ਸਿਵਲ ਹਸਪਤਾਲ ਲਾਗੇ ਡੰਪਿੰਗ ਗਰਾਊਂਡ ਬਣਾਉਣ ਤੋਂ ਲੋਕ ਦੁਖੀ

ਐਨ.ਪੀ. ਧਵਨ ਪਠਾਨਕੋਟ, 23 ਜੂਨ ਨਗਰ ਕੌਂਸਲ ਵੱਲੋਂ ਇੱਥੇ ਸਿਵਲ ਹਸਪਤਾਲ ਦੇ ਨਾਲ ਲੱਗਦੀ ਖੱਡ ਦੇ ਪੁਲ ਕੋਲ ਸੜਕ ਕੰਢੇ ਸ਼ਹਿਰ ਦਾ ਸਾਰਾ ਕੂੜਾ-ਕਰਕਟ ਸੁੱਟ ਦੇਣ ਨਾਲ ਸਾਰੇ ਇਲਾਕੇ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਬਦਬੂ ਫੈਲਣ ਨਾਲ ਖਾਨਪੁਰ, ਮਨਵਾਲ ਬਾਗ ਦੀਆਂ ਅਬਾਦੀਆਂ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਗੰਦਗੀ ਦੇ ਢੇਰ ਲਗਾਏ ਜਾ ਰਹੇ ਹਨ ਉਥੇ ਸ਼ਾਹਪੁਰ ਕੰਡੀ ਤੇ ਹੋਰ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਅੱਡਾ, ਸਿਵਲ ਹਸਪਤਾਲ, ਇਕ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਨਪੁਰ, ਮਨਵਾਲ ਬਾਗ ਦੀਆਂ ਕਲੋਨੀਆਂ ਹਨ। ਉਥੇ 10 ਹਜ਼ਾਰ ਤੋਂ ਵੀ ਜ਼ਿਆਦਾ ਅਬਾਦੀ ਵੱਸਦੀ ਹੈ। ਇਸ ਦੇ ਇਲਾਵਾ ਸ਼ਹਿਰ ਦੇ ਟਰੈਫਿਕ ਨੂੰ ਘਟਾਉਣ ਲਈ ਇੱਥੋਂ ਬਾਈਪਾਸ ਵਜੋਂ 78 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਇਕ ਸੜਕ ਵੀ ਲੰਘਦੀ ਹੈ। ਸਵੇਰੇ ਹੀ ਨਗਰ ਕੌਂਸਲ ਦੇ ਵਾਹਨ ਟਰੈਕਟਰਾਂ, ਟਰਾਲੀਆਂ, ਆਟੋ ਰਿਕਸ਼ਿਆਂ ਰਾਹੀਂ ਸ਼ਹਿਰ ਦਾ ਕੂੜਾ-ਕਰਕਟ ਭਰ-ਭਰ ਕੇ ਇੱਥੇ ਲਿਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਡੰਪ ਕਰਕੇ ਚਲੇ ਜਾਂਦੇ ਹਨ। ਗੰਦਗੀ ਦੇ ਵੱਡੇ-ਵੱਡੇ ਢੇਰਾਂ ਕਾਰਨ ਉੱਥੇ ਬੱਸ ਅੱਡੇ ’ਤੇ ਸਵਾਰੀਆਂ ਦਾ ਖੜ੍ਹਨਾ ਦੁੱਭਰ ਹੋ ਗਿਆ ਹੈ। ਸਾਰਾ ਦਿਨ ਢੇਰਾਂ ਉਪਰ ਇੱਲ੍ਹਾਂ, ਕਾਂਵਾਂ ਦਾ ਜਮਘਟ ਲੱਗਿਆ ਰਹਿੰਦਾ ਹੈ ਅਤੇ ਮੱਖੀ-ਮੱਛਰ ਬਹੁਤ ਪਣਪ ਗਿਆ ਹੈ। ਮਨਵਾਲ ਕਲੋਨੀ ਦੇ ਵਾਸੀ ਹਰਿੰਦਰ ਰੰਧਾਵਾ ਦਾ ਕਹਿਣਾ ਸੀ ਕਿ ਮੱਖੀ, ਮੱਛਰ ਏਨਾ ਪਣਪ ਗਿਆ ਹੈ ਕਿ ਕਲੋਨੀ ਦੇ ਲੋਕਾਂ ਦਾ ਰਾਤ ਨੂੰ ਸੌਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਦਬੂ ਫੈਲਣ ਕਾਰਨ 78 ਲੱਖ ਦੀ ਲਾਗਤ ਨਾਲ ਬਣਾਈ ਗਈ ਸੜਕ ਤੋਂ ਲੋਕ ਲੰਘਣੋਂ ਵੀ ਟਾਲਾ ਵੱਟਣ ਲੱਗੇ ਹਨ। ਸਿਵਲ ਹਸਪਤਾਲ ਅੰਦਰ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਵੀ ਕਹਿਣਾ ਸੀ ਕਿ ਇੱਥੇ ਤਾਂ ਸਾਰਾ ਦਿਨ ਬੋਅ ਹੀ ਮਾਰਦੀ ਰਹਿੰਦੀ ਹੈ। ਹਸਪਤਾਲ ਦੀ ਕਲੋਨੀ ’ਚ ਰਹਿ ਰਹੇ ਡਾ. ਮੋਹਨ ਲਾਲ ਅੱਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਮਰੀਜ਼ਾਂ ਦਾ ਇਲਾਜ ਕਰਨਾ ਹੁੰਦਾ ਹੈ ਪਰ ਇੱਥੇ ਫੈਲੀ ਬਦਬੂ ਤੇ ਮੱਖੀ, ਮੱਛਰ ਨਾਲ ਤਾਂ ਉਨ੍ਹਾਂ ਦਾ ਮਾਨਸਿਕ ਸੰਤੁਲਨ ਹੀ ਸਾਰਾ ਦਿਨ ਵਿਗੜਿਆ ਰਹਿੰਦਾ ਹੈ। ਉਨ੍ਹਾਂ  ਕਿਹਾ ਕਿ ਬਰਸਾਤਾਂ ਵਿਚ ਇੱਥੇ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਕੰਢੀ ਵਿਕਾਸ ਮੋਰਚਾ ਦੇ ਆਗੂ ਜਗਨ ਨਾਥ ਦਾ ਕਹਿਣਾ ਸੀ ਕਿ ਨਗਰ ਕੌਂਸਲ ਨੂੰ ਕੀ ਹੱਕ ਹੈ ਕਿ ਇਲਾਕੇ ਦਾ ਕੁਦਰਤੀ ਵਾਤਾਵਰਨ ਖਰਾਬ ਕਰੇ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਜਿੰਦਰ ਸਿੰਘ ਬਦੇਸ਼ਾ ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੂੜਾ-ਕਰਕਟ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਅਤੇ ਉਸ ਨੂੰ ਸਮੇਟਣ ਲਈ ਕਲਾਨੌਰ ਵਿਖੇ 100 ਏਕੜ ਜਗ੍ਹਾ ਵਿਚ ਇਕ ਪਲਾਂਟ ਲਗਾਉਣ ਦੀ ਯੋਜਨਾ ਹੈ ਜਿਸ ਲਈ ਐਨ.ਓ.ਸੀ. ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਿੱਤੀ ਜਾਣੀ ਹੈ। ਉਨ੍ਹਾਂ ਇਹ ਸਪਸ਼ਟ ਕਿਹਾ ਕਿ ਨਗਰ ਕੌਂਸਲ ਕੋਲ ਕੂੜਾ-ਕਰਕਟ ਸੁੱਟਣ ਲਈ ਫਿਲਹਾਲ ਕੋਈ ਹੋਰ ਜਗ੍ਹਾ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All