ਸਾਕਾ ਜਲ੍ਹਿਆਂਵਾਲਾ ਬਾਗ਼ ਦੇ ਪਲ-ਪਲ ਦਾ ਬ੍ਰਿਤਾਂਤ

ਸੁਰਿੰਦਰ ਕੋਛੜ

13 ਅਪਰੈਲ 1919, ਇਕ ਅਜਿਹਾ ਲਹੂ ਨਾਲ ਭਿਜਿਆ ਦਿਨ ਜਿਸ ਬਾਰੇ ਕਿਸੇ ਨੇ ਭੁਲੇਖੇ ਨਾਲ ਵੀ ਇਹ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਇਹ ਦਿਨ ਭਾਰਤ ਦੇ ਸਵਾਧੀਨਤਾ ਅੰਦੋਲਨ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਆਰੰਭ ਕਰ ਦਵੇਗਾ। 30 ਮਾਰਚ 1919 ਦੇ ਬਾਅਦ 6 ਅਪਰੈਲ ਨੂੰ ਅੰਮ੍ਰਿਤਸਰ ਵਿਚ ਇਕ ਵਾਰ ਫਿਰ ਮੁਕੰਮਲ ਹੜਤਾਲ ਰੱਖੀ ਗਈ। ਉਸ ਤੋਂ ਬਾਅਦ 9 ਅਪਰੈਲ ਨੂੰ ਅੰਮ੍ਰਿਤਸਰ ਦੇ ਡਾਕਟਰ ਅਤੇ ਸਤਿਆਗ੍ਰਹਿ ਸਭਾ ਦੇ ਸਕੱਤਰ ਡਾ. ਹਾਫ਼ਿਜ਼ ਮੁਹੰਮਦ ਬਸ਼ੀਰ ਨੇ ਰਾਮਨੌਮੀ ਦਾ ਤਿਉਹਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ। ਇਹ ਰਿਪੋਰਟ ਇਕ ਅੱਧੇ ਘੰਟੇ ਵਿਚ ਹੀ ਲੈਫ਼ਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਲਾਹੌਰ ਪਹੁੰਚ ਗਈ। ਉਸ ਨੇ ਤੁਰੰਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਮਾਈਲ ਇਰਵਿਨ ਨੂੰ ਹੁਕਮ ਭੇਜਿਆ ਕਿ ਡਾ. ਸਤਿਆਪਾਲ ਤੇ ਸੈਫ਼ੂਦੀਨ ਕਿਚਲੂ, ਜੋ ਕਿ ਪ੍ਰਸਿੱਧ ਸਥਾਨਕ ਨੇਤਾ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਿਸ 'ਤੇ ਮਿਸਟਰ ਇਰਵਿਨ ਨੇ ਸ਼ਾਮ 7 ਵਜੇ ਡਾ. ਸਤਿਆਪਾਲ ਤੇ ਕਿਚਲੂ ਨੂੰ ਅਗਲੇ ਦਿਨ 10 ਅਪਰੈਲ, 1919 ਨੂੰ ਸਵੇਰੇ ਉਸ ਦੀ ਕੋਠੀ ਆਉਣ ਲਈ ਸੁਨੇਹਾ ਭੇਜ ਦਿੱਤਾ। ਉਨ੍ਹਾਂ ਦੇ ਸਵੇਰੇ 10 ਵਜੇ ਡੀ.ਸੀ. ਦੀ ਕੋਠੀ ਪਹੁੰਚਣ 'ਤੇ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਨੂੰ ਕਾਰ ਵਿਚ ਬਿਠਾ ਕੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ ਗਿਆ। ਦੋਵਾਂ ਨੇਤਾਵਾਂ ਦੇ ਅੰਮ੍ਰਿਤਸਰ 'ਚ ਦਾਖ਼ਲੇ 'ਤੇ ਪਾਬੰਦੀ ਲਾਏ ਜਾਣ ਦੇ ਰੋਸ ਵਜੋਂ ਸਵੇਰੇ 11.30 ਵਜੇ ਸ਼ਹਿਰ ਦੇ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਡੀ.ਸੀ. ਦੀ ਕੋਠੀ ਪਹੁੰਚਣ ਲਈ ਇਕੱਠੇ ਹੋਣ ਲੱਗੇ। ਜਦੋਂ ਜਲੂਸ ਹਾਲ ਬ੍ਰਿਜ (ਨਵਾਂ ਨਾਮ ਪੌੜੀਆਂ ਵਾਲਾ ਪੁੱਲ) ਪਾਸ ਪਹੁੰਚਿਆ ਤਾਂ ਡਿਪਟੀ ਕਮਿਸ਼ਨਰ ਮਾਇਲ ਇਰਵਿਨ ਅਤੇ ਕੈਪਟਨ ਮੈਸੇ (ਸਿਵਲ ਲਾਈਨ ਜੇਲ੍ਹ ਦਾ ਕਮਾਂਡਰ) ਮੌਕੇ 'ਤੇ ਪਹੁੰਚ ਗਏ। ਬਿਨਾਂ ਭੀੜ ਨੂੰ ਕੋਈ ਚਿਤਾਵਨੀ ਦਿੱਤੇ, ਦੋ ਅੰਗਰੇਜ਼ ਫ਼ੌਜੀਆਂ ਨੇ ਭੀੜ 'ਤੇ ਗੋਲੀਆਂ ਦਾਗ਼ਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕੁਝ ਲੋਕ ਮੌਕੇ 'ਤੇ ਹੀ ਮਾਰੇ ਗਏ (ਜਿਨ੍ਹਾਂ ਵਿਚ ਇਕ ਰਾਮ ਚੰਦ ਨਾਂ ਦਾ ਵਿਅਕਤੀ ਵੀ ਸ਼ਾਮਲ ਸੀ) ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਉਸੇ ਦੌਰਾਨ ਦੂਜੇ ਪਾਸਿਉਂ ਲੋਕਾਂ ਦਾ ਭਾਰੀ ਇਕੱਠ ਜੋ ਗੋਲ ਬਾਗ਼ ਵਾਲੇ ਪਾਸੇ ਇਕੱਠਾ ਹੋ ਚੁੱਕਿਆ ਸੀ, ਨੇ ਮਾਰੇ ਗਏ ਲੋਕਾਂ ਦੇ ਵਿਰੋਧ ਵਿਚ ਦੁਪਹਿਰ ਇਕ ਵਜੇ ਦੇ ਕਰੀਬ ਰੇਲਵੇ ਗੁਦਾਮ ਨੂੰ ਅੱਗ ਲਾ ਦਿੱਤੀ। ਜਦੋਂ ਫ਼ੌਜ ਹਾਲ ਬਾਜ਼ਾਰ 'ਚ ਪਹੁੰਚੀ ਤਾਂ ਭੀੜ ਵੱਲੋਂ ਉਨ੍ਹਾਂ 'ਤੇ ਇੱਟਾਂ-ਰੋੜਿਆਂ ਦੀ ਚੰਗੀ ਬਰਸਾਤ ਕੀਤੀ ਗਈ। ਫ਼ੌਜ ਵੱਲੋਂ ਚਲਾਈਆਂ ਗੋਲੀਆਂ ਨਾਲ 10-12 ਦੇ ਕਰੀਬ ਭਾਰਤੀ ਮੌਕੇ 'ਤੇ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਵਕੀਲ ਗੁਰਦਿਆਲ ਸਿੰਘ ਸਲਾਰੀਆ, ਮਕਬੂਲ ਅਹਿਮਦ ਤੇ ਡਾ. ਧਨਪਤ ਰਾਇ ਨੇ ਸਥਿਤੀ 'ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਭੀੜ ਬੇਕਾਬੂ ਹੋ ਚੁੱਕੀ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗੱਡੀ ਵਿਚ ਰੱਖਿਆ ਜਾ ਰਿਹਾ ਸੀ। ਉੱਥੇ ਪਾਸ ਹੀ ਇਕ 16-17 ਵਰ੍ਹਿਆਂ ਦਾ ਨੌਜਵਾਨ ਜਿਸ ਨੂੰ ਪੁਲੀਸ ਤੇ ਸੈਨਾ ਨੇ ਠੁੱਡਿਆਂ ਨਾਲ ਅੱਧਮਰਾ ਕਰ ਦਿੱਤਾ ਸੀ, ਦੇ ਪਾਸ ਜਦੋਂ ਡਾ. ਧਨਪਤ ਰਾਇ ਪਹੁੰਚੇ ਤਾਂ ਉਸ ਨੇ ਕਿਹਾ- ''ਮੈਂ ਮਰ ਰਿਹਾ ਹਾਂ। ਮੇਰੀ ਆਵਾਜ਼ ਨਾਲ ਆਵਾਜ਼ ਮਿਲਾਉ। ਹਿੰਦੂ-ਮੁਸਲਮਾਨ ਕੀ ਜੈ।'' ਇੰਨਾ ਕਹਿ ਕੇ ਉਸ ਨੇ ਦਮ ਤੋੜ ਦਿੱਤਾ। ਭੜਕੀ ਭੀੜ ਨੇ ਰੇਲਵੇ ਗੁਦਾਮ ਨੂੰ ਅੱਗ ਲਾਉਣ ਤੋਂ ਬਾਅਦ ਟੈਲੀਗ੍ਰਾਫ ਦਫ਼ਤਰ, ਨੈਸ਼ਨਲ ਬੈਂਕ ਆਫ਼ ਇੰਡੀਆ, ਅਲਾਇੰਸ ਬੈਂਕ, ਚਾਰਟਰਡ ਬੈਂਕ, ਰਿਲੀਜੀਅਸ ਬੁੱਕ ਸੁਸਾਇਟੀ ਡੀਪੋ, ਸਬ-ਡਾਕਘਰ ਦਰਬਾਰ ਸਾਹਿਬ, ਢਾਬ ਬਸਤੀ ਰਾਮ ਤੇ ਮਜੀਠ ਮੰਡੀ ਆਦਿ ਵਿਚ ਤੋੜ-ਫੋੜ ਅਤੇ ਲੁੱਟ-ਮਾਰ ਕਰਨ ਤੋਂ ਬਾਅਦ ਅੱਗ ਲਾ ਦਿੱਤੀ। ਇਸ ਕਾਰਵਾਈ ਦੌਰਾਨ 5 ਅੰਗਰੇਜ਼ ਮਾਰੇ ਗਏ। ਸ਼ਹਿਰ ਦੇ ਹਾਲਾਤ ਬੇਕਾਬੂ ਹੁੰਦੇ ਵੇਖ ਡੀ.ਸੀ. ਨੇ 200 ਗੋਰਖਾ ਜਵਾਨ ਜੋ ਦੂਸਰੇ ਇਲਾਕਿਆਂ ਵਿਚ ਨਿਯੁਕਤ ਸਨ, ਨੂੰ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਮੰਗਵਾ ਲਿਆ। ਮੇਜਰ ਮੈਕਡੋਨਲਡ ਦੀ ਕਮਾਂਡ ਹੇਠ 300 ਫ਼ੌਜੀ ਦਸਤੇ ਲਾਹੌਰ ਤੋਂ ਅੰਮ੍ਰਿਤਸਰ ਪਹੁੰਚ ਗਏ ਅਤੇ ਉਸੇ ਦਿਨ 11 ਅਪਰੈਲ ਦੀ ਸ਼ਾਮ ਜਲੰਧਰ ਬ੍ਰਿਗੇਡ ਦਾ ਕਮਾਂਡਰ ਬ੍ਰਿਗੇਡੀਅਰ ਜਨਰਲ ਆਰ.ਈ.ਐਚ. ਡਾਇਰ ਆਪਣੀ ਫ਼ੌਜ ਸਹਿਤ ਅੰਮ੍ਰਿਤਸਰ ਪਹੁੰਚ ਗਿਆ ਅਤੇ ਸੈਨਾ ਦਾ ਹੈੱਡ ਆਫ਼ਿਸ ਰੇਲਵੇ ਸਟੇਸ਼ਨ ਤੋਂ ਰਾਮਬਾਗ਼ (ਜਿੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਹੈ) ਵਿਚ ਤਬਦੀਲ ਕਰ ਲਿਆ। ਬਾਜ਼ਾਰਾਂ ਵਿਚ ਘੋਸ਼ਣਾ ਕਰ ਦਿੱਤੀ ਗਈ ਕਿ ਕੋਈ ਵਿਅਕਤੀ ਬਿਨਾਂ ਆਗਿਆ ਪੱਤਰ ਸ਼ਹਿਰ ਵਿਚ ਦਾਖ਼ਲ ਨਹੀਂ ਹੋ ਸਕਦਾ, ਅੱਠ ਵਜੇ (ਰਾਤ) ਦੇ ਬਾਅਦ ਗਲੀਆਂ ਵਿਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ, ਜਲੂਸ ਕੱਢਣ 'ਤੇ ਸਖ਼ਤ ਮਨਾਹੀ ਆਦਿ। 