ਸਾਹਿਤਕ ਸ਼ਬਦਾਂ ਦੇ ਅਰਥਾਂ ਦੀ ਸਮੱਸਿਆ

ਨਾਵਲ ‘ਮੜ੍ਹੀ ਦਾ ਦੀਵਾ’ 1964 ’ਚ ਛਪਿਆ ਸੀ। ਅਨੇਕਾਂ ਵਾਰ ਉਹ ਬੀ.ਏ., ਐਮ.ਏ. ਦੇ ਪਾਠਕ੍ਰਮਾਂ ਵਿਚ ਵੀ ਸ਼ਾਮਲ ਹੋ ਚੁੱਕਿਆ ਹੈ। ਹੈਰਾਨੀ ਹੈ ਕਿ ਇਸ ਨਾਵਲ ਦੇ ਸ਼ੁਰੂ ਵਿਚ ਲਿਖੀਆਂ ਦੋ ਪੰਗਤੀਆਂ ਦੇ ਅਰਥ, ਸ਼ਾਇਦ ਬਹੁਤ ਅਧਿਆਪਕਾਂ ਨੂੰ ਵੀ ਸਮਝ ਨਹੀਂ ਆਉਂਦੇ। ਕਈ ਪੁੱਛ ਵੀ ਲੈਂਦੇ ਹਨ, ਕਈ ਇਸ ਕਰਕੇ ਝਿਜਕ ਜਾਂਦੇ    ਹਨ ਕਿ ਉਨ੍ਹਾਂ ਨੂੰ ਹੀਣਤਾ ਮਹਿਸੂਸ ਹੋਏਗੀ। ਇਹ ਪੰਗਤੀਆਂ ਹਨ: ਬੰਦਿਆ ਤੇਰੀਆਂ ਦਸ ਦੇਹੀਆਂ ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ। ਸ਼ਾਇਦ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਵੀ ਦੋਸ਼ ਨਹੀਂ, ਕਿਉਂਕਿ ਸਦੀਆਂ ਤੋਂ ਧਰਮ ਤੇ ਸੰਸਕ੍ਰਿਤੀ ਉੱਤੇ, ਵਿਸ਼ੇਸ਼ ਜਾਤੀਆਂ ਦਾ ਹੀ ‘ਕਬਜ਼ਾ’ ਰਿਹਾ ਹੈ: ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਅਜਿਹੇ ਪ੍ਰਸੰਗ ਕਿੱਥੇ ਜਾ ਜੁੜਦੇ ਹਨ। ਇਸ ਲਈ ਦੱਸਣ ਦੀ ਲੋੜ ਮਹਿਸੂਸ ਹੋਈ ਹੈ। ਭਾਰਤ ਦੇ ਮੂਲ ਧਰਮ (ਹਿੰਦੂ) ਅਨੁਸਾਰ ਚਾਰ ਜਾਤੀਆਂ ਲਈ ਜੋ ਅਧਿਆਤਮਕ ਤੇ ਨੈਤਿਕ ਨਿਯਮ ਮਿੱਥੇ ਗਏ (ਤੇ ਲਾਗੂ ਕੀਤੇ ਗਏ) ਉਨ੍ਹਾਂ ਅਨੁਸਾਰ, ਬੰਦੇ ਦੀ ਉਮਰ ਸੌ ਸਾਲ ਮਿਥ ਕੇ ਉਹਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ। ਹਰੇਕ ਭਾਗ ਨੂੰ ‘ਆਸ਼ਰਮ’ ਦਾ ਨਾਂ ਦਿੱਤਾ ਗਿਆ। ਜਿਵੇਂ: ਪੰਝੀ ਸਾਲ ਦੀ ਉਮਰ ਤਕ- ‘ਬ੍ਰਹਮਚਰਯ ਆਸ਼ਰਮ’ ਪੰਝੀ ਤੋਂ ਪੰਜਾਹ ਸਾਲ ਤਕ- ‘ਗ੍ਰਹਿਸਥ ਆਸ਼ਰਮ’ ਪੰਜਾਹ ਤੋਂ ਪੰਝੱਤਰ ਸਾਲ ਤਕ- ‘ਵਾਨਪ੍ਰਸਥ ਆਸ਼ਰਮ’ ਪੰਝੱਤਰ ਤੋਂ ਸੌ ਸਾਲ ਤਕ- ‘ਸੰਨਿਆਸ ਆਸ਼ਰਮ’ ਪਰ ਜਦੋਂ ਅਜਿਹੇ ਧਾਰਮਿਕ ਤੇ ਸਾਂਸਕ੍ਰਿਤਿਕ ਨਿਯਮ, ਕਿਸੇ ਤਰ੍ਹਾਂ ਵੀ ਆਮ ਲੋਕਾਂ ਤਕ ਪਹੁੰਚੇ (ਵਿਸ਼ੇਸ਼ ਕਰਕੇ ਪੰਜਾਬੀ ਲੋਕਾਂ ਤਕ) ਤਾਂ ਉਨ੍ਹਾਂ ਲਈ ਯਥਾਰਥਕ ਜੀਵਨ ਵਿਚ ਉਨ੍ਹਾਂ ਨੂੰ ਅਪਣਾਉਣਾ ਸੰਭਵ ਨਹੀਂ ਸੀ। ਪਰ ਇਨ੍ਹਾਂ ਨੂੰ ਨਕਾਰਨਾ ਵੀ ਮੁਸ਼ਕਲ ਸੀ।  ਇਸ ਕਾਰਨ ਉਨ੍ਹਾਂ ਨੇ ਸੌ ਸਾਲ ਦੀ ਉਮਰ ਨੂੰ ਦਸ ਭਾਗਾਂ ਵਿਚ ਵੰਡ ਲਿਆ। ‘ਆਸ਼ਰਮ’ ਸ਼ਬਦ ਨੂੰ ਸਿੱਧਾ ਕੁਦਰਤੀ ਨਿਯਮ ਅਨੁਸਾਰ ‘ਦੇਹੀ’ ਦਾ ਨਾਂ ਦੇ ਦਿੱਤਾ। ਇਸ ਵੰਡ ਦੇ ਯਥਾਰਥਕ ਅਰਥ ਸਨ ਕਿ ਦਸ ਸਾਲ ਬਾਅਦ ਮਨੁੱਖੀ ਸਰੀਰ ’ਚ ਜੋ ਤਬਦੀਲੀ ਆਉਂਦੀ ਹੈ (ਜਿਵੇਂ ਦਸ ਸਾਲ ਦਾ ਬੱਚਾ ਵੀਹ ਸਾਲ ’ਚ ਭਰ ਜਵਾਨ ਹੋ ਜਾਂਦਾ ਹੈ) ਉਹੋ ਜੀਵਨ ਦਾ ਯਥਾਰਥ ਹੈ। (ਇਸੇ ਕਾਰਨ ਲੋਕਾਂ ਨੇ ਅਜਿਹੇ ਮੁਹਾਵਰੇ ਬਣਾਏ ਕਿ ‘ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ।’) ਪਰ ਸੰਸਾਰਿਕ ਜੀਵਨ ਵਿਚ ਆਮ ਆਦਮੀ ਸਿਰਫ ਦੇਹ ਦੀ ਤਬਦੀਲੀ ਤਕ ਹੀ ਸੀਮਤ ਨਹੀਂ ਰਹਿ ਸਕਦਾ। ਉਹ ਹਰ ਦਸ ਸਾਲ ਬਾਅਦ, ਜੀਵਨ ਦੀ ਸਮਰਿਧੀ, ਸੁੱਖ ਤੇ ਸੰਤੁਸ਼ਟੀ ਵੀ ਚਾਹੁੰਦਾ ਹੈ, ਜੋ ਨਿੱਜੀ ਪਰਿਵਾਰਕ ਤੇ ਸਮਾਜਿਕ ਜੀਵਨ ਦੀ ਸੁਭਾਵਕ ਇੱਛਾ ਹੈ। ਪਰ ਯਥਾਰਥ ਇਹ ਰਿਹਾ ਹੈ ਕਿ ਕੁਝ ਵਿਰਲੇ ਲੋਕਾਂ ਨੂੰ ਛੱਡ ਕੇ, ਕਿਸੇ ਵੀ ਸਮਾਜ ਤੇ ਰਾਜ-ਪ੍ਰਬੰਧ ਵਿੱਚ, ਬਹੁਤੇ ਲੋਕ ਜਿਹੋ-ਜਿਹੇ (ਮੰਦੇ) ਹਾਲਾਤ ਵਿਚ ਜਨਮ ਲੈਂਦੇ ਹਨ, ਉਹ ਸਾਰੀ ਉਮਰ ਉਸੇ ਦਸ਼ਾ ਵਿਚ (ਕਈ ਪਹਿਲਾਂ ਤੋਂ ਵੀ ਮੰਦੀ) ਜੀਵਨ ਬਿਤਾ ਕੇ ਤੁਰ ਜਾਂਦੇ ਹਨ। ਅਜਿਹੇ ਲੋਕਾਂ ਨੇ ਕੁਦਰਤ, ਸਮਾਜ, (ਬ੍ਰਹਮ ਸਮੇਤ) ਆਪਣੀ ਨਿਰਾਸ਼ਾ ਵਿਅੰਗ ਰੂਪ ’ਚ ਪੇਸ਼ ਕੀਤੀ ਹੈ ਕਿ, ‘ਬੰਦਿਆ ਤੇਰੀ ਸਮੁੱਚੀ ਉਮਰ ਵਿਚ ਤਾਂ ਦਸ ਵਾਰ ਸਮਰਿਧੀ, ਸੁੱਖ, ਸੰਤੁਸ਼ਟੀ ਆਉਣੀ ਚਾਹੀਦੀ ਹੈ, ਪਰ ਤੂੰ ਜਿਵੇਂ ਬਚਪਨ ਬਿਤਾਇਆ, ਉਸੇ ਹਾਲਾਤ ਵਿਚ (ਜਾਂ ਉਸ ਤੋਂ ਵੀ ਮੰਦੀ ਦਸ਼ਾ ’ਚ) ਜੀਵਨ ਬਿਤਾ ਕੇ ਤੁਰ ਗਿਆ, ਇਸ ਲਈ ਤੈਨੂੰ ਤਾਂ ਇਕੋ ਹੀ ਦੇਹੀ ਮਿਲੀ, ਬਾਕੀ ਨਉਂ ਕਿਉਂ ਨਹੀਂ ਮਿਲੀਆਂ (ਭਾਵ, ਉਹ ਕਿੱਧਰ  ਚਲੀਆਂ ਗਈਆਂ)? ਇਹ ਪੰਗਤੀ, ਨਾਵਲ ਦੇ ਨਾਇਕ ਜਗਸੀਰ ਦੇ ਜੀਵਨ ਉੱਤੇ ਢੁਕਦੀ ਹੋਣ ਕਾਰਨ ਹੀ ਲਿਖੀ ਸੀ। L    L    L ਦੂਜਾ ਨਾਵਲ, ‘ਅੰਨ੍ਹੇ ਘੋੜੇ ਦਾ ਦਾਨ’ ਪਿਛਲੇ ਸਾਲ ਤੋਂ ਇਸ ਲਈ ਵੀ ਚਰਚਾ ਵਿਚ ਹੈ ਕਿ ਉਸ ਦੇ ਆਧਾਰ ’ਤੇ ਬਣੀ  ਫਿਲਮ ਇਕ ਸਾਲ ਅੰਦਰ ਸੰਸਾਰ ਦੇ ਤੇਰ੍ਹਾਂ ਦੇਸ਼ਾਂ ਦੇ ਫਿਲਮ ਮੇਲਿਆਂ ਵਿਚ ਸ਼ਾਮਲ ਹੋ ਕੇ ਤਿੰਨ ਰਾਸ਼ਟਰੀ  ਪੁਰਸਕਾਰ ਵੀ ਪ੍ਰਾਪਤ ਕਰ ਚੁੱਕੀ ਹੈ। ਪੰਜਾਬੀ ਦਰਸ਼ਕਾਂ ਨੇ ਇਸ ਨੂੰ ਵੀਹ ਸਾਲ ਪਹਿਲਾਂ, ‘ਮੜ੍ਹੀ ਦਾ ਦੀਵਾ’ ’ਤੇ ਆਧਾਰਤ ਫਿਲਮ ਵਾਂਗ ਹੀ ਨਕਾਰ ਦਿੱਤਾ ਕਿਉਂਕਿ ਪਿਛਲੀ ਅੱਧੀ ਸਦੀ ਤੋਂ ਵੀ ਵਧੇਰੇ ਸਮੇਂ ਅੰਦਰ ਆਮ ਦਰਸ਼ਕਾਂ ਦੀ ਮਾਨਸਿਕਤਾ ਸਿਰਫ ਮਨੋਰੰਜਨ ਤਕ ਹੀ ਮਹਿਦੂਦ ਰਹੀ ਹੈ। (ਜਾਂ ਪੰਜਾਬੀ ਫਿਲਮਾਂ ਨੇ ਮਹਿਦੂਦ ਕਰ ਦਿੱਤੀ ਹੈ।) ਪਰ ਇਸ ਦੇ ਨਾਂ ਬਾਰੇ ਵੀ ਬਹੁਤ ਪਾਠਕਾਂ ਨੂੰ (ਜਾਂ ਫਿਲਮ ਬਾਰੇ ਅਖਬਾਰਾਂ ਵਿਚ ਹੋਈ ਚਰਚਾ ਪੜ੍ਹ ਕੇ) ਇਸ ਦੇ ਸਿਰਲੇਖ ਦੀ ਸਮਝ ਨਹੀਂ ਆਈ। ਇਹ ਨਾਵਲ 1978 ’ਚ ਪ੍ਰਕਾਸ਼ਿਤ ਹੋਇਆ ਸੀ। 