ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ

ਪਵਨ ਗੁਲਾਟੀ

ਜੇ.ਵਿਲਸਨ ਦੀ ਰਿਪੋਰਟ।

ਮਿਤੀ 30 ਜੂਨ ਦੇ ਪੰਜਾਬੀ ਟ੍ਰਿਬਿਊਨ ਵਿਚ ਪ੍ਰੋ. ਸੁਭਾਸ਼ ਪਰਿਹਾਰ ਵੱਲੋਂ ਜਵਾਹਰ ਲਾਲ ਯੂਨੀਵਰਸਿਟੀ ਤੋਂ ਇਤਿਹਾਸ ਦੇ ਪ੍ਰੋਫ਼ੈਸਰ ਵਜੋਂ ਸੇਵਾਮੁਕਤ ਉੱਘੇ ਇਤਿਹਾਸਕਾਰ ਨੀਲਾਦ੍ਰੀ ਭੱਟਾਚਾਰੀਆ ਦੀ ਪੁਸਤਕ ‘ਦਿ ਗਰੇਟ ਅਗਰੇਰੀਅਨ ਕਨਕੁਐਸਟ- ਦਿ ਕਲੋਨੀਅਲ ਰੀਸ਼ੇਪਿੰਗ ਆਫ਼ ਏ ਰੂਰਲ ਵਰਲਡ’ (ਪਰਮਾਨੈਂਟ ਬਲੈਕ, ਰਾਣੀਖੇਤ, 750 ਰੁਪਏ) ਦੀ ਜਾਣ-ਪਛਾਣ ਕਰਾਈ ਗਈ। ਇਹ ਖੋਜ ਪੁਸਤਕ ਉਨ੍ਹੀਵੀਂ ਸਦੀ ਦੇ ਪੰਜਾਬ ਵਿਚ ਬਸਤੀਵਾਦੀ ਸ਼ਾਸਨ ਦੇ ਵਿਲੱਖਣ ਅੰਦਾਜ਼, ਪੇਂਡੂ ਤੇ ਜ਼ਰਾਇਤੀ ਪਰਿਵੇਸ਼ ਵਿਚ ਹੋਏ ਪਰਿਵਰਤਨ ਦੇ ਸੰਕਲਪ ਤੇ ਵਿਹਾਰ ਨੂੰ ਅਨੂਠੀ ਸ਼ੈਲੀ ਵਿਚ ਪੇਸ਼ ਕਰਦੀ ਹੈ। ‘ਬੰਦੋਬਸਤ’ (ਸੈਟਲਮੈਂਟ) ਤੋਂ ‘ਬਸਤੀਵਾਦ’ (ਕਾਲੋਨਾਈਜੇਸ਼ਨ) ਤੱਕ ਵਿਭਿੰਨ ਜ਼ਮੀਨੀ ਪਰਿਵਰਤਨਾਂ, ਭੌਂ ਤੇ ਭੌਂ ਮਾਲਕੀ ਨਾਲ ਸਬੰਧਤ ਸੰਸਥਾਵਾਂ, ਵਿਹਾਰ, ਕਾਨੂੰਨ ਤੇ ਰਸਮਾਂ ਨੇ ਬਦਲਦੇ ਹੋਏ ਪੰਜਾਬ ਨੂੰ ਬਸਤੀਵਾਦੀ ਹਿੰਸਾ ਤੇ ਦਾਬੇ ਦੇ ਰੂਬਰੂ ਕੀਤਾ। ਖੋਜ ਭਰਪੂਰ ਪੁਸਤਕ ਕੁਝ ਅੰਗਰੇਜ਼ ਅਧਿਕਾਰੀਆਂ ਵੱਲੋਂ ਸਾਹਿਤਕ ਤੇ ਲੋਕਧਾਰਾਈ ਸਰੋਤਾਂ ਨੂੰ ਨੀਤੀ ਨਿਰਧਾਰਨ ਲਈ ਆਧਾਰ ਵਜੋਂ ਵਰਤਣ ਦਾ ਬਾਰੀਕਬੀਨੀ ਮੁਲਾਂਕਣ ਕਰਦੀ ਹੈ। ਸਿੱਟੇ ਵਜੋਂ ਪੰਜਾਬੀ ਸਾਹਿਤ ’ਚ ਉਨ੍ਹੀਵੀਂ ਸਦੀ ਦੇ ਮਗਰਲੇ ਅੱਧ ’ਚ ਪ੍ਰਤੀਰੋਧੀ ਕਾਵਿ ਦੇ ਕਈ ਨਮੂਨੇ ਸਾਹਮਣੇ ਆਉਂਦੇ ਹਨ। ਅਤੀਤ ਤੇ ਵਰਤਮਾਨ ਨੂੰ ਲੋਕਧਾਰਾ ਦੇ ਪ੍ਰਤੀਕਰਮ ਰਾਹੀਂ ਸਮਝਣ ਲਈ ਇਕ ਪੂਰਾ ਚੈਪਟਰ ‘ਲਾਲੂ’ ਨਾਂ ਦੇ ਪੰਜਾਬੀ ਕਵੀ ਦੀਆਂ ਕਵਿਤਾਵਾਂ ਦੀ ਆਲੋਚਨਾਤਮਕ ਵਿਆਖਿਆ ਰਾਹੀਂ ਪੰਜਾਬੀ ਸਾਹਿਤ ਲਈ ਨਵੇਂ ਦਿਸਹੱਦੇ ਖੋਲ੍ਹਦਾ ਹੈ। ਇਹ ‘ਲਾਲੂ’ ਕੌਣ ਹੈ? ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸਬੰਧਿਤ ਸੋਮੇ ਤੇ ਪ੍ਰਮੁੱਖ ਪੁਸਤਕਾਂ ਖ਼ਾਮੋਸ਼ ਹਨ। ਲਾਲੂ ਦੀ ਕਵਿਤਾ ਦੇ ਸਰੋਤ ਵਜੋਂ ਪ੍ਰੋ. ਨੀਲਾਦ੍ਰੀ ਭੱਟਾਚਾਰੀਆ ਅੰਗਰੇਜ਼ ਆਈ.ਸੀ.ਐੱਸ. ਅਧਿਕਾਰੀ ਜੇਮਜ਼ ਵਿਲਸਨ ਵੱਲੋਂ ਤਿਆਰ ਜ਼ਿਲ੍ਹਾ ਸਿਰਸਾ ਦੀ ਸੈਟਲਮੈਂਟ ਰਿਪੋਰਟ (1879-83) ਦਾ ਹਵਾਲਾ ਦਿੰਦਾ ਹੈ। ਇਹ ਰਿਪੋਰਟ ਕਲਕੱਤਾ ਸੈਂਟਰਲ ਪ੍ਰੈੱਸ ਕੰਪਨੀ ਲਿਮਿਟਡ ਦੁਆਰਾ 1884 ਵਿਚ ‘ਦਿ ਫਾਈਨਲ ਰਿਪੋਰਟ ਆਫ਼ ਦਿ ਰਿਵੀਜ਼ਨ ਆਫ਼ ਸੈਟਲਮੈਂਟ ਆਫ਼ ਦਿ ਸਿਰਸਾ ਡਿਸਟ੍ਰਿਕਟ ਇਨ ਦਿ ਪੰਜਾਬ 1879-83’ ਸਿਰਲੇਖ ਤਹਿਤ ਪ੍ਰਕਾਸ਼ਿਤ ਹੋਈ। ਜੇਮਜ਼ ਵਿਲਸਨ ਦੀ ਰਿਪੋਰਟ ਤਤਕਾਲੀਨ ਜ਼ਿਲ੍ਹਾ ਸਿਰਸਾ (ਹੁਣ ਹਰਿਆਣਾ ਵਿਚ) ਦੇ ਭੂਗੋਲਿਕ, ਸਮਾਜਿਕ ਤੇ ਸਭਿਆਚਾਰਕ ਦਸਤਾਵੇਜ਼ ਵਜੋਂ ਬੇਹੱਦ ਮਹੱਤਵਪੂਰਨ ਹੈ। ਜੇਮਜ਼ ਵਿਲਸਨ ਸੈਟਲਮੈਂਟ ਅਫ਼ਸਰ ਵਜੋਂ ਸਿਰਸਾ ਵਿਚ ਤਾਇਨਾਤ ਸੀ। ਰਿਪੋਰਟ ਵਿਚ ਇਸ ਜ਼ਿਲ੍ਹੇ ਦੀਆਂ ਉਸ ਵੇਲੇ ਤਿੰਨ ਤਹਿਸੀਲਾਂ- ਫ਼ਾਜ਼ਿਲਕਾ, ਸਿਰਸਾ ਤੇ ਡੱਬਵਾਲੀ ਦੇ ਸਮੁੱਚੇ ਪੱਖਾਂ ਦਾ ਬਾਰੀਕੀ ਨਾਲ ਵਰਣਨ ਮਿਲਦਾ ਹੈ। ਸੈਟਲਮੈਂਟ ਰਿਪੋਰਟ ਦੀ ਅੰਤਿਕਾ-2 ਵਿਚ ਲਾਲੂ ਤੇ ਬਲਿੰਦਾ ਲੁਹਾਰ ਦੀਆਂ ਕਵਿਤਾਵਾਂ; ਪੰਜਾਬੀ, ਹਿੰਦੀ ਤੇ ਬਾਗੜੀ ਦੇ ਅਨੇਕ ਪ੍ਰਚੱਲਤ ਅਖਾਣਾਂ ਤੇ ਮੁਹਾਵਰਿਆਂ ਰਾਹੀਂ ਸਥਾਨਕ ਜਨਮਾਣਸ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਇਹ ਕਵਿਤਾਵਾਂ ਰੋਮਨ ਲਿਪੀ ਵਿਚ ਦਰਜ ਹਨ ਤੇ ਸਥਾਨਕ ਬਾਗੜੀ ਤੇ ਮਲਵਈ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਈਨਾਖੇੜਾ (ਫ਼ਾਜ਼ਿਲਕਾ ਤਹਿਸੀਲ) ਦੇ ਬਲਿੰਦਾ ਲੁਹਾਰ ਦੀਆਂ ਦੋ ਛੋਟੀਆਂ ਕਵਿਤਾਵਾਂ ਅਤੇ ਡੱਬਵਾਲੀ ਢਾਬ ਦੇ ‘ਲਾਲੂ’ ਦੀਆਂ ਪੰਜ ਕਵਿਤਾਵਾਂ ਇਸ ਅੰਤਿਕਾ-2 ਵਿਚ ਦਰਜ ਹਨ। ਡੱਬਵਾਲੀ ਢਾਬ ਤੇ ਈਨਾਖੇੜਾ ਵਰਤਮਾਨ ਮਲੋਟ ਤਹਿਸੀਲ ਵਿਚ ਪੈਂਦੇ ਹਨ। ਕਵਿਤਾਵਾਂ ਦੀ ਮੁੱਖ ਸੁਰ ‘ਬੇਦਖ਼ਲੀ’ ਖ਼ਿਲਾਫ਼ ਹੈ ਅਤੇ ਪਿੰਡ ਪ੍ਰਬੰਧ ਵਿਚ ਲੰਬੜਦਾਰਾਂ ਦੀ ਨਾਕਾਰਾਤਮਕ ਭੂਮਿਕਾ ਬਾਰੇ ਤਿੱਖੀ ਪ੍ਰਤੀਕਿਰਿਆ ਹੈ। 1850 ਤੋਂ ਸ਼ੁਰੂ ਹੋਈ ਸੈਟਲਮੈਂਟ, ਬਾਰਾਂ ਦੇ ਵਸਾਉਣ ਦੀ ਪ੍ਰਕਿਰਿਆ ਤੇ ਭਾਈਚਾਰਕ ਦੀ ਥਾਂ ਨਿੱਜੀ ਮਾਲਕੀ ਦੇ ਲਿਖਤੀ ਸੰਦਰਭ ਤੇ ਕਾਨੂੰਨ ਇਸ ਪ੍ਰਤੀਕਰਮ ਦੀ ਪਿੱਠਭੂਮੀ ਹਨ। ਜੇਮਜ਼ ਵਿਲਸਨ ਸੈਟਲਮੈਂਟ ਰਿਪੋਰਟ ਤਿਆਰ ਕਰਨ ਸਮੇਂ ਜੋਸ਼ੀਲਾ ਆਦਰਸ਼ਵਾਦੀ ਗੱਭਰੂ ਸੀ। ਸਕਾਟਿਸ਼ ਕਵੀ ਰੌਬਰਟ ਬਰਨਜ਼ ਦੇ ਦੀਵਾਨੇ ਜੇਮਜ਼ ਵਿਲਸਨ ਨੇ ਆਪਣੀ ਸੈਟਲਮੈਂਟ ਰਿਪੋਰਟ ਵਿਚ ਪਹਿਲੀ ਸੈਟਲਮੈਂਟ ਰਿਪੋਰਟ ਦੀਆਂ ਗ਼ਲਤੀਆਂ ਤੇ ਉਕਾਈਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਇਸ ਮੰਤਵ ਲਈ ਇਲਾਕੇ ਦੇ ਲੋਕ ਕਵੀਆਂ ਤੇ ਲੋਕਧਾਰਾ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ। ਜੇਮਜ਼ ਵਿਲਸਨ ਦੀ ਇਹ ਰਿਪੋਰਟ ਗੂਗਲ ਬੁਕਸ ’ਤੇ ਉੁਪਲੱਬਧ ਹੈ ਅਤੇ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ। ਅੰਤਿਕਾ-2 ਵਿਚ ਦਰਜ ਲਾਲੂ ਤੇ ਬਲਿੰਦਾ ਲੁਹਾਰ ਦੀਆਂ ਕਵਿਤਾਵਾਂ ਇਤਿਹਾਸਕ ਦ੍ਰਿਸ਼ਟੀ ਤੋਂ ਅਹਿਮ ਸਰੋਤ ਹਨ। ਦੋਵੇਂ ਕਵੀਆਂ ਦੇ ਜਨਮ ਅਤੇ ਮੌਤ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ, ਪਰ ਇਕ ਕਵਿਤਾ ਵਿਚ ਸਿਰਸਾ, ਹਿਸਾਰ ਜਿਹੇ ਸਥਾਨਾਂ ਦਾ ਜ਼ਿਕਰ, ਸੈਟਲਮੈਂਟ ਦੌਰਾਨ ਬੇਦਖ਼ਲੀ ਦੀਆਂ ਸਥਾਨਕ ਘਟਨਾਵਾਂ ਦੇ ਵੇਰਵੇ ਅਤੇ ਸਿਰਸਾ ਦੇ ਡਿਪਟੀ ਕਮਿਸ਼ਨਰ ਉਲੀਵਰ ਦਾ ਜ਼ਿਕਰ ਆਉਂਦਾ ਹੈ ਜੋ 1852-68 ਦੌਰਾਨ ਸਿਰਸਾ ਵਿਖੇ ਤਾਇਨਾਤ ਸੀ। ਉਸ ਦਾ ਪੂਰਾ ਨਾਂ ਜੇ.ਐੱਚ. ਉਲੀਵਰ ਸੀ। ਆਪਣੀ ਰਿਪੋਰਟ ਵਿਚ ਜੇਮਜ਼ ਵਿਲਸਨ, ਉਲੀਵਰ ਉੱਪਰ ਲੱਗੇ ਇਲਜ਼ਾਮਾਂ ਦਾ ਜ਼ਿਕਰ ਕਰਦਾ ਹੈ। ਲਾਲੂ ਸਿਰਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਡੱਬਵਾਲੀ ਢਾਬ (ਹੁਣ ਤਹਿਸੀਲ ਮਲੋਟ) ਦਾ ਬਾਸ਼ਿੰਦਾ ਸੀ। ਜਿਵੇਂ ਉਸ ਦੀਆਂ ਕਵਿਤਾਵਾਂ ਤੋਂ ਪ੍ਰਤੱਖ ਹੈ, ਉਹ ਬਾਰਾਂ ਵਜੋਂ ਵਸਾਈ ਭੌਂ ਤੇ ਅੰਗਰੇਜ਼ੀ ਕਾਨੂੰਨ ਦੁਆਰਾ ਲੰਬੜਦਾਰਾਂ ਨੂੰ ਹੱਕਦਾਰ ਬਣਾਉਣ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਲੰਬੜਦਾਰਾਂ ਨੂੰ ਮਾਲਕੀ ਅਧਿਕਾਰਾਂ ਅਤੇ ਕਾਸ਼ਤਕਾਰਾਂ ਦੇ ਸਮੂਹਿਕ ਅਧਿਕਾਰਾਂ ’ਚ ਟਕਰਾ ਨੂੰ ਵਿਸਤ੍ਰਿਤ ਰੂਪ ਵਿਚ ਪੇਸ਼ ਕੀਤਾ ਗਿਆ ਹੈ। ‘ਬੇਦਖਲੀ’ ਆਪਣੇ-ਆਪ ਵਿਚ ਵੱਡਾ ਮੁੱਦਾ ਹੈ ਜੋ 1858 ਦੇ ਪੰਜਾਬ ਟੇਨੇਂਸੀ ਐਕਟ ਬਾਅਦ ਵਿਕਰਾਲ ਰੂਪ ਧਾਰਨ ਕਰਦਾ ਹੈ। ਇਸ ਦੀ ਪਿੱਠਭੂਮੀ 1838 ਦੀ ਸਮਰੀ ਸੈਟਲਮੈਂਟ ਵਿਚ ਪਈ ਹੈ ਜਿਸ ਨੇ ਨਵੀਆਂ ਵਸੀਆਂ ਜ਼ਮੀਨਾਂ ਵਿਚ ਮਾਲਕੀ ਅਧਿਕਾਰਾਂ ਦੇ ਨਿਰਧਾਰਣ ਲਈ ਭੌਂ ਮਾਲਕ ਤੇ ਕਾਸ਼ਤਕਾਰਾਂ ਵਿਚਕਾਰ ਫ਼ਰਕ ਕੀਤਾ, ਮਾਲਕੀ ਅਧਿਕਾਰਾਂ ਦਾ ਵਰਗੀਕਰਣ ਕਰਦਿਆਂ ਆਲਾ ਮਾਲਕ ਤੇ ਅਦਨਾ ਮਾਲਕ ਵਿਚਕਾਰ ਵਖਰੇਵਾਂ ਕੀਤਾ ਤੇ ਅੰਤ ਹਰੇਕ ਵਿਅਕਤੀ ਨੂੰ ਵੱਖਰਾ ਨਾਮਕਰਣ ਕਰਦੇ ਹੋਏ ਬੰਜਰਾਂ/ਉਜਾੜ/ਜੰਗਲੀ ਚਰਾਂਦਾਂ ਨੂੰ ਵਾਹੀਯੋਗ ਬਣਾਉਣ ਵਾਲੇ ਗਰੁੱਪਾਂ ਦੇ ਮੁਖੀ ਲੰਬੜਦਾਰਾਂ ਨੂੰ ਮਾਲਕੀ ਅਧਿਕਾਰ ਦਿੱਤੇ। ਜ਼ਿਲ੍ਹਾ ਸਿਰਸਾ ’ਚ 5000 ਲੈਂਡਆਨਰ ਨੂੰ ਮਾਲਕੀ ਅਧਿਕਾਰ ਵਜੋਂ ਵਰਗੀਕ੍ਰਿਤ ਕੀਤੇ ਗਏ ਜਦੋਂਕਿ 25,000 ਕਾਸ਼ਤਕਾਰਾਂ ਨੂੰ ਮੌਰੂਸੀ ਅਧਿਕਾਰ (occupanct ownership rights) ਦਿੱਤੇ ਗਏ। ਮਾਲਕੀ ਅਧਿਕਾਰ ਸੈਟਲਮੈਂਟ ਕਾਗਜ਼ਾਂ ਵਿਚ ‘ਜੰਗਲਾਂ ਤੇ ਬੰਜਰ ਭੌਂ’ ’ਤੇ ਪੂਰਨ (absolute) ਅਧਿਕਾਰ ਸਨ। ਆਖ਼ਿਰ ਮੌਰੂਸੀਆਂ ਕੋਲ ਕਿਹੜੇ ਅਧਿਕਾਰ ਨਹੀਂ ਸਨ ਜੋ ਭੌਂ-ਮਾਲਕਾਂ ਕੋਲ ਸਨ? ਖੇਤੀ ਲਈ ਭੌਂ ਸਾਫ਼ ਕਰਦੇ ਕਾਸ਼ਤਕਾਰ ਰਿਵਾਜ ਮੁਤਾਬਿਕ ਭੌਂ ਉੱਪਰ ਆਪਣੇ ਹੱਕ ਦੀ ਉਮੀਦ ਕਰਦੇ ਸਨ, ਪਰ 1852 ਦੀ ਸੈਟਲਮੈਂਟ ਨੇ ਲੰਬੜਦਾਰਾਂ ਨੂੰ ਮਾਲਕ ਅਤੇ ਬਾਕੀ ਕਾਸ਼ਤਕਾਰਾਂ ਨੂੰ ਮੌਰੂਸੀ ਅਧਿਕਾਰ ਦਿੱਤੇ, ਪਰ ਜ਼ਮੀਨ ਉਪਰਲੇ ਅਧਿਕਾਰ ਅਜੇ ਬਰਕਰਾਰ ਸੀ। ਭਾਈਚਾਰੇ ਦੇ ਪੁਰਾਣੇ ਰਿਵਾਜ ਮੁਤਾਬਿਕ ਇਹ ਅਧਿਕਾਰ ਸਮੂਹਿਕ ਹੋਣੇ ਚਾਹੀਦੇ ਸਨ, ਪਰ ਸੈਟਲਮੈਂਟ ਪੇਪਰਾਂ ਦੀ ਰੂਹ, ਲੰਬੜਦਾਰਾਂ ਤੇ ਸਟੇਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਵਾਰੀਆਂ ਨੇ ਜਮਾਂਬੰਦੀ ਵਿਚ ਹਰੇਕ ਕਾਸ਼ਤਕਾਰ ਵੱਲੋਂ ਪ੍ਰਾਪਤ ਅਧਿਕਾਰਾਂ ਦਾ ਵਖਰੇਵਾਂ ਕੀਤਾ। ਉਨ੍ਹਾਂ ਪਹਿਲੀ ਸੈਟਲਮੈਂਟ ਵੇਲੇ ਖੇਵਟ ਵਿਚ ਮਾਲਕੀ ਅਧਿਕਾਰ ਅਤੇ ਨਵੀਆਂ ਵਧਾਈਆਂ ਜ਼ਮੀਨਾਂ ਦੇ ਮਾਲਕੀ ਅਧਿਕਾਰ ’ਚ ਵਖਰੇਵਾਂ ਕੀਤਾ। ਇੰਝ ਦੋ ਤਰ੍ਹਾਂ ਦੀਆਂ ਜ਼ਮੀਨਾਂ ਦਾ ਕਾਗਜ਼ੀ ਇੰਦਰਾਜ ਜਲਦੀ ਕਾਸ਼ਤਕਾਰਾਂ ਦੇ ਸਮਝ ਨਾ ਆਇਆ, ਪਰ 1868 ਦੇ ਪੰਜਾਬ ਟੇਨੇਂਸੀ ਐਕਟ ਨੇ ਨਵੀਆਂ ਵਸਾਈਆਂ ਜ਼ਮੀਨਾਂ ਉੱਪਰ ਕਾਸ਼ਤਕਾਰਾਂ ਦੇ ਸੁਰੱਖਿਅਤ ਅਧਿਕਾਰਾਂ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਨੂੰ ਮੌਰੂਸੀ ਅਧਿਕਾਰ ਕੇਵਲ ਖੇਵਟ ਜ਼ਮੀਨ ’ਤੇ ਹੀ ਸਵੀਕਾਰ ਕੀਤੇ।

