ਸਿਆਣਪ

ਬਾਲ ਕਹਾਣੀ ਵਿਪਨ ਜਲਾਲਾਬਾਦੀ ਖੁਸ਼ਬੂ ਬਹੁਤ ਹੀ ਸਿਆਣੀ ਕੁੜੀ ਸੀ। ਉਹ ਪੰਜਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ਸੀ। ਸਕੂਲ ਵਿਚ ਸਾਰੇ ਉਸ ਨੂੰ ਸਿਆਣੀ ਕੁੜੀ ਕਹਿੰਦੇ ਸਨ। ਇਕ ਵਾਰ ਉਨ੍ਹਾਂ ਦੇ ਸਕੂਲ ਵਿਚ ਇਕ ਬਾਬਾ ਆ ਗਿਆ ਅਤੇ ਬੱਚਿਆਂ ਦਾ ਹੱਥ ਵੇਖਣ ਲੱਗਾ, ਪਰ ਸਕੂਲ ਦੇ ਅਧਿਆਪਕ ਨੇ ਉਸ ਬਾਬੇ ਨੂੰ ਉੱਥੋਂ ਭਜਾ ਦਿੱਤਾ। ਇਸ ਗੱਲ ’ਤੇ ਸਾਰੇ ਬੱਚੇ ਬਹੁਤ ਹੈਰਾਨ ਹੋਏ ਅਤੇ ਪੁੱਛਣ ਲੱਗੇ, ‘ਤੁਸੀਂ ਉਸ ਬਾਬੇ ਨੂੰ ਭਜਾ ਕਿਉਂ ਦਿੱਤਾ ?” ਇਹ ਸੁਣ ਕੇ ਅਧਿਆਪਕ ਨੇ ਬੱਚਿਆਂ ਨੂੰ ਕਿਹਾ, ‘ਇਹ ਪਾਖੰਡੀ ਸਾਧ ਹੁੰਦੇ ਨੇ। ਇਹ ਠੱਗ ਬੜੇ ਹੀ ਚਲਾਕ ਹੁੰਦੇ ਹਨ। ਇਹ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ ਅਤੇ ਭੋਲੇ-ਭਾਲੇ ਲੋਕ ਇਨ੍ਹਾਂ ਦੇ ਚੱਕਰਾਂ ਵਿਚ ਫਸ ਜਾਂਦੇ ਹਨ। ਲੋਕਾਂ ਨੂੰ ਲੱਗੀਆਂ ਕੁਝ ਬਿਮਾਰੀਆਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ, ਜਿਵੇਂ ਫੋੜੇ, ਫਿਨਸੀ, ਖੰਘ, ਜ਼ੁਕਾਮ ਆਦਿ, ਪਰ ਇਹ ਬਾਬੇ ਸੁਆਹ ਦੀਆਂ ਪੁੜੀਆਂ ਦੇ ਕੇ ਲੋਕਾਂ ਦੀ ਛਿੱਲ ਲਾਹ ਲੈਂਦੇ ਹਨ।’ ਖੁਸ਼ਬੂ ਸੋਚਣ ਲੱਗ ਪਈ ਕਿ ਉਸਦੇ ਮਾਤਾ-ਪਿਤਾ ਵੀ ਤਾਂ ਇਕ ਬਾਬੇ ਕੋਲ ਜਾਂਦੇ ਹਨ। ਉਹ ਸੋਚਣ ਲੱਗੀ ਕਿ ਉਹ ਆਪਣੇ ਮਾਤਾ-ਪਿਤਾ ਨੂੰ ਕਿਵੇਂ ਸਮਝਾਵੇ ? ਉਸਨੇ ਘਰ ਆ ਕੇ ਆਪਣੀ ਮੰਮੀ ਨੂੰ ਕਿਹਾ, ‘ਮੰਮੀ ਜੀ ! ਜਿਹੜੇ ਬਾਬੇ ਕੋਲ ਆਪਾਂ ਜਾਂਦੇ ਹਾਂ ਇਹੋ ਜਿਹੇ ਬਾਬੇ ਠੱਗ ਹੁੰਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ।’ ਉਸਦੇ ਮੰਮੀ ਕਹਿਣ ਲੱਗੇ, ‘ਨਹੀਂ ਬੇਟਾ ! ਆਪਣੇ ਬਾਬਾ ਜੀ ਇਸ ਤਰ੍ਹਾਂ ਦੇ ਨਹੀਂ ਹਨ, ਆਪਾਂ ਤਾਂ ਆਪਣੀ ਸ਼ਰਧਾ ਅਨੁਸਾਰ ਹੀ ਮੱਥਾ ਟੇਕਦੇ ਹਾਂ ਅਤੇ ਬਾਬਾ ਜੀ ਆਪਣੀਆਂ ਬਿਮਾਰੀਆਂ ਵੀ ਠੀਕ ਕਰਦੇ ਹਨ।’ ਇਸ ਗੱਲ ’ਤੇ ਖੁਸ਼ਬੂ ਚੁੱਪ ਹੋ ਗਈ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਹ ਗੱਲ ਆਪਣੀ ਮੰਮੀ ਨੂੰ ਕਿਵੇਂ ਸਮਝਾਵੇ? ਇਕ ਦੌਰਾਨ ਹੀ ਇਕ ਦਿਨ ਖੁਸ਼ਬੂ ਨੂੰ ਜ਼ੁਕਾਮ ਹੋ ਗਿਆ ਅਤੇ ਉਸਦੀ ਮੰਮੀ ਬਾਬੇ ਤੋਂ ਸੁਆਹ ਦੀਆਂ ਪੁੜੀਆਂ ਬਣਵਾ ਕੇ ਲੈ ਆਈ। ਉਸਨੇ ਇਹ ਪੁੜੀਆਂ ਖੁਸ਼ਬੂ ਨੂੰ ਦਿੱਤੀਆਂ ਅਤੇ ਕਿਹਾ ਕਿ ਇਹ ਪੁੜੀਆਂ ਬਾਬਾ ਜੀ ਦਾ ਨਾਂ ਲੈ ਕੇ ਖਾ ਲਵੇ। ਉਸ ਵੇਲੇ ਖੁਸ਼ਬੂ ਨੂੰ ਆਪਣੇ ਅਧਿਆਪਕ ਦੀ ਗੱਲ ਯਾਦ ਆ ਗਈ ਅਤੇ ਉਸਨੇ ਇਹ ਪੁੜੀਆਂ ਖਾਣ ਦੀ ਬਜਾਏ ਆਪਣੇ ਬਸਤੇ ਵਿਚ ਪਾ ਲਈਆਂ। ਚਾਰ-ਪੰਜ ਦਿਨਾਂ ਬਾਅਦ ਖੁਸ਼ਬੂ ਆਪਣੇ-ਆਪ ਹੀ ਠੀਕ ਹੋ ਗਈ। ਕੁਝ ਦਿਨਾਂ ਬਾਅਦ ਮੰਮੀ ਖੁਸ਼ਬੂ ਨੂੰ ਕਹਿਣ ਲੱਗੀ, ‘ਖੁਸ਼ਬੂ ! ਚੱਲ ਤਿਆਰ ਹੋ, ਆਪਾਂ ਡੇਰੇ ਜਾਣਾ ਹੈ।’ ਦੋਵੇਂ ਮਾਵਾਂ-ਧੀਆਂ ਤਿਆਰ ਹੋ ਕੇ ਤੁਰ ਪਈਆਂ ਅਤੇ ਬਾਬੇ ਦੇ ਡੇਰੇ ਪਹੁੰਚ ਗਈਆਂ। ਖੁਸ਼ਬੂ ਨੇ ਪੁੱਛਿਆ ਕਿ ਉਹ ਇੱਥੇ ਕਿਉਂ ਆਈਆਂ ਹਨ ਤਾਂ ਉਸਦੀ ਮੰਮੀ ਨੇ ਜਵਾਬ ਦਿੱਤਾ, ‘ਬਾਬਾ ਜੀ ਨੇ ਤੈਨੂੰ ਠੀਕ ਕੀਤਾ ਹੈ, ਇਸ ਲਈ ਤੈਨੂੰ ਡੇਰੇ ਮੱਥਾ ਟਿਕਾਉਣ ਲਿਆਈ ਹਾਂ।’ ਇਸ ਦੌਰਾਨ ਹੀ ਉਸਦੀ ਮੰਮੀ ਨੇ ਉੱਥੇ ਬੈਠੇ ਇਕ ਵਿਅਕਤੀ ਨੂੰ ਪੁੱਛਿਆ, ‘ਬਾਬਾ ਜੀ ਕਿੱਥੇ ਹਨ ?’ ਉਸ ਵਿਅਕਤੀ ਨੇ ਦੱਸਿਆ ਕਿ ਰਾਤ ਬਾਬਾ ਜੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਸੀ, ਉਨ੍ਹਾਂ ਨੂੰ ਸਾਰੀ ਰਾਤ ਉਲਟੀਆਂ ਆਉਂਦੀਆਂ ਰਹੀਆਂ। ਇਸ ਲਈ ਉਨ੍ਹਾਂ ਨੂੰ ਅੱਜ ਸਵੇਰੇ ਹੀ ਸ਼ਹਿਰ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਅਤੇ ਡਾਕਟਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਿੰਨ-ਚਾਰ ਦਿਨਾਂ ਬਾਅਦ ਛੁੱਟੀ ਮਿਲੇਗੀ।’ ਖੁਸ਼ਬੂ ਨੂੰ ਹੁਣ ਆਪਣੀ ਮੰਮੀ ਨੂੰ ਸਮਝਾਉਣ ਦਾ ਵਧੀਆ ਮੌਕਾ ਮਿਲ ਗਿਆ। ਉਸਨੇ ਕਿਹਾ, ‘ਮੰਮੀ ਜੀ, ਬਾਬਾ ਜੀ ਤਾਂ ਦੂਜਿਆਂ ਨੂੰ ਠੀਕ ਕਰਦੇ ਹਨ, ਫਿਰ ਉਹ ਆਪ ਡਾਕਟਰ ਤੋਂ ਦਵਾਈ ਕਿਉਂ ਲੈਂਦੇ ਹਨ ? ਮੈਂ ਬਾਬੇ ਵੱਲੋਂ ਦਿੱਤੀਆਂ ਪੁੜੀਆਂ ਤਾਂ ਖਾਧੀਆਂ ਹੀ ਨਹੀਂ ਸਨ। ਉਹ ਪੁੜੀਆਂ ਤਾਂ ਖਾਣ ਦੀ ਬਜਾਏ ਮੈਂ ਆਪਣੇ ਬਸਤੇ ਵਿਚ ਪਾ ਲਈਆਂ ਸਨ। ਮੈਂ ਤਾਂ ਆਪਣੇ-ਆਪ ਹੀ ਠੀਕ ਹੋ ਗਈ। ਮੰਮੀ ਜੀ ! ਸਾਡੇ ਅਧਿਆਪਕ ਠੀਕ ਹੀ ਕਹਿੰਦੇ ਸਨ ਕਿ ਸਾਰੇ ਬਾਬੇ ਠੱਗ ਹੀ ਹੁੰਦੇ ਹਨ।’ ਹੁਣ ਉਸਦੀ ਮੰਮੀ ਨੂੰ ਸਮਝ ਆ ਗਈ ਸੀ ਅਤੇ ਉਹ ਦੋਵੇਂ ਕਾਹਲੀ-ਕਾਹਲੀ ਆਪਣੇ ਘਰ ਮੁੜ ਆਈਆਂ। ਇਸ ਤਰ੍ਹਾਂ ਖੁਸ਼ਬੂ ਨੇ ਆਪਣੀ ਸਿਆਣਪ ਨਾਲ ਪਾਖੰਡੀ ਬਾਬੇ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਛੁਟਕਾਰਾ ਪਾ ਲਿਆ। ਸੰਪਰਕ : 97794-78900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All