ਸਿੰਗਾਪੁਰ: ਜੋ ਸੁਣਿਆ, ਉਹ ਤੱਕਿਆ

ਸਿੰਗਾਪੁਰ: ਜੋ ਸੁਣਿਆ, ਉਹ ਤੱਕਿਆ

ਡਾ. ਅਜੀਤਪਾਲ ਸਿੰਘ ਸੈਰ ਸਫ਼ਰ

ਯੂਨੀਵਰਸਲ ਸਟੂਡੀਓ ਦਾ ਇਕ ਦ੍ਰਿਸ਼

ਦੱਖਣੀ ਏਸ਼ੀਆ ਵਿਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਸਥਿਤ ਬਹੁਤ ਹੀ ਸੁੰਦਰ ਤੇ ਵਿਕਸਿਤ ਦੇਸ਼ ਹੈ ਸਿੰਗਾਪੁਰ। ਇਹ ਦੁਨੀਆਂ ਦੇ ਵੱਡੇ ਵਪਾਰਕ ਕੇਂਦਰਾਂ ਵਿਚੋਂ ਇਕ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੈਰ ਸਪਾਟੇ ਅਤੇ ਵਪਾਰ ਦੇ ਇਕ ਮੁੱਖ ਕੇਂਦਰ ਵਜੋਂ ਉਭਰਿਆ ਹੋਇਆ ਹੈ। ਇੱਥੋਂ ਦਾ ਚਾਂਗੀ ਹਵਾਈ ਅੱਡਾ ਦੁਨੀਆਂ ਦੇ ਵੱਡੇ ਖ਼ੂਬਸੂਰਤ ਹਵਾਈ ਅੱਡਿਆਂ ਵਿਚੋਂ ਇਕ ਹੈ। ਇਹ ਦੁਨੀਆਂ ਵਿਚ ਛੇਵਾਂ ਅਤੇ ਏਸ਼ੀਆ ਵਿਚ ਦੂਜਾ ਸਭ ਤੋਂ ਜ਼ਿਆਦਾ ਆਵਾਜਾਈ ਵਾਲਾ ਹਵਾਈ ਅੱਡਾ ਹੈ। ਸਿੰਗਾਪੁਰ ਵਿਚ ਸਮੇਂ ਦੀ ਪਾਬੰਦੀ ਅਤੇ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਭਾਵੇਂ ਆਵਾਜਾਈ ਵਾਸਤੇ ਇੱਥੇ ਮੈਟਰੋ ਅਤੇ ਬੱਸਾਂ ਦੀ ਖ਼ੂਬਸੂਰਤ ਤੇ ਸਸਤੀ ਪ੍ਰਣਾਲੀ ਹੈ, ਪਰ ਟੈਕਸੀਆਂ ਵੀ ਮਿਲਦੀਆਂ ਹਨ ਜੋ ਮਹਿੰਗੀਆਂ ਹਨ। ਇੱਥੇ ਕੰਧਾਂ ’ਤੇ ਪੋਸਟਰ ਲਾਉਣ, ਕਿਸੇ ਕਿਸਮ ਦਾ ਪ੍ਰਦੂਸ਼ਣ ਫੈਲਾਉਣ ਅਤੇ ਪਾਨ ਮਸਾਲਾ ਵੇਚਣ ਜਾਂ ਖਾਣ ਦੀ ਸਖ਼ਤ ਮਨਾਹੀ ਹੈ। ਸਿੰਗਾਪੁਰ ਦੇ ਲੋਕ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਨੂੰ ਤਰਜੀਹ ਦਿੰਦੇ ਹਨ। ਆਪਣੀ ਖ਼ੂਬਸੂਰਤੀ, ਵਧੀਆ ਪ੍ਰਬੰਧ, ਅਪਰਾਧ ਮੁਕਤ ਹੋਣ ਦੇ ਲਿਹਾਜ਼ ਤੋਂ ਇਹ ਏਸ਼ੀਆ ਵਿਚ ਪਹਿਲੇ ਸਥਾਨ ਹੈ। ਇਹ ਵਧੀਆ ਜੀਵਨ ਪੱਧਰ ਦੇ ਮਾਮਲੇ ਵਿਚ ਦੁਨੀਆਂ ਵਿਚ ਛੇਵੇਂ ਸਥਾਨ ’ਤੇ ਹੈ। ਇੱਥੋਂ ਦੀ ਭਾਸ਼ਾ ਅੰਗਰੇਜ਼ੀ, ਮਾਲੇਅ ਤੇ ਤਾਮਿਲ ਹੈ। ਤਾਪਮਾਨ ਸਾਰਾ ਸਾਲ 25 ਤੋਂ 35 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿੰਦਾ ਹੈ। ਇੱਥੋਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਮੀਂਹ ਪੈਣ ਲੱਗ ਜਾਵੇ। ਇਸ ਕਰਕੇ ਛੱਤਰੀ ਹਮੇਸ਼ਾਂ ਕੋਲ ਰੱਖਣੀ ਪੈਂਦੀ ਹੈ। ਮੀਂਹ ਭਾਵੇਂ ਜ਼ਿਆਦਾਤਰ ਹਲਕਾ ਹੀ ਹੁੰਦਾ ਹੈ। ਬਰਸਾਤ ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਬਰਸਾਤ ਹੋਈ ਵੀ ਸੀ। ਇੱਥੇ ਬਜ਼ੁਰਗਾਂ, ਬੱਚਿਆਂ ਅਤੇ ਅਪਾਹਜ ਵਿਅਕਤੀਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਇਨ੍ਹਾਂ ਲਈ ਬੱਸਾਂ ਜਾਂ ਰੇਲ ਗੱਡੀ ਵਿਚ ਸਫ਼ਰ ਕਰਨ ਲਈ ਵਿਸ਼ੇਸ਼ ਜਗ੍ਹਾਵਾਂ ਰੱਖੀਆਂ ਹੁੰਦੀਆਂ ਹਨ। ਪਖਾਨਿਆਂ ਵਿਚ ਵੀ ਵਿਸ਼ੇਸ਼ ਡਿਜ਼ਾਈਨ ਦੀ ਸੀਟ ਲੱਗੀ ਹੁੰਦੀ ਹੈ। ਪੈਦਲ ਚੱਲਣ ਲਈ ਫੁੱਟਪਾਥ ਅਤੇ ਵ੍ਹੀਲਚੇਅਰ ਲਈ ਵਿਸ਼ੇਸ਼ ਰੈਂਪ ਤਿਆਰ ਕੀਤੇ ਹੋਏ ਹਨ। ਸਿੰਗਾਪੁਰ ਦੀ ਫੇਰੀ ਦੌਰਾਨ ਇਕ ਦਿਨ ਅਸੀਂ ‘ਗਾਰਡਨਜ਼ ਬਾਏ ਦਿ ਬੇਅ’ ਦੇ ਦਿਲਕਸ਼ ਨਜ਼ਾਰੇ ਵੇਖੇ। ਇਹ ਸਮੁੰਦਰ ਕੰਢੇ ਬਣਾਇਆ ਗਿਆ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇੱਥੇ ਕੁਦਰਤੀ ਹਰਿਆਵਲ ਨੂੰ ਖ਼ੂਬਸੂਰਤ ਢੰਗ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਇੱਥੇ ਕੁਦਰਤੀ ਹਰਿਆਵਲ ’ਚੋਂ ਵੱਖ ਵੱਖ ਕਿਸਮ ਦੇ ਪੌਦਿਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੇ ਢੰਗ ਨਾਲ ਚੋਣਵੀਆਂ ਥਾਵਾਂ ’ਤੇ ਲਾ ਕੇ ਦਿਲਕਸ਼ ਨਜ਼ਾਰੇ ਸਿਰਜੇ ਗਏ ਹਨ। ਕੋਈ ਵੀ ਰੁੱਖ-ਬੂਟਾ ਇੱਥੇ ਨਕਲੀ ਨਹੀਂ। ਸਭ ਕੁਦਰਤ ਦੇ ਹੀ ਰੰਗ ਹਨ ਜਿਨ੍ਹਾਂ ਨੂੰ ਡਿਜ਼ਾਈਨ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇੱਥੇ ਦੁਨੀਆਂ ਦਾ ਸਭ ਤੋਂ ਉੱਚਾ ਕਲਾਊਡ ਫੋਰੈਸਟ ਬਣਿਆ ਹੈ ਜੋ ਜੰਗਲ ਦਾ ਅੰਦਰੂਨੀ ਨਜ਼ਾਰਾ ਵਿਖਾਉਂਦਾ ਹੈ। ਅਗਲੀ ਸ਼ਾਮ ਅਸੀਂ ਸਿੰਗਾਪੁਰ ਦੇ ਸਮੁੰਦਰ ਦੇ ਪੱਛਮੀ ਕੰਢੇ ਬਣੇ ਵਿਸ਼ਾਲ ਪਾਰਕ ਦੀ ਸੈਰ ਕੀਤੀ ਸੀ। ਅਸੀਂ ਮਰਲਾਇਨ ਪਾਰਕ ਦਾ ਆਨੰਦ ਮਾਣਿਆ ਜੋ ਸਮੁੰਦਰ ਕਿਨਾਰੇ ਡਾਉੂਨ ਟਾਉੂਨ ਇਲਾਕੇ ਵਿਚ ਮੁੱਖ ਵਪਾਰਕ ਬੈਂਕਾਂ ਅਤੇ ਹੋਰ ਵੱਡੇ ਵਪਾਰਕ ਕੇਂਦਰਾਂ ਨੇੜੇ ਬਣਿਆ ਹੋਇਆ ਹੈ। ਸੱਤ ਸੌ ਟਨ ਭਾਰੇ ਇਸ ਬੁੱਤ ਦਾ ਧੜ ਮੱਛੀ ਦਾ ਅਤੇ ਮੂੰਹ ਸ਼ੇਰ ਦਾ ਬਣਿਆ ਹੈ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਿੰਗਾਪੁਰ ਮਛੇਰਿਆਂ ਦੇ ਪਿੰਡ ਵਜੋਂ ਵਸਿਆ। ਇਸ ਬੁੱਤ ਦਾ ਸਿਰ ਇਸ ਮੁਲਕ ਦੇ ਪੁਰਾਣੇ ਨਾਂ ‘ਸਿੰਘਾਪੁਰ’ ਦੀ ਤਰਜਮਾਨੀ ਕਰਦਾ ਹੈ। ਮਰਲਾਇਨ ਦੇ ਮੂੰਹ ਵਿਚੋਂ ਲਗਾਤਾਰ ਪਾਣੀ ਦੀ ਧਾਰਾ ਨਿਕਲ ਕੇ ਸਮੁੰਦਰ ਵਿਚ ਪੈਂਦੀ ਹੈ। ਇਸ ਦੀ ਉਚਾਈ ਅਠਾਈ ਫੁੱਟ ਹੈ। ਮਰਲਾਇਨ ਪਾਰਕ ਵਿਚ ਕਿਸ਼ਤੀਆਂ ਚਲਦੀਆਂ ਰਹਿੰਦੀਆਂ ਹਨ ਜਿਨ੍ਹਾਂ ’ਚ ਬੈਠ ਕੇ ਲੋਕ ਸਮੁੰਦਰ ਦੀ ਸੈਰ ਕਰਦੇ ਹਨ। ਇੱਥੇ ਰਾਤ ਦੀ ਰੌਸ਼ਨੀ ਵਿਚ ਦਿਲਕਸ਼ ਨਜ਼ਾਰਾ ਬਣਦਾ ਹੈ। ਇੱਥੇ ਆਵਾਜ਼ ਤੇ ਰੌਸ਼ਨੀ ਆਧਾਰਿਤ ਪ੍ਰੋਗਰਾਮ ਵੀ ਹੁੰਦਾ ਹੈ।

ਲੰਡਨ ਆਈ ਜਿਹੀ ਦਿੱਖ ਵਾਲਾ ਸਿੰਗਾਪੁਰ ਫਲਾਇਰ।

ਸਾਨੂੰ ‘ਸਿੰਗਾਪੁਰ ਫਲਾਇਰ’ ਦੇਖਣ ਦਾ ਮੌਕਾ ਵੀ ਮਿਲਿਆ। ਇਹ ਲੰਡਨ ਆਈ ਵਾਂਗ ਬਹੁਤ ਉੱਚਾ ਬਣਿਆ ਹੋਇਆ ਹੈ। ਇਸ ਦੀ ਉਚਾਈ 165 ਮੀਟਰ ਭਾਵ 541 ਫੁੱਟ ਹੈ। ਸਾਈਕਲ ਦੇ ਚੱਕੇ ਵਾਂਗ ਇਸ ਦੇ ਬਾਹਰ ਕੈਪਸੂਲਨੁਮਾ ਅਠਾਈ ਏਅਰਕੰਡੀਸ਼ਨਡ ਕੈਬਿਨ ਲੱਗੇ ਹੋਏ ਹਨ। ਇਕ ਕੈਬਿਨ ਵਿਚ ਵੀਹ-ਪੱਚੀ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ। ਇਹ ਪੰਜਾਹ ਮਿੰਟਾਂ ਵਿਚ ਇਕ ਚੱਕਰ ਲਾਉਂਦਾ ਹੈ। ਇਹ ਹਮੇਸ਼ਾਂ ਹੌਲੀ ਰਫ਼ਤਾਰ ਨਾਲ ਉੱਪਰ ਨੂੰ ਜਾਂਦਾ ਅਤੇ ਫਿਰ ਹੇਠ ਆਉਂਦਾ ਹੈ। 360 ਡਿਗਰੀ ਦਾ ਦ੍ਰਿਸ਼ ਇਸ ਰਾਹੀਂ ਦੇਖਿਆ ਜਾ ਸਕਦਾ ਹੈ। ਜਦੋਂ ਉੱਪਰ ਵੱਲ ਨੂੰ ਜਾਂਦਾ ਹੈ ਤਾਂ ਸਿੰਗਾਪੁਰ ਦਾ ਦਿਲਕਸ ਨਜ਼ਾਰਾ ਵੇਖਿਆ ਜਾ ਸਕਦਾ ਹੈ। ਅਸੀਂ ਇਸ ਰਾਹੀਂ ਮੈਰੀਨਾ-ਬੇਅ ਸੈਂਡ ਹੋਟਲ, ਗਾਰਡਨਜ਼ ਬਾਏ ਦਿ ਬੇਅ, ਡਾਊਨ ਟਾਊਨ ਏਰੀਆ ਦੀਆਂ ਸੁੰਦਰ ਇਮਾਰਤਾਂ ਅਤੇ ਮਰਲਾਇਨ ਪੁਆਇੰਟ ਦਾ ਸੁੰਦਰ ਨਜ਼ਾਰਾ ਦੇਖਿਆ। ਇੱਥੋਂ ਉੱਚੀਆਂ ਇਮਾਰਤਾਂ, ਸਮੁੰਦਰ ਦੀ ਵਿਸ਼ਾਲਤਾ, ਉੱਚੇ ਪੁਲ, ਫਾਰਮੂਲਾ ਰੇਸ ਰੋਡ, ਸਮੁੰਦਰ ਵਿਚ ਸਮੁੰਦਰੀ ਜਹਾਜ਼ਾਂ ਦੀ ਭੀੜ, ਸਮੁੰਦਰ ਦੇ ਉੱਪਰ ਪੁਲਾਂ ’ਤੇ ਚੱਲਦੀ ਤੇਜ਼ ਗਤੀ ਟ੍ਰੈਫਿਕ ਕੀੜੀਆਂ ਵਾਂਗ ਦਿਸਦੀ ਹੈ। ਇੱਥੋਂ ਦੇ ਸੈਂਟੋਸਾ ਟਾਪੂ ਉੱਪਰ ਬਣਿਆ ਯੂਨੀਵਰਸਲ ਸਟੂਡੀਓ ਵੀ ਦੇਖਣ ਵਾਲਾ ਹੈ। ਇਸ ਤੋਂ ਇਲਾਵਾ ਅਸੀਂ ਆਰਟ-ਸਾਇੰਸ ਮਿਊਜ਼ੀਅਮ ਵਰਗੀਆਂ ਅਨੇਕਾਂ ਹੋਰ ਥਾਵਾਂ ਹਾਲੇ ਦੇਖਣੀਆਂ ਸਨ। ਸਿੰਗਾਪੁਰ ਦਾ ਇਤਿਹਾਸ ਬੜਾ ਰੋਚਕ ਹੈ। ਤਕਰੀਬਨ ਪੰਜ ਸੌ ਸਾਲ ਪਹਿਲਾਂ ਦੇ ਅਰਸੇ ਤਕ ਸਿੰਗਾਪੁਰ ‘ਪੁਰਾਤਨ ਸਿੰਘਾਪੁਰ’ ਵਜੋਂ ਹੀ ਜਾਣਿਆ ਜਾਂਦਾ ਰਿਹਾ ਜਿਸ ਦਾ ਕੋਈ ਨਿਸ਼ਚਿਤ ਇਤਿਹਾਸ ਦਰਜ ਨਹੀਂ ਹੈ। ਪਰ 1819 ਵਿਚ ਇਹ ਬ੍ਰਿਟਿਸ਼ ਸਾਮਰਾਜ ਦੀ ਬਸਤੀ ਵਜੋਂ ਸਥਾਪਤ ਹੋਇਆ। ਦੂਜੀ ਆਲਮੀ ਜੰਗ ਦੌਰਾਨ ਜਾਪਾਨੀਆਂ ਨੇ 1942 ਵਿਚ ਇਸ ਉੱਤੇ ਕਬਜ਼ਾ ਕਰ ਲਿਆ ਸੀ (ਅੱਠ ਫਰਵਰੀ ਤੋਂ 15 ਫਰਵਰੀ 1942 ਦੇ ਜਪਾਨੀ ਫ਼ੌਜ ਦੇ ਭਾਰੀ ਹਮਲੇ ਨੇ ਕਾਫ਼ੀ ਤਬਾਹੀ ਮਚਾਈ), ਪਰ 1945 ਵਿਚ ਦੂਜੀ ਆਲਮੀ ਜੰਗ ਦੇ ਖ਼ਾਤਮੇ ਤੋਂ ਲੈ ਕੇ 1959 ਤਕ ਇਹ ਫਿਰ ਬਰਤਾਨਵੀ ਸਾਮਰਾਜ ਦੇ ਕਬਜ਼ੇ ਹੇਠ ਰਿਹਾ। 1959 ’ਚ ਹੋਈਆਂ ਚੋਣਾਂ ਵਿਚ ਸਿੰਗਾਪੁਰ ਦੀ ਆਪਣੀ ਸਰਕਾਰ ਬਣੀ, ਪਰ ਵਿਦੇਸ਼ ਨੀਤੀ ਤੇ ਅੰਦਰੂਨੀ ਸੁਰੱਖਿਆ ਬ੍ਰਿਟਿਸ਼ ਰਾਜ ਦੇ ਹੱਥ ਹੀ ਰਹੀ। 1963 ਤਕ ਇਹ ਸਥਿਤੀ ਚਲਦੀ ਰਹੀ।

ਡਾ. ਅਜੀਤਪਾਲ ਸਿੰਘ

1963 ਤੋਂ 1965 ਤਕ ਫੈਡਰਲ ਸੰਧੀ ਤਹਿਤ ਇਹ ਮਲੇਸ਼ੀਆ ਨਾਲ ਬੱਝਿਆ ਤੇ ਇਸ ਨੂੰ ਖ਼ੁਦਮੁਖ਼ਤਾਰੀ ਹਾਸਲ ਸੀ। ਫਿਰ ਇੱਥੇ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਹੋਂਦ ਵਿਚ ਆਈ। ਮਲੇਸ਼ੀਆ ਨਾਲ ਅੰਦਰਖਾਤੇ ਚਲਦੀ ਖਿੱਚੋਤਾਣ ਕਾਰਨ ਮਲੇਸ਼ੀਆ ਨੇ ਆਪਣੇ ਮੂਲ-ਨਿਵਾਸੀਆਂ ਨੂੰ ਤਰਜੀਹ ਦਿੱਤੀ ਅਤੇ ਸਿੰਗਾਪੁਰ ਨੂੰ ਅਲੱਗ ਕਰ ਦਿੱਤਾ। ਇਸ ਤਰ੍ਹਾਂ ਨੌਂ ਅਗਸਤ 1965 ਨੂੰ ਸਿੰਗਾਪੁਰ ਆਜ਼ਾਦ ਮੁਲਕ ਬਣਿਆ। ਉਦੋਂ ਇਸ ਨੂੰ ਬੇਰੁਜ਼ਗਾਰੀ ਅਤੇ ਰਿਹਾਇਸ਼ੀ ਥਾਵਾਂ ਦੀ ਘਾਟ ਦੀਆਂ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਹੱਲ ਲਈ 1965 ਤੋਂ 1970 ਤਕ ਨਿਰਮਾਣ ਸਨਅਤ ਦਾ ਵਿਕਾਸ ਕੀਤਾ ਗਿਆ। ਵੱਡੇ ਵੱਡੇ ਰਿਹਾਇਸ਼ੀ ਕੰਪਲੈਕਸ ਉਸਾਰੇ ਗਏ ਅਤੇ ਜਨਤਕ ਸਿੱਖਿਆ ’ਤੇ ਖੁੱਲ੍ਹ ਕੇ ਖਰਚ ਕੀਤਾ ਗਿਆ। 1990ਵਿਆਂ ਤਕ ਇਹ ਖੁੱਲ੍ਹੀ ਮੰਡੀ ਵਾਲੇ ਮੁਲਕ ਵਜੋਂ ਵਿਕਸਿਤ ਹੋ ਗਿਆ ਤੇ ਇਸ ਦੇ ਸੰਸਾਰ ਪੱਧਰੀ ਵਪਾਰਕ ਸੰਪਰਕ ਬਣ ਗਏ। ਇਸ ਦੀ ਕੁੱਲ ਘਰੇਲੂ ਪੈਦਾਵਾਰ ਏਸ਼ੀਆ ’ਚ ਜਪਾਨ ਤੋਂ ਬਾਅਦ ਸਭ ਤੋਂ ਵੱਧ ਹੋ ਗਈ। ਅਸੀਂ ਆਪਣੀ ਸਿੰਗਾਪੁਰ ਫੇਰੀ ਦੇ ਤੀਜੇ ਹਫ਼ਤੇ ਦੇ ਆਖ਼ਰੀ ਦਿਨ ਇਥੋਂ ਦਾ ਮਸ਼ਹੂਰ ਖਰੀਦਦਾਰੀ ਕੇਂਦਰ ‘ਮੁਸਤਫਾ ਸੈਂਟਰ’ ਦੇਖਿਆ। ਇਹ ਅੱਠ ਮੰਜ਼ਿਲਾ ਕੰਪਲੈਕਸ ਅਪਰੈਲ 1995 ’ਚ ਮੁਸ਼ਤਾਕ ਅਹਿਮਦ ਨੇ 145, ਸੱਯਦ ਅਲਵੀ ਰੋਡ ’ਤੇ ਸ਼ੁਰੂ ਕੀਤਾ ਸੀ। ਮੁਸਤਫ਼ਾ ਡਿਪਾਰਟਮੈਂਟਲ ਸਟੋਰ ’ਚ ਤਕਰੀਬਨ ਤਿੰਨ ਲੱਖ ਸ਼ੈਆਂ ਮੁਹੱਈਆ ਹਨ। ਇਸ ਤੋਂ ਇਲਾਵਾ ਵਿਦੇਸ਼ੀ ਕਰੰਸੀ ਤੇ ਟਰੈਵਲਿੰਗ ਬੰਦੋਬਸਤ ਦਾ ਕਾਰੋਬਾਰ ਵੀ ਇੱਥੇ ਹੀ ਹੈ। ਇਸ ਦੀ ਸਭ ਤੋਂ ਉਪਰਲੀ ਛੱਤ ’ਤੇ 130 ਕਮਰਿਆਂ ਦਾ ਇਕ ਰੈਸਤਰਾਂ ਹੈ। ਤਕਰੀਬਨ ਦੋ ਲੱਖ ਵਰਗ ਫੁੱਟ ’ਚ ਉਸਰਿਆ ਇਹ ਕੰਮਪਲੈਕਸ ਲਿਟਲ ਇੰਡੀਆ ਦਾ ਹਿੱਸਾ ਹੈ ਜਿੱਥੇ ਕੱਪੜੇ, ਖੇਡਾਂ, ਘਰੇਲੂ ਤੇ ਇਲੈਕਟ੍ਰੋਨਿਕਸ ਦਾ ਸਮਾਨ ਪ੍ਰਚੂਨ ਤੇ ਥੋਕ ਵਿਚ ਬਾਕੀ ਬਾਜ਼ਾਰਾਂ ਨਾਲੋਂ ਮੁਕਾਬਲਤਨ ਸਸਤਾ ਮਿਲਦਾ ਹੈ। ਇਸ ਕਰਕੇ ਇੱਥੇ ਬੇਹੱਦ ਭੀੜ ਵੇਖਣ ਨੂੰ ਮਿਲਦੀ ਹੈ। ਇਹ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਮੁਸਤਫ਼ਾ ਸੈਂਟਰ ਵਿਦੇਸ਼ਾਂ ਤੋਂ ਆਮ ਵਰਤੋਂ ਦਾ ਸਸਤਾ ਸਾਮਾਨ ਦਰਾਮਦ ਕਰਕੇ ਘੱਟ ਕੀਮਤਾਂ ’ਤੇ ਸਪਲਾਈ ਕਰਦਾ ਹੈ। ਇਸ ਦੀ ਸਾਲਾਨਾ ਆਮਦਨ 725 ਮਿਲੀਅਨ ਸਿੰਘਾਪੁਰ ਡਾਲਰ (36 ਅਰਬ 25 ਕਰੋੜ ਰੁਪਏ) ਹੈ। 