ਸਿਲੀਕੌਨ ਵੈਲੀ ਦਾ ਬਾਦਸ਼ਾਹ

ਸਿਰਮੌਰ ਪੰਜਾਬੀ

ਬਲਰਾਜ ਸਿੰਘ ਸਿੱਧੂ

ਇਸ ਸਾਲ ਅਗਸਤ ਵਿੱਚ ਬਰਾਕ ਓਬਾਮਾ ਨੇ 2016 ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੀ ਰੂਪ ਰੇਖਾ ਤਿਆਰ ਕਰਨ ਲਈ ਆਪਣੇ ਸਭ ਤੋਂ ਨਜ਼ਦੀਕੀ 13 ਵਿਅਕਤੀਆਂ ਨੂੰ ਵਾਈਟ ਹਾਊਸ ਵਿੱਚ ਡਿਨਰ ’ਤੇ ਸੱਦਾ ਦਿੱਤਾ ਸੀ। ਇਨ੍ਹਾਂ 13 ਵਿਅਕਤੀਆਂ ਵਿੱਚ ਸਿਲੀਕੌਨ ਵੈਲੀ ਦਾ ਉੱਦਮੀ ਅਤੇ ਪੰਜਾਬੀ ਨਿਵੇਸ਼ਕ ਵਿਨੋਦ ਖੋਸਲਾ ਵੀ ਸ਼ਾਮਲ ਸੀ। ਬਾਕੀਆਂ ਵਿਅਕਤੀਆਂ ਵਿੱਚ ਲਿੰਕੇਡਿਨ ਕੰਪਨੀ ਦਾ ਰੀਡ ਹਾਫਮੈਨ ਅਤੇ ਹੋਰ ੳੁੱਘੀਆਂ ਸ਼ਖ਼ਸੀਅਤਾਂ ਸ਼ਾਮਲ ਸਨ। ਵਿਨੋਦ ਖੋਸਲਾ ਨੂੰ 15 ਕਰੋੜ ਡਾਲਰ ਦੇ ਟਰਨ-ਓਵਰ ਕਾਰਨ 2013 ਵਿੱਚ ਫੋਰਬਜ਼ ਮੈਗਜ਼ੀਨ ਨੇ ਅਮਰੀਕਾ ਦੇ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਵਿਨੋਦ ਖੋਸਲਾ ਦਾ ਜਨਮ 28 ਜਨਵਰੀ 1955 ਨੂੰ ਦਿੱਲੀ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਫ਼ੌਜੀ ਅਫ਼ਸਰ ਸਨ। ਉਹ ਚਾਹੁੰਦੇ ਸਨ ਕਿ ਵਿਨੋਦ ਵੀ ਉਨ੍ਹਾਂ ਵਾਂਗ ਫ਼ੌਜ ਵਿੱਚ ਅਫ਼ਸਰ ਭਰਤੀ ਹੋਵੇ, ਪਰ ਉਸ ਦਾ ਝੁਕਾਅ ਸ਼ੁਰੂ ਤੋਂ ਹੀ ਤਕਨਾਲੋਜੀ ਵੱਲ ਸੀ। 14 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਸਾਇੰਸ ਮੈਗਜ਼ੀਨ ਵਿੱਚ ਇੰਟੈੱਲ ਕੰਪਨੀ ਦੀ ਸਥਾਪਨਾ ਬਾਰੇ ਪੜ੍ਹਿਆ ਤਾਂ ਤਕਨੀਕ ਨੂੰ ਕਰੀਅਰ ਬਣਾਉਣ ਦੀ ਠਾਣ ਲੲੀ। ਉਸ ਨੇ ਦਸਵੀਂ ਦਿੱਲੀ ਦੇ ਸੇਂਟ ਮੈਰੀ ਹਾਈ ਸਕੂਲ ਤੋਂ ਕੀਤੀ ਤੇ ਆਈਆਈਟੀ ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ। ਡਿਗਰੀ ਹਾਸਲ ਕਰਨ ਤੋਂ ਬਾਅਦ ਉਸ ਨੇ ਉਨ੍ਹਾਂ ਲੋਕਾਂ ਲਈ ਸੋਇਆ ਮਿਲਕ ਕੰਪਨੀ ਸ਼ੁਰੂ ਕੀਤੀ ਜਿਨ੍ਹਾਂ ਕੋਲ ਫਰਿੱਜ ਨਹੀਂ ਸਨ, ਪਰ ਕੰਪਨੀ ਬੁਰੀ ਤਰ੍ਹਾਂ ਨਾਕਾਮ ਹੋ ਗਈ। ਇਸ ਤੋਂ ਬਾਅਦ ਉਹ ਅਮਰੀਕਾ ਚਲਿਆ ਗਿਆ ਤੇ ਕਾਰਨੈਜ਼ੀ-ਮੈਲੌਨ ਯੂਨੀਵਰਸਿਟੀ ਤੋਂ ਬਾਇਓਮੈਡੀਕਲ ਇੰਜੀਨੀਅਰਿੰਗ ਵਿੱਚ ਮਾਸਰਟਜ਼ ਕਰਨ ਤੋਂ ਬਾਅਦ ਸਟੈੱਨਫਰਡ ਸਕੂਲ ਆਫ ਬਿਜ਼ਨਸ ਤੋਂ ਐੱਮਬੀਏ ਕੀਤੀ। ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਪੋਸਟ ਗਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਇਲੈਕਟ੍ਰੌਨਿਕਸ ਕੰਪਨੀਆਂ ਨੂੰ ਨੌਕਰੀ ਵਾਸਤੇ 400 ਤੋਂ ਵੱਧ ਅਰਜ਼ੀਆਂ ਭੇਜੀਆਂ, ਪਰ ਉਸ ਨੂੰ ਕਿਤੇ ਵੀ ਨੌਕਰੀ ਨਾ ਮਿਲੀ। ਕਦੇ ਵੀ ਹਾਰ ਨਾ ਮੰਨਣ ਵਾਲੇ ਸੁਭਾਅ ਕਾਰਨ ਉਹ ਆਖ਼ਰ ਕਾਮਯਾਬ ਹੋ ਗਿਆ। 1980 ਵਿੱਚ ਖੋਸਲਾ ਨੇ ਦੋ ਹੋਰ ਭਾਈਵਾਲਾਂ ਨਾਲ ਮਿਲ ਕੇ ਇਲੈਕਟ੍ਰੌਨਿਕ ਡਿਜ਼ਾਈਨ ਕੰਪਨੀ ਡੇਜ਼ੀ ਸਿਸਟਮ ਸ਼ੁਰੂ ਕੀਤੀ। ਕੰਪਨੀ ਨੇ ਬਹੁਤ ਤਰੱਕੀ ਕੀਤੀ, ਪਰ ਕੁਝ ਦੇਰ ਬਾਅਦ ਵਿਨੋਦ ਖੋਸਲਾ ਨੇ ਕੰਪਨੀ ਛੱਡ ਦਿੱਤੀ। ਉਸ ਵੇਲੇ ਕੰਪਿਊਟਰ ਕ੍ਰਾਂਤੀ ਸ਼ੁਰੂ ਹੋ ਗਈ ਸੀ। ਹਾਰਡਵੇਅਰ ਤੇ ਸੌਫਟਵੇਅਰ ਵਿੱਚ ਨਿੱਤ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਸਨ। ਇਸ ਦਾ ਫਾਇਦਾ ਉਠਾਉਣ ਲਈ 