
ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ 30 ਅਕਤੂਬਰ ਤੋਂ 1 ਨਵੰਬਰ ਤਕ ‘ਮੇਲਾ ਗ਼ਦਰੀ ਬਾਬਿਆਂ ਦਾ’ ਲਾਇਆ ਜਾਂਦਾ ਹੈ। ਇਹ ਮੇਲਾ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਾਣਮੱਤੇ ਸਮਿਆਂ ਦੀ ਯਾਦ ਦਿਵਾਉਂਦਾ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਗਏ ਪੰਜਾਬੀਆਂ ਨੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਗ਼ਦਰ ਪਾਰਟੀ ਦੀ ਨੀਂਹ ਰੱਖੀ, ਗ਼ਦਰ ਅਖ਼ਬਾਰ ਚਲਾਇਆ ਅਤੇ ਅਮਰੀਕਾ ਕੈਨੇਡਾ ਛੱਡ ਕੇ ਦੇਸ਼ ਤੋਂ ਜਾਨਾਂ ਵਾਰਨ ਲਈ ਵਤਨ ਪਰਤ ਆਏ। ਕਈ ਫਾਂਸੀ ’ਤੇ ਚੜ੍ਹੇ ਤੇ ਕਈਆਂ ਨੇ ਕਾਲੇਪਾਣੀਆਂ ਵਿਚ ਸਜ਼ਾ ਭੋਗੀ। ਉਨ੍ਹਾਂ ਦਾ ਜੇਰਾ ਵੀ ਵੱਡਾ ਸੀ ਤੇ ਹਿੰਮਤ ਵੀ ਅਨੋਖੀ। ਅੱਜ ਦੇ ਪੰਜਾਬ ਨੂੰ ਗ਼ਦਰੀ ਬਾਬਿਆਂ ਦੀ ਵਿਰਾਸਤ ਦੀ ਡਾਢੀ ਲੋੜ ਹੈ। ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਪ੍ਰੈੱਸ ਦੀ ਭੂਮਿਕਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਦੀ ਅਹਿਮੀਅਤ ਨੂੰ ਸਮਝਦਿਆਂ ਗ਼ਦਰੀ ਬਾਬਿਆਂ ਵੱਲੋਂ ਚਲਾਇਆ ਜਾਂਦਾ ਗ਼ਦਰ ਅਖ਼ਬਾਰ ਵੱਖ ਵੱਖ ਭਾਸ਼ਾਵਾਂ ਵਿਚ ਛਪਦਾ ਸੀ। ਇਸ ਦਾ ਪੰਜਾਬੀ ਐਡੀਸ਼ਨ ਪੰਜਾਬੀ ਪੱਤਰਕਾਰੀ ਵਿਚ ਸਾਮਰਾਜ ਵਿਰੋਧੀ ਅਤੇ ਧਰਮ-ਨਿਰਪੱਖ ਨਿਕਲਣ ਵਾਲਾ ਮੋਢੀ ਅਖ਼ਬਾਰ ਹੋ ਨਿਬੜਿਆ।
ਡਾ. ਕੁਲਦੀਪ ਸਿੰਘ