1971 ਵਿਚ ਮੁਸ਼ਤਾਕ ਅਹਿਮਦ, ਉਸ ਦੇ ਪਿਤਾ ਹਾਜੀ ਮੁਹੰਮਦ ਮੁਸਤਫ਼ਾ ਤੇ ਚਾਚੇ ਸ਼ਮਸੂਦੀਨ ਨੇ ਮੁਹੰਮਦ ਮੁਸਤਫ਼ਾ ਐਂਡ ਸ਼ਮਸੂਦੀਨ ਕੰਪਨੀ (ਐੱਮਐੱਮਐੱਸਸੀ) ਸਥਾਪਤ ਕਰਕੇ ਕਾਰੋਬਾਰ ਸ਼ੁਰੂ ਕੀਤਾ। ਮੁਹੰਮਦ ਮੁਸਤਫ਼ਾ ਖ਼ਾਨ ਭਾਰਤ ਦੇ ਉੱਤਰ ਪ੍ਰਦੇਸ਼ ’ਚ ਪਲਿਆ ਤੇ ਮਲੇਸ਼ੀਆ ਰਸਤੇ ਹੁੰਦਿਆਂ 1950 ’ਚ ਸਿੰਗਾਪੁਰ ਪੁੱਜਿਆ। 1956 ’ਚ ਉਸ ਨੇ ਆਪਣੇ ਪੰਜ ਸਾਲਾ ਪੁੱਤਰ ਮੁਸ਼ਤਾਕ ਨਾਲ ਇੱਥੇ ਚਾਹ ਅਤੇ ਬ੍ਰੈੱਡ ਵੇਚਣੀ ਸ਼ੁਰੂ ਕੀਤੀ ਅਤੇ ਮੁਸ਼ਤਾਕ ਨੇ ਰੁਮਾਲਾਂ ਦੀ ਸਟਾਲ ਲਾਈ। ਦੋਵੇਂ ਪਿਉ ਪੁੱਤ ਨੇ ਪਹਿਲਾਂ ਫੁੱਟਪਾਥ ’ਤੇ ਰੇਹੜੀ ਲਾ ਕੇ ਤੇ ਫਿਰ ਇਕ ਦੁਕਾਨ ਕਿਰਾਏ ’ਤੇ ਲੈ ਕੇ ਕੰਮ ਕੀਤਾ। ਅੱਜ ਇਨ੍ਹਾਂ ਦਾ ਕਾਰੋਬਾਰ ਭਾਰਤ, ਇੰਡੋਨੇਸ਼ੀਆ ਤੇ ਬੰਗਲਾਦੇਸ਼ ਤਕ ਫੈਲਿਆ ਹੋਇਆ ਹੈ। ਇਸ ਸ਼ੌਪਿੰਗ ਸੈਂਟਰ ਵਿਚ ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਇੱਥੇ ਮਸ਼ੀਨਾਂ ਤਾਂ ਹਨ, ਪਰ ਹਰ ਥਾਂ ਮਨੁੱਖ ਬੈਠੇ ਹਨ ਜੋ ਮਸ਼ੀਨਾਂ ਦੀ ਮਦਦ ਨਾਲ ਗਾਹਕ ਭੁਗਤਾਉਂਦੇ ਹਨ। ਕਾਫੀ ਗਿਣਤੀ ’ਚ ਦੱਖਣੀ ਭਾਰਤੀਆਂ ਨੂੰ ਇਸ ਕਰਕੇ ਇੱਥੇ ਰੁਜ਼ਗਾਰ ਮਿਲਿਆ ਹੋਇਆ ਹੈ ਜਦੋਂਕਿ ਬਾਕੀ ਥਾਵਾਂ ’ਤੇ ਸੌ ਫ਼ੀਸਦੀ ਮਸ਼ੀਨੀਕਰਨ ਕੀਤਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਵਧਦੀ ਹੈ। ਮੈਨੂੰ ਇਹ ਭਾਰਤ ਵਾਂਗ ਹੀ ਲੱਗਿਆ, ਪਰ ਬੇਈਮਾਨੀ ਤੋਂ ਰਹਿਤ ਹੈ। ਤਕਨਾਲੋਜੀ ਮਨੁੱਖ ਦੇ ਭਲੇ ਲਈ ਹੋਵੇ, ਨਾ ਕਿ ਮਨੁੱਖ ਨੂੰ ਉਜਾੜਨ ਲਈ। ਇਸ ਨੂੰ ਕੁਝ ਹੱਦ ਤਕ ਵਿਕਾਸ ਕਿਹਾ ਜਾ ਸਕਦਾ ਹੈ।

ਸਿੰਗਾਪੁਰ ਸਮੁੰਦਰੀ ਜੀਵਸ਼ਾਲਾ

ਸਾਨੂੰ ਸਿੰਗਾਪੁਰ ਦੀ ਇਕ ਵਿਸ਼ੇਸ਼ ਥਾਂ ਦੇਖਣ ਦਾ ਮੌਕਾ ਮਿਲਿਆ ਜਿਸ ਨੂੰ ਸਿੰਗਾਪੁਰ ਅਕੁਏਰੀਅਮ ਕਿਹਾ ਜਾਂਦਾ ਹੈ। ਸਿੰਗਾਪੁਰ ਤੋਂ ਲਾਗਲੇ ਟਾਪੂ ਸੈਂਟੋਸਾ ਵਰਲਡ ਰਿਜ਼ੋਰਟਸ ਦੇ ਇਕ ਹਿੱਸੇ ਵਜੋਂ 20 ਏਕੜ ਇਲਾਕੇ ’ਚ ਫੈਲੀ ਇਹ ਜੀਵਸ਼ਾਲਾ ਵੇਖਦਿਆਂ ਲੱਗਦਾ ਹੈ ਕਿ ਜਿਵੇਂ ਤੁਸੀਂ ਸਮੁੰਦਰ ਅੰਦਰ ਘੁੰਮ ਰਹੇ ਹੋਵੋ। ਇਹ ਸਮੁੰਦਰੀ ਜੀਵਸ਼ਾਲਾ ਦਸ ਵੱਖ ਵੱਖ ਹਿੱਸਿਆਂ ਵਿਚ ਵੰਡੀ ਹੋਈ ਹੈ। ਇਸ ਲਈ ਤਕਰੀਬਨ ਪੰਜਾਹ ਆਵਾਸ (ਪੌਦਿਆਂ ਜਾਂ ਜੀਵਾਂ ਦੇ ਕੁਦਰਤੀ ਨਿਵਾਸ ਸਥਾਨ) ਬਣਾਏ ਗਏ ਹਨ। ਇਸ ਵਿਚ ਤਕਰੀਬਨ ਇਕ ਲੱਖ ਸਮੁੰਦਰੀ ਜੀਵ ਪਾਣੀ ’ਚ ਵਿਚਰਦੇ ਅਤੇ ਤੈਰਦੇ ਦੇਖ ਸਕਦੇ ਹੋ। ਇਹ ਪਾਣੀ ਏਨਾ ਨਿਰਮਲ ਹੈ ਜਿਸ ਵਿਚਦੀ ਇਕੱਲੀ ਇਕੱਲੀ ਚੀਜ਼ ਸਾਫ਼ ਦਿਖਾਈ ਦਿੰਦੀ ਹੈ। ਇਨ੍ਹਾਂ ਜੀਵਾਂ ਦੀਆਂ ਤਕਰੀਬਨ ਇਕ ਹਜ਼ਾਰ ਜਾਤੀਆਂ ਇਸ ਵਿਚ ਰਹਿੰਦੀਆਂ ਹਨ। ਇਹ ਸਮੁੰਦਰੀ ਜੀਵ ਸਿੰਗਾਪੁਰ ਦੇ ਸਮੁੰਦਰ ਤੋਂ ਇਲਾਵਾ ਬੰਗਾਲ ਦੀ ਖਾੜੀ, ਅੰਡੇਮਾਨ ਦੇ ਸਮੁੰਦਰਾਂ, ਪੂਰਬੀ ਅਫ਼ਰੀਕਾ ਦੀਆਂ ਵੱਡੀਆਂ ਝੀਲਾਂ ਆਦਿ ਤੋਂ ਇੱਥੇ ਲਿਆਂਦੇ ਗਏ ਹਨ। ਇਨ੍ਹਾਂ ਜੀਵਾਂ ਦੇ ਰਹਿਣ ਸਹਿਣ ਪਾਣੀ ਦੇ ਅੰਦਰ ਢੁੱਕਵੀਆਂ ਹਾਲਤਾਂ ਤੇ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਤਕਰੀਬਨ 12 ਕਰੋੜ 50 ਲੱਖ ਗੈਲਨ ਪਾਣੀ ਇਨ੍ਹਾਂ ਜੀਵਾਂ ਲਈ ਲਗਾਤਾਰ ਵਗਦਾ ਰਹਿੰਦਾ ਹੈ ਜਿਸ ਦੀ ਨਿਰੰਤਰ ਸਫ਼ਾਈ ਕੀਤੀ ਜਾਂਦੀ ਹੈ। ਹਰ ਜਾਤੀ ਦੇ ਜੀਵਾਂ ਦੀ ਖਾਦ ਖ਼ੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਆਖ਼ਰੀ ਦਿਨ ਅਸੀਂ ਸਿਲਟ ਰੋਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਮੈਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਲਈ ਉਤਸੁਕ ਸੀ। ਇਸ ਦਾ ਪ੍ਰਬੰਧ ਸੈਂਟਰਲ ਗੁਰਦੁਆਰਾ ਸਿੱਖ ਬੋਰਡ ਵੱਲੋਂ ਚਲਾਇਆ ਜਾਂਦਾ ਹੈ। ਸਿੱਖ ਭਾਈਚਾਰੇ ਦਾ ਇਹ ਧਾਰਮਿਕ ਸਥਾਨ ਪੰਜਾਬੀ ਸਿੱਖ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਤੇ ਪਰਿਵਾਰਾਂ ਦੇ ਮੇਲ ਮਿਲਾਪ ਦਾ ਹੀ ਸਥਾਨ ਨਹੀਂ ਸਗੋਂ ਇੱਥੇ ਪੰਜਾਬੀ ਬੋਲੀ ਸਿਖਾਉਣ ਲਈ ਜਮਾਤਾਂ ਵੀ ਨਿਰੰਤਰ ਲਾਈਆਂ ਜਾਂਦੀਆਂ ਹਨ। ਇਸ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ 1920 ਵਿਚ ਸ਼ੁਰੂ ਹੋਈ ਅਤੇ ਪਿੱਛੋਂ 1955 ਤਕ ਇਸ ਵਿਚ ਹੋਰ ਵਾਧਾ ਕੀਤਾ ਜਾਂਦਾ ਰਿਹਾ। ਉਦੋਂ ਇਹ ਜਗ੍ਹਾ ਸਿੰਗਾਪੁਰ ਹਾਰਬਰ ਬੋਰਡ ਤੋਂ ਪਟੇ ’ਤੇ ਲਈ ਗਈ ਸੀ। ਸਿੱਖ ਭਾਈਚਾਰੇ ਵੱਲੋਂ ਇਕੱਠੇ ਕੀਤੇ ਗਏ 54 ਹਜ਼ਾਰ ਸਿੰਗਾਪੁਰ ਡਾਲਰ ਦੀ ਲਾਗਤ ਨਾਲ ਇੱਥੋਂ ਦੀ ਪੁਲੀਸ ਦੇ ਇੰਸਪੈਕਟਰ ਜਨਰਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਮਲਾਇਆ ਅਤੇ ਸਿੰਗਾਪੁਰ ਪੁਲੀਸ ਦੇ ਜਵਾਨਾਂ ਤੋਂ ਇਲਾਵਾ ਨੇੜਲੇ ਮੁਲਕਾਂ ਦੇ ਸਿੱਖਾਂ ਨੇ ਵੀ ਇਸ ਵਿਚ ਯੋਗਦਾਨ ਪਾਇਆ। 1924 ਵਿਚ ਇਮਾਰਤ ਦੀ ਉਸਾਰੀ ਪੂਰੀ ਹੋਈ ਤਾਂ ਇਸ ਦਾ ਨਾਂ ਸਿਲਟ ਰੋਡ ਗੁਰਦੁਆਰਾ ਰੱਖਿਆ ਗਿਆ। 