ਸਿਆਣਪ ਦਾ ਮੁੱਲ

ਪ੍ਰੇਰਕ ਪ੍ਰਸੰਗ ਭਾਰਤ ਦੇ ਦੱਖਣੀ ਪ੍ਰਾਂਤ ਤਾਮਿਲਨਾਡੂ ਦੇ ਇਕ ਛੋਟੇ ਸ਼ਹਿਰ ਵਿਚ ਇਕ ਸੁਨਿਆਰਾ ਰਹਿੰਦਾ ਸੀ। ਉਸਦਾ ਨਾਂ ਸੀ ਸਾਰਥਿਕ ਪਿੱਲੇ। ਉਹ ਮਸ਼ਹੂਰ ਕਾਰੀਗਰ ਸੀ ਕਿਉਂਕਿ ਬੜੇ ਵਧੀਆ ਅਤੇ ਨਵੇਂ ਡਿਜ਼ਾਇਨ ਦੇ ਕੀਮਤੀ ਗਹਿਣੇ ਬਣਾਉਂਦਾ ਸੀ। ਵਿਆਹ ਸ਼ਾਦੀ ਦੇ ਦਿਨਾਂ ਵਿਚ ਉਸ ਕੋਲ ਦੂਰੋਂ ਦੂਰੋਂ ਅਮੀਰ ਲੋਕ ਆਉਂਦੇ ਸਨ ਅਤੇ ਉਹ ਮੋਟੀ ਕਮਾਈ ਕਰਦਾ ਸੀ। ਉਸਦਾ ਇਕ ਸ਼ਾਗਿਰਦ ਵੀ ਸੀ, ਨਾਂ ਸੀ ਰਘੂ। ਰਘੂ ਛੇ ਸਾਲਾਂ ਤੋਂ ਉਸਤੋਂ ਕੰਮ ਸਿੱਖਦਾ ਸੀ ਅਤੇ ਬੜਾ ਕੰਮ ਕਰਦਾ ਸੀ। ਹੁਣ ਉਹ ਜਵਾਨ ਹੋ ਗਿਆ ਸੀ ਅਤੇ ਵਧੀਆ ਕਾਰੀਗਰ ਬਣ ਕੇ ਸੁੰਦਰ ਗਹਿਣੇ ਬਣਾਉਣ ਲੱਗ ਪਿਆ ਸੀ। ਇਕ ਦਿਨ ਉਸਨੇ ਸੋਚਿਆ ਕਿ ਮੈਂ ਮਾਲਕ ਜਿੰਨਾ ਕੰਮ ਕਰਦਾ ਹਾਂ ਅਤੇ ਵਧੀਆ ਗਹਿਣੇ ਬਣਾ ਕੇ ਮਾਲਕ ਨੂੰ ਦਿੰਦਾ ਹਾਂ ਅਤੇ ਉਹ ਚੰਗੇ ਪੈਸੇ ਵੱਟਦਾ ਹੈ, ਪਰ ਮੇਰੀ ਤਨਖਾਹ ਬੜੇ ਸਮੇਂ ਤੋਂ ਉਹ ਹੀ ਹੈ। ਮੇਰੀ ਤਨਖਾਹ ਹੁਣ ਵਧਣੀ ਚਾਹੀਦੀ ਹੈ। ਉਹ ਮਾਲਕ ਨਾਲ ਇਹ ਗੱਲ ਕਰਨ ਤੋਂ ਝਿਜਕਦਾ ਰਿਹਾ। ਆਖਿਰ ਇਕ ਦਿਨ ਉਸਨੇ ਹੌਸਲਾ ਕਰ ਲਿਆ ਅਤੇ ਮਾਲਕ ਸੁਨਿਆਰੇ ਨੂੰ ਤਨਖਾਹ ਵਧਾਉਣ ਲਈ ਬੇਨਤੀ ਕਰ ਦਿੱਤੀ। ਮਾਲਕ ਨੇ ਕਿਹਾ, ‘ਠੀਕ ਹੈ, ਤੇਰੀ ਤਨਖਾਹ ਜ਼ਰੂਰ ਵਧਾ ਦੇਵਾਂਗਾ, ਪਰ ਉਸਤੋਂ ਪਹਿਲਾਂ ਤੈਨੂੰ ਇਕ ਪ੍ਰੀਖਿਆ ਦੇਣੀ ਪਵੇਗੀ, ਨਹੀਂ ਤਾਂ ਮੁੜ ਕੇ ਮੇਰੇ ਨਾਲ ਤਨਖਾਹ ਦੀ ਕੋਈ ਗੱਲ ਨਹੀਂ ਕਰਨੀ।’ ਰਘੂ ਪਹਿਲਾਂ ਤਾਂ ਡਰ ਗਿਆ, ਪਰ ਕੁਝ ਸੋਚ ਕੇ ਪ੍ਰੀਖਿਆ ਦੇਣ ਲਈ ਮੰਨ ਗਿਆ। ਅਗਲੇ ਦਿਨ ਸਵੇਰੇ ਮਾਲਕ ਨੇ ਉਸਨੂੰ ਸੋਨੇ ਦੇ ਚਮਕੀਲੇ ਮਣਕੇ ਦਿਖਾਏ ਅਤੇ ਦੱਸਿਆ, ‘ਇਹ ਨੌਂ ਮਣਕੇ ਸੋਨੇ ਦੇ ਹਨ। ਸਭ ਦਾ ਆਕਾਰ ਅਤੇ ਸ਼ਕਲ ਇਕੋ ਹੀ ਹੈ। ਇਸ ਲਈ ਉਸਦਾ ਭਾਰ ਜ਼ਰਾ ਕੁ ਵੱਧ ਹੈ ਜੋ ਕਿ ਸਿਰਫ਼ ਕੰਡਾ ਹੀ ਦੱਸ ਸਕਦਾ ਹੈ, ਤੂੰ ਉਨ੍ਹਾਂ ਵਿਚੋਂ ਭਾਰਾ ਮਣਕਾ ਅਲੱਗ ਕਰਨਾ ਹੈ, ਪਰ ਇਕ ਜ਼ਰੂਰੀ ਸ਼ਰਤ ਹੈ ਕਿ ਤੋਲਣ ਲਈ ਕੰਡਾ ਸਿਰਫ਼ ਦੋ ਵਾਰੀ ਹੀ ਵਰਤਣਾ ਹੈ, ਤੀਜੀ ਵਾਰੀ ਨਹੀਂ।’ ਰਘੂ ‘ਸਿਰਫ਼ ਦੋ ਵਾਰੀ’ ਸੁਣ ਕੇ ਬੜਾ ਘਬਰਾ ਗਿਆ ਕਿਉਂਕਿ ਇਹ ਬੜਾ ਔਖਾ ਕੰਮ ਸੀ ਅਤੇ ਸਿਰਫ਼ ਦੋ ਵਾਰੀਆਂ ਵਿਚ ਨਹੀਂ ਹੋ ਸਕਦਾ ਸੀ। ਉਸਨੇ ਅੱਖਾਂ ਮੀਚੀਆਂ ਅਤੇ ਕੁਝ ਚਿਰ ਸੋਚਿਆ ਅਤੇ ਮਨ ਹੀ ਮਨ ਵਿਚ ਤਰੀਕਾ ਲੱਭ ਲਿਆ। ਫਿਰ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਵਿਚ ਹੀ ਦੋ ਵਾਰੀ ਕੰਡਾ ਵਰਤ ਕੇ ਨੌਂ ਮਣਕਿਆਂ ਵਿਚੋਂ ਭਾਰਾ ਮਣਕਾ ਲੱਭ ਲਿਆ। ਉਸਦਾ ਮਾਲਕ ਉਸਦੀ ਸਿਆਣਪ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸਨੂੰ ਜੱਫੀ

