ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ

ਗੁਰਪ੍ਰੀਤ ਸਿੰਘ ਤੂਰ ਸਮੇਂ ਦੀ ਚਾਲ

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ’ - ਵਿਆਹ ਨੂੰ ਦੋ ਰੂਹਾਂ ਦਾ ਮੇਲ ਆਖਿਆ ਗਿਆ ਹੈ। ਆਨੰਦ ਕਾਰਜ ਸਮੇਂ ਚਾਰ ਲਾਵਾਂ ਦਾ ਪਾਠ, ਗੁਰਬਾਣੀ ਅਨੁਸਾਰ ਵਿਆਹੁਤਾ ਜੀਵਨ ਲਈ ਸਿੱਖਿਆ ਅਤੇ ਅਸੀਸ ਹੈ। ਏਨਾ ਹੀ ਨਹੀਂ ਇਸ ਸਫ਼ਰ ਨੂੰ ਅਧਿਆਤਮਕ ਸਫ਼ਰ ਦਾ ਦਰਜਾ ਹਾਸਿਲ ਹੈ। ਕਿਹਾ ਜਾਂਦਾ ਹੈ ਕਿ ਮਨੁੱਖੀ ਜ਼ਿੰਦਗੀ ਦੇ ਇਸ ਅਹਿਮ ਰਿਸ਼ਤੇ ਨੂੰ ਅੰਬਰਾਂ ’ਤੇ ਤੈਅ ਕਰ ਕੇ ਧਰਤੀ ’ਤੇ ਲਾਗੂ ਕੀਤਾ ਜਾਂਦਾ ਹੈ। ‘ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ’ - ਲੋਕ ਗੀਤਾਂ ਵਿੱਚ ਵੀ ਅਜਿਹਾ ਜ਼ਿਕਰ ਹੈ। ਵਿਆਹ ਨੂੰ ਪਵਿੱਤਰ ਰਸਮ ਮੰਨਿਆ ਗਿਆ ਹੈ। ਪਰ ਸਮੇਂ ਦੇ ਨਾਲ-ਨਾਲ ਇਹ ਪਵਿੱਤਰ ਰਸਮ ਬਹੁਤ ਮਹਿੰਗੀ ਤੇ ਕਈ ਕੁਰੀਤੀਆਂ ਦਾ ਸ਼ਿਕਾਰ ਹੋ ਗਈ ਹੈ। ਵਿਆਹ ਦੇ ਗਾਉਣ: ਅਤੀਤ ਅਤੇ ਵਰਤਮਾਨ ਦੇ ਫਾਸਲੇ ਨੇ ਸਾਡੇ ਸੱਭਿਆਚਾਰ ਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਕਣਕ ਨੂੰ ਭਿਉਂਣ-ਸੁਕਾਉਣ ਤੇ ਦਾਲ਼ਾਂ ਦੀ ਸਫ਼ਾਈ ਨਾਲ ਵਿਆਹ ਦੀਆਂ ਤਿਆਰੀਆਂ ਮਹੀਨਾ-ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀਆਂ ਸਨ। ਕੰਧਾਂ-ਕੰਧੋਲੀਆਂ ’ਤੇ ਪਰੋਲਾ ਫੇਰਦੀਆਂ ਔਰਤਾਂ ਅਤੇ ਬਨੇਰਿਆਂ ਨੂੰ ਰੰਗ ਕਰਨ ਵਾਲੇ ਕਾਮੇ ਵਿਆਹ ਦੀਆਂ ਖ਼ੁਸ਼ੀਆਂ ਦਾ ਪਹਿਲਾ ਪੂਰ ਹੁੰਦੇ ਸਨ। ਦਰਜੀ ਘਰ ਬਿਠਾਇਆ ਜਾਂਦਾ। ਭੱਠੀ ਚੜ੍ਹਨ ਵਾਲਾ ਦਿਨ ਵਿਆਹ ਦੀਆਂ ਖ਼ੁਸ਼ੀਆਂ ਵਿੱਚ ਚੋਖਾ ਵਾਧਾ ਕਰ ਜਾਂਦਾ। ਅਗਲੇ ਦਿਨ ਦਰਵਾਜ਼ਿਆਂ ਨਾਲ ਕੇਲਿਆਂ ਦੀਆਂ ਗੇਲੀਆਂ ਗੱਡ ਦਿੱਤੀਆਂ ਜਾਂਦੀਆਂ ਅਤੇ ਘਰ ਨੂੰ ਰੰਗ-ਬਿਰੰਗੀਆਂ ਝੰਡੀਆਂ ਨਾਲ ਸ਼ਿੰਗਾਰਿਆ ਜਾਂਦਾ। ਖੁਸ਼ਬੋਆਂ ਤੇ ਰੰਗਾਂ ਦਾ ਜਿਵੇਂ ਕੋਈ ਮੁਕਾਬਲਾ ਹੋਵੇ। ਰੋਟੀ-ਟੁੱਕ ਤੋਂ ਵਿਹਲੀਆਂ ਹੋ ਕੇ ਆਂਢ-ਗੁਆਂਢ ਦੀਆਂ ਔਰਤਾਂ ਵਿਆਹ ਵਾਲੇ ਘਰ ਗੀਤ ਗਾਉਣ ਆਉਂਦੀਆਂ। ਲੰਬੀ ਹੇਕ ਵਾਲੇ ਗੀਤ ਤੇ ਫੇਰ ਟਿਕੀ ਰਾਤ ਵਿਚ ਦੇਰ ਤੱਕ ਗਿੱਧਾ ਪੈਂਦਾ। ਆਵਾਜ਼ ਸਾਫ਼ ਸੁਣਾਈ ਦਿੰਦੀ: ‘‘ਧੀਆਂ ਲੰਘ ਚੱਲੀਆਂ, ਬਾਬਲ ਵਾਲਾ ਬੂਹਾ ਧੀਆਂ ਚੱਲੀਆਂ, ਮਾਏ ਤੇਰਾ ਦਿਲ ਕੀਕੂ ਲੱਗੂ ਗਾ।’’ ਮਾਂ ਦਾ ਉਦਾਸ ਚਿਹਰਾ ਦੇਖ ਕੇ ਧੀ ਹੌਂਸਲੇ ਭਰਿਆ ਮੋੜਾ ਆਪ ਹੀ ਦਿੰਦੀ: ‘‘ਤੰਦ ਚਰਖੇ ਦੇ ਪਾਵੇਂਗੀ, ਤੂੰਬਾ ਉੱਥੇ ਈ ਵੱਜੂ ਗਾ।’’ ਆਖ਼ਰੀ ਦੋਵੇਂ ਲਾਈਨਾਂ ਤਿੰਨ-ਚਾਰ ਵਾਰ ਦੁਹਰਾਈਆਂ ਜਾਂਦੀਆਂ। ਝਾਲ ਵਾਲੇ ਪੁਲ ਦੀ ਆਵਾਜ਼ ਵਾਂਗ ਗਿੱਧੇ ਦੀ ਧਮਾਲ ਪੈਂਦੀ। ਸਮੇਂ ਦੀ ਚਾਲ ਨਾਲ ਇਸ ਸਮਾਗਮ ਦਾ ਸਮਾਜਿਕ ਤੇ ਸੱਭਿਆਚਾਰਕ ਪਤਨ ਹੋ ਰਿਹਾ ਹੈ। ਇਸ ਮਹੀਨੇ ਇੱਕ ਲੇਡੀਜ਼ ਸੰਗੀਤ ਸਮਾਗਮ ’ਤੇ ਅਸੀਂ ਦੇਰ ਰਾਤ ਪਹੁੰਚੇ। ਟੈਂਟ ਵਾਲੇ ਗੇਟ ਦੇ ਆਸੇ-ਪਾਸੇ ਬੈਠੇ ਕੁੱਤੇ ਹੱਡੀਆਂ ਚੱਬ ਰਹੇ ਸਨ। ਮੇਜ਼ ਗਲਾਸਾਂ ਤੇ ਬੋਤਲਾਂ ਨਾਲ ਭਰੇ ਪਏ। ਡੀ.ਜੇ. ਦੇ ਬੋਲ ਸਨ, ‘‘ਐਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ, ਐਵੇਂ ਸੁੱਕੀ ਵੋਦਕਾ ਨਾ ਚਾੜ੍ਹਿਆ ਕਰੋ, ਥੋੜ੍ਹਾ ਬਹੁਤਾ ਲਿਮਕਾ ਵੀ ਪਾ ਲਿਆ ਕਰੋ।’’ ਬੱਚਿਆਂ ਤੋਂ ਵੱਡਿਆਂ ਤੱਕ ਡਾਂਸ ਫਲੋਰ ’ਤੇ ਘਸਮਾਣ ਪੈਂਦਾ ਸੀ। ਅਜਿਹੇ ਸ਼ਗਨਾਂ ਭਰੇ ਮੌਕਿਆਂ ’ਤੇ ਅਜਿਹੀ ਸ਼ਬਦਾਵਲੀ ਵਾਲੇ ਗੀਤ ਅਥਾਹ ਮੰਦਭਾਗੇ ਹਨ। ...ਹਾਏ ਓ, ਆਪਣਾ ਪੰਜਾਬ ਓਏ। ਹੋਰ ਸੂਬਿਆਂ ਵਿੱਚ ਵਿਆਹਾਂ ’ਤੇ ਸ਼ਰਾਬ ਦਾ ਖੁੱਲਮ-ਖੁੱਲ੍ਹਾ ਸੇਵਨ ਨਹੀਂ ਹੈ ਭਾਵੇਂ ਪਰਦੇ ਪਿੱਛੇ ਇਸ ਦੀ ਸੀਮਤ ਵਰਤੋਂ ਹੁੰਦੀ ਹੋਵੇ, ਪਰ ਸਾਡੇ ਵਾਂਗ ਸਜਾ-ਸਜਾ ਕੇ ਸ਼ਰਾਬ ਦੇ ਸਟਾਲ ਹੋਰ ਕਿਤੇ ਵੀ ਨਹੀਂ ਲੱਗਦੇ। ਦਸ-ਬਾਰਾਂ ਸਾਲ ਪੁਰਾਣੀ ਗੱਲ ਹੈ। ਪੰਜਾਬ ਦੇ ਤਿੰਨ ਅਧਿਕਾਰੀ ਆਪਣੇ ਸਾਥੀ ਅਫ਼ਸਰ ਦੇ ਸੱਦੇ ’ਤੇ ਦੱਖਣੀ ਭਾਰਤ ਦੇ ਇੱਕ ਸ਼ਹਿਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਮੇਜ਼ਬਾਨ ਅਫ਼ਸਰ ਨੇ ਬੇਨਤੀ ਕੀਤੀ ਕਿ ਸਾਡੇ ਇੱਥੇ ਵਿਆਹਾਂ ਵਿੱਚ ਸ਼ਰਾਬ ਪ੍ਰਚੱਲਿਤ ਨਹੀਂ ਹੈ, ਪਰ ਹੋਟਲ ਦੇ ਕਮਰੇ ਵਿੱਚ ਅਜਿਹਾ ਪ੍ਰਬੰਧ ਕੀਤਾ ਜਾ ਸਕਦਾ ਹੈ। ਘੰਟੇ ਕੁ ਬਾਅਦ ਉਸ ਨੇ ਇੱਕ ਹੋਰ ਬੇਨਤੀ ਕੀਤੀ ਕਿ ਇਸੇ ਹੋਟਲ ਵਿੱਚ ਵਿਆਹ ਸਮਾਗਮ ਨਾਲ ਸਬੰਧਤ ਹੋਰ ਮਹਿਮਾਨ ਵੀ ਠਹਿਰੇ ਹੋਏ ਹਨ, ਸੋ ਪਤਾ ਲੱਗ ਜਾਣ ਦੇ ਡਰੋਂ ਹੋਟਲ ਵਿੱਚ ਸ਼ਰਾਬ ਦੇ ਪ੍ਰਬੰਧ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ। ਲੇਕਿਨ ਸਾਡੇ ਵਿਆਹਾਂ ਵਿੱਚ ਸ਼ਰਾਬ ਦੇ ਸੇਵਨ ਨੂੰ ਰੋਕਣ ਲਈ ਅਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਦਬਾਓ ਨਹੀਂ ਹੈ। ਪੁਰਾਣੇ ਸਮਿਆਂ ਵਿੱਚ ਘਰਾਂ ਵਿੱਚ ਹੀ ਆਨੰਦ ਕਾਰਜ ਹੁੰਦੇ ਸਨ। ਇੱਕ ਬੱਚੀ ਉੱਠ ਕੇ ਸਿੱਖਿਆ ਪੜ੍ਹਦੀ ਤਾਂ ਸਭ ਦੀਆ ਅੱਖਾਂ ਨਮ ਹੋ ਜਾਂਦੀਆਂ। ਚੰਗੀ ਦਿੱਖ ਵਾਲਾ ਕੋਈ ਵਿਅਕਤੀ ਦੋਵੇਂ ਪਰਿਵਾਰਾਂ ਲਈ ਮਾਣ-ਮੱਤੇ ਅਤੇ ਮੋਹ-ਭਿੱਜੇ ਬੋਲ ਬੋਲਦਾ। ਉੱਥੇ ਬੈਠਾ ਹਰ ਵਿਅਕਤੀ ਮਨ ਹੀ ਮਨ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਤੋਲਣ ਲੱਗ ਜਾਂਦਾ ਸੀ। ਅਜਿਹੀ ਮਾਨਸਿਕਤਾ ਵਿੱਚੋਂ ਉੱਠ ਕੇ ਸ਼ਰਾਬ ਪੀਣ ਬੈਠ ਜਾਣਾ ਸੰਭਵ ਹੀ ਨਹੀਂ ਹੁੰਦਾ ਸੀ।

ਗੁਰਪ੍ਰੀਤ ਸਿੰਘ ਤੂਰ

ਅਨੇਕਾਂ ਤਰ੍ਹਾਂ ਦੇ ਪਕਵਾਨ ਅਤੇ ਖਾਣ-ਪੀਣ ਦੀਆਂ ਵਸਤਾਂ ਨੂੰ ਵਿਅਰਥ ਗਵਾਉਣਾ ਸਾਡੇ ਵਿਆਹਾਂ ਦੀ ਅਗਲੀ ਵਿਸ਼ੇਸ਼ ਊਣਤਾਈ ਹੈ। ਅਕਸਰ ਹੀ ਵਿਆਹ ਸਮਾਗਮਾਂ ਦੌਰਾਨ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਅੰਤਰ ਢਾਈ-ਤਿੰਨ ਘੰਟਿਆਂ ਤੋਂ ਵੱਧ ਨਹੀਂ ਹੁੰਦਾ ਅਤੇ ਵਿਚਕਾਰਲਾ ਸਮਾਂ ਵੀ ਖਾਣ-ਪੀਣ ਦੇ ਅਨੇਕਾਂ ਪਕਵਾਨਾਂ ਨਾਲ ਤੂਸਿਆ ਪਿਆ ਹੁੰਦਾ ਹੈ। ਕਿਰਤ ਵਿੱਚ ਰੁੱਝੇ ਤੇ ਗੁੜ ਦੀ ਰੋੜੀ ਨਾਲ ਮੂੰਹ ਸੁਆਦਲਾ ਕਰਨ ਵਾਲੇ ਲੋਕ ਅੱਜ ਸਵੀਟ ਡਿਸ਼ਜ ਦੇ ਕੈਟਾ-ਲਾਗਜ਼ ਖੋਲ੍ਹ ਕੇ ਬਹਿ ਗਏ ਹਨ। ਇੰਡੀਅਨ, ਸਾਊਥ ਇੰਡੀਅਨ, ਇਟਾਲੀਅਨ, ਚਾਈਨੀਜ਼, ਰਸ਼ੀਅਨ ਤੇ ਸੀ ਫੂਡਜ਼ - ਵਿਆਹਾਂ ਮੌਕੇ ਕਈ ਤਰ੍ਹਾਂ ਦੇ ਖਾਣੇ ਪਰੋਸੇ ਜਾਂਦੇ ਹਨ। ਅਜਿਹੇ ਵਿਆਹਾਂ ’ਤੇ ਖਾਣੇ ਦਾ ਖਰਚਾ ਦੋ ਹਜ਼ਾਰ ਰੁਪਏ ਪ੍ਰਤੀ ਪਲੇਟ ਤੋਂ ਸ਼ੁਰੂ ਹੋ ਕੇ ਤਿੰਨ ਹਜ਼ਾਰ ਤੱਕ ਪੁੱਜ ਜਾਂਦਾ ਹੈ। ਵਿਆਹਾਂ ’ਤੇ ਜਦੋਂ ਅਸੀਂ ਪਲੇਟਾਂ ਵਿੱਚ ਖਾਣਾ ਪਾ ਰਹੇ ਹੁੰਦੇ ਹਾਂ ਤਾਂ ਉਸੇ ਪਲੇਟ ਵਿੱਚ ਕਿਸੇ ਬੇਵੱਸ ਧੀ ਦੇ ਹੰਝੂ ਅਤੇ ਕਿਸੇ ਅਭਾਗੇ ਬਾਬਲ ਦਾ ਪਸੀਨਾ ਪਹਿਲਾਂ ਹੀ ਮੌਜੂਦ ਹੁੰਦਾ ਹੈ। ਵਿਆਹਾਂ ’ਤੇ ਅਥਾਹ ਖਰਚੇ ਸਭ ਤੋਂ ਵੱਡੀ ਚੁਣੌਤੀ ਹਨ। ਵਿਆਹ ਸਮਾਗਮਾਂ ਨੂੰ ਬਹੁਤ ਵਧਾ ਲਿਆ ਗਿਆ ਹੈ, ਰੋਕ, ਮੰਗਣਾ, ਪ੍ਰੀ-ਵੈਡਿੰਗ ਸ਼ੂਟ, ਲੇਡੀਜ਼ ਸੰਗੀਤ, ਵਿਆਹ, ਰਿਸੈਪਸ਼ਨ। ਉਹ ਲੋਕ ਕਿੱਥੇ ਚਲੇ ਗਏ ਜੋ ਧੀ ਆਖ, ਸਿਰ ’ਤੇ ਹੱਥ ਰੱਖ, ਚੁੰਨੀ ਚੜ੍ਹਾ ਲਿਆਉਂਦੇ ਸਨ। ਵਿਆਹਾਂ ਦੇ ਖ਼ਰਚਿਆਂ ਨਾਲ ਗ਼ਰੀਬ ਪਰਿਵਾਰਾਂ ਸਿਰ ਕਰਜ਼ਾ ਚੜ੍ਹ ਜਾਂਦਾ ਹੈ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਜਾਇਦਾਦ ਵਿਕ ਜਾਂਦੀ ਹੈ। ਅਮੀਰ ਲੋਕ ਮਹਿੰਗੇ ਵਿਆਹਾਂ ਦੇ ਪੂਰਨੇ ਪਾਉਂਦੇ ਹਨ ਅਤੇ ਵਿਆਹਾਂ ’ਤੇ ਅਥਾਹ ਖ਼ਰਚਿਆਂ ਨੂੰ ਆਪਣੀ ਇੱਜ਼ਤ ਵਾਲੀ ਗੱਲ ਦਰਸਾਉਂਦੇ ਹਨ। ਵੱਡਿਆਂ ਨਾਲ ਮੱਥਾ ਲਾਉਣ ਦੀ ਤਾਂਘ, ਦਿਖਾਵੇ ਦੀ ਲਾਲਸਾ ਅਤੇ ਮੁਕਾਬਲੇ ਦੀ ਦੌੜ- ਸਾਂਝੇ ਤੌਰ ’ਤੇ ਵਿਆਹਾਂ ਦੇ ਵੱਡੇ ਖ਼ਰਚਿਆਂ ਦਾ ਕਾਰਨ ਬਣਦੇ ਹਨ। ਵਿਦੇਸ਼ਾਂ ਤੋਂ ਆਏ ਰਿਸ਼ਤਿਆਂ ਅਤੇ ਆਈਲੈਟਸ ਦੇ ਨੰਬਰਾਂ ਨੇ ਇਨ੍ਹਾਂ ਖ਼ਰਚਿਆਂ ਦੀ ਰਫ਼ਤਾਰ ਨੂੰ ਤੇਜ਼ ਕੀਤਾ ਹੈ। ਪੈਲੇਸ ਵਿੱਚ ਹੋਣ ਵਾਲਾ ਹਰ ਵਿਆਹ ਚੌਵੀ-ਪੱਚੀ ਲੱਖ ਤੋਂ ਸ਼ੁਰੂ ਹੋ ਕੇ ਕਰੋੜ-ਕਰੋੜ ਨੂੰ ਅੱਪੜ ਜਾਂਦਾ ਹੈ। ਪਿਛਲੇ ਵਰ੍ਹੇ ਇੱਕ ਵਿਆਹ ’ਤੇ ਅੱਸੀ ਲੱਖ ਰੁਪਏ ਖ਼ਰਚ ਹੋਏ, ਪਰ ਉਹ ਬਦਕਿਸਮਤ ਰਿਸ਼ਤਾ ਜਿਸ ਦੀ ਖ਼ੁਸ਼ੀ ਵਿੱਚ ਚਾਰ ਲੱਖ ਸਜਾਵਟੀ ਫੁੱਲਾਂ ਦਾ ਹੀ ਖ਼ਰਚਾ ਹੋਇਆ ਸੀ, ਚਾਲੀ ਦਿਨਾਂ ਦੇ ਅੰਦਰ-ਅੰਦਰ ਟੁੱਟ ਗਿਆ। ਵਿਦੇਸ਼ਾਂ ਤੋਂ ਆਏ ਪ੍ਰੀ-ਵੈਡਿੰਗ ਸ਼ੂਟ ਨਾਮ ਦੇ ਇੱਕ ਹੋਰ ਰਿਵਾਜ ਨੇ ਸਾਡਾ ਬੂਹਾ ਖੜਕਾਇਆ ਹੈ। ਲੋਹੜੀ ਦੇ ਦਿਨਾਂ ਦੀ ਗੱਲ ਹੈ ਕਿ ਸਾਨੂੰ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਬੱਸੀਆਂ ਰੈਸਟ ਹਾਊਸ ਵਿਖੇ ਜਾਣ ਦਾ ਮੌਕਾ ਮਿਲਿਆ। ਚਹਿਲ-ਪਹਿਲ ਸੀ। ਮੈਂ ਖ਼ੁਸ਼ ਹੋਇਆ ਤੇ ਆਪਣੀ ਪਤਨੀ ਨੂੰ ਆਖਿਆ ਕਿ ਲੋਕਾਂ ਦੀ ਇਤਿਹਾਸ ਵਿੱਚ ਜਾਗਰੂਕਤਾ ਵਧੀ ਹੈ। ਖ਼ਾਸ ਤੌਰ ’ਤੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਅਜਿਹੇ ਮਾਣ ਦਾ ਹੱਕ ਰੱਖਦੀ ਹੈ। ‘‘ਵਿਆਹ ਕਰਵਾਉਣ ਵਾਲੇ ਬੱਚੇ ਇੱਥੇ ਪ੍ਰੀ ਵੈਡਿੰਗ ਸ਼ੂਟ ਲਈ ਆਏ ਹੋਏ ਹਨ,’’ ਮੇਰੀ ਪਤਨੀ ਨੇ ਮੈਨੂੰ ਯਥਾਰਥ ਦੇ ਧਰਾਤਲ ’ਤੇ ਮੋੜ ਲਿਆਂਦਾ। ਪੁਰਾਤਨ, ਇਤਿਹਾਸਕ ਅਤੇ ਰੌਲੇ-ਰੱਪੇ ਤੋਂ ਦੂਰ ਖੇਤਾਂ ਵਿੱਚ ਸਥਿਤ ਇਹ ਯਾਦਗਾਰ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ। ਉਸ ਸਮੇਂ ਅੱਠ-ਦਸ ਜੋੜੇ ਫੋਟੋਆਂ ਕਰਵਾ ਰਹੇ ਸਨ। ਹਰ ਇੱਕ ਨਾਲ ਇੱਕ-ਇੱਕ, ਦੋ-ਦੋ ਕੈਮਰਿਆਂ ਵਾਲੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਵਿਚਕਾਰ ਜਿਹੇ ਅਸੀਂ ਇੱਕ ਬੈਂਚ ’ਤੇ ਬੈਠ ਗਏ। ਇੱਕੀ ਕੁ ਵਰ੍ਹਿਆਂ ਦੀ ਇੱਕ ਲੜਕੀ ਨੂੰ ਫੋਟੋਗ੍ਰਾਫ਼ਰ ਆਦੇਸ਼ ਦੇ ਰਿਹਾ ਸੀ, ‘‘ਚੁੰਨੀ ਸਿਰ ਤੋਂ ਥੋੜ੍ਹੀ ਥੱਲੇ ਕਰੋ, ਹੋਰ ਸਰਕਾ ਦਿਓ, ਹੋਰ ਝੁਕ ਜਾਓ, ਦੋਵੇਂ ਬਾਹਵਾਂ ਉਨ੍ਹਾਂ ਦੇ ਗਲ ਵਿੱਚ ਪਾ ਲਵੋ।’’ ਮੈਥੋਂ ਰਿਹਾ ਨਾ ਗਿਆ ਤੇ ਮੈਂ ਫੋਟੋਗ੍ਰਾਫ਼ਰ ਨੂੰ ਆਵਾਜ਼ ਮਾਰੀ, ਪਰ ਝੱਟ-ਪੱਟ ਮੇਰੀ ਪਤਨੀ ਨੇ ਮੈਨੂੰ ਵਰਜਿਆ, ‘‘ਇਹ ਪਬਲਿਕ ਪਲੇਸ ਹੈ ਅਤੇ ਫੋਟੋਗ੍ਰਾਫ਼ੀ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੈ।’’ ਉਹ ਬੈਂਚ ਤੋਂ ਉੱਠ ਕੇ ਇੰਝ ਖੜ੍ਹੀ ਹੋ ਗਈ ਕਿ ਮੈਂ ਉਨ੍ਹਾਂ ਨੂੰ ਆਸਾਨੀ ਨਾਲ ਵੇਖ ਨਾ ਸਕਾਂ। ‘‘ਬਾਅਦ ਵਿੱਚ ਗੱਲ ਕਰਦੇ ਹਾਂ,’’ ਉਸ ਨੇ ਥੋੜ੍ਹਾ ਰੁਕ ਕੇ ਆਖਿਆ। ਘੰਟਾ ਕੁ ਬਾਅਦ ਜਦੋਂ ਅਸੀਂ ਵਾਪਸ ਚੱਲਣ ਲੱਗੇ ਤਾਂ ਪਾਰਕਿੰਗ ਵਿੱਚ ਸਾਦਾ ਪਹਿਰਾਵਾ, ਹੱਥ ਵਿੱਚ ਝੋਲਾ ਫੜੀ ਖੜ੍ਹੇ ਇੱਕ ਬਜ਼ੁਰਗ ਵਿਅਕਤੀ ਨਾਲ ਮੈਂ ਗੱਲਾਂ ਕਰਨ ਲੱਗਾ। ‘‘ਜਿਸ ਲੜਕੀ ਨਾਲ ਤੁਸੀਂ ਗੱਲਾਂ ਕਰ ਰਹੇ ਸੀ ਉਹ ਮੇਰੀ ਪੋਤਰੀ ਹੈ,’’ ਉਨ੍ਹਾਂ ਨੇ ਦੱਸਿਆ। ਬਾਹਰਲੇ ਮੁਲਕ ਵੀਜ਼ਾ ਦੇਣ ਲਈ ਇਹ ਫੋਟੋਆਂ ਮੰਗਵਾਉਂਦੇ ਆ ਨਾ- ਉਨ੍ਹਾਂ ਨੇ ਮੈਨੂੰ ਪੁੱਛਿਆ ਜਾਂ ਦੱਸਿਆ, ਮੈਂ ਇਸ ਗੱਲ ਦਾ ਅੰਦਾਜ਼ਾ ਨਾ ਲਾ ਸਕਿਆ। ਵੱਧ ਖ਼ਰਚਿਆਂ ਦੇ ਨਾਲ-ਨਾਲ ਇਸ ਰਿਵਾਜ ਨੇ ਔਰਤ ਦੇ ਸਨਮਾਨ ਨੂੰ ਘਟਾਇਆ ਹੈ ਅਤੇ ਜਵਾਨੀ ਤੋਂ ਉਡੀਕ ਦੀਆਂ ਖ਼ੁਸ਼ੀਆਂ ਖੋਹ ਲਈਆਂ ਹਨ। ਸੰਗ-ਸ਼ਰਮ ਤੋਂ ਵਾਂਝੀ ਜ਼ਿੰਦਗੀ ਦੀ ਹੋਂਦ ਬਿਨਾਂ ਮਹਿਕ ਦੇ ਫੁੱਲਾਂ ਵਾਂਗ ਹੈ। ਦਰਅਸਲ, ਅਸੀਂ ਸਾਧਾਰਨ ਜ਼ਿੰਦਗੀ ਤੋਂ ਉੱਖੜ ਗਏ ਹਾਂ। ਉਨ੍ਹੀਵੀਂ ਸਦੀ ਦੀ ਗੱਲ ਹੈ। ਝੰਗ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਲਾਹੌਰ ਤੋਂ ਵਾਪਸ ਮੁੜਦਾ ਰਾਵੀ ਕਿਨਾਰੇ ਨੂਰ ਵਲੀ ਸ਼ਾਹ ਦੀ ਦਰਗਾਹ ’ਤੇ ਰੁਕਿਆ। ਦਿਨ ਛਿਪਿਆ, ਅਜ਼ਾਨ ਗੂੰਜੀ, ਉਸ ਨੇ ਦਰਿਆ ਦੇ ਵਹਿਣ ਨੂੰ ਰੀਝ ਨਾਲ ਤੱਕਿਆ ਅਤੇ ਝਾੜੀਆਂ ਵਿਚਦੀ ਛੁਪ ਗਏ ਸੂਰਜ ਦੀ ਲਾਲੀ ਨੂੰ ਮਾਨਣ ਲੱਗਾ। ਉਸ ਦੇ ਮਨ ਵਿੱਚ ਇੱਕ ਖ਼ਿਆਲ ਆਇਆ ਤੇ ਅਗਲੇ ਹੀ ਦਿਨ ਉਸ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਪੱਤਰ ਲਿਖ ਕੇ ਇਸ ਦਰਿਆ ’ਤੇ ਬੰਨ੍ਹ ਮਾਰ ਕੇ ਨਹਿਰਾਂ ਕੱਢਣ ਦੀ ਤਜਵੀਜ਼ ਰੱਖੀ। ਨਹਿਰਾਂ, ਸੂਇਆਂ, ਕੱਸੀਆਂ ਅਤੇ ਖਾਲ਼ਾਂ ਦਾ ਜਾਲ ਵਿਛ ਗਿਆ। ਖਾਲ਼ ਪੱਕੇ ਹੁੰਦੇ ਗਏ ਅਤੇ ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ, ਸਿਆਲਕੋਟ, ਲਾਹੌਰ ਅਤੇ ਮੁਲਤਾਨ ਦੇ ਕਿਸਾਨਾਂ ਨੂੰ ਬਰਫ਼ੀ ਦੇ ਟੁਕੜਿਆਂ ਵਾਂਗ ਜ਼ਮੀਨਾਂ ਅਲਾਟ ਹੁੰਦੀਆਂ ਗਈਆਂ। ਪੰਜਾਬੀਆਂ ਨੇ ਸਿਰ ਤੋੜ ਮਿਹਨਤ ਕੀਤੀ, ਕੰਮ ਕਰਦੇ-ਕਰਦੇ ਉਹ ਮਿੱਟੀ ਨਾਲ ਹੀ ਹੱਥ ਸੁੱਚੇ ਕਰਕੇ ਹੱਥਾਂ ਉੱਤੇ ਹੀ ਰੋਟੀ ਰੱਖ ਕੇ ਖਾ ਲੈਂਦੇ। ਹਰੀ ਕ੍ਰਾਂਤੀ ਨਾਲੋਂ ਮਿਹਨਤ ਦੀ ਇਹ ਕਠਿਨ ਪ੍ਰੀਖਿਆ ਸੀ। ਉਦੋਂ ਉਨ੍ਹਾਂ ਦਾ ਖਾਣ-ਪੀਣ, ਰਹਿਣ-ਸਹਿਣ ਤੇ ਰਸਮੋਂ-ਰਿਵਾਜ ਅਤਿ ਸਾਧਾਰਨ ਸਨ। ਇੰਝ ਸਾਂਦਲ ਅਤੇ ਗੰਜੀ ਬਾਰਾਂ ਆਬਾਦ ਹੋਈਆਂ। ਵੇਖਦਿਆਂ ਹੀ ਵੇਖਦਿਆਂ ਲਾਇਲਪੁਰ ਆਟਾ ਮਿੱਲਾਂ, ਰੂੰ ਪਿੰਜਣ ਵਾਲੇ ਕਾਰਖਾਨਿਆਂ ਅਤੇ ਕੋਹਲੂਆਂ ਦਾ ਸ਼ਹਿਰ ਬਣ ਗਿਆ। ਪੰਜਾਬ ਦਾ ਇਹ ਉਹ ਸਮਾਂ ਸੀ ਜਦੋਂ ਕੰਮ ਸਿੱਖਣ ਲਈ ਉਸਤਾਦ ਧਾਰਿਆ ਜਾਂਦਾ ਅਤੇ ਉਸਤਾਦ ਦੀ ਚੁੱਪ ਬਹੁਤ ਵੱਡਾ ਇਨਾਮ ਹੋਇਆ ਕਰਦੀ ਸੀ। ਕੰਮ ਵਿੱਚ ਰੁੱਝੇ ਸਰੀਰ ਅਤੇ ਮਨ ਕ੍ਰਮਵਾਰ ਅਨਾਜ ਅਤੇ ਖ਼ੁਸ਼ੀਆਂ ਦੇ ਢੇਰ ਲਾ ਦਿੰਦੇ ਸਨ। ਲੇਕਿਨ ਅੱਜ ਅਸੀਂ ਅਜਿਹੀਆਂ ਖ਼ੁਸ਼ੀਆਂ ਸ਼ਰਾਬ ਅਤੇ ਮਹਿੰਗੇ ਖਾਣਿਆਂ ਵਿੱਚੋਂ ਲੱਭਦੇ ਹਾਂ। ਜਿਸ ਵਿਆਹ ਵਿੱਚ ਮਾਸਾਹਾਰੀ ਭੋਜਨ ਅਤੇ ਸ਼ਰਾਬ ਨਹੀਂ ਹੁੰਦੀ ਉਸ ਵਿਆਹ ਵਿੱਚ ਸਾਡਾ ਵਿਵਹਾਰ ਅਤੇ ਵਿਚਰਨ ਚੋਣ ਡਿਊਟੀ ਸੰਬੰਧੀ ਹੋ ਰਹੀ ਰਿਹਰਸਲ ਜਿਹਾ ਹੁੰਦਾ ਹੈ। ਭਾਈ ਲਾਲੋ ਦੇ ਵਾਰਸ ਹੁਣ ਸਲਾਦ ਦੀਆਂ ਵੰਨਗੀਆਂ ਵਿੱਚ ਉਲਝ ਗਏ ਹਨ। ਵੱਡਾ ਸਵਾਲ ਹੈ ਕਿ ਵਿਆਹਾਂ ਦੇ ਖਰਚੇ ਘਟਾਉਣ ਲਈ ਅਤੇ ਇਨ੍ਹਾਂ ਸਮਾਗਮਾਂ ਨੂੰ ਸੱਭਿਆਚਾਰਕ ਸੀਮਾਵਾਂ ਤੱਕ ਸੀਮਤ ਰੱਖਣ ਲਈ ਕਿਹੜੇ-ਕਿਹੜੇ ਯਤਨ ਕੀਤੇ ਜਾਣ। ਪੱਛਮੀ ਪੰਜਾਬ ਵਿੱਚ ਅਸੀਮਤ ਪਕਵਾਨਾਂ ਅਤੇ ਜੀਭ ਦੀ ਲਾਲਸਾ ’ਤੇ ਕਾਨੂੰਨ ਬਣਾ ਕੇ ਲਗਾਮ ਕਸੀ ਗਈ ਹੈ। ਮੁੰਡੇ ਵਾਲੇ ਪਰਿਵਾਰ ਵਿਆਹ ਦੇ ਖ਼ਰਚੇ ਘੱਟ ਕਰਨ ਲਈ ਅਹਿਮ ਰੋਲ ਅਦਾ ਕਰ ਸਕਦੇ ਹਨ। ਟਾਵੇਂ-ਟਾਵੇਂ ਪਰਿਵਾਰ ਇਹ ਰੋਲ ਨਿਭਾਉਂਦੇ ਵੀ ਆਏ ਹਨ। ਪਰ ਅਜਿਹੇ ਵਿਆਹਾਂ ਦੀ ਸਮਾਜ ਵਿੱਚ ਗੱਲ ਨਹੀਂ ਹੁੰਦੀ ਅਤੇ ਇਸੇ ਲਈ ਗੱਲ ਅੱਗੇ ਤੁਰਦੀ ਨਹੀਂ। ਮਾਲਵਾ ਖੇਤਰ ਵਿੱਚ ਕਈ ਪੇਂਡੂ ਸੰਸਥਾਵਾਂ/ਕਲੱਬਾਂ ਨੇ ਵਿਆਹਾਂ ਦੇ ਖ਼ਰਚੇ ਘਟਾਉਣ ਦਾ ਹੋਕਾ ਦਿੱਤਾ ਹੈ ਅਤੇ ਆਸੇ-ਪਾਸੇ ਦੇ ਪੰਦਰਾਂ-ਵੀਹ ਪਿੰਡਾਂ ਵਿੱਚ ਇਸ ਆਵਾਜ਼ ਨੂੰ ਪਹੁੰਚਾਇਆ ਵੀ ਹੈ। ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਨ ਵਾਲੇ ਲੋਕ ਪ੍ਰਸ਼ੰਸਾ ਦੇ ਪਾਤਰ ਹਨ। ਕਈ ਪੰਚਾਇਤਾਂ ਨੇ ਵੀ ਅਜਿਹਾ ਉੱਦਮ ਕੀਤਾ ਹੈ। ਹੋਰ ਵੀ ਕਈ ਲੋਕ ਇਸ ਪਾਸੇ ਯਤਨਸ਼ੀਲ ਹਨ। ਕਾਸ਼! ਇਹ ਵਰ੍ਹਾ ਸਾਦੇ ਵਿਆਹਾਂ ਦਾ ਵਰ੍ਹਾ ਹੋਵੇ। ਇਸ ਲਈ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਸੰਚਾਰ ਖੇਤਰ ਦੇ ਵੱਡੇ ਪਰਦਿਆਂ ਦੀ ਲੋੜ ਹੈ। ਸਾਡੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਸਾਦੇ ਵਿਆਹਾਂ ਦੇ ਫੁਰਮਾਨ ਜਾਰੀ ਕਰਨ ਅਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ। ਰਾਜਨੀਤਿਕ ਖੇਤਰ ਦੇ ਲੋਕ ਮਿਸਾਲ ਕਾਇਮ ਕਰਕੇ ਰੋਲ ਮਾਡਲ ਬਣਨੇ ਚਾਹੀਦੇ ਹਨ। ਸਮਾਜਿਕ ਖੇਤਰ ਦੀ ਹਰ ਇਕਾਈ ਨੂੰ ਇਸ ਸਾਂਝੇ ਕੰਮ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਕੋਈ ਲਘੂ ਫਿਲਮ ਬਣਾਵੇ ਤੇ ਕੋਈ ਵਿਆਹਾਂ ਦੇ ਵੱਧ ਖ਼ਰਚਿਆਂ ਵਿਰੁੱਧ ਗੀਤ ਲਿਖੇ। ਕਿਸੇ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ਨੂੰ ਵਿਆਹਾਂ ਦੇ ਅਥਾਹ ਖ਼ਰਚਿਆਂ ਵਿਰੁੱਧ ਬੀੜਾ ਚੁੱਕਣਾ ਚਾਹੀਦਾ ਹੈ। ਪਿਛਲੇ ਮਹੀਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਦੌਰਾਨ ਸੜਕ ’ਤੇ ਲੰਗਰਾਂ ਵਾਲੀ ਥਾਂ ਕੁਝ ਲੋਕ ਸਮਾਜਿਕ ਬੁਰਾਈਆਂ ਵਿਰੁੱਧ ਪੈਂਫਲਿਟ ਵੰਡਦੇ ਦੇਖੇ ਗਏ। ‘ਸਾਦੇ ਵਿਆਹ, ਪੰਜਾਬੀ ਵਿਰਸਾ, ਨੇਕ ਕਮਾਈ...’’ ਦੋ-ਦੋ/ਚਾਰ-ਚਾਰ ਸ਼ਬਦਾਂ ਦੇ ਅਜਿਹੇ ਚੌਵੀ-ਪੱਚੀ ਛੋਟੇ-ਛੋਟੇ ਵਾਕ ਸਨ। ਹਰ ਵਾਕ ਹੀ ਜਿਵੇਂ ਸਾਧਾਰਨ ਜ਼ਿੰਦਗੀ ਅਤੇ ਸਾਦੇ ਵਿਆਹਾਂ ਨੂੰ ਪੁਕਾਰਦਾ ਹੋਵੇ। ਡੁੱਬਦੇ ਸੂਰਜ ਨੂੰ ਜੁਗਨੂੰ ਨੇ ਉੱਤਰ ਦਿੱਤਾ। ਤੇਰੇ ਜਾਣ ਤੋਂ ਬਾਅਦ ਹਨੇਰਾ ਘਟਾਉਣ ਦੀ ਕੋਸ਼ਿਸ਼ ਕਰਾਂਗਾ ਮੈਂ।

ਸੰਪਰਕ: 98158-00405

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All