23 ਅਕਤੂਬਰ 1995 ਨੂੰ ਗੁਰਦੁਆਰੇ ਦੀ ਇਮਾਰਤ ਦੇ ਬਿਲਕੁਲ ਨਾਲ ਉਸਾਰੀ ਸੱਤ ਮੰਜ਼ਿਲਾ ਸਰਾਂ ਦੀ ਇਮਾਰਤ ਦੇ ਉਦਘਾਟਨ ਮੌਕੇ ਤਕਰੀਬਨ ਸੱਤ ਹਜ਼ਾਰ ਸਿੱਖ ਇੱਥੇ ਇਕੱਠੇ ਹੋਏ ਸਨ। ਗੁਰਦੁਆਰੇ ਅੰਦਰ ਸੁਸ਼ੋਭਿਤ 10 ਟਨ ਵਜ਼ਨ ਵਾਲੀ ਵੱਡੀ ਪਾਲਕੀ ਭਾਰਤ ਤੋਂ ਤਿਆਰ ਕਰਵਾ ਕੇ ਦਸ ਹਿੱਸਿਆਂ ਵਿਚ ਇੱਥੇ ਲਿਆਂਦੀ ਗਈ ਦੱਸੀ ਜਾਂਦੀ ਹੈ। ਗੁਰਦੁਆਰੇ ਦੀ ਇਮਾਰਤ ਦਾ ਗੁੰਬਦ ਤਕਰੀਬਨ 10 ਮੀਟਰ ਦਾਇਰੇ ਵਾਲਾ ਹੈ।

ਸਿਲਟ ਰੋਡ ਗੁਰਦੁਆਰੇ ਸਾਹਿਬ ਦਾ ਸੰਖੇਪ ਇਤਿਹਾਸ

ਸਿੱਖ ਆਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਦੀ ਯਾਦਗਾਰ 12 ਅਕਤੂਬਰ 1966 ਨੂੰ ਜਨਰਲ ਹਸਪਤਾਲ ਦੇ ਵਿਹੜੇ ’ਚੋਂ ਹਟਾ ਕੇ ਇੱਥੇ ਸਥਾਪਤ ਕੀਤੀ ਗਈ ਅਤੇ ਕੌਮੀ ਵਿਰਾਸਤੀ ਬੋਰਡ ਨੇ ਇਸ ਨੂੰ ਇਤਿਹਾਸਕ ਗੁਰਦੁਆਰਾ ਐਲਾਨਿਆ। ਭਾਈ ਮਹਾਰਾਜ ਸਿੰਘ ਭਾਰਤੀ ਇਨਕਲਾਬੀ ਸੀ ਜੋ 1850 ਵਿਚ ਕੈਦੀ ਵਜੋਂ ਸਿੰਗਾਪੁਰ ਸਜ਼ਾ ਦੇਣ ਲਈ ਲਿਆਂਦਾ ਗਿਆ ਸੀ ਕਿਉਂਕਿ ਉਦੋਂ ਸਿੰਗਾਪੁਰ ਬ੍ਰਿਟਿਸ਼ ਬਸਤੀ ਸੀ। ਉਸ ਨੂੰ ਪਰਲਜ਼ ਹਿੱਲ ਕੈਦ ਵਿਚ ਰੱਖਿਆ ਗਿਆ ਜਿੱਥੇ ਉਹ ਅੰਨ੍ਹਾ ਹੋ ਗਿਆ ਤੇ ਕੈਂਸਰ ਦਾ ਸ਼ਿਕਾਰ ਹੋਣ ਕਰਕੇ 5 ਜੁਲਾਈ 1856 ਨੂੰ ਉਸ ਦਾ ਦੇਹਾਂਤ ਹੋ ਗਿਆ। ਉਸ ਦਾ ਸਸਕਾਰ ਜੇਲ੍ਹ ਕੰਪਲੈਕਸ ਤੋਂ ਬਾਹਰ ਕੀਤਾ ਗਿਆ ਤੇ ਸਿੰਗਾਪੁਰ ਜਨਰਲ ਹਸਪਤਾਲ ਦੇ ਵਿਹੜੇ ਵਿਚ ਉਸ ਦੀ ਯਾਦ ’ਚ ਛੋਟਾ ਜਿਹਾ ਗੁੰਬਦ ਬਣਾ ਦਿੱਤਾ ਗਿਆ। 1966 ਵਿਚ ਇਹ ਗੁੰਬਦ ਉੱਥੋਂ ਹਟਾ ਕੇ ਇੱਥੇ ਲਿਆਂਦਾ ਗਿਆ ਜਿਸ ਕਾਰਨ ਇਹ ਗੁਰਦੁਆਰਾ ਮਸ਼ਹੂਰ ਹੋਇਆ। ਕੁਝ ਸਿੱਖ ਮੰਨਦੇ ਹਨ ਕਿ ਭਾਈ ਮਹਾਰਾਜ ਸਿੰਘ ਕਰਕੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਇੱਥੇ ਮੰਨੀਆਂ ਜਾਂਦੀਆਂ ਹਨ। ਇਹ ਗੁਰਦੁਆਰਾ ਸਾਹਿਬ ਸਿਲਟ ਰੋਡ ਦੀ ਬਜਾਏ ਪਹਿਲਾਂ ਪਰਲਜ਼ ਹਿੱਲ ਵਿਖੇ ਹੁੰਦਾ ਸੀ ਕਿਉਂਕਿ ਪੁਲੀਸ ਕੌਂਟੀਨੈਂਟ ਵਿਚ ਉਦੋਂ ਕਾਫ਼ੀ ਸਿੱਖ ਸਨ। ਉਨ੍ਹੀਵੀਂ ਸਦੀ ਵਿਚ ਅੰਗਰੇਜ਼ਾਂ ਵੱਲੋਂ ਪੰਜਾਬ ਤੋਂ ਕਾਫ਼ੀ ਪੰਜਾਬੀ ਸਿੰਗਾਪੁਰ ਪੁਲੀਸ ਵਿਚ ਸਿਪਾਹੀ, ਚੌਕੀਦਾਰ ਤੇ ਸਕਿਊਰਟੀ ਗਾਰਡ ਵਜੋਂ ਭਰਤੀ ਕੀਤੇ ਗਏ ਸਨ। ਇਸ ਦਾ ਵੱਡਾ ਕਾਰਨ ਇਹ ਸੀ ਕਿ ਸਿੱਖਾਂ ਨੂੰ ਅੰਗਰੇਜ਼ ਲੜਾਕੂ ਤੇ ਵਫ਼ਾਦਾਰ ਕੌਮ ਸਮਝਦੇ ਸਨ। ਉਦੋਂ ਇਨ੍ਹਾਂ ਸਿੱਖਾਂ ਦੀ ਲੋੜ ਸੀ ਕਿ ਇੱਥੇ ਪੂਜਾ ਪਾਠ ਅਤੇ ਮਿਲਣ ਜੁਲਣ ਲਈ ਕੋਈ ਥਾਂ ਬਣੇ। 