ਸਾਰਥਿਕ ਪਹਿਲਕਦਮੀ ਹਨ ਵਿਗਿਆਨ ਤੇ ਗਣਿਤ ਮੇਲੇ

ਗੁਰਪ੍ਰੀਤ ਕੌਰ ਚਹਿਲ

12812637cd _maxresdefaultਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਸ਼ੂਰੁ ਕੀਤੇ ‘ਪੜ੍ਹੋ ਪੰਜਾਬ- ਪੜ੍ਹਾਓ ਪੰਜਾਬ’ ਪ੍ਰਾਜੈਕਟ ਅਧੀਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਸਨ। ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਲਾਏ ਗਏ ਗਣਿਤ ਤੇ ਵਿਗਿਆਨ ਮੇਲੇ ਇਨ੍ਹਾਂ ਪ੍ਰਯੋਗੀ ਗਤੀਵਿਧੀਆਂ ਦਾ ਹੀ ਅੰਗ ਹਨ। ਇਸ ਤਹਿਤ ਵਿਦਿਆਰਥੀ ਸਬੰਧਿਤ ਵਿਸ਼ੇ ਦੇ ਚਾਰਟ, ਮਾਡਲ ਅਧਿਆਪਕ ਦੀ ਅਗਵਾਈ ਵਿੱਚ ਆਪਣੇ ਹੱਥੀਂ ਤਿਆਰ ਕਰਦੇ ਹਨ। ਗਣਿਤ ਵਿਸ਼ੇ ਵਿੱਚ ਤਿਕੋਣ, ਆਇਤ, ਚਤੁਰਭੁਜ ਆਦਿ ਗਣਿਤਕ ਮਾਡਲ ਤਿਆਰ ਕੀਤੇ ਜਾਂਦੇ ਹਨ। ਵਿਗਿਆਨ ਵਿਸ਼ੇ ਦੀਆਂ ਕਿਰਿਆਵਾਂ ਨੂੰ ਵੀ ਵਿਦਿਆਰਥੀ ਪ੍ਰਯੋਗਾਤਮਕ ਵਿਧੀ ਨਾਲ ਕਰਦੇ ਹਨ। ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਚਾਰ ਜਾਂ ਪੰਜ ਵਿਦਿਆਰਥੀਆਂ ਦਾ ਇੱਕ ਗਰੁੱਪ ਬਣਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਇੱਕ ਪ੍ਰਯੋਗੀ ਕਿਰਿਆ ਸੌਂਪ ਦਿੱਤੀ ਜਾਂਦੀ ਹੈ। ਉਸ ਕਿਰਿਆ ਨਾਲ ਸਬੰਧਤ ਸਮਾਨ ਇਕੱਠਾ ਕਰਨ ਤੋਂ ਲੈ ਕੇ ਡੈਮੋ ਦੇਣ ਤੱਕ ਦਾ ਸਾਰਾ ਕੰਮ ਵਿਦਿਆਰਥੀ ਰਲ-ਮਿਲ ਕੇ ਕਰਦੇ ਹਨ। ਵਿਦਿਆਰਥੀਆਂ ਅੰਦਰ ਟੀਮ-ਭਾਵਨਾ ਨਾਲ ਕੰਮ ਕਰਨ ਦੀ ਰੁਚੀ ਵਿਕਸਿਤ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਸਰਕਾਰ ਦੀ ਸਾਰਥਕ ਪਹਿਲਕਦਮੀ ਕਿਹਾ ਜਾ ਸਕਦਾ ਹੈ ਕਿਉਂਕਿ ਪ੍ਰਯੋਗੀ ਕਿਰਿਆਵਾਂ ਨਾਲ ਵਿਦਿਆਰਥੀ ਵਧੇਰੇ ਦਿਲਚਸਪੀ ਨਾਲ ਸਿੱਖਦੇ ਹਨ। ਪ੍ਰਯੋਗੀ ਵਿਧੀਆਂ ਨਾਲ ਪੜ੍ਹਾਇਆ ਪਾਠ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਬਾਲ ਮਨੋਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਖੇਡ ਅਤੇ ਕਿਰਿਆ ਵਿਧੀਆਂ ਰਾਹੀਂ ਸਿੱਖਣਾ ਵਿਦਿਆਰਥੀ ਵਧੇਰੇ ਪਸੰਦ ਕਰਦੇ    ਹਨ। ਸਰਕਾਰ ਦੇ ਇਸ ਪ੍ਰਾਜੈਕਟ     ਨਾਲ  ਕਾਫ਼ੀ ਲੰਬੇ ਸਮੇਂ ਤੋਂ ਲੀਹੋਂ ਲੱਥੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਆਸ ਜਾਗੀ ਹੈ। ਹੁਣ ਤੱਕ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਗਵਾਹ ਹਨ ਕਿ ਵਿਗਿਆਨ ਅਤੇ ਗਣਿਤ ਵਿਸ਼ਿਆਂ ਵਿੱਚੋਂ ਵਿਦਿਆਰਥੀਆਂ ਦੇ ਅਸਫਲ ਹੋਣ ਦੀ ਦਰ ਦੂਜੇ ਵਿਸ਼ਿਆਂ ਦੀ ਨਿਸਬਤ ਵਧੇਰੇ ਰਹੀ ਹੈ। ਇਸ ਦਾ ਪ੍ਰਮੁੱਖ ਕਾਰਨ ਹੈ ਕਿ ਇਨ੍ਹਾਂ ਦੋਵਾਂ ਵਿਸ਼ਿਆਂ ਨੂੰ ਗੁੰਝਲਦਾਰ ਤੇ ਨੀਰਸ ਸਮਝਿਆ ਜਾਂਦਾ ਹੈ। ਵਿਗਿਆਨ ਦੇ ਰਸਾਇਣਕ ਸੂਤਰ ਅਤੇ ਗਣਿਤ ਦੇ ਅਲਜਬਰਈ ਫਾਰਮੂਲੇ ਵਿਦਿਆਰਥੀਆਂ ਨੂੰ ਟੇਢੀ ਖੀਰ ਜਾਪਦੇ ਹਨ, ਜਿਸ ਕਰਕੇ ਉਹ ਇਨ੍ਹਾਂ ਵਿਸ਼ਿਆਂ ਨੂੰ ਹਊਆ ਸਮਝਣ ਲੱਗ ਪੈਂਦੇ ਹਨ। ਪਰ ਹੁਣ ਕਿਰਿਆਤਮਕ ਵਿਧੀਆਂ ਦੁਆਰਾ ਵਿਦਿਆਰਥੀ ਇਨ੍ਹਾਂ ਵਿਸ਼ਿਆਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਹਨ। ਸਿੱਖਿਆ ਵਿਭਾਗ ਅਤੇ ਅਧਿਆਪਕ ਵਰਗ ਇਸ ਦੇ ਸਾਰਥਕ ਨਤੀਜਿਆਂ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹੈ। ਸਮਾਜ ਦੇ ਕੁਝ ਵਰਗਾਂ ਵੱਲੋਂ ਇਨ੍ਹਾਂ ਮੇਲਿਆ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਤਿਆਰੀ ਵਿੱਚ ਚਾਰ-ਪੰਜ ਦਿਨਾਂ ਲਈ ਦੂਜੇ ਵਿਸ਼ਿਆਂ ਦਾ ਕਿਤਾਬੀ ਪਾਠਕ੍ਰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਂਦਾ ਹੈ ਅਤੇ ਸਕੂਲਾਂ ਵਿੱਚ ਅਨੁਸ਼ਾਸਨ ਵਿਵਸਥਾ ਚਰਮਰਾ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਹਰੇਕ ਨਵੇਂ ਕੰਮ ਪ੍ਰਤੀ ਲੋਕਾਂ ਦੀ ਰਲੀ-ਮਿਲੀ ਪ੍ਰਤੀਕਿਰਿਆ ਆਉਂਦੀ ਹੀ ਹੈ। ਜਿੱਥੋਂ ਤੱਕ ਦੂਜੇ ਵਿਸ਼ਿਆਂ ਦੇ ਪਾਠਕ੍ਰਮ ਦਾ ਸਬੰਧ ਹੈ, ਸਮਰਪਿਤ ਅਤੇ ਸੂਝਵਾਨ ਅਧਿਆਪਕ ਆਪਣੇ ਵਿਸ਼ੇ ਪਾਠਕ੍ਰਮ ਦੇ ਨੁਕਸਾਨ ਦੀ ਭਰਪਾਈ ਆਪਣੇ ਪੱਧਰ ’ਤੇ ਕਰ ਹੀ ਲੈਂਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਮਾਨਸਿਕ ਪੱਧਰ ਨਿੱਜੀ ਸਕੂਲਾਂ ਦੇ ਬੱਚਿਆਂ ਦੇ ਹਾਣ ਦਾ ਹੋਵੇ ਤਾਂ ਸਾਨੂੰ ਅਜਿਹੇ ਪ੍ਰਾਜੈਕਟਾਂ ’ਤੇ ਕੰਮ ਕਰਨਾ ਹੀ ਪਵੇਗਾ। ਨਿੱਜੀ ਸਕੂਲਾਂ ਵਿੱਚ ਸਿਧਾਂਤਕ ਪਾਠਕ੍ਰਮ ਦੇ ਨਾਲ-ਨਾਲ ਪ੍ਰਯੋਗਾਤਮਕ ਗਤੀਵਿਧੀਆਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਸਮੇਂ-ਸਮੇਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਰਕਸ਼ਾਪਾਂ, ਸੈਮੀਨਾਰ, ਸਾਇੰਸ-ਗਣਿਤ ਮੇਲੇ ਆਦਿ ਲਾਏ ਜਾਂਦੇ ਹਨ ਅਤੇ ਨਾਲ ਹੀ ਨਾਲ ਕਿਤਾਬੀ ਪਾਠਕ੍ਰਮ ਦਾ ਵੀ ਸੰਤੁਲਨ ਬਣਾ ਕੇ ਰੱਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਸਰਕਾਰੀ ਸਕੂਲਾਂ ਦੇ ਪਾੜ੍ਹੇ ਹਮੇਸ਼ਾ ਪੱਛੜ ਜਾਂਦੇ ਹਨ। ਸਰਕਾਰੀ ਸਕੂਲਾਂ ਦੇ ਬੱਚੇ ਵੀ ਬਹੁਤ ਪ੍ਰਤਿਭਾਵਾਨ ਹੁੰਦੇ ਹਨ। ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੀ ਲੋੜ ਹੈ। ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਜਿਹੇ ਪ੍ਰਾਜੈਕਟਾਂ ਨੂੰ ਸਫਲ ਬਣਾਉਣ। ‘ਪੜ੍ਹੋ-ਪੰਜਾਬ, ਪੜ੍ਹਾਓ  ਪੰਜਾਬ’ ਅਧੀਨ ਸ਼ੁਰੂ ਕੀਤੀ ਪ੍ਰਯੋਗਾਤਮਕ ਲੜੀ ਨੂੰ ਸਫਲਤਾ ਸਹਿਤ ਅੱਗੇ ਤੋਰਨਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਭਵਿੱਖਮੁਖੀ ਸਾਰਥਕ ਪਹਿਲ ਹੈ।

ਸੰਪਰਕ: 90565-26703

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All