12 ਅਪਰੈਲ ਦੀ ਸਵੇਰ 10 ਵਜੇ ਜਨਰਲ ਡਾਇਰ ਨੇ 125 ਬ੍ਰਿਟਿਸ਼ ਅਤੇ 310 ਭਾਰਤੀ ਫ਼ੌਜੀ ਦਸਤਿਆਂ ਨਾਲ ਸ਼ਹਿਰ ਦੀ ਗਸ਼ਤ ਕੀਤੀ। ਉਸੇ ਦਿਨ ਸ਼ਾਮ ਨੂੰ 4 ਵਜੇ ਹਿੰਦੂ ਸਭਾ ਹਾਈ ਸਕੂਲ (ਢਾਬ ਖ਼ਟੀਕਾਂ) 'ਚ ਮੀਟਿੰਗ ਕਰਕੇ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਜਲਸਾ ਕਰਨ ਦੀ ਯੋਜਨਾ ਬਣਾਈ ਗਈ।  13 ਅਪਰੈਲ ਦੀ ਸਵੇਰ ਨੂੰ ਡਾਇਰ ਨੇ ਸ਼ਹਿਰ ਦੀਆਂ ਸੜਕਾਂ 'ਤੇ ਫਿਰ ਗਸ਼ਤ ਕੀਤੀ। ਲੋਕਾਂ ਨੂੰ ਚੌਕਾਂ ਵਿਚ ਢੋਲ ਵਜਾ ਕੇ ਅਤੇ ਪੋਸਟਰਾਂ ਰਾਹੀਂ ਚਿਤਾਵਨੀ ਦਿੱਤੀ ਗਈ ਕਿ 4 ਤੋਂ ਜ਼ਿਆਦਾ ਦੀ ਗਿਣਤੀ ਵਿਚ ਲੋਕ ਇਕ ਜਗ੍ਹਾ ਇਕੱਠੇ ਨਾ ਹੋਣ। ਸਿਟੀ ਸੁਪਰਿਟੈਂਡੈਂਟ ਅਸ਼ਰਫ਼ ਖ਼ਾਂ, ਸਬ-ਇੰਸਪੈਕਟਰ ਉਬੇਦ ਉੱਲਾ ਤੇ ਨਾਇਬ ਤਹਿਸੀਲਦਾਰ ਮਲਿਕ ਫ਼ਤਹ ਖ਼ਾਂ ਵੀ ਘੋੜਿਆਂ 'ਤੇ ਉਸ ਦੇ ਨਾਲ ਸਨ।  ਸਖ਼ਤੀ ਦੇ ਬਾਵਜੂਦ ਲੋਕ ਜਲ੍ਹਿਆਂਵਾਲੇ ਬਾਗ਼ ਵਿਚ ਇਕੱਠਾ ਹੋਣਾ ਸ਼ੁਰੂ ਹੋ ਗਏ। ਜਨਰਲ ਡਾਇਰ ਨੂੰ ਇਹ ਖ਼ਬਰ ਦੁਪਹਿਰ 12.40 'ਤੇ ਮਿਲੀ। ਸ਼ਹਿਰ ਦੀ ਗਸ਼ਤ ਕਰਨ ਤੋਂ ਬਾਅਦ ਜਦ ਜਨਰਲ ਡਾਇਰ 2 ਵਜੇ ਰਾਮਬਾਗ਼ ਵਾਪਸ ਪਹੁੰਚਿਆ ਤਾਂ ਉਸ ਨਾਲ ਗ੍ਰਿਫਤਾਰ ਕੀਤੇ ਹੋਏ ਕੁਝ ਭਾਰਤੀ ਕੈਦੀ ਵੀ ਸਨ। ਰਾਮਬਾਗ਼ ਪਹੁੰਚ ਕੇ ਉਸ ਨੇ ਬੜੇ ਇਤਮੀਨਾਨ ਨਾਲ ਆਪਣੀ ਪਤਨੀ ਐਨੀ ਡਾਇਰ ਨਾਲ ਚਾਹ ਪੀਤੀ। ਉਧਰ ਪੂਰੇ 4 ਵਜੇ ਉਸ ਨੂੰ ਫਿਰ ਖ਼ਬਰ ਮਿਲੀ ਕਿ ਜਲ੍ਹਿਆਂਵਾਲਾ ਬਾਗ਼ ਵਿਚ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਹਨ। ਉਹ ਉਥੋਂ ਬਾਗ਼ ਵੱਲ ਜਾਣ ਲਈ ਆਪਣੀ ਕਾਰ ਵਿਚ ਨਿਕਲਿਆ, ਉਸ ਦਾ ਚਹੇਤਾ ਕੈਪਟਨ ਬ੍ਰਿਗਸ ਵੀ ਉਸ ਦੇ ਨਾਲ ਬੈਠਾ ਸੀ। ਉਸ ਦੀ ਕਾਰ ਦੇ ਪਿੱਛੇ ਦੋ ਹਥਿਆਰਾਂ ਨਾਲ ਭਰੀਆਂ ਕਾਰਾਂ ਸਨ, ਜਿਨ੍ਹਾਂ ਦੀ ਰਖਵਾਲੀ ਪੁਲੀਸ ਸੁਪਰਿਟੈਂਡੈਂਟ ਮਿ. ਰੇਹੀਲ ਅਤੇ ਡਿਪਟੀ ਸੁਪਰਿਟੈਂਡੈਂਟ ਮਿ. ਪਲੁਮਰ ਕਰ ਰਹੇ ਸਨ। ਜਨਰਲ ਡਾਇਰ ਨੇ ਆਪਣੀ ਕਾਰ ਚੌਂਕ ਫਵਾਰਾ ਦੇ ਡਾਕਘਰ ਪਾਸ ਖੜ੍ਹੀ ਕਰ ਦਿੱਤੀ। ਉੱਥੇ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਉਸ ਨੂੰ ਗੁੱਸੇ ਵਿਚ ਵੇਖ ਡਰਦਿਆਂ ਉਸ ਨੂੰ ਸਲੂਟ ਮਾਰਿਆ ਅਤੇ ਬ੍ਰਿਟਿਸ਼ ਹਕੂਮਤ ਜ਼ਿੰਦਾਬਾਦ ਦੇ ਨਾਅਰੇ ਲਗਾਏ। ਡਾਇਰ ਉੱਥੋਂ ਪੈਦਲ ਫ਼ੌਜ ਸਹਿਤ ਬਾਗ਼ ਵਿਚ ਪਹੁੰਚਿਆ। ਬਾਗ਼ ਵਿਚ ਜਲਸਾ ਪੂਰੇ 4.30 ਵਜੇ ਸੀਨੀਅਰ ਵਕੀਲ ਲਾਲਾ ਕਨ੍ਹਈਆ ਲਾਲ (75 ਸਾਲ) ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ। ਸਭਾ ਵਿਚ ਗੋਪੀ ਨਾਥ ਆਪਣੀ ਕਵਿਤਾ 'ਫ਼ਰਿਆਦ' ਪੜ੍ਹੀ ਹੀ ਸੀ ਕਿ ਡਾਇਰ ਆਪਣੀ ਫ਼ੌਜ ਨਾਲ ਬਾਗ਼ ਦੇ ਅੰਦਰ ਪਹੁੰਚ ਗਿਆ। ਸਭਾ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਬਖਸ਼ ਸਿੰਘ ਰਾਇ (27 ਸਾਲ) ਨੇ ਜਲਦੀ ਨਾਲ ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਵਫ਼ਾਦਾਰ ਰਹਿਣ ਦਾ ਪਹਿਲਾ ਪ੍ਰਸਤਾਵ ਪੜ੍ਹਿਆ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਸ ਨਾਲ ਜਨਰਲ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਅਤੇ ਭੀੜ ਵੱਲ ਵਧ ਰਹੀਆਂ ਬੰਦੂਕਧਾਰੀ ਫੌਜਾਂ ਵਾਪਸ ਪਰਤ ਜਾਣਗੀਆਂ। ਦੂਸਰਾ ਪ੍ਰਸਤਾਵ ਜੋ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਸੀ (ਇਸ ਸਭਾ ਵਿੱਚ ਕੁੱਲ ਚਾਰ ਪ੍ਰਸਤਾਵ ਪਾਸ ਕੀਤੇ ਜਾਣੇ ਸਨ। ਉਪਰੋਕਤ ਦੋ ਤੋਂ ਇਲਾਵਾ ਤੀਸਰਾ ਪ੍ਰਸਤਾਵ ਸ਼ਹਿਰ ਵਾਸੀਆਂ ਨੂੰ ਹੜਤਾਲ ਖ਼ਤਮ ਕਰਨ ਲਈ ਬੇਨਤੀ ਕਰਨਾ ਅਤੇ ਚੌਥਾ ਭਾਰਤ ਸਰਕਾਰ ਨੂੰ ਰੌਲੇਟ ਐਕਟ ਵਾਪਸ ਲੈਣ ਦੀ ਮੰਗ ਕਰਨਾ ਸੀ), ਪੰਡਿਤ ਸ੍ਰੀ ਦੁਰਗਾ ਦਾਸ (ਸੰਪਾਦਕ ਨਵਾਏ ਵਕਤ ਅੰਮ੍ਰਿਤਸਰ) ਨੇ ਅਜੇ ਪੜ੍ਹਨਾ ਸ਼ੁਰੂ ਕੀਤਾ ਹੀ ਸੀ ਕਿ ਡਾਇਰ ਦੀ ਫ਼ੌਜ ਨੇ ਪੁਜ਼ੀਸ਼ਨ ਸੰਭਾਲ ਲਈ। ਬਾਗ਼ ਦੇ ਦਰਵਾਜ਼ੇ ਦੇ ਨਿਕਟ ਭੂਮੀ ਦਾ ਤਲ ਉੱਚਾ ਸੀ। ਡਾਇਰ ਨੇ ਤੁਰੰਤ 25 ਸੈਨਿਕ ਆਪਣੇ ਖੱਬੇ ਪਾਸੇ ਅਤੇ 25 ਸੈਨਿਕ ਆਪਣੇ ਸੱਜੇ ਪਾਸੇ ਤੈਨਾਤ ਕਰ ਲਏ। ਉਸ ਵੇਲੇ ਬਾਗ਼ ਵਿਚ ਲਗਪਗ 20,000 ਲੋਕ ਜਮ੍ਹਾਂ ਸਨ। ਖ਼ੁਫ਼ੀਆ ਵਿਭਾਗ ਦੇ ਕਰਮਚਾਰੀ ਵੀ ਭੀੜ ਵਿਚ ਮੌਜੂਦ ਸਨ। ਪੂਰੇ ਚਾਰ ਵਜੇ ਦੇ ਕਰੀਬ ਬਾਗ਼ ਦੇ ਉਪਰੋਂ ਇਕ ਜਹਾਜ਼ ਉਡਾਣ ਭਰਦੇ ਹੋਏ ਦੇਖਿਆ ਗਿਆ, ਜਿਸ ਉੱਤੇ ਝੰਡਾ ਲੱਗਾ ਹੋਇਆ ਸੀ। ਅਨੁਮਾਨ ਕੀਤਾ ਜਾਂਦਾ ਹੈ ਕਿ ਉਹ ਖ਼ੁਫ਼ੀਆ ਵਿਭਾਗ ਦੇ ਕਰਮਚਾਰੀਆਂ ਦੇ ਲਈ ਜਲਸੇ ਵਾਲੀ ਜਗ੍ਹਾ ਤੋਂ ਚਲੇ ਜਾਣ ਦਾ ਸੰਕੇਤ ਸੀ। ਜਨਰਲ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ। ਪੰਜਾਹਾਂ ਸੈਨਿਕਾਂ ਨੇ ਗੋਡੇ ਟੇਕ ਕੇ ਪੁਜ਼ੀਸ਼ਨ ਲੈ ਲਈ ਅਤੇ ਭੀੜ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੋਲੀ ਮਦਨ ਮੋਹਨ (13 ਸਾਲ) ਪੁੱਤਰ ਡਾ. ਮਨੀ ਰਾਮ ਨੂੰ ਲੱਗੀ, ਜਿਸ ਦਾ ਘਰ ਬਿਲਕੁਲ ਬਾਗ਼ ਦੇ ਨਾਲ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬਾਗ਼ ਵਿਚ ਖੇਡ ਰਿਹਾ ਸੀ। ਦਸ-ਪੰਦਰਾਂ ਮਿੰਟ ਤੱਕ ਲਗਾਤਾਰ ਗੋਲੀਆਂ ਚਲਦੀਆਂ ਰਹੀਆਂ। ਕੁੱਲ 1650 ਗੋਲੀਆਂ ਚਲੀਆਂ। ਇਹ ਗੋਲੀਆਂ ਚਲਣੀਆਂ ਤਦ ਬੰਦ ਹੋਈਆਂ ਜਦੋਂ ਸੈਨਿਕਾਂ ਕੋਲੋਂ ਗੋਲੀਆਂ ਖ਼ਤਮ ਹੋ ਗਈਆਂ। ਹਜ਼ਾਰਾਂ ਜ਼ਖ਼ਮੀਆਂ ਦੇ ਦਿਲਾਂ ਨੂੰ ਹਿਲਾ ਦੇਣ ਵਾਲੀਆਂ ਚੀਕਾਂ ਅਤੇ ਮਦਦ ਲਈ ਨਿਕਲੀ ਪੁਕਾਰ ਦੀ ਕੂਕ ਸੁਣਾਈ ਦੇ ਰਹੀ ਸੀ, ਪਰ ਉਨ੍ਹਾਂ ਨੂੰ ਪਾਣੀ ਜਾਂ ਹੋਰ ਸਹਾਇਤਾ ਦੇਣ ਵਾਲਾ ਕੋਈ ਨਹੀਂ ਸੀ। ਵਿਸ਼ਵ ਦੇ ਇਤਿਹਾਸ ਵਿਚ ਕਿਸੇ ਵਿਦਰੋਹ ਨੂੰ ਦਬਾਉਣ ਦੇ ਲਈ ਇੰਨਾ ਘਟੀਆ ਅਤੇ ਦਰਦਨਾਕ ਕਰਮ ਸ਼ਾਇਦ ਹੀ ਪਹਿਲਾਂ ਕਦੇ ਹੋਇਆ ਹੋਵੇਗਾ। ਇਸ ਸ਼ਰਮਨਾਕ ਕਾਂਡ ਦੀ ਜ਼ੋਰਦਾਰ ਨਿੰਦਾ ਕਰਨ ਵਾਲਿਆਂ ਵਿਚ ਭਾਰੀ ਗਿਣਤੀ ਵਿਚ ਅੰਗਰੇਜ਼ ਵੀ ਸ਼ਾਮਲ ਸਨ। ਡੋਨਾਲਡ ਕਨਿੰਘਮ ਨੇ ਸੰਨ 1938 ਵਿਚ ਦਰਸ਼ਕ ਪੁਸਤਕ ਵਿਚ ਲਿਖਿਆ: ''ਇਸ ਸਥਾਨ ਨੂੰ ਦੇਖਣ ਤੋਂ ਬਾਅਦ ਮੈਨੂੰ ਆਪਣੀ ਕੌਮ ਉੱਤੇ ਸ਼ਰਮ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਹੈ ਜਿਵੇਂ ਗਲੀ ਵਿਚ ਮੇਰੇ ਵੱਲ ਦੇਖਣ ਵਾਲਾ ਹਰ ਵਿਅਕਤੀ ਮੈਨੂੰ ਹਤਿਆਰਿਆਂ ਦੇ ਸਮੁਦਾਇ ਦਾ ਮੈਂਬਰ ਸਮਝ ਰਿਹਾ ਹੋਵੇ। ਮੈਨੂੰ ਸਭਿਅਤਾ ਦੇ ਨਾਂ 'ਤੇ ਕੀਤੇ ਗਏ ਨਰਸੰਹਾਰ ਦੇ ਕਾਰਨ ਆਪਣੇ ਆਪ ਨੂੰ ਅੰਗਰੇਜ਼ ਕਹਾਉਂਦੇ ਹੋਏ ਸ਼ਰਮ ਮਹਿਸੂਸ ਹੁੰਦੀ ਹੈ। ਮੈਨੂੰ ਕੱਟੜ ਕਹਾਉਣ ਦੀ ਤੁਲਨਾ ਵਿਚ ਕਾਫ਼ਰ ਕਹਾਉਣਾ ਅਧਿਕ ਚੰਗਾ ਲੱਗਦਾ ਹੈ।'' ਸਰਕਾਰੀ ਸੂਤਰਾਂ ਦੇ ਅਨੁਸਾਰ 379 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖ਼ਮੀ ਹੋਣ ਦਾ ਅਨੁਮਾਨ ਹੈ। ਕੁਝ ਹੋਰ ਸੰਸਥਾਵਾਂ ਦੁਆਰਾ ਤਿਆਰ ਸਰਕਾਰੀ ਅੰਕੜਿਆਂ ਅਨੁਸਾਰ ਜਲ੍ਹਿਆਂਵਾਲੇ ਬਾਗ਼ ਕਾਂਡ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 800 ਤੋਂ ਜ਼ਿਆਦਾ ਦੱਸੀ ਗਈ। ਹੋਮ ਮਨਿਸਟਰ ਵਿਭਾਗ (1919), ਨੰਬਰ 23, ਡੀ.ਆਰ. 2 ਦੇ ਅਨੁਸਾਰ ਜੇ.ਪੀ. ਥਾਮਸਨ ਅਤੇ ਐਚ.ਡੀ. ਕਰੈਕ (14 ਅਗਸਤ 1919) ਨੇ ਦੱਸਿਆ ਕਿ ਜਨਰਲ ਡਾਇਰ ਨੇ 200-300 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ, ਪ੍ਰੰਤੂ ਮਿਲਟਰੀ ਰਿਪੋਰਟ ਦੇ ਅਨੁਸਾਰ 200 ਤੋਂ ਵੀ ਘੱਟ ਵਿਅਕਤੀ ਮਾਰੇ ਗਏ ਸਨ। ਮਿਸਟਰ ਥਾਮਸਨ ਨੇ ਦੱਸਿਆ ਕਿ ਬਾਗ਼ ਵਿਚ ਮਰਨ ਵਾਲਿਆਂ ਦੀ ਗਿਣਤੀ 290 ਤੋਂ ਜ਼ਿਆਦਾ ਨਹੀਂ ਸੀ, ਪ੍ਰੰਤੂ ਸੇਵਾ ਸੰਮਿਤੀ ਨੇ ਮਰਨ ਵਾਲਿਆਂ ਦੀ ਗਿਣਤੀ 500 ਦੱਸੀ। ਸਮਾਚਾਰ ਪੱਤਰ 'ਅੰਮ੍ਰਿਤ ਬਾਜ਼ਾਰ ਪਤ੍ਰਿੱਕਾ, ਕਲੱਕਤਾ' ਦੇ 7 ਅਗਸਤ 1919 ਦੇ ਅੰਕ ਅਨੁਸਾਰ ਸਵਾਮੀ ਸ਼ਰਧਾ ਨੰਦ ਨੇ ਅੰਮ੍ਰਿਤਸਰ ਪਹੁੰਚ ਕੇ ਅੰਕੜਿਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 1500 ਦੇ ਕਰੀਬ ਸੀ। ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਪਾਸ 388 ਸ਼ਹੀਦਾਂ ਦੀ ਸੂਚੀ ਹੈ, ਜਦੋਂ ਕਿ ਜਲ੍ਹਿਆਂਵਾਲਾ ਬਾਗ਼ ਸ਼ਹੀਦ ਪਰਿਵਾਰ ਸੰਮਿਤੀ ਪਾਸ 436 ਨਾਵਾਂ ਦੀ ਸੂਚੀ ਹੈ। ਪੰਜਾਬ ਗੌਰਮਿੰਟ ਹੋਮ ਮਨਿਸਟਰੀ ਪਾਰਟ ਬੀ. 1921, ਫਾਇਲ ਨੰਬਰ 139 ਵਿਚ 381 ਨਾਵਾਂ ਦਾ ਵੇਰਵਾ ਹੈ। ਮੈਂ (ਲੇਖਕ ਨੇ) ਆਪਣੀ ਪੁਸਤਕ ''ਅੰਮ੍ਰਿਤਸਰ-ਆਰੰਭ ਤੋਂ ਅੱਜ ਤਕ'' ਵਿਚ ਜੋ ਸੂਚੀ ਪ੍ਰਕਾਸ਼ਤ ਕੀਤੀ ਹੈ, ਉਸ ਵਿਚ ਸ਼ਹੀਦ ਹੋਣ ਵਾਲਿਆਂ ਦੇ 501 ਨਾਮ ਦਰਜ ਹਨ। ਇਹ ਸੂਚੀ 12 ਨਵੰਬਰ 1919 ਨੂੰ ਮੁਕੰਮਲ ਹੋਈ ਸੀ। ਖੈਰ, 13 ਅਪਰੈਲ 1919 ਦੇ ਜਲ੍ਹਿਆਂਵਾਲਾ ਬਾਗ਼ ਕਾਂਡ ਵਿਚ ਭਾਰਤ ਮਾਤਾ ਦੇ ਜੋ ਬੱਚੇ ਸਮੇਂ ਤੋਂ ਪਹਿਲਾਂ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਗਏ ਸਨ ਜਾਂ ਜੋ ਦੇਸ਼ ਭਗਤ ਸੂਰਮੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਸ ਦੀ ਸ਼ਾਨ ਬਰਕਰਾਰ ਰੱਖਦੇ ਹੋਏ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ ਸਨ, ਉਨ੍ਹਾਂ ਦੀਆਂ ਆਤਮਾਵਾਂ ਅਜੇ ਵੀ ਜਿਉਂਦੀਆਂ ਹਨ ਅਤੇ ਆਪਣੇ ਦੇਸ਼, ਆਪਣੀ ਮਾਤ-ਭੂਮੀ ਦੇ ਪ੍ਰਤੀ ਪਿਆਰ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਕਰਨ ਦੇ ਲਈ ਸਾਡਾ ਮਾਰਗ਼ ਦਰਸ਼ਨ ਕਰ ਰਹੀਆਂ ਹਨ। ਸਾਨੂੰ ਸਭ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਹੋਵੇਗਾ ਅਤੇ ਉਨ੍ਹਾਂ ਪਵਿੱਤਰ ਰੂਹਾਂ ਨਾਲ ਵਾਅਦਾ ਕਰਨਾ ਹੋਵੇਗਾ ਕਿ ਅਸੀਂ ਆਪਣੇ ਦੇਸ਼, ਆਪਣੇ ਭਾਰਤ ਦੀ ਸ਼ਾਨ ਨੂੰ ਹਮੇਸ਼ਾ ਬਰਕਰਾਰ ਰੱਖਾਂਗੇ।

* ਸੰਪਰਕ: 93561-27771

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All