ਪਵਨ ਗੁਲਾਟੀ

1852 ਦੀ ਪਹਿਲੀ ਸੈਟਲਮੈਂਟ ਵਿਚ ਲੰਬੜਦਾਰਾਂ ਨੂੰ ਬੰਜਰ ਭੋਆਂ ਦੇ ਦਿੱਤੇ ਮਾਲਕੀ ਅਧਿਕਾਰ ਨੂੰ ਕਾਨੂੰਨੀ ਰੂਪ ਦਿੰਦਿਆਂ ਐਕਟ ਨੇ ਸਭ ਨਵੀਆਂ ਵਾਹੀਯੋਗ ਬਣਾਈਆਂ ਜ਼ਮੀਨਾਂ ’ਤੇ ਲੰਬੜਦਾਰਾਂ ਦੇ ਮਾਲਕੀ ਅਧਿਕਾਰ ਪ੍ਰਦਾਨ ਕੀਤੇ। ਇਸ ਬਸਤੀਵਾਦੀ ਵਰਗੀਕਰਨ ਪ੍ਰਕਿਰਿਆ ਦਾ ਅਮਲ ਕਾਸ਼ਤਕਾਰਾਂ ਨੂੰ ਉਦੋਂ ਸਮਝ ਆਇਆ ਜਦੋਂ ਉਹ 1870 ’ਚ ਸੈਟਲਮੈਂਟ ਰਿਵੀਜ਼ਨ ਪ੍ਰਕਿਰਿਆ ਵਿਚ ਕਾਸ਼ਤਕਾਰਾਂ ਵੱਲੋਂ ਨਵੀਆਂ ਵਾਹੀਯੋਗ ਬਣਾਈਆਂ ਜ਼ਮੀਨਾਂ ’ਤੇ ਮਾਲਕੀ ਅਧਿਕਾਰਾਂ ਲਈ ਪੁਨਰ ਸਮੀਖਿਆ ਦੇ ਆਸਵੰਦ ਹੋਏ। ਲੰਬੜਦਾਰਾਂ ਨੇ ਦੇਖਿਆ ਕਿ ਕਿਤੇ ਨਵੀਆਂ ਜ਼ਮੀਨਾਂ ’ਤੇ ਕਾਸ਼ਤਕਾਰਾਂ ਨੂੰ ਗੈਰ-ਮੌਰੂਸੀ ਦੀ ਬਜਾਏ ਮੌਰੂਸੀ ਅਧਿਕਾਰ ਨਾ ਮਿਲ ਜਾਣ ਤਾਂ ਉਨ੍ਹਾਂ ਵੱਡੇ ਪੱਧਰ ’ਤੇ ਅਜਿਹੇ ਕਾਸ਼ਤਕਾਰਾਂ ਨੂੰ ਨਵੀਆਂ ਵਸਾਈਆਂ ਜ਼ਮੀਨਾਂ ਤੋਂ ਬੇਦਖ਼ਲ ਕਰਨਾ ਸ਼ੁਰੂ ਕਰ ਦਿੱਤਾ। 1870-71 ਵਿਚ 43 ਬੇਦਖ਼ਲੀ ਨੋਟਿਸ ਅਦਾਲਤਾਂ ਵਿਚ ਦਰਜ ਹੋਏ। 1880-81 ਵਿਚ ਬੇਦਖਲੀ ਨੋਟਿਸਾਂ ਦੀ ਗਿਣਤੀ 1031 ਅਤੇ 1875 ਤੋਂ 80 ਦੌਰਾਨ 2748 ਹੋ ਗਈ ਜੋ 51600 ਏਕੜ ਭੌਂ ਗੈਰ-ਮੌਰੂਸੀ ਕਾਸ਼ਤਕਾਰਾਂ ਨੂੰ ਬੇਦਖ਼ਲੀ ਲਈ ਜਾਰੀ ਹੋਏ ਸਨ। ਇਨ੍ਹਾਂ ਵਿਚ 60 ਫ਼ੀਸਦੀ ਨੋਟਿਸਾਂ ਵਿਰੁੱਧ ਕਾਨੂੰਨੀ ਪ੍ਰਕਿਰਿਆ ਕਾਸ਼ਤਕਾਰਾਂ ਵੱਲੋਂ ਕੀਤੀ ਗਈ ਅਤੇ ਬਹੁਤਿਆਂ ’ਚ ਫ਼ੈਸਲਾ ਉਨ੍ਹਾਂ ਦੇ ਵਿਰੁੱਧ ਹੋਇਆ। ਇੰਝ ਅਦਾਲਤਾਂ ਖ਼ੁਦ ਮਾਲਕੀ ਅਧਿਕਾਰ ਦਾ ਰਣਖੇਤਰ ਬਣ ਗਈਆਂ। ਜੇਮਜ਼ ਵਿਲਸਨ ਦੀ ਸੈਟਲਮੈਂਟ ਰਿਪੋਰਟ ਅਤੇ ਇਕ ਹੋਰ ਰਿਪੋਰਟ ‘ਔਨ ਦਿ ਪੁਜੀਸ਼ਨ ਆਫ ਟੇਨੇਂਟਸ ਇਨ ਸਿਰਸਾ’ ਇਸ ਤੱਥ ਦੀ ਗਵਾਹੀ ਭਰਦੀ ਹੈ। ਮਾਲਕੀ ਅਧਿਕਾਰ ਤੋਂ ਵਿਰਵੇ ਅਜਿਹੇ ਕਾਸ਼ਤਕਾਰੀ ਲੋਕਾਂ ਦੀ ਆਵਾਜ਼, ਤਤਕਾਲੀਨ ਅੰਗਰੇਜ਼ ਸ਼ਾਸਨ ਵਿਰੁੱਧ ਲਾਲੂ ਤੇ ਬਲਿੰਦਾ ਲੁਹਾਰ ਦੀਆਂ ਕਵਿਤਾਵਾਂ ਤਿੱਖਾ ਪ੍ਰਤੀਕਰਮ ਹਨ ਜਿਸ ਦੀ ਲੰਬੀ ਆਲੋਚਨਾਤਮਕ ਵਿਆਖਿਆ ਪ੍ਰੋ. ਨੀਲਾਦ੍ਰੀ ਭੱਟਾਚਾਰੀਆਂ ਨੇ ਆਪਣੀ ਹਥਲੀ ਪੁਸਤਕ ਵਿਚ ਦਰਜ ਕੀਤੀ ਹੈ।

ਲਾਲੂ ਦੀਆਂ ਕਵਿਤਾਵਾਂ

1. ਅੱਲ੍ਹਾ ਮੇਰੇ ਬਾਰ ਬਸਾਈ ਚਾਰ ਖੂੰਟਾਂ ਤੋਂ ਖਲਕਤ ਆਈ ਨਾਲ ਪਿਆਰ ਦੇ ਭੋਇ ਕਢਾਈ ਹੁਣ ਜਾਨ ਦੇ ਦਿਨ ਇਮਾਨ ਖੁਆਈ ਸਾਮੀਦਾਰਾਂ ਤੇ ਅਰਜ਼ੀ ਲਾਈ

ਹਾਕਮ ਉਸਦੀ ਭੋਇ ਖੁਹਾਈ ਇਸ ਕਾਨੂੰਨ ਦੀ ਖ਼ਬਰ ਨਾ ਕਾਈ ਜਿਹੜਾ ਕੀਤਾ ਹੁਣ ਸਰਕਾਰ ਲੰਬੜਦਾਰਾਂ ਨੂੰ ਪਿੰਡ ਲਿਖਾਇਆ ਸਾਮੀਆਂ ਬਾਂਝ ਨਾ ਕਿਸੇ ਬਸਾਇਆ ਜਿਥੇ ਸਾਮੀ ਪੈਰ ਨਾ ਪਾਇਆ ਉਹ ਪਿੰਡ ਉਸ ਤੇ ਗਿਆ ਗਵਾਇਆ ਸਾਮੀਆਂ ਬਾਂਝ ਨਾ ਬਣਦਾ ਭਾਰ ਬੇਦਖਲੀ ਕਰਨੀ ਨਹੀਂ ਦਰਕਾਰ

ਜਿਹੜੀਆਂ ਸਾਮੀਆਂ ਰਲਦੀਆਂ ਆਈਆਂ ਉਹਨਾਂ ਕੀਤੀਆਂ ਬਹੁਤ ਕਮਾਈਆਂ ਬੂਟੇ ਮਾਰੇ ਤੇ ਭੋਇ ਬਣਾਈਆਂ ਮੁੱਢ ਕੱਢੇ ਤੇ ਵੱਟਾਂ ਪਾਈਆਂ ਤਾਂ ਵੀ ਲੰਬੜਦਾਰਾਂ ਗੈਰ ਕਰਾਈਆਂ ਹਾਕਮ ਉਹ ਵੀ ਚਾ ਖੁਹਾਈਆਂ ਨਿਆਂ ਨਾ ਕੀਤਾ ਕੋਈ ਸਰਕਾਰ ਬੇਦਖਲੀ ਕਰਨੀ ਨਹੀਂ ਦਰਕਾਰ

