ਸਾਇਬਰੀ ਸੰਸਾਰ: ਆਚਾਰ-ਵਿਹਾਰ ਅਤੇ ਵਿਕਾਰ

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਜ਼ਮਾਨਾ ਬਦਲ ਗਿਆ ਹੈ। ਸਭ ਕੁਝ ਆਨਲਾਈਨ ਹੁੰਦਾ ਜਾ ਰਿਹਾ ਹੈ। ਬੜਾ ਸੁਵਿਧਾਜਨਕ ਹੈ ਇਹ ਡਿਜੀਟਲੀ ਅਮਲ। ਹਰ ਚੀਜ਼ ਆਨਲਾਈਨ ਖ਼ਰੀਦੀ ਜਾ ਸਕਦੀ ਹੈ। ਗੂਗਲ ਬਾਬਾ ਤੇ ਇਸ ਦੇ ਹਮਰਾਹ ਮਿਹਰਬਾਨ ਹਨ। ਤੁਸੀਂ ਇਕ ਈ-ਵਣਜ ਕੰਪਨੀ ਨਾਲ ਸੰਪਰਕ ਕਰਦੇ ਹੋ, ਉਸ ਦਾ ਜਵਾਬ ਤਾਂ ਆਉਂਦਾ ਹੀ ਹੈ, ਦੂਜੇ ਈ-ਹਟਵਾਣੀਏ ਵੀ ਪਿੱਛੇ-ਪਿੱਛੇ ਆ ਟਪਕਦੇ ਹਨ। ਤੁਹਾਡੀ ਪਸੰਦ-ਨਾਪਸੰਦ ਦਾ ਉਨ੍ਹਾਂ ਨੂੰ ਵੀ ਆਭਾਸ ਹੋ ਚੁੱਕਾ ਹੈ। ਤੁਹਾਡੀ ਜੇਬ੍ਹ ਡੁੂੰਘੀ ਹੈ ਜਾਂ ਨਹੀਂ, ਇਹ ਟੋਹਣ ਦੀ ਵਿਧੀ ਤੇ ਵਿਧਾ ਉਨ੍ਹਾਂ ਕੋਲ ਮੌਜੂਦ ਹੈ। ਤੁਹਾਡਾ ਸਮਾਰਟਫੋਨ ਜਾਂ ਤੁਹਾਡੀ ਈ-ਮੇਲ ਆਈ.ਡੀ. ਉਨ੍ਹਾਂ ਵਾਸਤੇ ਆਈਨੇ ਦਾ ਕੰਮ ਕਰਦੇ ਹਨ। ਤੁਸੀਂ ਕੌਣ ਹੋ, ਕਿੱਥੇ ਰਹਿੰਦੇ-ਵਸਦੇ ਹੋ, ਕੀ ਕਰਦੇ ਹੋ- ਇਹ ਸਾਰਾ ਕੁਝ ਚੰਦ ਸਕਿੰਟਾਂ ਦੇ ਅੰਦਰ ਖੋਜ ਲਿਆ ਜਾਂਦਾ ਹੈ। ਫਿਰ ਤੁਹਾਡੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਹੀਲੇ-ਵਸੀਲੇ ਸ਼ੁਰੂ ਹੋ ਜਾਂਦੇ ਹਨ। ਸਭ ਕੁਝ ਤੁਹਾਡੀ ਮਰਜ਼ੀ, ਤੁਹਾਡੀ ਸਹਿਮਤੀ ਤੋਂ ਬਿਨਾਂ। ਚਿੰਤਾ ਕਰਨ ਵਾਲੀ ਗੱਲ ਹੈ ਇਹ, ਪਰ ਸਾਡੇ ਵਿਚੋਂ ਕਿੰਨੇ ਕੁ ਅਜਿਹੇ ਵਰਤਾਰੇ ’ਤੇ ਚਿੰਤਾ ਕਰਦੇ ਹਨ? ਫ਼ਜ਼ੂਲ ਜਾਪਣ ਵਾਲੀ ਜਾਣਕਾਰੀ ਜਾਂ ਸੁਨੇਹਿਆਂ ਨੂੰ ਆਪਣੇ ਸਮਾਰਟਫੋਨ ਜਾਂ ਪੀ.ਸੀ. ਵਿਚੋਂ ਮਿਟਾ ਕੇ ਅਸੀਂ ਸੁਰਖ਼ਰੂ ਹੋ ਜਾਂਦੇ ਹਾਂ, ਪਰ ਸੁਨੇਹੇ ਭੇਜਣ ਵਾਲੇ ਇਹ ਵੀ ਜਾਣ ਜਾਂਦੇ ਹਨ ਕਿ ਅਸੀਂ ਕੀ ਮਿਟਾ ਰਹੇ ਹਾਂ, ਕੀ ਸੰਭਾਲ ਰਹੇ ਹਾਂ ਅਤੇ ਕੀ ਪੜ੍ਹ ਰਹੇ ਹਾਂ। ਉਨ੍ਹਾਂ ਦੇ ਸਰਵਰਾਂ ਦੇ ਜ਼ਖ਼ੀਰੇ ਵਿਚ ਇਹ ਸਾਰੀ ਜਾਣਕਾਰੀ ਤੁਹਾਡੇ ਪ੍ਰੋਫਾਈਲ ਦਾ ਹਿੱਸਾ ਬਣਦੀ ਚਲੀ ਜਾਂਦੀ ਹੈ। ਸਾਡੇ ਮਨਾਂ ਦਾ ਚੀਰਹਰਣ, ਸਾਡੀ ਸੂਝ ਤੇ ਸੁਹਜ ਦੀ ਬੇਅਸਮਤੀ ਬਹੁਤ ਵੱਡਾ ਤੇ ਬਹੁਤ ਖ਼ਤਰਨਾਕ ਕਾਰੋਬਾਰ ਬਣ ਚੁੱਕੀ ਹੈ। ਨਿੱਜੀ ਜਾਣਕਾਰੀ ਦਾ ਖਣਨ (ਡੇਟਾ ਮਾਈਨਿੰਗ), ਉਸ ਨੂੰ ਤਰਤੀਬ ਦੇ ਕੇ ਸਾਂਭਣ (ਡੇਟਾ ਪ੍ਰੋਫਾਈਲਿੰਗ) ਅਤੇ ਇਸ ਦੀ ਮੌਕੇ ਮੁਤਾਬਿਕ ਵਰਤੋਂ-ਕੁਵਰਤੋਂ ਕਰਨ ਵਾਲੀ ਸਨਅਤ ਹੁਣ ਖਰਬਾਂ ਡਾਲਰਾਂ ਦੀ ਕਮਾਈ ਵਾਲਾ ਧੰਦਾ ਬਣ ਚੁੱਕੀ ਹੈ। ਕ੍ਰਿਸਟੋਫਰ ਵਾਇਲੀ ਦੀ ਕਿਤਾਬ ‘ਮਾਈਂਡ*ਕ’ (ਹੈਚੇੱਟ; 599 ਰੁਪਏ) ਇਸੇ ਚੀਰਹਰਣ ਦੀ ਕਹਾਣੀ ਪੇਸ਼ ਕਰਦੀ ਹੈ। ਇਹ ਭਾਵੇਂ ਇਕ ਕੰਪਨੀ- ਕੈਂਬਰਿਜ ਐਨੇਲਾਈਟਿਕਾ ਦੇ ਕਾਰਿਆਂ, ਕਾਰਨਾਮਿਆਂ ਤੇ ਕੁਚਾਲਾਂ ਤੱਕ ਸੀਮਤ ਹੈ, ਫਿਰ ਵੀ ਇਸ ਵਿਚ ਉਠਾਏ ਸਵਾਲ ਅਤੇ ਦਰਜ ਜਾਣਕਾਰੀ ਦਰਸਾਉਂਦੀ ਹੈ ਕਿ ਸਾਈਬਰ ਜਗਤ ਨਿਆਮਤ ਵੀ ਹੈ ਅਤੇ ਕਿਆਮਤ ਵੀ। ਕੈਂਬਰਿਜ ਐਨੇਲਾਈਟਿਕਾ ਇਕ ਬ੍ਰਿਟਿਸ਼ ‘ਸਲਾਹਕਾਰ’ ਫਰਮ ਸੀ ਜੋ ਖ਼ੁਦ ਨੂੰ ਸਿਆਸੀ ਧਿਰਾਂ ਲਈ ਮਦਦਗਾਰ ਦੱਸਦੀ ਸੀ। ਜ਼ਾਹਰਾ ਤੌਰ ’ਤੇ ਇਹ ਡੇਟਾ ਇਕੱਤਰ ਕਰਨ, ਉਸ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਵਿਸ਼ਲੇਸ਼ਣ ਦੇ ਆਧਾਰ ’ਤੇ ਚੋਣ ਮੁਹਿੰਮਾਂ ਜਥੇਬੰਦ ਕਰਨ ਦਾ ਵਿਧੀ-ਵਿਧਾਨ ਰਚਣ ਦਾ ਕਾਰਜ ਕਰਦੀ ਸੀ। ਪਰ ਅਜਿਹੇ ਚਿਹਰੇ-ਮੋਹਰੇ ਦੇ ਪਿੱਛੇ ਮੁਲਕਾਂ ਦੀਆਂ ਸਰਕਾਰਾਂ ਉਲਟਾਉਣ ਲਈ ਲੋੜੀਂਦੇ ਡਿਜੀਟਲ ਅਸਾਸੇ ਚੁਰਾਉਣ, ਗੁਪਤ ਜਾਣਕਾਰੀਆਂ ਦਾ ਨਾਜਾਇਜ਼ ਖਣਨ ਅਤੇ ਇਨ੍ਹਾਂ ਰਾਹੀਂ ਰਾਜਨੇਤਾਵਾਂ, ਮੀਡੀਆ ਮੁਗਲਾਂ, ਧਨ ਕੁਬੇਰਾਂ ਅਤੇ ਲੋਕ ਰਾਇ ਜਥੇਬੰਦ ਕਰਨ ਵਾਲੀਆਂ ਹਸਤੀਆਂ ਦੀ ਬਲੈਕਮੇਲਿੰਗ ਵਰਗੀਆਂ ਸਾਜ਼ਿਸ਼ਾਂ ਤੇ ਗਤੀਵਿਧੀਆਂ ਛੁਪੀਆਂ ਹੋਈਆਂ ਸਨ। ਇਨ੍ਹਾਂ ਸਾਜ਼ਿਸ਼ਾਂ ਨੂੰ ਬੇਪਰਦ ਕਰਨ ਦੇ ਨਾਲ-ਨਾਲ ਰੌਸ਼ਨ ਦਿਮਾਗ਼ਾਂ ਨੂੰ ਲੁਭਾਉਣ ਤੇ ਸੁਆਰਥ-ਸਿਧੀ ਲਈ ਵਰਤਣ ਦੇ ਖ਼ਤਰਿਆਂ ਦਾ ਖ਼ੁਲਾਸਾ ਵੀ ਹੈ ਇਹ ਕਿਤਾਬ। ਇਹ ਦਰਸਾਉਂਦੀ ਹੈ ਕਿ ਸਾਈਬਰ ਜਗਤ ਜ਼ਰਬਾਂ-ਤਕਸੀਮਾਂ ਨੂੰ ਆਸਾਨ ਬਣਾਉਣ, ਹਰ ਕਿਸਮ ਦੀ ਜਾਣਕਾਰੀ ਸੰਗ੍ਰਹਿਤ ਤੇ ਸੰਚਿਤ ਕਰਨ ਅਤੇ ਗਿਆਨ ਦੀ ਆਸਾਧਾਰਨ ਤੇਜ਼ੀ ਨਾਲ ਵੰਡ ਤੇ ਪਸਾਰ ਦਾ ਵਸੀਲਾ ਹੀ ਨਹੀਂ, ਬੇਅਕਸਿਆਂ ਦੇ ਅਕਸ ਉਸਾਰਨ, ਅਕਸਵਾਨਾਂ ਨੂੰ ਬੇਅਕਸਾ ਬਣਾਉਣ, ਸਾਡੀ ਸੂਝ ਤੇ ਸੁਹਜ ਨੂੰ ਉਧਾਲਣ ਤੇ ਸਾਡੇ ਮਨ-ਮਸਤਿਕਾਂ ਦੀ ਬੇਪਤੀ ਦਾ ਜ਼ਰੀਆ ਵੀ ਹੈ।

ਸੁਰਿੰਦਰ ਸਿੰਘ ਤੇਜ

ਤੀਹ ਵਰ੍ਹਿਆਂ ਦਾ ਕ੍ਰਿਸਟੋਫਰ ਵਾਇਲੀ ਕੈਨੇਡੀਅਨ ਡੇਟਾ ਵਿਗਿਆਨੀ ਹੈ ਜਿਸ ਨੇ ਕੈਂਬਰਿਜ ਐਨੇਲਾਈਟਿਕਾ ਦੇ ਉਭਾਰ ਤੇ ਨਿਘਾਰ ਵਿਚ ਇਕੋ ਜਿੰਨੀ ਮਹੱਤਵਪੂਰਨ ਭੂਮਿਕਾ ਨਿਭਾਈ। 2013 ਵਿਚ ਵਜੂਦ ’ਚ ਆਈ ਇਸ ਕੰਪਨੀ ਦੇ ਉਥਾਨ ਵਿਚ 2015 ਤੋਂ 2018 ਦੇ ਮੁੱਢ ਤਕ ਉਸ ਨੇ ਪ੍ਰਮੁੱਖ ਯੋਗਦਾਨ ਪਾਇਆ। ਪਰ ਜਦੋਂ ਉਸ ਨੂੰ ਤੇ ਉਸ ਦੇ ਕੁਝ ਸਹਿਕਰਮੀਆਂ ਨੂੰ ਕੰਪਨੀ ਦੇ ਆਚਾਰ-ਵਿਹਾਰ ਵਿਚਲੇ ਵਿਕਾਰਾਂ ਅਤੇ ਇਨ੍ਹਾਂ ਵਿਕਾਰਾਂ ਨਾਲ ਜੁੜੇ ਖ਼ਤਰਿਆਂ ਦਾ ਆਭਾਸ ਹੋਇਆ ਤਾਂ ਉਸ ਨੇ ਇਸ ਵਰਤਾਰੇ ਨੂੰ ਬੇਪਰਦ ਕਰਨ ਦੀ ਜੁਰੱਅਤ ਦਿਖਾਈ। ਉਸ ਦੇ ਪ੍ਰਗਟਾਵੇ ਕੈਂਬਰਿਜ ਐਨੇਲਾਈਟਿਕਾ-ਫੇਸਬੁੱਕ ਸਕੈਂਡਲ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਰਾਹੀਂ ਕੈਂਬਰਿਜ ਐਨੇਲਾਈਟਿਕਾ ਦਾ ਤਾਂ ਭੋਗ ਪਿਆ ਹੀ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਮੰਚ ਵੀ ਕਾਨੂੰਨੀ ਕਟਹਿਰੇ ਵਿਚ ਪਹੁੰਚ ਗਏ। ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਵਿਚ 8.7 ਕਰੋੜ ਫੇਸਬੁੱਕ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਦੀ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੁਵਰਤੋਂ ਦੇ ਦੋਸ਼ਾਂ ਦੀ ਫ਼ੌਜਦਾਰੀ ਜਾਂਚ ਚੱਲ ਰਹੀ ਹੈ। ਇਸ ਦੇ ਬਾਵਜੂਦ ਕੈਂਬਰਿਜ ਐਨੇਲਾਈਟਿਕਾ ਦੇ ਪਰੋਮੋਟਰ ਸਟੀਵ ਬੈਨਨ ਤੇ ਰਿਚਰਡ ਮਰਸਰ ਜੇਲ੍ਹਾਂ ਅੰਦਰ ਨਹੀਂ। ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੇ ਉਨ੍ਹਾਂ ਨੂੰ ਅਜਿਹੀ ਹੋਣੀ ਤੋਂ ਬਚਾਇਆ ਹੋਇਆ ਹੈ। ਕੰਪਨੀ ਨੂੰ 2016 ਦੀ ਅਮਰੀਕੀ ਪ੍ਰਧਾਨਗੀ ਚੋਣ ਵਿਚ ਡੋਨਲਡ ਟਰੰਪ ਦੀ ਨਾਜਾਇਜ਼ ਮਦਦ ਕਰਨ, ਚੁਣਾਵੀ ਅਮਲ ਵਿਚ ਰੂਸੀ ਮੁਦਾਖ਼ਲਤ ਦਾ ਰਾਹ ਪੱਧਰਾ ਕਰਨ, ਯੂਰੋਪੀਅਨ ਸੰਘ ਨਾਲੋਂ ਬ੍ਰਿਟੇਨ ਦੇ ਤੋੜ-ਵਿਛੋੜੇ (ਬ੍ਰੈਗਜ਼ਿੱਟ) ਵਾਲਾ ਮਾਹੌਲ ਉਸਾਰਨ ਅਤੇ ਦੱਖਣੀ ਅਮਰੀਕੀ ਮਹਾਂਦੀਪ ਦੇ ਮੁਲਕਾਂ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤਕ ਫੈਲੀਆਂ ਜਮਹੂਰੀਅਤਾਂ ਵਿਚ ਸੱਜੇ-ਪੱਖੀ ਤੇ ਕੱਟੜਵਾਦੀ ਲਹਿਰਾਂ ਨੂੰ ਹਵਾ ਦੇਣ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। 2014 ਵਿਚ ਭਾਜਪਾ ਵੱਲੋਂ ਅਤੇ ਬਾਅਦ ਵਿਚ ਕਾਂਗਰਸ ਵੱਲੋਂ ਵੀ ਕੈਂਬਰਿਜ ਐੈਨੇਲਾਈਟਿਕਾ ਦੀ ਮਦਦ ਲਏ ਜਾਣ ਦੇ ਇਲਜ਼ਾਮ ਲੱਗਦੇ ਆਏ ਹਨ। ਕੰਪਨੀ ਬਾਰੇ ਕਈ ਦਾਅਵੇ ‘ਹਊਆਵਾਦੀ’ ਬਿਰਤੀ ਦੀ ਪੈਦਾਇਸ਼ ਜਾਪਦੇ ਹਨ, ਫਿਰ ਵੀ ਇਹ ਹਕੀਕਤ ਦਰਕਿਨਾਰ ਨਹੀਂ ਕੀਤੀ ਜਾ ਸਕਦੀ ਕਿ ਸਾਈਬਰ-ਬ੍ਰਹਿਮੰਡ ਸਾਡੀਆਂ ਮਨੋਬਿਰਤੀਆਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਲਗਾਤਾਰ ਪ੍ਰਭਾਵਿਤ ਕਰਦਾ ਆ ਰਿਹਾ ਹੈ। ਇਸ ਨੇ ਸਾਨੂੰ ਵੱਧ ਪਦਾਰਥਵਾਦੀ ਤੇ ਵੱਧ ਵਿਕਾਰਵਾਦੀ ਬਣਾਇਆ ਹੈ। ਇਸ ਨੇ ਸਾਡੀ ਸੋਚ ਦੇ ਧਰਾਤਲ ਨੂੰ ਸੰਕੁਚਿਤ ਵੀ ਬਣਾਇਆ ਹੈ। ਗਲੋਬਲੀ ਪਿੰਡ ਦੇ ਸੰਕਲਪ ਤੇ ਸਿਧਾਂਤ ਦੇ ਨਾਂ ਉੱਤੇ ਚੰਦ ਪੱਛਮੀ ਮੁਲਕਾਂ ਨੇ ਬਾਕੀ ਦੁਨੀਆਂ ਦੇ ਮੁਲਕਾਂ ਉੱਪਰ ਆਪਣਾ ਡਿਜੀਟਲ ਸਾਮਰਾਜ ਲੱਦ ਦਿੱਤਾ ਹੈ ਜੋ ਸਭਿਆਚਾਰਾਂ ਤੇ ਸਭਿਅਤਾਵਾਂ ਦੀ ਸੁਵੰਨਤਾ ਨੂੰ ਸਮੇਟਦਾ ਜਾ ਰਿਹਾ ਹੈ। ਕ੍ਰਿਸਟੋਫਰ ਵਾਇਲੀ ਦੇਖਣ ਨੂੰ ਵਿਗਿਆਨੀ ਜਾਂ ਸਾਈਬਰ ਮਾਹਿਰ ਨਹੀਂ ਲੱਗਦਾ। ਗੁਲਾਬੀ ਵਾਲ, ਨੱਕ ਵਿਚ ਵਾਲੀ, ਚਿਹਰਾ ਇੰਗਲੈਂਡ ਦੇ ਫੁਟਬਾਲੀਆ ਹੁੱਲੜਬਾਜ਼ਾਂ ਵਰਗਾ। ਪਰ ਉਸ ਦਾ ਜੀਵਨ ਵੇਰਵਾ ਇਸ ਦ੍ਰਿਸ਼ਟਾਂਤ ਦੀ ਪੁਸ਼ਟੀ ਕਰਦਾ ਹੈ ਕਿ ਵਿਕਲਾਂਗ ਦਰਅਸਲ, ਦਿਵਿਆਂਗ ਹੀ ਹੁੰਦੇ ਹਨ। ਕੁਦਰਤ ਜੇ ਅਨਿਆਂ ਕਰਦੀ ਹੈ ਤਾਂ ਨਾਲ ਹੀ ਹਰਜ-ਪੂਰਤੀ ਵੀ ਕਰਦੀ ਹੈ। ਖਿਆਨਤ ਦੇ ਪੀੜਤ ਨੂੰ ਉਹ ਨਵੇਕਲੀ ਨਿਆਮਤ ਨਾਲ ਲੈਸ ਜ਼ਰੂਰ ਕਰਦੀ ਹੈ। ਵਾਇਲੀ ਵੰਗਾਰਾਂ ਨਾਲ ਲਗਾਤਾਰ ਜੂਝਦਾ ਆਇਆ ਹੈ। ਪਿਤਾ ਫਿਜ਼ੀਸ਼ਨ, ਮਾਂ ਮਨੋਚਕਿਤਸਕ, ਪਰ ਵਾਇਲੀ ਨਾਰਮਲ ਬੱਚੇ ਵਾਲੀਆਂ ਕਈ ਰਿਧੀਆਂ-ਸਿਧੀਆਂ ਤੋਂ ਵਿਹੂਣਾ। ਦੋ ਨਿਹਾਇਤ ਗੰਭੀਰ ਨਿਓਰੋ-ਮਰਜ਼ਾਂ ਦਾ ਸ਼ਿਕਾਰ। ਇਨ੍ਹਾਂ ਮਰਜ਼ਾਂ ਕਾਰਨ ਨਸਾਂ ਵਿਚ ਉੱਠਣ ਵਾਲਾ ਅਸਹਿ ਦਰਦ, ਮਾਸਪੇਸੀਆਂ ਦੀ ਕਮਜ਼ੋਰੀ, ਨਜ਼ਰ ਸ਼ਕਤੀ ਤੇ ਸੁਣਨ ਸ਼ਕਤੀ ਦਾ ਖੋਰਾ ਉਸ ਦੇ ਵਜੂਦ ਦਾ ਹਿੱਸਾ ਹਨ। ਵੈਨਕੂਵਰ ਦੇ ਸਕੂਲ ਵਿਚ ਵਿੰਗਾ-ਟੇਢਾ ਤੁਰਦਾ ਸੀ ਤਾਂ ਦੂਜੇ ਬੱਚੇ ਛੇੜਦੇ। 12 ਵਰ੍ਹਿਆਂ ਦੀ ਉਮਰ ਵਿਚ ਵੀਲ ਚੇਅਰ ਨੂੰ ਸੰਗੀ ਬਣਾਉਣਾ ਪਿਆ। ਜਵਾਨੀ ਹਮਜਿਨਸਾਂ ਪ੍ਰਤੀ ਚਾਹਤ ਆਪਣੇ ਨਾਲ ਲਿਆਈ। ਹਮਉਮਰਾਂ ਦੀ ਬੇਦਰਦੀ ਤੇ ਵੱਡਿਆਂ ਦੀ ਬੇਲੋੜੀ ਹਮਦਰਦੀ ਨੇ ਵਾਇਲੀ ਨੂੰ ਇਕੱਲਵਾਦੀ ਅਤੇ ਕੰਪਿਊਟਰ ਦਾ ਸਥਾਈ ਸਾਥੀ ਬਣਾ ਦਿੱਤਾ। ਇਸ ਰਿਸ਼ਤੇ ਦੀ ਗਹਿਰਾਈ ਨੇ ਸਾਈਬਰ ਜਗਤ ਦੇ ਸਾਰੇ ਦਵਾਰ ਉਸ ਵਾਸਤੇ ਖੋਲ੍ਹ ਦਿੱਤੇ। ਹੋਰ ਤਾਂ ਹੋਰ, ਇਸ ਜਗਤ ਦਾ ਦਸਮ ਦਵਾਰ ਵੀ ਉਸ ਦੀ ਪਹੁੰਚ ਤੋਂ ਦੂਰ ਨਹੀਂ ਰਿਹਾ। ‘ਗੇਅ ਹੈਕਰ’ ਵਾਲੀ ਸਾਖ਼ ਤੇ ਉਦਾਰਵਾਦ ਵੱਲ ਝੁਕਾਅ ਨੇ ਪਹਿਲਾਂ ਉਸ ਨੂੰ ਬਰਾਕ ਓਬਾਮਾ ਦੇ ਪ੍ਰਚਾਰ ਦਾ ਹਿੱਸਾ ਬਣਾਇਆ, ਫਿਰ ਕੈਨੇਡਾ ਵਿਚ ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਦਾ ਪ੍ਰਚਾਰਕ। ਇਸੇ ਸ਼ਾਖ ਨੇ ਕੈਂਬਰਿਜ ਐਨੇਲਾਈਟਿਕਾ ਵਿਚ ਰਿਸਰਚ ਡਾਇਰੈਕਟਰ ਦੇ ਉੱਚ ਅਹੁਦੇ ’ਤੇ ਨਿਯੁਕਤੀ ਦਾ ਰਾਹ ਖੋਲ੍ਹਿਆ। ਇਹ ਵੱਖਰੀ ਗੱਲ ਹੈ ਕਿ ਤਿੰਨ ਵਰ੍ਹਿਆਂ ਦੇ ਅੰਦਰ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਨੂੰ ਸੰਸਾਰ ਦੇ ਭਲੇ ਲਈ ਨਹੀਂ ਵਰਤਿਆ ਜਾ ਰਿਹਾ। ਇਸੇ ਅਹਿਸਾਸ ਨੇ ਉਸ ਨੂੰ ਬਾਗ਼ੀ ਹੋਣ ਦੇ ਰਾਹ ਪਾਇਆ। ਕਿਤਾਬ ਦੀ ਅੰਤਿਕਾ ਵਿਚ ਵਾਇਲੀ ਨੇ ਉਹ ਕਦਮ, ਨਿਯਮ ਅਤੇ ਵਿਧਾਨ ਸੁਣਾਏ ਹਨ ਜੋ ਸਾਈਬਰ ਜਗਤ, ਖ਼ਾਸ ਕਰਕੇ ਸੰਸਾਰ ਦੇ ਹਰ ਨਾਗਰਿਕ ਦੇ ਨਿੱਜ ਨੂੰ ਸਾਇਬਰੀ ਹਮਲਿਆਂ ਤੋਂ ਸੁਰੱਖਿਅਤ ਬਣਾਉਣ ਵਿਚ ਸਹਾਈ ਹੋ ਸਕਦੇ ਹਨ। ਉਂਜ, ਨਾਲ ਹੀ ਉਹ ਮੰਨਦਾ ਹੈ ਕਿ ਨਿਯਮਾਂ-ਕਾਨੂੰਨਾਂ ਨਾਲੋਂ ਵੱਧ ਮਹੱਤਵ ਇਖ਼ਲਾਕ ਤੇ ਇਨਸਾਨੀਅਤ ਦਾ ਹੈ। ਇਨ੍ਹਾਂ ਦੋਵਾਂ ਮਾਦਿਆਂ ਦਾ ਭਾਵੇਂ ਹੁਣ ਬਹੁਤਾ ਪ੍ਰਚਲਨ ਨਹੀਂ ਰਿਹਾ, ਫਿਰ ਵੀ ਇਹ ਸਾਡੇ ਵਿਚੋਂ ਕਈ ਸਾਰਿਆਂ ਦੇ ਮਨਾਂ ਵਿਚ ਸੂਖ਼ਮ-ਅਸੂਖ਼ਮ ਰੂਪ ਵਿਚ ਮੌਜੂਦ ਜ਼ਰੂਰ ਹਨ। ਵਾਇਲੀ ਵਰਗੇ ਸਿਰੜੀਆਂ ਦੀ ਜੁਰੱਅਤਮੰਦੀ ਇਨ੍ਹਾਂ ਦੇ ਪੁੰਗਰਨ-ਉਭਰਨ ਲਈ ਖਾਧ-ਖੁਰਾਕ ਦਾ ਕੰਮ ਕਰਦੀ ਹੈ। ਇਹੀ ਸਾਡੇ ਲਈ ਸਾਇਬਰੀ ਯੁੱਗ ਦਾ ਸੁੱਖ-ਸੁਨੇਹਾ ਹੈ।

* * *

ਪੰਜਾਬੀ ਅਦਬ ਵਿਚ ਮਨਮੋਹਨ ਸਿੰਘ ਦਾਊਂ ਦੀ ਪਛਾਣ ਬਹੁ-ਵਿਧਾਈ ਸਾਹਿਤਕਾਰ ਵਾਲੀ ਹੈ। ਕਵਿਤਾ, ਨਿਬੰਧਕਾਰੀ, ਵਾਰਤਕ ਲੇਖਣ, ਬਾਲ ਸਾਹਿਤ ਅਤੇ ਪੁਆਧ ਤੇ ਪੁਆਧੀ ਬਾਰੇ ਖੋਜ-ਕਾਰਜ। ਇਨ੍ਹਾਂ ਸਾਰੇ ਖੇਤਰਾਂ ਵਿਚ ਸ੍ਰੀ ਦਾਊਂ ਦੀ ਰਚਨਾਕਾਰੀ ਬਹੁਤ ਵਿਆਪਕ ਹੈ- 78 ਕਿਤਾਬਾਂ ਦੇ ਰੂਪ ਵਿਚ। ਇਨ੍ਹਾਂ ਵਿਚੋਂ ਤਿੰਨ ਦਰਜਨ ਦੇ ਕਰੀਬ ਸਿਰਫ਼ ਬਾਲ ਸਾਹਿਤ ਨਾਲ ਸਬੰਧਤ ਹਨ। ਕਲਮ ਦੀ ਅਜਿਹੀ ਬੇਰੋਕਤਾ ਦੇ ਬਾਵਜੂਦ ਇਸ ਅਦੀਬ ਦੀਆਂ ਲੇਖਣੀਆਂ ਮਿਆਰ ਤੇ ਮਿਠਾਸ ਪੱਖੋਂ ਕਦੇ ਊਣੀਆਂ ਨਹੀਂ ਰਹੀਆਂ। ਅਜਿਹੀ ਸ਼ਫ਼ਾ ਬਹੁਤ ਘੱਟ ਕਲਮਕਾਰਾਂ ਨੂੰ ਨਸੀਬ ਹੁੰਦੀ ਹੈ। ਸ੍ਰੀ ਦਾਊਂ ਨੂੰ ਢੁਕਵੇਂ ਇਨਾਮ-ਸਨਮਾਨ ਵੀ ਮਿਲੇ ਹਨ ਜਿਨ੍ਹਾਂ ਵਿਚ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੇ ਪੁਰਸਕਾਰ ਸ਼ਾਮਲ ਹਨ। ‘ਮਾਣ ਮੱਤਾ ਸਾਹਿਤਕਾਰ ਮਨਮੋਹਨ ਸਿੰਘ ਦਾਊਂ’ (ਲੋਕਗੀਤ ਪ੍ਰਕਾਸ਼ਨ; 495 ਰੁਪਏ) ਉਹ ਅਭਿਨੰਦਨੀ ਪੁਸਤਕ ਹੈ ਜੋ ਸ੍ਰੀ ਦਾਊਂ ਦੀ ਸਾਹਿਤਕ ਦੇਣ ਨੂੰ ਸਮਰਪਿਤ ਹੈ। ਸੰਪਾਦਨ ਡਾ. ਗੁਰਨਾਇਬ ਸਿੰਘ ਨੇ ਡਾ. ਬਲਵਿੰਦਰ ਸਿੰਘ ਤੇ ਡਾ. ਵੀਰਪਾਲ ਕੌਰ ਦੀ ਟੀਮ ਨਾਲ ਮਿਲ ਕੇ ਕੀਤਾ ਹੈ। ਪੁਸਤਕ ਦੇ ਦਸ ਭਾਗ ਹਨ ਜਿਨ੍ਹਾਂ ਵਿਚ ਸ੍ਰੀ ਦਾਊਂ ਦੀਆਂ ਕੁਝ ਚੋਣਵੀਆਂ ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੀ ਸਰਬ-ਅੰਗੀ ਘਾਲ-ਕਮਾਈ ਬਾਰੇ ਕਰੀਬ 91 ਲੇਖਕਾਂ ਦੀਆਂ ਲੇਖਣੀਆਂ ਦਰਜ ਹਨ। ਉਸਤਤੀ ਸੁਰ ਦੇ ਬਾਵਜੂਦ ਇਹ ਲੇਖਣੀਆਂ ਸ੍ਰੀ ਦਾਊਂ ਦੀ ਅਦਬੀ ਦੇਣ ਉੱਤੇ ਸੁਚੱਜੀ ਰੌਸ਼ਨੀ ਪਾਉਂਦੀਆਂ ਹਨ। ਲੇਖਕਾਂ ਵਿਚ ਡਾ. ਸੁਰਜੀਤ ਪਾਤਰ, ਡਾ. ਸੁਰਜੀਤ ਬਰਾੜ, ਡਾ. ਕਰਨੈਲ ਸਿੰਘ ਸੋਮਲ, ਡਾ. ਕਰਨੈਲ ਸਿੰਘ ਥਿੰਦ, ਡਾ. ਸੁਰਿੰਦਰ ਗਿੱਲ, ਡਾ. ਦਰਸ਼ਨ ਸਿੰਘ ਆਸ਼ਟ ਤੇ ਹੋਰ ਅਦਬੀ ਹਸਤਾਖਰ ਸ਼ੁਮਾਰ ਹਨ। ਪੁਆਧ ਖਿੱਤੇ ਦੇ ਵਜੂਦ ਨੂੰ ਚਰਚਾ ਵਿਚ ਲਿਆਉਣ ਅਤੇ ਪੁਆਧੀ ਨੂੰ ਉਪ ਭਾਖਾ ਵਜੋਂ ਮਾਨਤਾ ਦਿਵਾਉਣ ਵਾਸਤੇ ਸ੍ਰੀ ਦਾਊਂ ਵੱਲੋਂ ਕੀਤੇ ਗਏ ਹੀਲੇ-ਉਪਰਾਲੇ ਉਚੇਚੇ ਤੌਰ ’ਤੇ ਜ਼ਿਕਰਯੋਗ ਹਨ। ਇਨ੍ਹਾਂ ਯਤਨਾਂ ਨੂੰ ਬਰਕਰਾਰ ਰੱਖੇ ਜਾਣ ਅਤੇ ਇਕੱਤਰ ਜਾਣਕਾਰੀ ਨੂੰ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿਚ ਵੀ ਉਲਥਾਏ ਜਾਣ ਦੀ ਲੋੜ ਹੈ। ਪੁਆਧ, ਕਾਲਾ ਅੰਬ ਜਾਂ ਅੰਬਾਲਾ ਪੁੱਜ ਕੇ ਖ਼ਤਮ ਨਹੀਂ ਹੁੰਦਾ। ਪੁਆਧੀ ਪੁੱਠ ਵਾਲੀ ਬੋਲੀ ਦੇਹਰਾਦੂਨ (ਉੱਤਰਾਖੰਡ) ਦੇ ਹਰਬਰਟਪੁਰ ਇਲਾਕੇ (ਯਮੁਨਾ ਪਾਰ) ਦੇ ਪਿੰਡਾਂ ਵਿਚ ਵੀ ਬੋਲੀ ਜਾਂਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਖੋਜ ਕਾਰਜ ਦਾ ਸਿਲਸਿਲਾ ਉਨ੍ਹਾਂ ਪਿੰਡਾਂ ਤਕ ਵੀ ਪੁੱਜੇਗਾ ਅਤੇ ਸ੍ਰੀ ਦਾਊਂ ਦੇ ਯਤਨਾਂ ਦਾ ਦਾਇਰਾ ਹੋਰ ਵਸੀਹ ਹੋਵੇਗਾ।

* * *

ਪੰਡਿਤ ਸ਼ਿਵ ਕੁਮਾਰ ਸ਼ਰਮਾ (81) ਦੇਸ਼-ਦੁਨੀਆਂ ਦੇ ਅੱਵਲਤਰੀਨ ਸੰਤੂਰਵਾਦਕ ਹਨ। ਜੰਮੂ ਦੇ ਜੰਮਪਲ ਹਨ, ਪਰ ਡੋਗਰੀ ਦੇ ਨਾਲ ਨਾਲ ਪੰਜਾਬੀ ਵੀ ਬਹੁਤ ਮਿੱਠੀ ਬੋਲਦੇ ਹਨ। ਇਕ ਹਾਲੀਆ ਰੇਡੀਓ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਪੰਜਾਬੀ ਉੱਤੇ ਡੋਗਰੀ ਪੁੱਠ ਨਾ ਹੋਣ ਦਾ ਸਿਹਰਾ ਜਵਾਨੀ ਦੇ ਦਿਨਾਂ ਦੌਰਾਨ ਅੰਮ੍ਰਿਤਸਰ-ਜਲੰਧਰ ਦੀਆਂ ਫੇਰੀਆਂ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਯੁਵਕ ਮੇਲਿਆਂ ਵਿਚ ਭਾਗ ਲੈਣ ਲਈ ਇਨ੍ਹਾਂ ਸ਼ਹਿਰਾਂ ਵਿਚ ਅਕਸਰ ਹੀ ਆਇਆ ਕਰਦੇ ਸਨ ਅਤੇ ਇਨ੍ਹਾਂ ਫੇਰੀਆਂ ਦਾ ਲਾਹਾ ਪੰਜਾਬੀ ਉਚਾਰਣ ਸੁਧਾਰਨ ਲਈ ਲਿਆ ਕਰਦੇ ਸਨ। ਬਾਅਦ ਵਿਚ ਫਿਲਮਸਾਜ਼ ਯਸ਼ ਚੋਪੜਾ ਤੇ ਉਨ੍ਹਾਂ ਦੇ ਪਰਿਵਾਰ ਅਤੇ ਉਸਤਾਦ ਅੱਲ੍ਹਾ ਰੱਖਾ ਕੁਰੈਸ਼ੀ ਦੇ ਪਰਿਵਾਰ ਨਾਲ ਸਾਂਝ ਨੇ ਉਨ੍ਹਾਂ ਨੂੰ ਪੰਜਾਬੀ ਨਾਲ ਲਗਾਤਾਰ ਜੁੜੇ ਰਹਿਣ ਦੇ ਕਾਬਲ ਬਣਾਇਆ। ਯਸ਼ ਚੋਪੜਾ ਨਾਲ ਦੋਸਤੀ ਨੇ ਸ਼ਿਵ-ਹਰੀ (ਹਰੀ ਪ੍ਰਸਾਦ ਚੌਰਸੀਆ) ਦੀ ਸੰਗੀਤਕਾਰ ਜੋੜੀ ਨੂੰ ਜਨਮ ਦਿੱਤਾ ਅਤੇ ਕੁਰੈਸ਼ੀ ਪਰਿਵਾਰ ਨਾਲ ਰਿਸ਼ਤੇ ਨੇ ਤਬਲਾਨਵਾਜ਼ ਜ਼ਾਕਿਰ ਹੁਸੈਨ ਤੇ ਹਨੀਫ਼ ਕੁਰੈਸ਼ੀ ਨਾਲ ਜੁਗਲਬੰਦੀ ਵਾਲੀਆਂ ਅੱਧੀ ਦਰਜਨ ਐਲਬਮਾਂ ਦੀ ਪੈਦਾਇਸ਼ ਸੰਭਵ ਬਣਾਈ। ਇਸੇ ਇੰਟਰਵਿਊ ਵਿਚ ਪੰਡਿਤ ਸ਼ਿਵ ਸ਼ਰਮਾ ਨੇ ਇਕ ਹੋਰ ਅਹਿਮ ਜਾਣਕਾਰੀ ਦਿੱਤੀ। ਇਹ ਫਿਲਮ ‘ਗਾਈਡ’ (1966) ਦੇ ਇਕ ਗੀਤ ਵਿਚ ਉਨ੍ਹਾਂ ਵੱਲੋਂ ਤਬਲਾ ਵਜਾਏ ਜਾਣ ਬਾਰੇ ਸੀ। ਉਨ੍ਹਾਂ ਦੱਸਿਆ ਕਿ ਸੰਗੀਤਕਾਰ ਸਚਿਨ ਦੇਵ ਬਰਮਨ ਨਾਲ ਸਾਜ਼ਿੰਦੇ ਦੇ ਰੂਪ ਵਿਚ ਉਹ ਅਕਸਰ ਕੰਮ ਕਰਦੇ ਸਨ। ਪਰ ‘ਗਾਈਡ’ ਦੀ ਗੀਤ ਦੀ ਰਿਕਾਰਡਿੰਗ ਮੌਕੇ ਦਾਦਾ ਬਰਮਨ ਨੇ ਉਨ੍ਹਾਂ ਨੂੰ ਤਬਲਾ ਵਜਾਉਣ ਲਈ ਕਿਹਾ। ਹੈਰਾਨ ਹੋਏ ਸ਼ਿਵ ਸ਼ਰਮਾ ਨੇ ਇਸ ਦੀ ਵਜ੍ਹਾ ਪੁੱਛੀ ਤਾਂ ਦਾਦਾ ਦਾ ਜਵਾਬ ਸੀ: ਮੈਨੂੰ ਇਸ ਗੀਤ ਵਿਚ ਤਬਲੇ ਦੀ ਸੰਤੂਰਨੁਮਾ ਥਾਪ ਚਾਹੀਦੀ ਹੈ। ‘ਗਾਈਡ’ ਦੇ ਆਇਕੌਨਿਕ ਗੀਤ ‘ਪੀਆ ਤੋਸੇ ਨੈਨਾ ਲਾਗੇ ਰੇ’ ਨੂੰ ਸੁਣਨ ’ਤੇ ਸਹਿਜੇ ਹੀ ਇਹ ਆਭਾਸ ਹੋ ਜਾਂਦਾ ਹੈ ਕਿ ਦਾਦਾ ਬਰਮਨ ਦਾ ਫ਼ੈਸਲਾ ਕਿੰਨਾ ਦਰੁਸਤ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All