ਸਾਹਿਤਕਾਰ ਬਾਰੇ ਵਿਲੱਖਣ ਜਾਣਕਾਰੀ

ਬ੍ਰਹਮਜਗਦੀਸ਼ ਸਿੰਘ ਇਕ ਪੁਸਤਕ- ਇਕ ਨਜ਼ਰ

ਡਾਕਟਰ ਬਲਦੇਵ ਸਿੰਘ ਬੱਦਨ ਨੇ ਆਪਣੀ ਖੋਜ ਭਰਪੂਰ, ਵੱਡ-ਆਕਾਰੀ ਪੁਸਤਕ ‘ਪੰਜਾਬੀ ਦਾ ਅਜ਼ੀਮ ਸਾਹਿਤਕਾਰ ਸੁਲੱਖਣ ਸਰਹੱਦੀ’ (ਕੀਮਤ: 450 ਰੁਪਏ; ਲਕਸ਼ਯ ਪਬਲੀਕੇਸ਼ਨਜ਼, ਦਿੱਲੀ) ਵਿਚ ਗ਼ਜ਼ਲਗੋ ਅਤੇ ਵਾਰਤਕਕਾਰ ਸੁਲੱਖਣ ਸਰਹੱਦੀ ਬਾਰੇ ਬਹੁਮੁੱਲੀ ਅਤੇ ਬਹੁਪੱਖੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਪੁਸਤਕ ਵਿਚ ਸਰਹੱਦੀ ਦੇ ਜੀਵਨ, ਗ਼ਜ਼ਲ ਤਕਨੀਕ, ਸਫ਼ਰਨਾਮਾ ਲੇਖਣ, ਲੋਕਧਾਰਾ ਵਿਸ਼ਲੇਸ਼ਣ ਅਤੇ ਇਤਿਹਾਸਕਾਰੀ ਆਦਿ ਪਹਿਲੂਆਂ ਬਾਰੇ ਗੰਭੀਰ ਸੰਵਾਦ ਛੇੜਿਆ ਗਿਆ ਹੈ। ਪੰਜਾਬੀ ਵਿਚ ਇਹ ਆਪਣੀ ਕਿਸਮ ਦਾ ਪਹਿਲਾ ਬਹੁਮੁਖੀ ਮੋਨੋਗ੍ਰਾਫ਼ ਹੈ। ਇਸ ਵਿਚ ਸਰਹੱਦੀ ਦੇ ਸਿਰਜਣਾਤਮਕ ਜੀਵਨ ਦਾ ਕੋਈ ਵੀ ਪੱਖ ਅਛੂਤਾ ਨਹੀਂ ਰਿਹਾ। ਡਾ. ਬੱਦਨ ਅਨੁਸਾਰ ‘‘ਸਰਹੱਦੀ ਅਤਿ ਗ਼ਰੀਬ ਘਰ ਵਿਚ ਪੈਦਾ ਹੋਇਆ ਇਕ ਕਿਸਾਨ ਪੁੱਤਰ ਹੈ। ਪੰਜਵੀਂ ਜਮਾਤ ਤਕ ਉਹ ਨੰਗੇ ਪੈਰੀਂ ਆਪਣੇ ਪਿੰਡੋਂ 10 ਕਿਲੋਮੀਟਰ ਦੂਰ ਸਕੂਲ ਵਿਚ ਪੜ੍ਹਨ ਲਈ ਜਾਂਦਾ ਰਿਹਾ, ਪਰ ਨੌਵੀਂ ਵਿਚ ਪੌਣੇ ਤਿੰਨ ਰੁਪਏ ਚੰਦਾ ਨਾ ਦੇ ਸਕਣ ਕਾਰਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ। ਫਿਰ ਵੀ ਉਹ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਲਗਪਗ ਦਸ ਵਰ੍ਹੇ ਸਰਹੱਦਾਂ ਉਪਰ ਰਹਿ ਕੇ ਦੇਸ਼ ਦੀ ਰਾਖੀ ਕੀਤੀ। ਫ਼ੌਜ ਵਿਚ ਹੀ ਪੜ੍ਹਿਆ ਅਤੇ ਪੰਜਾਬੀ ਮਾਸਟਰ ਲੱਗ ਗਿਆ।’’ ਉਹ 31 ਵਰ੍ਹੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਪੜ੍ਹਾਉਂਦਾ ਰਿਹਾ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਈ ਅਹੁਦਿਆਂ ਉਪਰ ਕੰਮ ਕਰਦਾ ਰਿਹਾ। ਪੰਜਾਬੀ ਗ਼ਜ਼ਲ ਦੇ ਰੂਪ ਅਤੇ ਅਰੂਜ਼ ਬਾਰੇ ਉਸ ਨੇ ਕਈ ਪੁਸਤਕਾਂ ਦੀ ਰਚਨਾ ਕੀਤੀ। ਉਸ ਨੇ ਇਕ ਹੀ ਸੰਗ੍ਰਹਿ ਵਿਚ 5100 ਦੋਹਿਆਂ ਦੀ ਰਚਨਾ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਉਸ ਨੇ ਪੰਜਾਬੀ ਗ਼ਜ਼ਲ ਦਾ ਸੁਹਜ-ਸ਼ਾਸਤਰ ਵੀ ਰਚਿਆ ਅਤੇ ਪੰਜਾਬੀ ਵਿਰਸੇ ਬਾਰੇ ਦੋ ਪੁਸਤਕਾਂ ‘ਪਿੰਡਾਂ ਦਾ ਬਦਲ ਰਿਹਾ ਸਭਿਆਚਾਰਕ ਮੁਹਾਂਦਰਾ’ (2009) ਅਤੇ ‘ਵਿਸਰ ਰਿਹਾ ਪੰਜਾਬੀ ਵਿਰਸਾ’(2012) ਦੀ ਰਚਨਾ ਕਰਕੇ ਆਪਣੇ ਇਕ ਸੁਯੋਗ ਸੱਭਿਆਚਾਰ-ਵਿਗਿਆਨੀ ਹੋਣ ਦਾ ਸਬੂਤ ਪੇਸ਼ ਕੀਤਾ। ਨਿਰਸੰਦੇਹ ਉਹ ਬਹੁਪੱਖੀ ਪ੍ਰਤਿਭਾ ਹੈ। ਅਰੂਜ਼ ਦੀ ਨਿਪੁੰਨਤਾ ਦੇ ਨਾਲ ਨਾਲ ਉਸ ਦੀਆਂ ਗ਼ਜ਼ਲਾਂ ਵਿਚ ਤੁਗ਼ਜ਼ਲ ਅਤੇ ਹੋਰ ਫਨੀ ਖ਼ੂਬੀਆਂ ਦੇਖੀਆਂ ਜਾ ਸਕਦੀਆਂ ਹਨ। ਉਹ ਪੰਜਾਬੀ ਦਾ ਸਿਰਮੌਰ ਸ਼ਾਇਰ ਬਣ ਕੇ ਉੱਭਰਿਆ ਹੈ। ਉਸ ਦੇ ਕੁਝ ਅਸ਼ਆਰ ਦੇਖੋ: ਨੋਟ ਜੜੰਦੇ ਅਹਿਲਕਾਰ ਅਕਲਾਂ ਗਈਆਂ ਕਿਰ। ਪੱਗੜ ਖਾਲੀ ਟੋਕਰੇ ਹੇਠਾਂ ਹੈ ਨਾ ਸਿਰ। * * * ਬੋਲੀ ਦੇ ਕੇ ਜੰਮਦੇ ਅਫ਼ਸਰ ਠਾਣੇਦਾਰ। ਚੋਰਾਂ ਨਾਲ ਭਿਆਲੀਆਂ ਵਾਹ ਮੇਰੀ ਸਰਕਾਰ! * * * ਮੇਰੇ ਸ਼ਿਅਰਾਂ ’ਚ ਤੀਜੀ ਅੱਖ ਦਾ ਹੈ ਬੋਲਦਾ ਜਾਦੂ ਸਾਧਾਰਨ ਅੱਖ ਨੂੰ ਮੇਰੀਆਂ ਦੋ ਲੱਗਦੀਆਂ ਅੱਖਾਂ। ਪੰਜਾਬੀ ਗ਼ਜ਼ਲ ਦੀ ਤਕਨੀਕ ਉਪਰ ਸਰਹੱਦੀ ਨੇ ਸੱਤ ਪੁਸਤਕਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚ ਗ਼ਜ਼ਲ ਦੇ ਬਾਹਰੀ ਢਾਂਚੇ, ਕਾਫ਼ੀਏ ਦੀ ਬਣਤਰ, ਤਲੱਫੁਜ਼, ਪਿੰਗਲ ਤੇ ਅਰੂਜ਼ ਵਿਚ ਅੰਤਰ, ਬਹਿਰਾਂ ਦੀ ਨਿਸ਼ਾਨਦੇਹੀ, ਗ਼ਜ਼ਲ ਦੇ ਸ਼ਿਅਰਾਂ ਵਿਚ ਐਬ, ਖ਼ਿਆਲਾਂ ਦਾ ਟਕਰਾ ਜਾਣਾ ਆਦਿ ਪੱਖਾਂ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਗਈ ਹੈ। ਸਰਹੱਦੀ ਨੇ ਅਰੂਜ਼ ਦੀ ਮੁੱਢਲੀ ਜਾਣਕਾਰੀ ਉਸਤਾਦ ਸ਼ਾਇਰ ਦੀਪਕ ਜੈਤੋਈ ਤੋਂ ਲਈ ਅਤੇ ਬਾਅਦ ਵਿਚ ਇਸ ਜਾਣਕਾਰੀ ਨੂੰ ਖ਼ੂਬ ਵਿਸਤਾਰਿਆ ਨਿਖਾਰਿਆ। ‘ਸਰਲ ਪਿੰਗਲ ਤੇ ਅਰੂਜ਼’ (2010) ਸਰਹੱਦੀ ਦੀ ਇਕ ਬਹੁਤ ਪ੍ਰਸਿੱਧ ਪੁਸਤਕ ਹੈ। ਇਹ ਪੁਸਤਕ ਹਜ਼ਾਰਾਂ ਉਨ੍ਹਾਂ ਨਵੇਂ ਸ਼ਾਇਰਾਂ ਦੀ ਅਗਵਾਈ ਕਰਦੀ ਹੈ ਜੋ ਪਿੰਗਲ ਅਤੇ ਅਰੂਜ਼ ਨੂੰ ਕਠਿਨ ਅਨੁਸ਼ਾਸਨ ਸਮਝਦੇ ਹਨ। ਬੱਦਨ ਦੀ ਇਸ ਪੁਸਤਕ ਵਿਚ ਸੁਲੱਖਣ ਸਰਹੱਦੀ ਦੀ ਦੇਣ ਦਾ ਵਿਸਤਾਰਪੂਰਵਕ ਵਿਸ਼ਲੇਸ਼ਣ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਗ਼ਜ਼ਲ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਕ ਸ੍ਰੋਤ ਪੁਸਤਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All