ਇਕੋ ਲੰਬੜਦਾਰ ਬਸਾਵੇ ਸਾਮੀ ਨਾ ਕਾਈ ਕੋਲ ਬਹਾਵੇ ਛੱਪੜ ਕੱਟੇ ਤੇ ਖੂਹਾ ਲਾਵੇ ਭੋਇ ਕੱਢੇ ਤੇ ਕੋਠੇ ਪਾਵੇ ਤਾਂ ਉਸਦਾ ਅੰਦਾਜ਼ਾ ਆਵੇ ਪੂਰੀ ਦੇਵੇ ਕਰ ਬੇਗਾਰ ਬੇਦਖਲੀ ਕਰਨੀ ਨਹੀਂ ਦਰਕਾਰ

ਸਾਮੀਆਂ ਦੇਂਦੀਆਂ ਕਰ ਬੇਗਾਰ ਵੱਢੀ ਖਾਂਦਾ ਲੰਬੜਦਾਰ ਬੇਦਖਲੀ ਉੱਤੇ ਹੋਇਆ ਤਿਆਰ ਬੇਦਖਲੀ ਕਰਦੀ ਖੁਦ ਸਰਕਾਰ ਦੁੱਖਾਂ ਨਾਲ ਬਸਾਈ ਬਾਰ ਕੌੜੇ ਪਾਣੀ ਕਰਨ ਖੁਆਰ ਇਸ ਕੰਮ ਦੀ ਕੋਈ ਕਰੇ ਬਿਚਾਰ ਬੇਦਖਲੀ ਕਰਨੀ ਨਹੀਂ ਦਰਕਾਰ ਧੱਕੇ ਨਾਲ ਕਿਸੇ ਨਹੀਂ ਕੱਢੀ ਹੁਣ ਤਾਂ ਭਾਲੇ ਸਭ ਕੋਈ ਵੱਢੀ ਲੰਬੜਦਾਰਾਂ ਆਪ ਕਢਾਈਆਂ ਸਾਮੀਦਾਰਾਂ ਤੇ ਅਰਜ਼ੀਆਂ ਲਾਈਆਂ ਹਾਕਮ ਉਨ੍ਹਾਂ ਦੀਆਂ ਭੋਇ ਖੁਹਾਈਆਂ ਸਾਮੀਆਂ ਰੋ ਕੇ ਘਰ ਨੂੰ ਆਈਆਂ ਉਨ੍ਹਾਂ ਕੀਤੇ ਲੋਕ ਖੁਆਰ ਬੇਦਖਲੀ ਕਰਨੀ ਨਹੀਂ ਦਰਕਾਰ ਜਿਹੜੇ ਲੋਕ ਇਸ ਰਾਜ ’ਚ ਵਸਦੇ ਕਾਈ ਰੋਂਦੇ ਕਾਈ ਹੱਸਦੇ ਭੋਇ ਖੁਹਾ ਅਗੇਰੇ ਨੱਸਦੇ ਲੰਬੜਦਾਰ ਸਿੱਧੀ ਨਾ ਦੱਸਦੇ ਲਿਖੇ ਬਾਝੇ ਨਹੀਂ ਇਤਬਾਰ ਬੇਦਖਲੀ ਕਰਨੀ ਨਹੀਂ ਦਰਕਾਰ। ਕਿੰਨਾ ਕਿੰਨਾ ਨੂੰ ਰਾਜ ਇਹ ਕਾਰੀ ਲੇਖਾ ਕਰਦੇ ਜਾ ਪਟਵਾਰੀ ਕਿਸੇ ਦੀ ਰਕਮ ਨਾ ਜਾਵੇ ਮਾਰੀ ਕਿਸੇ ਨੂੰ ਡੋਬਾ ਕਿਸੇ ਨੂੰ ਤਾਰੀ ਜਿਸਦੀ ਹੋਏ ਬੇਦਖਲੀ ਸਾਰੀ ਉਸਦੇ ਵਾਸਤੇ ਸਖਤੀ ਭਾਰੀ ਜਿਧਰ ਜਾਵੇ ਸਭ ਕੋਈ ਮਾਰੀ ਕਯਾਮਤ ਬਦਲੇ ਦੇਹਸੀ ਸਾਰੀ ਓੜਕ ਸਭ ਨੂੰ ਲੈ ਸੀ ਮਾਰ ਬੇਦਖਲੀ ਕਰਨੀ ਨਹੀਂ ਦਰਕਾਰ। ਹਾਕਮ ਕਯਾ ਕਾਨੂੰਨ ਟਿਕਾਇਆ ਬੇਦਖਲੀ ਦਾ ਚਾ ਹੁਕਮ ਸੁਣਾਇਆ ਆਪ ਦੀ ਖੱਟੀ ਦਾ ਥਾਂ ਬਣਾਇਆ ਅਸ਼ਟਾਮ ਤਲਬਾਨਾ ਨਾਲ ਲਗਾਇਆ ਖੱਟੀ ਆਵੇ ਕਈ ਹਜ਼ਾਰ ਬੇਦਖਲੀ ਕਰਨੀ ਨਹੀਂ ਦਰਕਾਰ। ਹਾਕਮ ਲਿਖਦੇ ਹਿਕ ਜ਼ਬਾਨ ਅੰਗਰੇਜ਼ਾਂ ਲੇਆ ਭੱਲ ਇਮਾਨ ਲੋਕਾਂ ਚਾਏ ਬਹੁਤ ਕੁਰਾਨ ਖਾਈਆਂ ਕਸਮਾਂ-ਕੱਢਲੀ ਜਾਨ ਸਾਬਤ ਰਿਹਾ ਨਾ ਦੀਨ ਇਮਾਨ ਰੋਜ ਕਿਆਮਤ ਹੋਣ ਹੈਰਾਨ ਜਿੰਨਾਂ ਵੱਡੇ ਕੂੜ ਇਹ ਭਾਰ ਬੇਦਖਲੀ ਕਰਨੀ ਨਹੀਂ ਦਰਕਾਰ। ਅੰਗਰੇਜ਼ਾਂ ਤੇ ਨਹੀਂ ਸੀ ਇਹ ਭਾੜਾ ਸਾਨੂੰ ਹੁਕਮ ਚਾ ਦੇਂਦੇ ਮਾੜਾ ‘‘ਲੰਬੜਦਾਰੋ ਮਾਰ ਲੋ ਧਾੜਾ’’ ਬੇਈਮਾਨ ਕਹਿ ਕਰਨ ਮਾੜਾ ਵੱਸਦਿਆਂ ਨੂੰ ਘਰ ਦੇਣ ਉਜਾੜਾ ਉਨ੍ਹਾਂ ਫੜਲਿਆ ਕਹੀ ਕੁਹਾੜਾ ਪੱਟਣ ਲੱਗੇ ਵੱਸਦੀ ਬਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਇਹੋ ਮੁਲਕ ਲਿਆ ਅੰਗਰੇਜ਼ ਨਹਿਰਾਂ ਕੱਟਕੇ ਕਰਾਵਣ ਰਾਜ ਪੱਕਾ ਕੋਈ ਨਾ ਦੇਂਦਾ ਵਾਜ ਜੇਹੜੇ ਕਰਸਨ ਮਕਰ ਫਰੇਬ ਉਹਨਾਂ ਨੂੰ ਆਵੇ ਰੱਬ ਦੀ ਮਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਵੇਖੋ ਲੋਕੋ ਇਹ ਕੀ ਹੋਈ ਬਾਦਸ਼ਾਹ ਰਾਜੇ ਕਿਸੇ ਨਾ ਖੋਹੀ ਇਸ ਤਦਬੀਰ ਸੇ ਵੱਸੀ ਰੋਹੀ ਮੁਲਕ ਵਸਾਵੇ, ਰਾਜਾ ਸੋਈ ਕੋਈ ਨਿਆਂ ਕਰੇ ਸਰਕਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਸਦੀ ਤੇਰਵੀਂ-ਨਾ ਹੋ ਰੋਹੇ ਗੱਲਾਂ ਹੋਰ ਤੇ ਬੰਦੇ ਉਹੇ ਲੋਕ ਤਾਂ ਹੋਵਣ ਖੋਟ ਧਰੋਹੇ ਕਸਮਾਂ ਖਾ ਤੇ ਜਿੰਨਾ ਖੋਹੇ ਤਾਂ ਉਹ ਕੀਕੂ ਲੰਘ ਸਨ ਪਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਰਲਕੇ ਆਏ ਸਭੇ ਭਾਈ ਸੁੰਨੀ ਉਨ੍ਹਾਂ ਬਾਰ ਬਸਾਈ ਇਕ ਦੇ ਸਿਰ ਤੇ ਪੱਗ ਬੰਨਾਈ ਉਹ ਬਣ ਗਿਆ ਲੰਬੜਦਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਹਾਕਮ ਉਸਨੂੰ ਹੁਕਮ ਸੁਣਾਇਆ ਲੰਬੜਦਾਰ ਇਮਾਨ ਖੜਾਇਆ ਸੱਕਾ ਉਸਦਾ ਮਾਂ ਪਿਉ ਜਾਇਆ ਉਸਦਾ ਭੀ ਕੁਛ ਨਹੀਂ ਬਣਾਇਆ ਕੋਈ ਨਾ ਰਹਿ ਗਿਆ ਹੇਤ ਪਿਆਰ ਬੇਦਖਲੀ ਕਰਨੀ ਨਹੀਂ ਦਰਕਾਰ।