ਦੁਨੀਆਂ ਦੀਆਂ ਚੋਟੀ ਦੀਆਂ ਇਨਕਲਾਬੀ ਲਹਿਰਾਂ ਵਿਚ ਗ਼ਦਰ ਲਹਿਰ ਅਤੇ 1914-15 ਦੀ ਬਗ਼ਾਵਤ ਦੇ ਸ਼ਹੀਦਾਂ ਅਤੇ ਨਾਇਕਾਂ ਦੀ ਦੇਣ ਖ਼ਾਸ ਸਥਾਨ ਰੱਖਦੀ ਹੈ। ਇਸ ਲਹਿਰ ਦੀ ਦੇਣ ਪੰਜਾਬ ਦੇ ਰਾਜਨੀਤਿਕ ਮਾਹੌਲ ਵਿਚ ਅੱਜ ਵੀ ਤਾਜ਼ੀ ਹਵਾ ਦੇ ਬੁੱਲੇ ਵਾਂਗ ਹੈ। ਗ਼ਦਰੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਅਤੇ ਸੱਚੇ ਅਰਥਾਂ ਵਿਚ ਇਨਕਲਾਬੀ ਮਾਹੌਲ ਨੂੰ ਸੁਰਜੀਤ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚਾਰ-ਚੁਫ਼ੇਰੇ ਅਨੇਕਾਂ ਯਾਦਾਂ ਦੀ ਚੰਗੇਰ ਹੈ। ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਅੱਜ ਵੀ ਪੰਜਾਬੀ ਮਨਾਂ ਨੂੰ ਟੁੰਬਦੀਆਂ ਹਨ ਜਿਸ ਤਰ੍ਹਾਂ ਉਨ੍ਹਾ ਨੇ ਹੱਸਦਿਆਂ ਹੱਸਦਿਆਂ ਫਾਂਸੀਆਂ ਦੇ ਫੰਦਿਆਂ ਨੂੰ ਚੁੰਮਿਆ ਅਤੇ ਮਿਸਾਲਾਂ ਪੈਦਾ ਕੀਤੀਆਂ। ਆਪਣੀ ਜ਼ਿੰਦਗੀ ਦੇ ਲੰਮੇ ਵਰ੍ਹੇ ਅੰਡੇਮਾਨ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਕੱਟਦਿਆਂ ਗੁਜ਼ਾਰੇ। ਭਿਆਨਕ ਅਣਮਨੁੱਖੀ ਤਸੀਹਿਆਂ ਅੱਗੇ ਵੀ ਈਨ ਨਹੀਂ ਮੰਨੀ ਤੇ ਆਪਣੀ ਜੱਦੋਜਹਿਦ ਜਾਰੀ ਰੱਖੀ। ਅੱਜ ਪੰਜਾਬ ਸਮੇਤ ਭਾਰਤ ਨੂੰ ਮੁੜ ਤਬਦੀਲੀ ਦੇ ਰਾਹ ’ਤੇ ਤੋਰਨ ਲਈ ਇਸ ਧਰਤ ਨੂੰ ਅਜਿਹੇ ਨਾਇਕ ਲੋੜੀਂਦੇ ਹਨ ਜਿਹੜੇ ਮੁਲਕ ਨੂੰ ਮੁੜ ਲੀਹ ’ਤੇ ਲਿਆ ਸਕਣ ਦੀ ਸਮਰੱਥਾ ਰੱਖਦੇ ਹੋਣ।
ਡਾ. ਕੁਲਦੀਪ ਸਿੰਘ
ਗ਼ਦਰੀ ਬਾਬਿਆਂ ਦੀ ਸੰਘਰਸ਼ਸ਼ੀਲ ਜ਼ਿੰਦਗੀ, ਅੰਦਰੂਨੀ ਚਾਲਕ ਸ਼ਕਤੀ ਵਿਚ ਇਖਲਾਕੀ ਜਜ਼ਬਾ, ਸਮਾਜ ਦੀਆਂ ਧੱਕੇਸ਼ਾਹੀਆਂ ਤੇ ਬੇਇਨਸਾਫ਼ੀਆਂ ਖ਼ਿਲਾਫ਼ ਲੜਨ ਦਾ ਜੇਰਾ ਅਤੇ ਵੱਖਰੀ ਕਿਸਮ ਦੇ ਸੁਪਨੇ ਸਮੋਏ ਹੋਏ ਸਨ। ਇਸ ਸਦਕਾ ਉਹ ਹਾਰਾਂ ਨੂੰ ਵੀ ਜਿੱਤਾਂ ਵਿਚ ਬਦਲਣ ਦਾ ਜੇਰਾ ਰੱਖਦੇ ਸਨ। ਆਜ਼ਾਦੀ ਤੋਂ ਬਾਅਦ ਵੀ ਗ਼ਦਰੀ ਬਾਬਿਆਂ ਨੇ ਭਾਰਤੀ ਲੋਕਾਂ ਦੇ ਹਿੱਤਾਂ ਤੇ ਸਰੋਕਾਰਾਂ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਈ ਰੱਖਿਆ। ਦੁਨੀਆਂ ਦੇ ਪ੍ਰਸਿੱਧ ਚਿੰਤਕ ਕਾਰਲ ਮਾਰਕਸ ਦੇ ਤਬਦੀਲੀ ਦੇ ਸਿਧਾਂਤ ਨੂੰ ਸੰਘਰਸ਼ਾਂ ਲਈ ਚਾਨਣ ਮੁਨਾਰਾ ਮੰਨਿਆ ਅਤੇ ਆਪਣੇ ਅੰਦਰ ਇਨਕਲਾਬੀ ਵਿਚਾਰਧਾਰਾ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ। ਗ਼ਦਰੀ ਬਾਬਿਆਂ ਸਾਹਮਣੇ ਭਾਰਤ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਸ਼ਾਨਾ ਸਪਸ਼ਟ ਸੀ ਕਿ ਭਾਰਤ ਵਿਚੋਂ ਬਰਤਾਨਵੀ ਸਾਮਰਾਜ ਨੂੰ ਬਾਹਰ ਕੱਢਣਾ ਹੈ ਅਤੇ ਇੱਥੇ ਭਾਰਤੀ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਵਾਲੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਰਨੀ ਹੈ। ਅਜੋਕੇ ਸਮਿਆਂ ਵਿਚ ਸਮਾਜੀ ਬਣਤਰਾਂ ਦਾ ਮਸਲਾ ਬੜਾ ਪੇਚੀਦਾ ਬਣਿਆ ਹੋਇਆ ਹੈ ਕਿਉਂਕਿ ਵਿਸ਼ਾਲ ਖਿੱਤੇ ਵਿਚ ਫੈਲੇ ਮੁਲਕ ਭਾਰਤ ਦੇ ਲੋਕਾਂ ਦੀ ਆਰਥਿਕ ਤੇ ਸਮਾਜਿਕ ਜ਼ਿੰਦਗੀ ਵਿਚ ਅਸਾਧਾਰਨ ਕਿਸਮ ਦੀ ਵੰਨ-ਸੁਵੰਨਤਾ ਹੈ। ਲੰਬੇ ਸਮੇਂ ਤੋਂ ਇਤਿਹਾਸ ਦਾ ਵਹਾਅ ਬਸਤੀਵਾਦੀ ਵਿਰਾਸਤ ਦੀਆਂ ਕਈ ਵੰਨਗੀਆਂ ਸਮੋਈ ਬੈਠਾ ਹੈ ਜਿਹੜਾ ਇਸ ਦੇ ਸਭਿਆਚਾਰ ਅਤੇ ਵਿਚਾਰਧਾਰਕ ਸਰੂਪ ਨੂੰ ਦੁਨੀਆਂ ਦੇ ਸਭ ਤੋਂ ਪੇਚੀਦਾ ਬਣਤਰ ਵਾਲੇ ਸਮਾਜਾਂ ਵਿਚੋਂ ਇਕ ਬਣਾਉਂਦਾ ਹੈ। ਇਸ ਕਰਕੇ ਭਾਰਤ ਤੇ ਖ਼ਾਸਕਰ ਪੰਜਾਬ ਅਜੋਕੇ ਪੂੰਜੀਵਾਦੀ ਪੈਦਾਵਾਰ ਦੇ ਵਿਕਾਸ ਦੀ ਮਾਰ ਹੀ ਨਹੀਂ ਝੱਲ ਰਿਹਾ ਸਗੋਂ ਪੁਰਾਤਨ ਸਮਿਆਂ ਦੀਆਂ ਬੁਰਾਈਆਂ ਵਿਚ ਵੀ ਵਾਧਾ ਕਰਦਾ ਆ ਰਿਹਾ ਹੈ। ਵੇਲਾ ਵਿਹਾਅ ਚੁੱਕੇ ਸਮਾਜੀ ਟਕਰਾ ਅਤੇ ਸਿਆਸੀ ਦੀਵਾਲੀਆਪਣ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਕਰ ਰਹੇ ਹਨ। ਇਸ ਮੁਲਕ ਵਿਚ ਅਜੀਬ ਤਰ੍ਹਾਂ ਦੀ ਭ੍ਰਿਸ਼ਟ ਸਰਮਾਏਦਾਰੀ ਦਾ ਵਿਕਾਸ ਹੋਇਆ ਹੈ ਜਿਸ ਨੇ ਅਜੋਕੇ ਇਤਿਹਾਸ ਨਾਲ ਨਵੀਆਂ ਅਲਾਮਤਾਂ ਜੋੜ ਦਿੱਤੀਆਂ ਹਨ। ਇਹ ਅਲਾਮਤਾਂ ਸਾਡੇ ਇਖ਼ਲਾਕ ਅਤੇ ਸਭਿਆਚਾਰ ਉੱਪਰ ਆਪਣੀ ਛਾਪ ਛੱਡ ਰਹੀਆਂ ਹਨ। ਭ੍ਰਿਸ਼ਟ, ਫ਼ਿਰਕੂ ਅਤੇ ਅਪਰਾਧੀ ਤੱਤ ਦੇਸ਼ ਦੀ ਮੁੱਖਧਾਰਾ ਬਣਿਆ ਹੋਇਆ ਹੈ। ਭਾਰਤੀ ਸਮਾਜ ਦੀਆਂ ਜਮਾਤਾਂ, ਜਾਤਾਂ, ਧਰਮ, ਬੋਲੀਆਂ, ਇਲਾਕੇ, ਨਸਲੀ ਸਭਿਆਚਾਰ ਅਤੇ ਕੌਮੀਅਤਾਂ ਦੇ ਮਸਲੇ ਤਿੱਖੇ ਅਤੇ ਵਿਸਫੋਟਕ ਬਣੇ ਹੋਏ ਹਨ ਜਿਨ੍ਹਾਂ ਦਾ ਰੂਪ ਦੇਸ਼ ਦੇ ਵੱਖੋ-ਵੱਖਰੇ ਕੋਨਿਆਂ ਵਿਚ ਉੱਭਰਵੇਂ ਰੂਪ ਵਿਚ ਸਾਹਮਣੇ ਆ ਰਿਹਾ ਹੈ। ਗ਼ਦਰੀ ਬਾਬਿਆਂ ਨੇ ਆਪਣੇ ਆਦਰਸ਼ਵਾਦ, ਟੀਚੇ ਅਤੇ ਰਾਜਨੀਤੀ ਸਪਸ਼ਟ ਰੂਪ ਵਿਚ ਲੋਕਾਂ ਦੇ ਸਨਮੁੱਖ ਰੱਖੀ ਸੀ। ਉਸ ਕਿਸਮ ਦੀ ਯੁੱਧਨੀਤਕ ਦ੍ਰਿਸ਼ਟੀ ਅਤੇ ਰਾਜਨੀਤੀ ਅਜੋਕੇ ਭਾਰਤੀ ਸਮਾਜ ਵਿਚ ਕਾਫ਼ੀ ਹੱਦ ਤਕ ਨਿਵਾਣਾਂ ਵੱਲ ਚਲੀ ਗਈ ਹੈ। ਹਾਲਾਂਕਿ ਵੱਖ ਵੱਖ ਪੱਧਰ ਉੱਤੇ ਵਧੇ ਹੋਏ ਆਰਥਿਕ ਵਖਰੇਵਿਆਂ ਕਾਰਨ ਸੰਘਰਸ਼ ਨਿੱਤ ਨਵਾਂ ਰੂਪ ਲੈ ਰਹੇ ਹਨ, ਪਰ ਸਿਆਸੀ ਖੇਤਰ ਵਿਚ ਪਹਿਲਕਦਮੀ ਦੀ ਅਣਹੋਂਦ ਕਰਕੇ ਸਮਾਜ ਦਾ ਆਰਥਿਕ, ਸਮਾਜੀ ਅਤੇ ਇਖ਼ਲਾਕੀ ਸੰਕਟ ਵਿਰੋਧਾਂ ਨੂੰ ਤਿੱਖਾ ਕਰਕੇ ਆਪਸੀ ਟਕਰਾਅ ਨੂੰ ਵਧਾ ਰਿਹਾ ਹੈ। ਸਿਰ ਤੋਂ ਪੈਰਾਂ ਤਕ ਮਾਫ਼ੀਆ ਵਾਂਗ ਨਿੱਘਰਿਆ ਪ੍ਰਬੰਧ ਹੋਰ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ ਜਿਸ ਦਾ ਕੋਈ ਪ੍ਰਭਾਵਸ਼ਾਲੀ ਬਦਲ ਦਿਖਾਈ ਨਹੀਂ ਦਿੰਦਾ। ਦੇਸ਼ ਦੇ ਹਾਕਮ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਖ਼ੁਦ ਹੀ ਮਸਲਾ ਬਣ ਰਹੇ ਹਨ। ਵੱਖੋ ਵੱਖਰੀ ਕਿਸਮ ਦੇ ਮਸਲੇ ਉਭਾਰ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਰ੍ਹੇ ਕੀਤਾ ਜਾ ਰਿਹਾ ਹੈ। ਵਿਡੰਬਣਾ ਇਹ ਹੈ ਕਿ ਲੋਕਾਂ ਨੂੰ ਮੌਜੂਦਾ ਹਾਕਮ ਜਮਾਤਾਂ ਦੀ ਸਿਆਸਤ ਦੇ ਰਹਿਮੋ-ਕਰਮ ਉੱਪਰ ਜਿਊਣਾ ਪੈ ਰਿਹਾ ਹੈ। ਉਹ ਇਸ ਤੋਂ ਦੁਖੀ ਵੀ ਹਨ, ਪੀੜਤ ਵੀ, ਨਿਹੱਥੇ ਵੀ ਅਤੇ ਵਿਚਾਰਧਾਰਕ ਤੌਰ ’ਤੇ ਦਿਸ਼ਾਹੀਣ ਵੀ ਹਨ। ਅਜੋਕੇ ਸਮੇਂ ਗ਼ਦਰੀ ਵਿਰਾਸਤ ਦੇ ਅਹਿਮ ਮੁੱਲਾਂ ਨੂੰ ਬਦਲਵੀਂ ਸਿਆਸਤ ਦੇ ਰੂਪ ਵਿਚ ਵਿਕਸਤ ਕਰਨ ਲਈ ਪ੍ਰੇਰਨਾ ਸਰੋਤ ਸਮਝਣਾ ਚਾਹੀਦਾ ਹੈ। ਇਹ ਕਿਸੇ ਵੀ ਸਮਾਜ ਦੇ ਗ਼ਲਬੇ ਨੂੰ ਪਰ੍ਹੇ ਕਰਨ ਲਈ ਸੰਘਰਸ਼ ਦੀ ਕਾਮਯਾਬੀ ਲਈ ਜ਼ਰੂਰੀ ਹੈ। ਹਰ ਸਮੇਂ ਲੋਕਾਂ ਦੀ ਤਾਕਤ ਨੂੰ ਸੰਘਰਸ਼ਾਂ ਵਿਚ ਇਨਕਲਾਬੀ ਚੇਤਨਤਾ ਦਾ ਰੰਗ ਚਾੜ੍ਹਨ ਤੋਂ ਉੱਪਰ ਉੱਠ ਕੇ ਬਦਲਵੀਂ ਰਾਜਨੀਤੀ ਦਾ ਨਕਸ਼ਾ ਲੋਕਾਂ ਦੇ ਸਨਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਦਰੀ ਬਾਬਿਆਂ ਨੇ ਜਿਵੇਂ ਆਪਣੇ ਟੀਚਿਆਂ ਵਿਚ ਰੱਖਿਆ ਸੀ ਅਤੇ ਬਾਅਦ ਵਿਚ ਭਗਤ ਸਿੰਘ ਹੋਰਾਂ ਨੇ ਸਮਾਜ ਦੀ ਕਾਇਆ-ਕਲਪ ਲਈ ਸਮਾਜਵਾਦੀ ਮਾਡਲ ਦਾ ਨਕਸ਼ਾ ਲੋਕਾਂ ਅੱਗੇ ਪੇਸ਼ ਕੀਤਾ ਸੀ। ਦਰਅਸਲ, ਗ਼ਦਰ ਪਾਰਟੀ ਨੇ ਗ਼ਦਰੀ ਬਾਬਿਆਂ ਵੱਲੋਂ ਮੁੱਦਿਆਂ ਉੱਪਰ ਆਧਾਰਿਤ ਹਕੀਕੀ ਰਾਜਨੀਤੀ ਪੇਸ਼ ਕਰਨ ਦਾ ਕਾਰਜ ਕੀਤਾ। ਅੱਜ ਦੇ ਸਮਾਜ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਵਿਚ ਸੰਘਰਸ਼ਸ਼ੀਲ ਹਿੱਸਿਆਂ ਨੂੰ ਸਵੈ-ਵਿਸ਼ਲੇਸ਼ਣ ਦੀ ਪ੍ਰਕਿਰਿਆ ਵਿਚ ਸ਼ਾਮਿਲ ਹੋਣਾ ਪਵੇਗਾ। ਵਾਤਾਵਰਣ ਉੱਪਰ ਅੰਦੋਲਨ, ਦਲਿਤਾਂ ਦੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਮਸਲਿਆਂ ਉੱਪਰ ਸੰਘਰਸ਼, ਧਾਰਮਿਕ ਤੇ ਸਭਿਆਚਾਰਕ ਤੌਰ ’ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦਾ ਸਵਾਲ ਆਦਿ ਕਈ ਕਿਸਮ ਦੀਆਂ ਨਵੀਆਂ ਸਮਾਜਿਕ ਲਹਿਰਾਂ ਸੰਘਰਸ਼ ਸਦਕਾ ਆਪਣਾ ਰਾਹ ਤਲਾਸ਼ਣ ਲੱਗੀਆਂ ਹਨ। ਮਜ਼ਦੂਰ ਅਤੇ ਕਿਸਾਨ ਇੱਥੋਂ ਤਕ ਨੌਜਵਾਨਾਂ ਦੇ ਕਈ ਵਰਗ ਆਪੋ-ਆਪਣੀਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਦੇ ਰਸਤੇ ਉੱਪਰ ਪਏ ਹੋਏ ਹਨ, ਪਰ ਯੁੱਧਨੀਤਕ ਨਿਸ਼ਾਨੇ ਦੀ ਅਸਪੱਸ਼ਟਤਾ ਕਾਰਨ ਲੋਕਪੱਖੀ ਸਿਆਸਤ ਬਦਲਵਾਂ ਧਰਾਤਲ ਵਿਕਸਤ ਕਰਨ ਤੋਂ ਅਸਮਰੱਥ ਜਾਪਦੀ ਹੈ। ਬਦਲਵੀਂ ਰਾਜਨੀਤੀ ਦਾ ਕਾਰਜ ਮੁਸ਼ਕਿਲ ਜ਼ਰੂਰ ਹੈ, ਪਰ ਇਹ ਅਸੰਭਵ ਨਹੀਂ। ਅਜਿਹੇ ਹਾਲਾਤ ਵਿਚ ਗ਼ਦਰੀ ਵਿਰਾਸਤ ਦਾ ਤਕਾਜ਼ਾ ਅਜੋਕੇ ਤਬਦੀਲੀ ਵਾਲੇ ਹਿੱਸਿਆਂ ਨੂੰ ਰਾਜਨੀਤਕ ਤਬਦੀਲੀਆਂ ਵਾਲੇ ਨਾਇਕ ਬਣਾਉਣ ਦੀ ਸਮਰੱਥਾ ਰੱਖਦਾ ਹੈ। ਤਬਦੀਲੀ ਜ਼ਰੀਏ ਬਿਹਤਰ ਸਮਾਜ ਸਿਰਜਣ ਦੀਆਂ ਸੰਭਾਵਨਾਵਾਂ ਪਹਿਲੇ ਸਮਿਆਂ ਦੇ ਮੁਕਾਬਲਤਨ ਕਿਤੇ ਵਸੀਹ ਹਨ। ਜੇਕਰ ਇਨ੍ਹਾਂ ਸੰਭਾਵਨਾਵਾਂ ਨੂੰ ਸਹੀ ਸੰਦਰਭ ਵਿਚ ਵਿਕਸਿਤ ਨਾ ਕੀਤਾ ਜਾਵੇ ਤਾਂ ਸਮੇਂ ਦੇ ਹਾਕਮ ਇਨ੍ਹਾਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤ ਲੈਂਦੇ ਹਨ। ਇਸ ਲਈ ਗ਼ਦਰੀ ਵਿਰਾਸਤ ਨੂੰ ਬਦਲਵੀਂ ਰਾਜਨੀਤੀ ਦੇ ਪ੍ਰਸੰਗ ’ਚ ਅਜੋਕੀਆਂ ਚੁਣੌਤੀਆਂ ਦੇ ਸਨਮੁੱਖ ਰੱਖ ਕੇ ਕਾਰਜ ਕਰਨੇ ਚਾਹੀਦੇ ਹਨ। ਤੱਤਸਾਰ ਇਹ ਹੈ ਕਿ ਆਪਣੀ ਜਦੋਜਹਿਦ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੈ। ਅਜੋਕੇ ਮਾਹੌਲ ਵਿਚ ਗ਼ਦਰੀ ਬਾਬਿਆਂ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਵਿਚਾਰਧਾਰਾ ਦੀ ਕੀਮਤ ਹੋਰ ਵੀ ਵਧ ਗਈ ਹੈ।
* ਸਿੱਖਿਆ ਤੇ ਸਮੁਦਾਇ ਸੇਵਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਬਾ ਸੋਹਨ ਸਿੰਘ ਭਕਨਾ
ਸ਼ਹੀਦ ਕਰਤਾਰ ਸਿੰਘ ਸਰਾਭਾ
- ਰਣਧੀਰ ਸਿੰਘ*
(ਕਿਤਾਬਚਾ: ਗਦਰੀ ਸੂਰਬੀਰ, ਪ੍ਰੋਗਰੈਸਿਵ ਪਬਲੀਕੇਸ਼ਨ 114, ਮੈਕਲੋਡ ਰੋਡ, ਲਾਹੌਰ, ਜਨਵਰੀ 1947 ਚੋਂ) * ਰਣਧੀਰ ਸਿੰਘ ਪ੍ਰਸਿੱਧ ਚਿੰਤਕ ਸਨ। ਉਹ ਦਿੱਲੀ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਸਨ। ਉਨ੍ਹਾਂ ਦੇ ਲੈਕਚਰਾਂ ਦੌਰਾਨ ਕਲਾਸ ਰੂਮ ਵਿਚ ਏਨੀ ਭੀੜ ਆ ਜੁੜਦੀ ਸੀ ਕਿ ਵਿਦਿਆਰਥੀ ਕਮਰੇ ਤੋਂ ਬਾਹਰ ਖੜ੍ਹ ਕੇ ਵੀ ਉਨ੍ਹਾਂ ਦੇ ਲੈਕਚਰ ਸੁਣਦੇ ਸਨ। ਰਣਧੀਰ ਸਿੰਘ ਹੋਰਾਂ ਨੇ ਰਣਧੀਰ ਸਿੰਘ ਜੋਸ਼ ਦੇ ਨਾਂ ਹੇਠ ਪੰਜਾਬੀ ਵਿਚ ਕਵਿਤਾ ਵੀ ਲਿਖੀ, ‘ਰਾਹਾਂ ਦੀ ਧੂੜ’।ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