ਸਿਮ, ਸਿੱਖਿਆ, ਸਰਕਾਰ ਅਤੇ ਸਾਜ਼ਿਸ਼

11502410CD _SMARTPHONEਪ੍ਰੋ: ਵਿਨੋਦ ਗਰਗ

ਸਕੂਲਾਂ-ਕਾਲਜਾਂ ਵਿੱਚੋਂ ਸਿੱਖਿਆ ਲੋਪ ਹੋ ਚੁੱਕੀ ਹੈ। ਹੁਣ ਸਿਰਫ ਪਾਤਰਤਾ (ਕੁਆਲੀਫਿਕੇਸ਼ਨ) ਵੰਡੀ ਜਾ ਰਹੀ ਹੈ। ਸਰਕਾਰੀ ਸਿੱਖਿਆ ਅਦਾਰੇ ਡਾਵਾਂਡੋਲ ਹਨ। ਕਿਸੇ ਸਮੇਂ ਗੁਰੂਕੁਲਾਂ ਵਿੱਚ ਮਿਲਣ ਵਾਲੀ ਸਿੱਖਿਆ ਹੁਣ ਆਲੀਸ਼ਾਨ ਰੇਸਤਰਾਂ (ਹੋਟਲਾਂ) ਰੂਪੀ ਇਮਾਰਤਾਂ ਵਿੱਚ ਪਹੁੰਚ ਗਈ ਹੈ। ਕਿਸੇ ਨੂੰ ਜਾਤੀਵਾਦ ਆਧਾਰਿਤ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਆਰਥਿਕ ਪੱਖੋਂ ਕਮਜ਼ੋਰ ਜਨਰਲ ਵਰਗ ਨੂੰ ਮੋਟੀਆਂ ਫੀਸਾਂ ਦੇਣ ਲਈ ਮਜਬੂਰ ਕਰ ਕੇ ਪੜ੍ਹਾਈ ਤੋਂ ਮੁਥਾਜ ਕੀਤਾ ਜਾ ਰਿਹਾ ਹੈ। ਅਜਿਹੇ ਵਿਤਕਰੇ ਕਾਰਨ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨਾਂਹ ਦੇ ਬਰਾਬਰ ਹੋਣ ਲੱਗ ਪਈ ਹੈ। ਡੰਮੀ ਦਾਖਲਾ ਦੋ ਨੰਬਰ ਦੀ ਕਮਾਈ ਦਾ ਇੱਕ ਨੰਬਰ ਜ਼ਰੀਆ ਬਣ ਚੁੱਕਾ ਹੈ। ਮੁਫਤ ਸਮਾਰਟ ਫੋਨ ਦੇ ਵਾਅਦੇ, ਸਸਤੇ ਸਿਮ ਅਤੇ ਇੰਟਰਨੈੱਟ ਸਹੂਲਤਾਂ ਨੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੇ ਮੱਕੜਜਾਲ ਵਿੱਚ ਫਸਾ ਦਿੱਤਾ ਹੈ। 11 ਨਵੰਬਰ ਭਾਰਤ ਵਿੱਚ ਕੌਮੀ ਸਿਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਭਾਰਤ ਰਤਨ, ਆਜ਼ਾਦੀ ਘੁਲਾਟੀਏ ਅਤੇ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ। ਉਹ 15 ਅਗਸਤ 1947 ਤੋਂ 2 ਫਰਵਰੀ 1958 ਤੱਕ ਸਿੱਖਿਆ ਮੰਤਰੀ ਰਹੇ। ਅੱਜ ਹਾਲਾਤ ਇਹ ਹਨ ਕਿ ਵਧੇਰੇ ਸਕੂਲਾਂ-ਕਾਲਜਾਂ ਦੁਆਰਾ ਇਹ ਦਿਵਸ ਜਾਂ ਤਾਂ ਮਨਾਇਆ ਹੀ ਨਹੀਂ ਜਾਂਦਾ ਜਾਂ ਫਿਰ ਆਜ਼ਾਦੀ ਦਿਵਸ, ਔਰਤ ਦਿਵਸ, ਵਾਤਾਵਰਨ ਦਿਵਸ, ਅਧਿਆਪਕ ਦਿਵਸ ਵਾਂਗ ਸਿਖਿਆ ਦਿਵਸ ਵੀ ਵੱਡੇ ਵੱਡੇ ਭਾਸ਼ਨਾਂ ਦੀ ਭੇਟ ਚੜ੍ਹ ਕੇ ਅਗਲੇ ਵਰ੍ਹੇ ਤੱਕ ਦਫਨ ਹੋ ਜਾਂਦਾ ਹੈ। ਮੌਲਾਨਾ ਜੀ ਦਾ ਵਿਸ਼ਵਾਸ ਇਸ ਸਿਧਾਂਤ ‘ਤੇ ਸੀ ਕਿ ਸਭ ਲੋਕ ਇੱਕੋ ਜਿਹੇ ਹਨ ਅਤੇ ਸਭ ਨੂੰ ਬਰਾਬਰ ਅਧਿਕਾਰ ਤੇ ਮੌਕੇ ਮਿਲਣੇ ਚਾਹੀਦੇ ਹਨ। ਇਤਿਹਾਸ ਦੀ ਬੇ-ਦਾਗ ਸ਼ਖ਼ਸੀਅਤ ਮੌਲਾਨਾ ਅਬੁਲ ਕਲਾਮ ਆਜ਼ਾਦ ਤੋਂ ਸੁਰੂ ਹੋਇਆ ਸਿੱਖਿਆ ਦਾ ਸੁਹਾਣਾ ਸਫਰ ਉਨ੍ਹਾਂ ਰਾਹਾਂ ਉੱਤੇ ਪਹੁੰਚ ਚੁੱਕਾ ਹੈ, ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ। ਸੰਵਿਧਾਨਕ ਖਾਮੀਆਂ ਕਾਰਨ ਕੇਂਦਰ ਅਤੇ ਰਾਜਾਂ ਵਿੱਚ ਅਜਿਹੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ, ਜਿਨ੍ਹਾਂ ਦਾ ਸਿੱਖਿਆ ਨਾਲ ਦੂਰ ਦੂਰ ਦਾ ਰਿਸ਼ਤਾ ਨਹੀਂ ਰਿਹਾ। ਨੈਤਿਕ ਸਿੱਖਿਆ ਲੋਪ ਹੋ ਚੁੱਕੀ ਹੈ। ਸ੍ਰੀ ਆਜ਼ਾਦ ਨੇ ਰੁਜ਼ਗਾਰ ਮੁਖੀ ਅਤੇ ਉਦਯੋਗ ਪੱਖੀ ਸਿੱਖਿਆ ਪ੍ਰਣਾਲੀ ਨੂੰ ਤਰਜੀਹ ਦਿੱਤੀ ਸੀ। ਉਨ੍ਹਾਂ ਦੀ ਰਹਿਨੁਮਾਈ ਹੇਠ ਮੁਲਕ ਦਾ ਪਹਿਲਾ ਭਾਰਤੀ ਤਕਨੀਕੀ ਸਿੱਖਿਆ ਵਿਦਿਆਲਾ ਹੋਂਦ ਵਿੱਚ ਆਇਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਸੈਂਟਰਲ ਬੋਰਡ ਔਫ ਸੈਕੰਡਰੀ ਐਜੂਕੇਸ਼ਨ ਦੁਆਰਾ ਵਿਦਿਅਕ ਅਦਾਰਿਆਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਗੋਸ਼ਟੀ, ਸੰਮੇਲਨ, ਲੇਖ ਲਿਖਣ, ਭਾਸ਼ਨ ਮੁਕਾਬਲੇ ਅਤੇ ਜਾਗਰੂਕਤਾ ਰੈਲੀਆਂ ਕੱਢਣ ਲਈ ਕਿਹਾ ਗਿਆ ਸੀ। ਕੌੜਾ ਸੱਚ ਇਹ ਹੈ ਕਿ ਕਾਲਜਾਂ ਵਿੱਚ ‘ਕੰਟੀਨੀ ਮੁੰਡ੍ਹੀਰ’, ‘ਜੋਸ਼ ਕੈਂਪਸ ਦਾ’ ਜਾਂ ਹੋਰ ਅਜਿਹੇ ਟੈਲੀਵਿਜ਼ਨ ਪ੍ਰੋਗਰਾਮ ਫਿਲਮਾ ਕੇ ਵਿਦਿਆਰਥੀ ਵਰਗ ਦੇ ਦਿਮਾਗ ਵਿੱਚ ਸਕੂਲਾਂ-ਕਾਲਜਾਂ ਦਾ ਗ਼ਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ। ਕਾਲਜਾਂ ਵਿੱਚ ਕਿਸੇ ਮਿਹਨਤਕਸ਼, ਸਫਲ ਸ਼ਖਸੀਅਤਾਂ ਨੂੰ ਬੁਲਾਉਣ ਦੀ ਬਜਾਇ ਫਿਲਮੀ ਅਦਾਕਾਰ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਲਿਜਾ ਰਹੇ ਹਨ। ਵਿਦਿਆਰਥੀਆਂ ਦੇ ਕਾਲਜ ਵਿੱਚ ਦਾਖ਼ਲ ਹੁੰਦਿਆਂ ਹੀ ਫਰੈਸ਼ਰ ਪਾਰਟੀਆਂ ਨਾਲ ਉਨ੍ਹਾਂ ਦੇ ਜ਼ਿਹਨ ਵਿੱਚ ਕਾਲਜਾਂ ਦਾ ਗ਼ਲਤ ਅਕਸ ਬਿਠਾ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੇ ਨਾਲ ਨਾਲ ਮਿਹਨਤਕਸ਼ ਅਤੇ ਚੰਗੇ ਅਕਸ ਵਾਲੇ ਅਧਿਆਪਕਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਫਸਲੀ ਜਿਣਸਾਂ ਵਾਂਗ ਅਧਿਆਪਕਾਂ ਦੀਆਂ ਵੀ ਕਿਸਮਾਂ ਬਣਾ ਦਿੱਤੀਆਂ ਗਈਆਂ ਹਨ, ਜਿਵੇਂ ਐਡਹਾਕ, ਗੈਸਟ-ਫੈਕਲਟੀ, ਰੈਗੂਲਰ, ਏਡਿਡ ਅਤੇ ਸਰਕਾਰੀ ਆਦਿ। ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬੁਰੀ ਤਰ੍ਹਾਂ ਗਿਰਾਵਟ ਆਉਣ ਕਾਰਣ ਹਰ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਸਿੱਖਿਆ ਪ੍ਰਣਾਲੀ ਦਾ ਹਸ਼ਰ ਇਹ ਹੈ ਕਿ ਅਨਪੜ੍ਹ ਲੋਕ ਸਰਕਾਰ ਚਲਾ ਰਹੇ ਹਨ, ਪੰਜ ਤੋਂ 12 ਪੜ੍ਹੇ ਸੂਬਿਆਂ ਨੂੰ ਚਲਾ ਰਹੇ ਹਨ ਅਤੇ ਗਰੈਜੂਏਟ, ਪੋਸਟ-ਗਰੈਜੂਏਟ 5-7 ਹਜ਼ਾਰ ਦੀਆਂ ਪ੍ਰਾਈਵੇਟ ਨੌਕਰੀਆਂ ਲਈ ਰੁਜ਼ਗਾਰ ਮੇਲਿਆਂ ਵਿੱਚ ਧੱਕੇ ਖਾ ਰਹੇ ਹਨ। ਸਿਆਸਤ, ਸਿੱਖਿਆ ਉੱਪਰ ਇਸ ਕਦਰ ਹਾਵੀ ਹੈ ਕਿ ਕੋਈ ਕਹਿੰਦਾ ਸਕੂਲਾਂ-ਕਾਲਜਾਂ ਵਿੱਚ ਗੀਤਾ, ਕੋਈ ਕਹਿੰਦਾ ਕੁਰਾਨ ਪੜ੍ਹਾਇਆ ਜਾਵੇ, ਪਰ ਕੋਈ ਇਹ ਨਹੀਂ ਕਹਿੰਦਾ ਕਿ ਸਰਬ ਧਰਮ ਸਾਂਝੀ ਕਿਤਾਬ ਰਾਹੀਂ ਵਿਦਿਆਰਥੀਆਂ ਦੇ ਮਨ ਵਿੱਚ ਏਕਤਾ ਅਤੇ ਹਰ ਧਰਮ ਪ੍ਰਤੀ ਸਤਿਕਾਰ ਪੈਦਾ ਕੀਤਾ ਜਾਵੇ। ਹੇਠਲੇ ਪੱਧਰ ਦੀ ਸਿਆਸਤ ਕਾਰਨ ਹਰ ਧਰਮ ਦੇ ਵੱਖ ਵੱਖ ਦਿਵਸਾਂ ਦੀਆਂ ਸਕੂਲਾਂ-ਕਾਲਜਾਂ ਵਿੱਚ ਛੁੱਟੀਆਂ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ 35-36 ਸਰਕਾਰੀ ਛੁੱਟੀਆਂ, 53 ਐਤਵਾਰ, 35 ਦੇ ਕਰੀਬ ਗਰਮੀ ਤੇ 10 ਸਰਦੀ ਦੀਆਂ ਅਤੇ ਦੋ ਇਖ਼ਤਿਆਰੀ ਛੁੱਟੀਆਂ ਮਿਲਾ ਕੇ 133 ਦਿਨ ਸਕੂਲਾਂ-ਕਾਲਜਾਂ ਵਿੱਚ ਪੜ੍ਹਾਈ ਅਤੇ ਸਰਕਾਰੀ ਅਦਾਰਿਆਂ ਦਾ ਕੰਮਕਾਜ ਸੂਲੀ ਚੜ੍ਹਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਅਧਿਆਪਕ ਅਤੇ ਹੋਰ ਅਫਸਰ ਤਰ੍ਹਾਂ ਤਰ੍ਹਾਂ ਦੀਆਂ ਔਸਤਨ 27 ਛੁੱਟੀਆਂ ਵੀ ਲੈ ਸਕਦੇ ਹਨ। ਅਸਲ ਵਿੱਚ ਸਿੱਖਿਆ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ 120 ਦਿਨ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ। ਧਾਰਮਿਕ ਜਾਂ ਮਹਾਂਪੁਰਸ਼ਾਂ ਦੇ ਨਾਂ ‘ਤੇ ਛੁੱਟੀਆਂ ਕੀਤੀਆਂ ਜਾਂਦੀਆਂ ਹਨ, ਪਰ ਵਧੇਰੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜੀਵਨ ਅਤੇ ਸਮਾਜ ਨੂੰ ਦੇਣ ਬਾਰੇ ਰੱਤੀ ਭਰ ਵੀ ਪਤਾ ਨਹੀਂ ਹੁੰਦਾ। ਸਿੱਖਿਆ ਅੰਕਾਂ ਦੀ ਭੇਟ ਚੜ੍ਹ ਗਈ ਹੈ। ਸਿਰਫ ਅੰਕਾਂ ਨਾਲ ਮੁਲੰਕਣ ਹੋਣ ਕਾਰਨ ਰੱਟਾ ਸਿੱਖਿਆ ਵਿਧੀ ਹਾਵੀ ਹੋ ਚੁੱਕੀ ਹੈ। ਧਾਰਨਾਂ ਜਾਂ ਸੰਕਲਪ ਵਿਧੀ ਲੋਪ ਹੋ ਰਹੀ ਹੈ। ਮੁਲੰਕਣ ਪ੍ਰਣਾਲੀ, ਜ਼ਮੀਨ ਵਿੱਚ ਪਾਣੀ ਦੇ ਪੱਧਰ ਵਾਂਗ ਹੇਠਲੇ ਪੱਧਰ ‘ਤੇ ਡਿੱਗ ਚੁੱਕੀ ਹੈ। ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਮਨੋਰਥ ਵੀ ਵਿਦਿਅਕ ਨਾਂ ਹੋ ਕੇ ਸਿਆਸੀ ਹੋ ਗਏ ਹਨ। ਹਰ ਵਿਦਿਆਰਥੀ ਜਥੇਬੰਦੀ ਕਿਸੇ ਸਿਆਸੀ ਪਾਰਟੀ ਦੀ ਛਤਰ-ਛਾਇਆ ਹੇਠ ਆਪਣੀਆਂ ਸਿਆਸੀ ਜੜ੍ਹਾਂ ਮਜ਼ਬੂਤ ਕਰ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਵਿੱਚੋਂ ਬਹੁਤੀਆਂ ਨੂੰ ਕਦੇ ਵੀ ਵਿਦਿਆਰਥੀ ਵਰਗ ਨੂੰ ਪੜ੍ਹਨ, ਅਧਿਆਪਕਾਂ ਦੀ ਇੱਜ਼ਤ ਕਰਨ, ਕਾਲਜਾਂ ਵਿੱਚ ਮੋਬਾਇਲਾਂ ਦੀ ਦੁਰਵਰਤੋਂ ਰੋਕਣ, ਕਾਲਜਾਂ ਵਿੱਚ ਕੀਤੇ ਜਾਣ ਵਾਲੇ ਲੱਚਰ ਪ੍ਰੋਗਰਾਮ ਰੋਕਣ, ਵਿਦਿਆਰਥੀ ਵਰਗ ਨੂੰ ਵਿੱਦਿਆ ਦੇ ਮੱਹਤਵ ਨੂੰ ਸਮਝਨ ਲਈ ਪ੍ਰੇਰਦਿਆਂ ਨਹੀਂ ਦੇਖਿਆ। ਅਧਿਆਪਕਾਂ ਦੀਆਂ ਜਥੇਬੰਦੀਆਂ ਦਾ ਧਿਆਨ ਵੀ ਸਿੱਖਿਆ ਤੋਂ ਭਟਕ ਚੁੱਕਾ ਹੈ। ਅੱਜ ਘਰ ਬੈਠੇ, ਸਕੂਲ ਕਾਲਜ ਵਿੱਚ ਬਿਨਾਂ ਕਲਾਸਾਂ ਲਗਾਏ, ਸਿਰਫ ਗੇੜੇ ਦੇ ਕੇ ਗਰੈਜੂਏਸ਼ਨ, ਪੋਸਟ-ਗਰੈਜੂਏਸ਼ਨ ਦੀ ਪਾਤਰਤਾ ਹਾਸਿਲ ਕੀਤੀ ਜਾ ਸਕਦੀ ਹੈ। ਬਿਨਾਂ ਪੜ੍ਹੇ, ਬਿਨਾਂ ਕਲਾਸ ਲਗਾਏ, ਹਰ ਵਿਸ਼ੇ ਦੀਆਂ ਡਿਗਰੀਆਂ ਮਿਲਣ ਦੀ ਗਾਰੰਟੀ ਕਾਰਨ, ਬਿਨਾਂ ਕਿਤਾਬਾਂ-ਕਾਪੀਆਂ ਤੋਂ ਅਜੀਬੋ-ਗਰੀਬ ਵਸਤਰਾਂ ਦੀ ਨੁਮਾਇਸ਼ ਅਤੇ ਹੀਰੋਗਿਰੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਹੋਸਟਲਾਂ ਵਿੱਚ ਵਿਦਿਆਰਥੀਆਂ ਦੁਆਰਾ ਖੁਦਕੁਸ਼ੀਆਂ ਅਤੇ ਮਾਪਿਆਂ ਦੇ ਖਿਲਾਫ ਜਾ ਕੇ ਪ੍ਰੇਮ-ਵਿਆਹਾਂ ਦਾ ਰੁਝਾਨ, ਵਿੱਦਿਅਕ ਅਦਾਰਿਆਂ ਦੇ ਡਰਾਇਵਰਾਂ ਤੇ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨਾਲ ਛੇੜ-ਛਾੜ ਸਿੱਖਿਆ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਵਿੱਦਿਅਕ ਪ੍ਰਣਾਲੀ ਦੀਆਂ ਜੜ੍ਹਾਂ ਖਰਾਬ ਹੋਣ ਕਾਰਨ ਲੋਕ ਤੰਤਰਾਂ, ਮੰਤਰਾਂ ਤੇ ਯੰਤਰਾਂ ਦਾ ਸਹਾਰਾ ਲੈਣ ਲੱਗ ਪਏ ਹਨ। ਮੁੱਕਦੀ ਗੱਲ, ਵਿੱਦਿਅਕ ਪ੍ਰਣਾਲੀ ਜਾਤੀਵਾਦ, ਕੱਟੜਵਾਦ, ਭੇਦਭਾਵ ਆਦਿ ਕੁਰੀਤੀਆਂ ਨੂੰ ਹੱਲਸ਼ੇਰੀ ਦੇ ਰਹੀ ਹੈ ਅਤੇ ਅੰਧਕਾਰ ਤੋਂ ਪ੍ਰਕਾਸ਼ ਵੱਲ ਲਿਜਾਣ ਦੀ ਬਜਾਇ, ਪ੍ਰਕਾਸ਼ ਤੋਂ ਅੰਧਕਾਰ ਵੱਲ ਲਿਜਾ ਰਹੀ ਹੈ।  ਲੋਕਾਂ ਨੂੰ ਜਾਗਣ ਦੀ ਲੜ ਹੈ ਤਾਂ ਕਿ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ।

ਸੰਪਰਕ: 98763-71788

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All