1982 ਵਿੱਚ ੳੁਸ ਨੇ ਆਪਣੇ ਸਟੈੱਨਫਰਡ ਦੇ ਜਮਾਤੀਆਂ ਸਕਾਟ ਮੈਕਨੈਲੀ, ਐਂਡੀ ਬੈਚੋਲਸ਼ੀਮ ਅਤੇ ਬਿਲ ਜੌਏ ਨਾਲ ਮਿਲ ਕੇ ਮਸ਼ਹੂਰ ਕੰਪਨੀ ਸਨ ਮਾਈਕ੍ਰੋਸਿਸਟਮਜ਼ ਦੀ ਸਥਾਪਨਾ ਕੀਤੀ। ਵਿਨੋਦ ਖੋਸਲਾ ਕੰਪਨੀ ਦਾ ਪਹਿਲਾ ਚੇਅਰਮੈਨ ਤੇ ਸੀਈਓ ਸੀ। ਇਸ ਕੰਪਨੀ ਨੇ ਸਫਲਤਾ ਦੇ ਨਵੇਂ ਆਯਾਮ ਸਿਰਜੇ। ਇਸੇ ਕੰਪਨੀ ਨੇ ਜਾਵਾ ਪ੍ਰੋਗਰਾਮਿੰਗ ਲੈਂਗੂਏਜ ਅਤੇ ਨੈੱਟਵਰਕ ਫਾਈਲ ਸਿਸਟਮ ਦੀ ਕਾਢ ਕੱਢੀ ਸੀ। ਇਹ 1500 ਕਰੋੜ ਡਾਲਰ ਦੇ ਟਰਨ-ਓਵਰ ਨਾਲ ਕਿਸੇ ਭਾਰਤੀ ਦੁਆਰਾ ਸਥਾਪਤ ਸਭ ਤੋਂ ਵੱਡੀ ਕਾਰਪੋਰੇਸ਼ਨ ਸੀ। 1985 ਵਿੱਚ ਬੋਰਡ ਆਫ ਡਾਇਰੈਕਟਰਜ਼ ਨਾਲ ਮਤਭੇਦ ਹੋ ਜਾਣ ਕਾਰਨ ਉਸ ਨੇ ਕੰਪਨੀ ਛੱਡ ਦਿੱਤੀ ਤੇ ਨਿਵੇਸ਼ ਵਿੱਚ ਹੱਥ ਅਜ਼ਮਾਉਣ ਲੱਗਾ। 1987 ਵਿੱਚ ਵਿਨੋਦ ਖੋਸਲਾ ਫਾਈਨੈਂਸ ਫਰਮ ਕਲੀਨਰ-ਪਰਕਿੰਸ ਵਿੱਚ ਬਤੌਰ ਭਾਈਵਾਲ ਸ਼ਾਮਲ ਹੋ ਗਿਆ ਤੇ ਫਾੲੀਨੈਂਸਰ ਦੇ ਤੌਰ ’ਤੇ ਪੂਰੀ ਤਰ੍ਹਾਂ ਸਥਾਪਤ ਹੋ ਗਿਆ। ਉਸ ਦੇ ਕੲੀ ਪ੍ਰੋਜੈਕਟ ਸਫਲ ਹੋਏ ਅਤੇ ਕਈ ਅਸਫਲ ਵੀ। ੳੁਹ ਹੁਣ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਸੀ ਰਿਹਾ। ੳੁਹ ਨਵੇਂ-ਨਵੇਂ ਖ਼ਤਰੇ ੳੁਠਾੳੁਣ ਲਈ ਮਸ਼ਹੂਰ ਹੈ। ਉਸ ਨੇ ਨੈਕਸਜੈਨ ਅਤੇ ਸੇਰੈਂਟ ਵਰਗੀਆਂ ਸਥਾਪਿਤ ਅਤੇ ਉੱਭਰਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਕੇ ਕਰੋੜਾਂ ਡਾਲਰ ਕਮਾਏ। ਸੇਰੈਂਟ ਵਿੱਚ 80 ਲੱਖ ਡਾਲਰ ਨਿਵੇਸ਼ ਕਰਕੇ ਉਸ ਨੇ ਤਿੰਨ ਸਾਲਾਂ ਵਿੱਚ 24 ਕਰੋੜ ਡਾਲਰ ਦੀ ਕਮਾਈ ਕੀਤੀ। ਉਸ ਨੇ ਕਈ ਕੰਪਨੀਆਂ ਦੇ ਏਕਾਧਿਕਾਰ ਨੂੰ ਤੋੜਿਆ ਹੈ। ਉੱਭਰਦੀ ਕੰਪਨੀ ਨੈਕਸਜੈਨ ਨੇ ਉਸ ਦੇ ਨਿਵੇਸ਼ ਅਤੇ ਸਲਾਹ ਕਾਰਨ ਸਥਾਪਤ ਕੰਪਨੀ ਇੰਟੈੱਲ ਦੇ ਕੰਪਿਊਟਰ ਮਾਈਕ੍ਰੋਪ੍ਰੋਸੈੱਸਰ ਮਾਰਕੀਟ ਦੇ ਏਕਾਧਿਕਾਰ ਨੂੰ ਤੋੜ ਦਿੱਤਾ। ਇਸ ਨਾਲ ਮਾਈਕ੍ਰੋਪ੍ਰੋਸੈੱਸਰ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆਈ ਅਤੇ ਗੁਣਵੱਤਾ ਵਿੱਚ ਸੁਧਾਰ ਆਇਆ। ਇਸੇ ਤਰ੍ਹਾਂ ਉਸ ਨੇ ਜੂਨੀਪਰ ਕੰਪਨੀ ਵਿੱਚ ਨਿਵੇਸ਼ ਕਰਕੇ ਸਿਸਕੋ ਦੇ ਰਾਊਟਰ ਨਿਰਮਾਣ ਦੇ ਏਕਾਧਿਕਾਰ ਨੂੰ ਖ਼ਤਮ ਕੀਤਾ। ਵਿਨੋਦ ਖੋੋਸਲਾ ਦੀ ਦਿਆਨਤਦਾਰੀ ਅਤੇ ਮਿਹਨਤੀ ਸੁਭਾਅ ਤੋਂ ਵਾਕਫ਼ ਹੋਣ ਸਦਕਾ ਉਸ ਦੇ ਇੱਕ ਇਸ਼ਾਰੇ ’ਤੇ ਧਨ ਕੁਬੇਰ ਅੱਖਾਂ ਮੀਟ ਕੇ ਕਰੋੜਾਂ ਡਾਲਰ ਨਿਵੇਸ਼ ਕਰ ਦਿੰਦੇ ਹਨ। 2004 ਵਿੱਚ ਉਸ ਨੇ ਮੈਨਲੋ ਪਾਰਕ ਕੈਲੀਫੋਰਨੀਆ ਵਿੱਚ ਆਪਣੀ ਇਨਵੈਸਟਮੈਂਟ ਕੰਪਨੀ ਖੋਸਲਾ ਵੈਂਚਰਜ਼ ਸ਼ੁਰੂ ਕੀਤੀ। ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਇਸ ਕੰਪਨੀ ਵਿੱਚ ਬਤੌਰ ਸਲਾਹਕਾਰ ਕੰਮ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। 20 ਕਰੋੜ ਡਾਲਰ ਦੇ ਟਰਨ-ਓਵਰ ਵਾਲੀ ਇਹ ਬਹੁਤ ਵੱਡੀ ਕੰਪਨੀ ਹੈ। ਉਸ ਦੀ ਖੋਸਲਾ-ਸੀਡ ਨਾਮਕ ਕੰਪਨੀ ਰਾਹੀਂ ਇਨਵੈਸਟਰਾਂ ਦੇ ਕਰੀਬ 25 ਕਰੋੜ ਡਾਲਰ ਲੱਗੇ ਹੋਏ ਹਨ ਜੋ ਹਾਈ ਰਿਸਕ ਕੰਪਨੀਆਂ ਵਿੱਚ ਇਨਵੈੱਸਟ ਕਰਦੀ ਹੈ। ਇਸ ਤੋਂ ਇਲਾਵਾ ਉਸ ਦੀਆਂ ਕੰਪਨੀਆਂ ਰਾਹੀਂ ਨਵੀਆਂ ਅਤੇ ਤਰੱਕੀ ਨਜ਼ੀਰ ਕੰਪਨੀਆਂ ਵਿੱਚ ਇਨਵੈੱਸਟਰਾਂ ਦੇ ਕਰੀਬ 75 ਕਰੋੜ ਡਾਲਰ ਲੱਗੇ ਹੋਏ ਹਨ। ਸਨ ਤੋਂ ਇਲਾਵਾ ਉਹ ਡੇਜ਼ੀ ਅਤੇ ਟਾਈ ਆਦਿ ਅਨੇਕਾਂ ਸਾਫਟਵੇਅਰ ਅਤੇ ਇਨਵੈੱਸਟਮੈਂਟ ਕੰਪਨੀਆਂ ਦਾ ਮੋਢੀ ਹੈ। ਉਹ ਵਪਾਰਕ ਹਲਕਿਆਂ ਵਿੱਚ ਬਹੁਤ ਹੀ ਦੂਰਦਰਸ਼ੀ ਮੰਨਿਆਂ ਜਾਂਦਾ ਹੈ। ਆਰਕੀਟੈਕਟ ਨਾਮਕ ਸਾਫਟਵੇਅਰ ਕੰਪਨੀ ਨੂੰ ਖ਼ਰੀਦਣ ਲਈ ਮਾਈਕ੍ਰੋਸਾਫਟ ਨੇ ਸੱਤ ਕਰੋੜ ਡਾਲਰ ਦੀ ਪੇਸ਼ਕਸ਼ ਕੀਤੀ ਸੀ। ਕੰਪਨੀ ਨੇ ਖੋਸਲਾ ਕੋਲੋਂ ਸਲਾਹ ਮੰਗੀ ਤਾਂ ੳੁਸ ਨੇ ਫੌਰਨ ਇਨਕਾਰ ਕਰ ਦੇਣ ਦੀ ਸਲਾਹ ਦਿੱਤੀ। ਕੰਪਨੀ ਨੇ ਬੜੀ ਹਿਚਕਚਾਹਟ ਤੋਂ ਬਾਅਦ ਉਸ ਦੀ ਸਲਾਹ ਮੰਨੀ ਤੇ ਇੰਨੀ ਵੱਡੀ ਪੇਸ਼ਕਸ਼ ਠੁਕਰਾਅ ਦਿੱਤੀ। ਉਹੀ ਕੰਪਨੀ ਸਾਲ ਬਾਅਦ ਵਿੱਚ 67 ਕਰੋੜ ਡਾਲਰ ਦੀ ਵਿਕੀ। ਉਹ 1999 ਦੇ ਟੈਕਨਾਲੋਜੀ ਅੈਵਾਰਡ ਦਾ ਰਨਰ-ਅੱਪ ਰਿਹਾ ਹੈ। ਉਹ ਸਾਂ ਫਰਾਂਸਿਸਕੋ ਬੇਅ ਏਰੀਆ ਅੈਡਵਾਈਜ਼ਰੀ ਬੋਰਡ ਦਾ ਆਨਰੇਰੀ ਚੇਅਰਮੈਨ ਰਿਹਾ ਹੈ। ਉਹ ਬਹੁਤ ਜ਼ਿਆਦਾ ਦਾਨ ਵੀ ਕਰਦਾ ਹੈ। ਉਸ ਨੇ ਭਾਰਤੀ ਮਾਈਕ੍ਰੋਫਾਇਨਾਂਸ ਕੰਪਨੀ ਐੱਸ ਕੇ ਐੱਸ ਵਿੱਚ ਵੀ ਨਿਵੇਸ਼ ਕੀਤਾ ਹੈ ਜੋ ਪਿੰਡਾਂ ਵਿੱਚ ਗ਼ਰੀਬ ਮਹਿਲਾਵਾਂ ਨੂੰ ਘੱਟ ਵਿਆਜ ’ਤੇ ਛੋਟੇ ਕਰਜ਼ੇ ਮੁਹੱਈਆ ਕਰਵਾਉਂਦੀ ਹੈ। ਉਹ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਦੇ ਬਲੱਮ ਸੈਂਟਰ ਦਾ ਬੋਰਡ ਮੈਂਬਰ ਹੈ ਜੋ ਪੱਛੜੇ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦੀ ਆਰਥਿਕ ਹਾਲਤ ਅਤੇ ਸਿਹਤ ਦੀ ਬਿਹਤਰੀ ਵਾਸਤੇ ਕੰਮ ਕਰ ਰਿਹਾ ਹੈ। ਉਹ ਅਜਿਹੀਆਂ ਤਕਨੀਕਾਂ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਦਾ ਹੈ ਜਿਸ ਨਾਲ ਵਾਤਾਵਰਣ ਅਤੇ ਸਮਾਜ ਨੂੰ ਫਾਇਦਾ ਹੁੰਦਾ ਹੋਵੇ। ਉਹ ਸਾਫ਼ ਈਂਧਨ ਦਾ ਬਹੁਤ ਵੱਡਾ ਹਮਾਇਤੀ ਹੈ ਤੇ ਉਸ ਨੇ ਈਥਾਨੌਲ ਕੰਪਨੀਆਂ ਵਿੱਚ ਕਰੋੜਾਂ ਡਾਲਰ ਨਿਵੇਸ਼ ਕੀਤੇ ਹਨ। ਉਸ ਦੀ ਪਤਨੀ ਨੀਰੂ ਨੇ ਇੱਕ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਜੋ ਅਮਰੀਕਾ ਅਤੇ ਵਿਸ਼ਵ ਵਿੱਚ ਸਿੱਖਿਆ ਦੀ ਲਾਗਤ ਘੱਟ ਕਰਨ ਬਾਰੇ ਕੰਮ ਕਰ ਰਹੀ ਹੈ। ਉਹ ਹਰ ਸਾਲ ਕਰੀਬ ਪੰਜ ਲੱਖ ਡਾਲਰ ਤੋਂ ਵੱਧ ਵੱਖ-ਵੱਖ ਸੰਸਥਾਵਾਂ ਨੂੰ ਦਾਨ ਕਰਦਾ ਹੈ। ਵਿਨੋਦ ਖੋਸਲਾ ਪਰਿਵਾਰ ਮੁਖੀ ਵਿਅਕਤੀ ਹੈ। ਉਹ ਆਪਣੇ ਪਰਿਵਾਰ ਨੂੰ ਆਪਣਾ ਮੁੱਖ ਬਿਜ਼ਨਸ ਅਤੇ ਆਪਣੇ ਬਿਜ਼ਨਸ ਨੂੰ ਆਪਣਾ ਸ਼ੌਕ ਦੱਸਦਾ ਹੈ। ਉਹ ਆਪਣੀ ਪਤਨੀ ਨੀਰੂ ਅਤੇ ਚਾਰ ਬੱਚਿਆਂ ਸਮੇਤ ਕੈਲੀਫੋਰਨੀਆ ’ਚ ਰਹਿੰਦਾ ਹੈ। ਉਹ ਭਾਰਤੀ ਸੱਭਿਆਚਾਰ ਅਤੇ ਸਮਾਜਿਕ ਰਿਸ਼ਤਿਆਂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਇਸ ਲਈ ਉਸ ਨੇ ਆਪਣੇ ਬੱਚੇ ਕਈ ਸਾਲ ਭਾਰਤ ਵਿੱਚ ਆਪਣੇ ਮਾਪਿਆਂ ਕੋਲ ਰੱਖੇ ਸਨ ਤਾਂ ਜੋ ਉਨ੍ਹਾਂ ਨੂੰ ਭਾਰਤੀ ਕਦਰਾਂ-ਕੀਮਤਾਂ ਦੀ ਪਛਾਣ ਹੋ ਸਕੇ।

ਸੰਪਰਕ: 98151-24449

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All