾਂ ਸੰਨ 47 ਦੀ ਖੱਡ ਨੂੰ ਹੋਰ ਡੂੰਘੀ ਕਰ ਦਿੰਦੇ ਹਨ ਤੇ ਜਦੋਂ ਉਹ ਇਸੇ ਸਵਾਲ ਦਾ ਜਵਾਬ ਦਿੰਦੇ ਹਨ ਤਾਂ ਉਨ੍ਹਾਂ ਦੇ ਜਵਾਬ ’ਚੋਂ ਸ਼ਹਿਰ ਨਾਗਪੁਰ ਦੀ ਹਮਕ ਆਉਂਦੀ ਹੈ।

ਸੰਪਰਕ: 94645-95662

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All