1920 ’ਚ ਸਿੱਖ ਸਿਪਾਹੀਆਂ ਨੇ ਇਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ। ਪਹਿਲਾਂ ਸਿੰਗਾਪੁਰ ਆਉਂਦੇ ਪਰਵਾਸੀ ਸਿੱਖਾਂ ਨੂੰ ਪਹਿਲੀ ਠਹਿਰ ਵਜੋਂ ਬੈਰਕਾਂ ਵਿਚ ਠਹਿਰਾਇਆ ਜਾਂਦਾ ਸੀ। ਹੌਲੀ ਹੌਲੀ ਇਨ੍ਹਾਂ ਪਰਵਾਸੀਆਂ ਦੀ ਗਿਣਤੀ ਵਧ ਗਈ ਤੇ ਇਨ੍ਹਾਂ ਨੂੰ ਬੈਰਕਾਂ ਵਿਚ ਠਹਿਰਾਉਣਾ ਸੰਭਵ ਨਾ ਰਿਹਾ। ਅੰਗਰੇਜ਼ੀ ਪ੍ਰਸ਼ਾਸਨ ਵੱਲੋਂ ਸਿਪਾਹੀਆਂ ਨੂੰ ਆਪਣੇ ਕੁਆਰਟਰਾਂ ਅੰਦਰ ਹੀ ਰਹਿਣ ਦੀ ਕਾਨੂੰਨੀ ਹਦਾਇਤ ਜਾਰੀ ਹੋਈ। 1942 ਤੋਂ 1945 ਤਕ ਸਿੰਗਾਪੁਰ ’ਤੇ ਜਪਾਨ ਦਾ ਕਬਜ਼ਾ ਰਿਹਾ। ਇਹ ਗੁਰਦੁਆਰਾ ਉਦੋਂ ਜੰਗੀ ਵਿਧਵਾਵਾਂ ਤੇ ਬੱਚਿਆਂ ਲਈ ਪਨਾਹ ਬਣਿਆ ਹੋਇਆ ਸੀ। ਵਿਧਵਾਵਾਂ ਨੇ ਇਸ ਦੇਣ ਬਦਲੇ ਉੱਥੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। ਜੰਗ ਮੁੱਕਣ ਪਿੱਛੋਂ ਵਿਧਵਾਵਾਂ ਤੇ ਔਰਤਾਂ ਨੂੰ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਭਾਰਤ ਭੇਜਿਆ ਗਿਆ। ਉਦੋਂ ਤਕ ਅੰਗਰੇਜ਼ਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖ ਲੜਾਕੂ, ਬਹਾਦਰ ਤੇ ਵਫ਼ਾਦਾਰ ਸਿਪਾਹੀ ਹਨ। ਇਸ ਕਰਕੇ ਉਨ੍ਹਾਂ ਨੂੰ ਸਿੰਗਾਪੁਰ ਦੀ ਪੁਲੀਸ ਵਿਚ ਭਰਤੀ ਕੀਤਾ ਗਿਆ। ਸਿਲਕ ਰੋਡ ਗੁਰਦੁਆਰੇ ਵਿਚ ਚੌਵੀ ਘੰਟੇ ਲੰਗਰ ਦੀ ਸੇਵਾ ਚਲਦੀ ਹੈ ਜਿੱਥੇ ਵੱਡੀ ਗਿਣਤੀ ਵਿਚ ਮਿਹਨਤਕਸ਼ ਪਰਵਾਸੀ ਪੰਜਾਬੀ ਭਾਈਚਾਰਾ ਸਵੇਰੇ ਸ਼ਾਮ ਲੰਗਰ ਛਕ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਆਰਥਿਕ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਇੱਥੇ ਉਹ ਆਪਸ ’ਚ ਮਿਲ ਵੀ ਲੈਂਦੇ ਹਨ। ਇੱਥੇ ਕਿਸੇ ਕਿਸਮ ਦੀ ਧਾਰਮਿਕ ਕੱਟੜਤਾ ਦੇਖਣ ਨੂੰ ਨਹੀਂ ਮਿਲਦੀ ਸਗੋਂ ਸੇਵਾ ਭਾਵ ਤੇ ਸਾਦਗੀ ਹੀ ਨਜ਼ਰ ਆਉਂਦੀ ਹੈ। ਪਰਵਾਸੀ ਕਾਮਿਆਂ ਨੂੰ ਸਿੰਗਾਪੁਰ ਵਿਚ ਗੁਜ਼ਾਰੇ ਲਾਇਕ ਤਨਖ਼ਾਹ ਤਾਂ ਮਿਲਦੀ ਹੈ, ਪਰ ਮਹਿੰਗਾਈ ਹੋਣ ਕਰਕੇ ਮਕਾਨਾਂ ਦਾ ਕਿਰਾਇਆ ਤੇ ਘਰੇਲੂ ਖਰਚਿਆਂ ਤੋਂ ਬੱਚਤ ਕਰਨੀ ਹੀ ਪੈਂਦੀ ਹੈ। ਇਸ ਕਰਕੇ ਗੁਰਦੁਆਰਿਆਂ ’ਚ ਚੱਲਦੇ ਮੁਫ਼ਤ ਲੰਗਰ ਦੀ ਪ੍ਰਥਾ ਉਨ੍ਹਾਂ ਲਈ ਬਹੁਤ ਹੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਵੀ ਇੱਥੇ ਵੇਖਣ ਯੋਗ ਹਨ।

ਸੰਪਰਕ: 98156-29301

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All