34 ਸਾਲ ਬੀਤਣ ’ਤੇ ਹਜ਼ਾਰਾਂ ਪਾਠਕਾਂ ਵੱਲੋਂ ਪੜ੍ਹੇ ਜਾਣ ਦੇ ਬਾਵਜੂਦ ਇਹਦੇ ਅਰਥਾਂ ਬਾਰੇ ਅਨੇਕ ਭੁਲੇਖੇ ਹਨ। (ਏਥੋਂ ਤਕ ਕਿ ਪੀਐਚ.ਡੀ. ਕਰਨ ਵਾਲੀ ਕਿਸੇ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ  ਇਸ ਡਿਗਰੀ ਲਈ ਸਹਾਇਤਾ ਕਰਨ ਵਾਲੇ ਯੂਨੀਵਰਸਿਟੀ ਪ੍ਰੋਫੈਸਰ ਨੇ ਦੱਸਿਆ ਹੈ ਕਿ ‘ਇਸ ਦੇ ਕਥਿਤ ਨਿਮਨ ਵਰਗ ਪਾਤਰਾਂ ਦੀ ਤਾਕਤ ਘੋੜਿਆਂ ਵਰਗੀ ਹੈ ਤੇ ਅਕਲ ਦੇ ਅੰਨ੍ਹੇ ਹਨ।’ ਇਸੇ ਕਾਰਨ ਇਸ ਦਾ Ðਨਾਂ ‘ਅੰਨ੍ਹੇ ਘੋੜੇ ਦਾ ਦਾਨ’ ਹੈ। ਉਸ ਨੇ ਇਹ ਵੀ ਕਿਹਾ ਕਿ, ‘ਮੈਂ ਸਰ ਨੂੰ ਕਿਹਾ ਜੀ ਫੇਰ ‘ਦਾਨ’ ਦੇ ਕੀ ਅਰਥ ਹੋਏ? ਤਾਂ ਉਹ ਕਹਿਣ ਲੱਗੇ, ‘ਇਹ ਤਾਂ ਲੇਖਕ ਨੇ ਆਪਣੇ ਕੋਲੋਂ ਹੀ ਜੋੜ ਲਿਆ ਹੋਣੈਂ।’ ਇਸ ਬਾਰੇ ਮੈਂ ਵੀ ਆਮ ਪਾਠਕਾਂ ਨੂੰ ਕਦੇ ਦੋਸ਼ੀ ਨਹੀਂ ਮੰਨਿਆ ਕਿਉਂਕਿ ਇਹਦਾ ਸਬੰਧ ਵੀ, ਦੂਰੋਂ ਇਕ ਪੌਰਾਣਿਕ ਕਥਾ  ਨਾਲ ਜਾ ਜੁੜਦਾ ਹੈ ਜਿਸ ਬਾਰੇ, ਆਮ ਵਿਦਿਆਰਥੀਆਂ ਨੂੰ ਪਤਾ ਨਹੀਂ। ਉਹ ਪੌਰਾਣਿਕ ਕਥਾ ‘ਸਾਗਰ ਮੰਥਨ’ ਨਾਲ ਸਬੰਧਤ ਹੈ। ਉਹ ਕਥਾ ਅਨੁਸਾਰ ਜਦੋਂ ਦੇਵਤਿਆਂ ਤੇ ਅਸੁਰਾਂ ਨੇ ਸਾਗਰ ਰਿੜਕਿਆ ਤਾਂ ਚੌਦਾਂ ‘ਰਤਨ’ ਨਿਕਲੇ (ਮੱਖਣ ਵਾਂਗ) ਉਨ੍ਹਾਂ ਰਤਨਾਂ ਵਿਚ ਇਕ ਅੰਮ੍ਰਿਤ ਦਾ ਕੁੰਭ (ਘੜਾ) ਵੀ ਸੀ। ਉਹ ਅਸੁਰਾਂ ਦੇ ਹੱਥ ਲੱਗ ਗਿਆ। ਦੇਵਤੇ ਬੁਰੀ ਤਰ੍ਹਾਂ ਭੈਭੀਤ ਹੋ ਗਏ ਕਿਉਂਕਿ ਜੇ ਉਹ ਅੰਮ੍ਰਿਤ ਅਸੁਰਾਂ ਨੇ ਪੀ ਲਿਆ ਤਾਂ ਉਹ ਅਮਰ ਹੋ ਜਾਣਗੇ ਤੇ ਦੇਵਤਿਆਂ ਦਾ ਸਰਵਨਾਸ਼ ਕਰ ਦੇਣਗੇ। ਉਹ ਪਹਿਲਾਂ ਸ਼ਿਵ ਭਗਵਾਨ ਤੇ ਫੇਰ ਬਰ੍ਹਮਾ ਜੀ ਕੋਲ ਸਹਾਇਤਾ ਲਈ ਗਏ, ਪਰ ਉਨ੍ਹਾਂ ਆਪਣੀ ਅਸਮਰੱਥਾ ਜ਼ਾਹਰ ਕੀਤੀ। ਅਖੀਰ ਉਹ ਵਿਸ਼ਨੂੰ ਭਗਵਾਨ ਕੋਲ ਗਏ ਤਾਂ ਉਨ੍ਹਾਂ ਦੇਵਤਿਆਂ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ। ਵਿਸ਼ਨੂੰ ਭਗਵਾਨ ਅਤਿ ਸੁੰਦਰ ਇਸਤਰੀ (ਮੋਹਨੀ) ਦਾ ਰੂਪ ਧਾਰ ਕੇ ਜਦੋਂ ਅਸੁਰਾਂ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਸੁੰਦਰਤਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਇਹ ਕਹਿ ਦਿੱਤਾ, ‘ਜੋ ਮੋਹਨੀ ਫੈਸਲਾ ਕਰੇਗੀ, ਸਾਨੂੰ ਪ੍ਰਵਾਨ ਹੋਏਗਾ।’ ਵਿਸ਼ਨੂੰ ਭਗਵਾਨ (ਮੋਹਨੀ) ਨੇ ਤਰਕ ਦਿੱਤਾ ਕਿ ‘ਤੁਸੀਂ ਦੋਹਾਂ ਸਮੂਹਾਂ ਨੇ ਮਿਲ ਕੇ ਸਾਗਰ ਮੰਥਨ ਕੀਤਾ ਹੈ। ਇਸ ਲਈ ਦੋਹਾਂ ਦਾ ਅਧਿਕਾਰ ਬਰਾਬਰ ਹੈ। ਤੁਸੀਂ ਦੋਏ ਸਮੂਹ ਦੋ ਪੰਗਤਾਂ ਬਣਾ ਕੇ ਬੈਠੋ। ਮੈਂ ਦੋਹਾਂ ਨੂੰ ਅੰਮ੍ਰਿਤ ਪਾਨ ਕਰਵਾਂਗਾ (ਕਰਾਵਾਂਗੀ)।’ ਜਦੋਂ ਦੋ ਪੰਗਤਾਂ ਬਣ ਗਈਆਂ ਤਾਂ ਵਿਸ਼ਨੂੰ ਭਗਵਾਨ (ਮੋਹਨੀ) ਨੇ ਪਹਿਲਾਂ ਦੇਵਤਿਆਂ ਨੂੰ ਅੰਮ੍ਰਿਤ ਪਾਨ ਕਰਵਾਉਣਾ ਆਰੰਭ ਦਿੱਤਾ। ਜਦੋਂ ਉਹ ਚੰਦਰਮਾ ਤੇ ਸੂਰਜ ਤਕ ਪਹੁੰਚੇ ਤਾਂ ਉਨ੍ਹਾਂ ਵਿਚਕਾਰ ਇਕ ਰਾਹੂ ਨਾਂ ਦਾ ਅਸੁਰ ਆ ਬੈਠਾ। ਪਰ ਉਨ੍ਹਾਂ ਨੂੰ ਉਸ ਦਾ ਪਿੱਛਾ (ਜੋ ਮੱਛ ਦਾ ਸੀ) ਦੇਖ ਕੇ ਉਦੋਂ ਪਤਾ ਲੱਗਿਆ ਜਦੋਂ ਉਹਨੇ ਅੰਮ੍ਰਿਤ ਪੀ ਲਿਆ ਸੀ। ਵਿਸ਼ਨੂੰ ਭਗਵਾਨ ਨੇ ਮਰਯਾਦਾ ਭੰਗ ਕਰਨ ਦੇ ਦੋਸ਼ ਵਿਚ ਉਸ ਅਸੁਰ ਦਾ ਖੰਡੇ ਨਾਲ ਸਿਰ ਕੱਟ ਦਿੱਤਾ। ਅੰਮ੍ਰਿਤ ਪਾਨ ਕਰਕੇ ਉਹ ਮਰ ਨਹੀਂ ਸੀ ਸਕਦਾ ਜਿਸ ਕਾਰਨ ਵਿਸ਼ਨੂੰ ਭਗਵਾਨ ਨੇ ਉਹਦੇ ਦੋ ਭਾਗ ‘ਰਾਹੂ’ ਤੇ ‘ਕੇਤੂ’ ਦੇ ਨਾਂ ਨਾਲ ਅਕਾਸ਼ ਵਿਚ ਸਥਿਤ ਕਰ ਦਿੱਤੇ ਤੇ ਆਪ ਆਪਣਾ ਮੂਲ ਰੂਪ ਧਾਰਨ ਕਰਕੇ ਬੈਕੁੰਠ ਨੂੰ ਚਲੇ ਗਏ। ਇਹ ਕਥਾ ‘ਮੜ੍ਹੀ ਦਾ ਦੀਵਾ’ ਵਿਚ ਲਿਖੀ ਪੰਗਤੀ ਵਾਂਗ ਹੀ ਜਦੋਂ ਪੰਜਾਬ ਦੇ ਪਿੰਡਾਂ ਵਿਚ ਆਮ ਲੋਕਾਂ ਤਕ ਪਹੁੰਚੀ ਤਾਂ ਇਸ ਦਾ ਰੂਪ ਬਦਲ ਗਿਆ। ਇਹ ਤੱਥ ਦ੍ਰਿੜ ਹੋ ਗਿਆ ਕਿ ਰਾਹੂ ਤੇ ਕੇਤੂ ਨੇ ਚੰਦਰਮਾ ਤੇ ਸੂਰਜ ਤੋਂ ਕਰਜ਼ ਲੈਣਾ ਹੈ। (ਕਾਰਨ ਇਹ ਵੀ ਸੀ ਕਿ ਕਿਸਾਨ ਲਈ ਕਰਜ਼ ਸਭ ਤੋਂ ਵੱਡੀ ਜ਼ਹਿਮਤ ਰਿਹਾ ਹੈ, ਇਸ ਲਈ ਵੈਰ-ਵਿਰੋਧ ਨੂੰ ਵੀ ਕਰਜ਼ ਦਾ ਰੂਪ ਦੇ ਲਿਆ।) ਇਹ ਕਥਾ ਇੰਜ ਪ੍ਰਚੱਲਤ ਹੋ ਗਈ ਕਿ ਰਾਹੂ ਤੇ ਕੇਤੂ ਜਦੋਂ ਚੰਦਰਮਾ ਤੇ ਸੂਰਜ ਤੋਂ ਆਪਣਾ ਕਰਜ਼ਾ ਲੈਣ  ਆਉਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਹਿਣ ਲੱਗਦਾ ਹੈ। ਇਨ੍ਹਾਂ ਅਸੁਰਾਂ ਦੇ ਰੱਥਾਂ ਦੇ ਘੋੜੇ ਕਾਲੇ ਰੰਗ ਦੇ ਤੇ ਅੰਨ੍ਹੇ ਹਨ। ਇਸ ਲਈ ਦੇਵਤਿਆਂ ਦੇ ਵਾਰਸ (ਕਥਿਤ ਉਤਮ ਜਾਤੀਆਂ) ਆਪਣੇ ਪੁਰਖਿਆਂ ਦਾ ਕਰਜ਼ ਲਾਹੁਣ ਲਈ, ਅਸੁਰਾਂ (ਰਾਹੂ, ਕੇਤੂ) ਦੇ ਵਾਰਸਾਂ ਨੂੰ ਜੇ ਕੁਝ ਦਾਨ ਦੇਣ (ਕਰਜ਼ ਮੋੜਨ) ਤਾਂ ਅਸੁਰਾਂ ਦੇ ਅੰਨ੍ਹੇ ਘੋੜੇ ਉਨ੍ਹਾਂ ਦੇ ਰੱਥਾਂ ਨੂੰ ਦੂਰ ਲੈ ਜਾਣਗੇ ਤੇ ਚੰਦਰਮਾ ਤੇ ਸੂਰਜ ਗ੍ਰਹਿਣ ਤੋਂ ਮੁਕਤ ਹੋ ਜਾਣਗੇ। ਇਸ ਕਥਾ ਦਾ ਕਦੋਂ, ਕਿਵੇਂ ਕੀ ਤੋਂ ਕੀ ਰੂਪ ਬਣਿਆ, ਇਸ ਦੇ ਅਨੇਕ ਕਾਰਨ ਹੋ ਸਕਦੇ ਹਨ, ਪਰ ਇਹ ਪ੍ਰਥਾ, ਅੱਜ ਤਕ ਵੀ ਅਨੇਕ ਪਿੰਡਾਂ ਵਿਚ ਕਾਇਮ ਹੈ। ਚੰਦਰਮਾ ਤੇ ਸੂਰਜ ਦੇ ਗ੍ਰਹਿਣ ਸਮੇਂ, ਪਿੰਡ ਦੇ ਦਲਿਤ ਲੋਕ ਬੋਰੀਆਂ, ਬੱਠਲ, ਪਲੜ੍ਹ, ਖੇਸ ਆਦਿ ਲੈ ਕੇ ਪਿੰਡ ਦੀਆਂ ਗਲੀਆਂ ਵਿਚ ਹੋਕਰੇ ਮਾਰਦੇ ਹਨ, ‘ਅੰਨ੍ਹੇ ਘੋੜੇ ਦਾ ਦਾਨ ਦਿਓ ਬਈ ਅੰਨ੍ਹੇ ਘੋੜੇ ਦਾ ਦਾਨ!’ ਉਤਮ ਜਾਤੀ ਦੇ ਕਿਸਾਨ, ਮਹਾਜਨ (ਕੋਈ ਵੀ ਹੋਣ) ਉਨ੍ਹਾਂ ਨੂੰ ਅਨਾਜ ਦਿੰਦੇ ਹਨ। (ਪੈਸੇ ਲੋਕਾਂ ਕੋਲ ਹੁੰਦੇ ਨਹੀਂ ਸਨ, ਉਂਜ ਵੀ ਦਾਨ ਅਨਾਜ ਦਾ ਹੀ ਉਤਮ ਮੰਨਿਆ ਜਾਂਦਾ ਹੈ।)। ਇਹ ਪ੍ਰਥਾ ਹੌਲੀ-ਹੌਲੀ ਸ਼ਹਿਰਾਂ ਵਿੱਚੋਂ ਤਾਂ ਖਤਮ ਹੋ ਗਈ ਪਰ ਅਨੇਕਾਂ ਪਿੰਡਾਂ ਵਿਚ ਅੱਜ ਵੀ ਜਾਰੀ ਹੈ। ਇਸ ਕਥਾ ਨੂੰ ਨਾਵਲ ਵਿਚ ਉਲਟਾਇਆ ਗਿਆ ਹੈ। ਕੁਝ ਚੇਤਨਾ ਆ ਜਾਣ ਕਾਰਨ, ਹੁਣ ਕਥਿਤ ਪਛੜੀਆਂ ਜਾਤੀਆਂ ਦੇ ਲੋਕ ਅਜਿਹਾ ਕੋਈ ‘ਦਾਨ’ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਉਹ ਆਪਣੇ ਨਾਲ ਹੁੰਦੀਆਂ ਬੇਇਨਸਾਫੀਆਂ ਤੇ ਧੱਕੇ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਇਸ ਲਈ ‘ਦਾਨ’ ਨਹੀਂ ਉਹ ਆਪਣਾ ‘ਹੱਕ’ ਚਾਹੁੰਦੇ ਹਨ। ਅਜਿਹੇ ਹੱਕ ਲਈ (ਜੋ ਉਨ੍ਹਾਂ ਨੂੰ ਹੁਣ ਨਾ ਪਿੰਡਾਂ ਵਿਚ ਮਿਲਦਾ ਹੈ ਨਾ ਸ਼ਹਿਰਾਂ ਵਿਚ) ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਵਿਚ ਅਜੇ ਵੀ ਗਿੱਡੂ ਵਰਗੇ, ਪੁਰਾਤਨ ਮਾਨਸਿਕਤਾ ਦਾ ਸ਼ਿਕਾਰ ਲੋਕ ਮੌਜੂਦ ਹਨ ਜੋ ਪੰਚ ਦੇ ਰੋਕਣ ਦੇ ਬਾਵਜੂਦ ਇਹ ‘ਦਾਨ’ ਮੰਗਣ ਜਾਂਦੇ ਹਨ। ਅੰਤ ਵਿਚ ਖੇਤਾਂ ਵਿਚ ਗੋਲੀਆਂ ਚੱਲਣ ਦੀ ਜੋ ਆਵਾਜ਼ ਆਉਂਦੀ ਹੈ ਉਹ ਇਨ੍ਹਾਂ ਲੋਕਾਂ ਦੇ ਸੰਘਰਸ਼ ਦਾ ਪ੍ਰਤੀਕ ਹੈ- ਕੌਣ ਕਿਸ ’ਤੇ ਗੋਲੀਆਂ ਦਾਗ ਰਿਹਾ ਹੈ, ਕੌਣ ਮਰਿਆ ਹੈ- ਇਹ ਕੋਈ ਪਤਾ ਨਹੀਂ। ਪਰ ਸੰਘਰਸ਼ ਜਾਰੀ ਹੈ। (ਫੀਨਾ ਫੌਜੀ, ਉਨ੍ਹਾਂ ਖੇਤਾਂ ਵੱਲ ਹੀ ਗਿਆ ਹੋਇਆ ਹੈ)। ਕੁਝ ਸੱਜਣਾਂ ਦਾ ਵਿਚਾਰ ਹੈ ਕਿ ਨਾਵਲ ਵਿਚ ਇਸ ਸੰਘਰਸ਼ ਦੀ ਸਫਲਤਾ ਦਿਖਾਈ ਜਾਣੀ ਚਾਹੀਦੀ ਸੀ। ਪਰ ਪਹਿਲਾਂ ਵੀ ਸ਼ਾਇਦ ਦੱਸਿਆ ਹੈ ਕਿ ਸਾਰੀ ਉਮਰ ਖੱਬੇਪੱਖੀ ਵਿਚਾਰਾਂ ਦੇ ਧਾਰਨੀ ਰਹੇ ਹਿੰਦੀ ਦੇ ਮਹਰੂਮ ਵਿਦਵਾਨ ਡਾ. ਸ਼ਿਵਦਾਨ ਸਿੰਘ ਚੌਹਾਨ ਨੇ ਆਖਰੀ ਉਮਰ (ਸੱਤਰ ਸਾਲ ਤੋਂ ਵਧੇਰੇ) ਵਿਚ ਜਦੋਂ ਕਿਹਾ, ‘ਭਾਰਤ ਮੇਂ ਇਨਕਲਾਬ ਨਹੀਂ ਆ ਸਕਤਾ’, ਤਾਂ ਮੈਂ ਹੈਰਾਨ ਸਾਂ। ਪਰ ਕਾਰਨ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ, ‘ਕਭੀ ਪਸ਼ੂਓਂ ਨੇ ਰੀਵੋਲਟ ਕੀਯਾ ਹੈ?’ ਤਾਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਪਰ ਉਨ੍ਹਾਂ ਵਰਗੇ ਮਹਾਨ ਵਿਦਵਾਨ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ ਹੋ ਸਕਿਆ। ਅਜਿਹੇ ਕੁਝ ਸੱਚ (ਵਿਚਾਰਾਂ ਤੇ ਭਾਵਨਾਵਾਂ) ਕਾਰਨ ਹੀ ਜੀਵਨ ਦੇ ਕਠੋਰ ਯਥਾਰਥ ਤੋਂ ਕੁਝ ਥੋੜ੍ਹਾ-ਬਹੁਤਾ ਅੱਗੇ ਜਾਇਆ ਜਾ ਸਕਦਾ ਹੈ। ‘ਹਵਾਈ ਕਿਲੇ’ ਉਸਾਰਨ ਨਾਲ ਕੋਈ ਸਾਹਿਤਕ ਰਚਨਾ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਨਹੀਂ ਹੋ ਜਾਂਦੀ। (ਭਾਰਤੀ ਸਮਾਜ ਦੀ ਸਭ ਤੋਂ ਵੱਡੀ ਬਦਨਸੀਬੀ ਇਹੋ ਹੈ, ਕਿ ਸਦੀਆਂ ਤੋਂ ਅੱਜ ਤਕ (ਡਾ. ਮਨਮੋਹਨ ਸਿੰਘ ਸਰਕਾਰ ਤਕ) ‘ਹਵਾਈ ਕਿਲੇ ਉਸਾਰਨ ਦਾ ਹੀ ਦੰਡ ਭੁਗਤਦਾ ਆਇਆ ਹੈ।) * ਮੋਬਾਈਲ: 97799-03485

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All