ਇਸ ਬੇਦਖਲੀ ਖੂਨ ਕਰਾਏ ਲੋਕਾਂ ਨੂੰ ਹੱਥ ਬਹੁਤੇ ਲਾਏ ਬੰਦੇ ਇਸਨੇ ਕਈ ਲੁਟਾਏ ਕਈ ਜਾ ਸਿਰਸੇ ਵਿਚ ਖੁਹਾਏ ਕਈ ਜਾ ਕੁੱਟੇ ਵਿਚ ਹਿਸਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਉਲੀਵਰ ਸਾਹਬ ਕੀਤੀ ਤਰਸੀ ‘‘ਪੋਲਾ ਭਰਕੇ ਖੁੱਲ੍ਹਾ ਚਰਸੀ’’ (ਚਾਰ ਆਨਾ) ‘‘ਦੁਆਨੀ ਵਿੱਘਾ ਸਭ ਕੋਈ ਭਰਸੀ’’ ‘‘ਛੱਡ ਨਾ ਜਾਸੀ-ਵਿੱਚੇ ਮਰਸੀ’’ ਇਸ ਕਾਨੂੰਨ ਤੇ ਵੱਸੀ ਬਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਮੋਹਤਿਮ ਸਾਹਬ ਦੀ ਵਾਰੀ ਆਈ ਧੰਨ ਜਣਦੀਏ ਤੇਰੀ ਮਾਈ ਹਰ ਬੇਦਖਲੀ ਚਾ ਹਟਾਈ ਉਜੜੀ ਜਾਂਦੀ ਫਿਰ ਵਸਾਈ ਦੁਆਵਾਂ ਦੇਂਦੀ ਸਭ ਖ਼ੁਦਾਈ ਰੱਬ ਨੇ ਚੰਗੀ ਗੱਲ ਬਣਾਈ ਧਰਮ ਦੇ ਬੇੜੇ ਲੰਘਦੇ ਪਾਰ ਬੇਦਖਲੀ ਕਰਨੀ ਨਹੀਂ ਦਰਕਾਰ।

ਅੱਲਾ ਮੇਰੇ ਮੁਲਕ ਵਸਾਵੇ ਹਾਕਮ ਚੰਗੇ ਹੁਕਮ ਸੁਣਾਵੇ ਭੋਇ ਕਿਸੇ ਤੋਂ ਨਾ ਖੁਹਾਵੇ ਜੋ ਕੁਛ ਲੱਗੇ ਉਹ ਦਿਵਾਵੇ ਸਭ ਕੋਈ ਘਰ ਵਿਚ ਰੱਜ ਕੇ ਖਾਵੇ ਚੰਗੀ ਤੈਨੂੰ ਦੁਆ ਸੁਣਾਵੇ ਨਾਲ ਖ਼ੁਸ਼ੀ ਦੇ ਕਰਦਾ ਕਾਰ ਬੇਦਖਲੀ ਕਰਨੀ ਨਹੀਂ ਦਰਕਾਰ। 2. ਲੋਕ ਜੋ ਭੁੱਖੇ ਪਿਆਸੇ ਮਰਦੇ ਰੋਪੜ ਜਾਤੇ ਮਿਹਨਤ ਕਰਦੇ ਉਥੋ ਲੈ ਕੇ ਹੱਲੇ ਭਰਦੇ ਨਿਤ ਹਮੇਸ਼ਾ ਰਹਿੰਦੇ ਡਰਦੇ ਸਾਮੀਆਂ ਦੇ ਵਿਚ ਕੀ ਤਕਸੀਰ ਲੰਬੜਦਾਰ ਤਾਂ ਬਣ ਗਏ ਪੀਰ ਬੇਦਖਲੀ ਹਰ ਨੂੰ ਚਾੜ ਦਿੱਤਾ ਤਾਪ ਤੇ ਬਾਦਸ਼ਾਹ ਹੁੰਦੇ ਮਾਈ ਬਾਪ ਬੇਟੇ ਬੇਟੀਆਂ ਔਖੇ ਹੋਂਦੇ ਮਾਈ ਬਾਪ ਦੇ ਅੱਗੇ ਰੋਂਦੇ ਮਾਈ ਬਾਪ ਨਾ ਕਰੇ ਨਿਆਂ ਬੇਟੀਆਂ ਦੀ ਫਿਰ ਕਿਹੜੀ ਥਾਂ

ਬਲਿੰਦਾ ਲੁਹਾਰ ਦੀ ਕਵਿਤਾ ਕਿਤਨੇ ਹੋਏ ਬਾਦਸ਼ਾਹ ਹੋਵੇ ਨਹੀਂ ਸ਼ੁਮਾਰ ਗਿਣਤੀ ਵਿਚ ਨਾ ਆਉਂਦੇ ਕਈ ਕਰੋੜ ਹਜ਼ਾਰ, ਅਗਲਿਆਂ ਨੂੰ ਕੀ ਆਖਣਾ ਹੁਣ ਕੀ ਬਾਤ ਨਬੇੜ ਤੂੰ ਰਈਅਤ ਜਿਸ ਬਾਦਸ਼ਾਹ ਦੀ ਉਸਦਾ ਕਿੱਸਾ ਛੇੜ,

ਹੈ ਜ਼ਾਤ ਨਿਸਾਰਾ ਉਸਦੀ ਕਰਦਾ ਬੜੇ ਫਿਰੰਗ ਲੰਡਨ ਉਸਦਾ ਵਤਨ ਹੈ ਗੋਰੇ ਰੰਗ ਓ ਰੰਗ ਉਸ ਜਿਹਾ ਨਾ ਕੋਈ ਹਿਕਮਤੀ ਨਾ ਕਿਸੇ ਅਕਲ ਸ਼ੁਮਾਰ ਸਖੀ ਵੀ ਹੈ ਵੋਹ ਹੱਠ ਦਾ ਈਸਾ ਉਸ ਰਸੂਲ

ਉਸ ਨੂੰ ਅੱਲਾ ਪਾਕ ਨੇ ਦਿੱਤਾ ਮੁਲਕ ਪਛਾਣ ਕਬਜ਼ਾ ਅੰਦਰ ਉਸਦੇ ਦਿੱਲੀ ਹਿੰਦੁਸਤਾਨ, ਹੌਲੇ ਹੌਲੇ ਉਸਦਾ ਕਬਜ਼ਾ ਪਿਆ ਲਾਹੌਰ ਮਲਕਾ ਸ਼ਾਹਜਹਾਂ ਦੀ ਲੰਡਨ ਦੇ ਵਿਚ ਜੋਰ

ਸੌਂਪ ਦਿੱਤਾ ਇਕ ਲਾਟ ਨੂੰ ਮਲਿਕਾ ਸ਼ਾਹ ਜਹਾਨ ਕਰਨ ਅਦਾਲਤ ਵਾਸਤੇ, ਕੀਤਾ ਉਸ ਫਰਮਾਨ, ਅਦਾਲਤ ਵਿਚ ਅੰਗਰੇਜ਼ ਦੀ, ਹਰਗਿਜ਼ ਨਹੀਂ ਕਸੂਰ ਹੁਕਮ ਹੋਇਆ ਚੀਫ ਕੋਰਟ ਦਾ ਮੋਹਤਿਮ ਉਪਰ ਜਾਣ

ਬੰਦੋਬਸਤ ਦਾ ਮਹਿਕਮਾ ਜਲਦੀ ਕਰੋ ਰਵਾਣ ਕਬਜ਼ਾ ਕਾਸ਼ਤ ਕਿਸੇ ਦਾ ਨਾ ਖੋਹੇ ਸਰਕਾਰ, ਪਿੰਡ ਬਸਾਇਆ ਸਾਮੀਆਂ ਲੰਬੜਦਾਰਾਂ ਨਾਲ ਹਾਲੇ ਦੇਣ ਕਦੀਮ ਤੇ ਜੋ ਆਖਿਆ ਸਰਕਾਰ

ਨਾਲੇ ਦੇਂਦੇ ਇਹ ਰਹੇ ਜੋ ਸਰਕਾਰ ਬੇਗਾਰ ਖਾਰੇ ਪਾਣੀ ਪੀ ਕੇ ਝੱਲੀ ਰੰਜ ਹਜ਼ਾਰ ਕਾਲਾਂ ਕਿਲਤਾਂ ਵਿਚ ਉਹ ਬੈਠੇ ਰਹੇ ਵਿਚ ਬਾਰ ਇਤਨੀ ਰੰਜ ਉਠਾਕੇ ਹੁਣ ਹੋਏ ਲਾਚਾਰ

ਕਬਜ਼ਾ ਕਾਸ਼ਤ ਕਿਸੇ ਦਾ ਨਾ ਖੋਹੇ ਸਰਕਾਰ ਰਈਅਤ ਮਲਿਕਾ ਸ਼ਾਹ ਦੀ ਹੋਏ ਬਹੁਤ ਹੈਰਾਨ ਖੁਸ ਗਿਆ ਹੱਕ ਅਸਾਮੀਆਂ ਹੋਇਆ ਜ਼ੁਲਮ ਤਮਾਮ ਵਾਕਫ਼ ਨਾ ਕਾਨੂੰਨ ਦੇ ਹਾਏ ਇਹ ਅਨਜਾਨ

ਅਗੇ ਕਿਸੇ ਨਾ ਬਾਦਸ਼ਾਹ ਐਸਾ ਕੀਤਾ ਕਾਮ ਇਸ ਇਲਾਕੇ ਵਿਚ ਸਾ ਇਹ ਰਿਵਾਜ਼ ਪਛਾਣ ਜੋ ਕੋਈ ਵਾਹੇ ਜ਼ਮੀਨ ਕਬਜ਼ਾ ਉਸਦਾ ਜਾਣ ਹਾਲਾ ਹਿੱਸਾ ਦੇਂਵਦਾ ਉਹ ਰਹੇ ਮਦਾਮ

ਲੱਕੜ ਸੋਟਾ ਘਾਸ ਭੀ ਜੋ ਸਰਕਾਰੀ ਕਾਮ ਦੇਂਦੇ ਸਾਮੀਦਾਰ ਸਨ ਵਾਰੋ-ਵਾਰ ਤਮਾਮ ਮੰਜੀ ਜੁੱਲੀ ਦੇਂਵਦੇ ਤੇ ਸਰਕਾਰ ਗੋਦਾਮ ਇਹ ਰਈਅਤ ਸਰਕਾਰ ਦੀ ਹੈਗੀ ਖਾਸ ਗੁਲਾਮ

ਇਤਨੀ ਰੰਜ ਉਠਾ ਕੇ ਹੁਣ ਕੀਤੀ ਹੈਰਾਨ ਕਬਜ਼ਾ ਕਾਸ਼ਤ ਖੋਹਣਾ ਹੈਗਾ ਬੜਾ ਜ਼ੀਆਨ।

ਸੰਪਰਕ: 95010-26551

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All