ਜੋਧ ਸਿੰਘ ਮੋਗਾ

ਵਿਚ ਲੈ ਕੇ ਸ਼ਾਬਾਸ਼ ਦਿੱਤੀ। ਰਘੂ ਦੀ ਤਨਖਾਹ ਦੁੱਗਣੀ ਕਰ ਦਿੱਤੀ, ਚੰਗਾ ਇਨਾਮ ਵੀ ਦਿੱਤਾ ਅਤੇ ਆਪਣਾ ਹਿੱਸੇਦਾਰ ਬਣਾ ਲਿਆ। ਰਘੂ ਨੇ ਭਾਰਾ ਮਣਕਾ ਕਿਵੇਂ ਲੱਭਿਆ? ਆਪਣੀ ਸੋਚ ਅਤੇ ਸਿਆਣਪ ਨਾਲ। ਦਰਅਸਲ, ਉਸਨੇ ਨੌਂ ਮਣਕਿਆਂ ਦੀਆਂ ਤਿੰਨ ਤਿੰਨ ਢੇਰੀਆਂ ਬਣਾਈਆਂ। ਫਿਰ ਕੋਈ ਦੋ ਢੇਰੀਆਂ ਚੁੱਕ ਕੇ ਸੂਖਮ ਕੰਡੇ ਦੇ ਦੋਵੇਂ ਪਲੜਿਆਂ ਵਿਚ ਪਾਈਆਂ ਜੋ ਦੋਵੇਂ ਪੂਰੀਆਂ ਬਰਾਬਰ ਨਿਕਲੀਆਂ। ਇਸਦਾ ਅਰਥ ਸੀ ਕਿ ਭਾਰਾ ਮਣਕਾ ਬਾਕੀ ਬਚੀ ਤੀਜੀ ਢੇਰੀ ਵਿਚ ਹੈ। ਹੁਣ ਉਸਨੇ ਤੀਜੀ ਢੇਰੀ ਦੇ ਬਾਕੀ ਬਚੇ ਤਿੰਨ ਮਣਕਿਆਂ ਵਿਚੋਂ ਦੋ ਲਏ ਅਤੇ ਦੋਵੇਂ ਪਾਸੇ ਇਕ ਇਕ ਪਾ ਦਿੱਤਾ। ਕੁਦਰਤੀ ਇਹ ਵੀ ਬਰਾਬਰ ਹੀ ਸਨ। ਹੁਣ ਪਤਾ ਲੱਗ ਗਿਆ ਕਿ ਨੌਵਾਂ ਬਚਿਆ ਮਣਕਾ ਹੀ ਭਾਰਾ ਹੈ। ਫਰਜ਼ ਕਰੋ ਜੇ ਭਾਰਾ ਮਣਕਾ ਦੂਜੀ ਤੁਲਾਈ ਵਿਚ ਕਿਸੇ ਪਲੜੇ ਵਿਚ ਪੈ ਜਾਂਦਾ ਤਾਂ ਵੀ ਭਾਰੇ ਮਣਕੇ ਦਾ ਪਤਾ ਲੱਗ ਹੀ ਜਾਣਾ ਸੀ। ਸੋ ਸਿਰਫ਼ ਦੋ ਵਾਰੀਆਂ ਵਿਚ ਤੋਲ ਕੇ ਰਘੂ ਨੇ ਆਪਣੀ ਸੋਚ ਅਤੇ ਸਿਆਣਪ ਨਾਲ ਭਾਰਾ ਮਣਕਾ ਲੱਭ ਲਿਆ। ਸੰਪਰਕ: 62802-58057

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All