ਸਰਹੱਦ ਪਾਰੋਂ: ਲਾਂਘੇ ਬਾਰੇ ਲਾਹੌਰੀਆਂ ਦੇ ਜਜ਼ਬੇ

ਸਰਹੱਦ ਪਾਰੋਂ: ਲਾਂਘੇ ਬਾਰੇ ਲਾਹੌਰੀਆਂ ਦੇ ਜਜ਼ਬੇ

ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਦੀ ਵਕਾਲਤ

* ਪਾਕਿਸਤਾਨੀਆਂ ਦੇ ਮਨਾਂ ’ਚ ਵੀ ਹਿੰਦੁਸਤਾਨ ਵਿਚਲੀਆਂ ਪਵਿੱਤਰ ਥਾਵਾਂ ਦੇਖਣ ਦੀ ਖ਼ਾਹਿਸ਼ * ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਨੂੰ ਵੀ ਪਾਕਿ ਆਉਣ ਦਾ ਸੱਦਾ ਦਿੱਤਾ * ਦੋਵਾਂ ਮੁਲਕਾਂ ਦੇ ਸਬੰਧ ਰੌਸ਼ਨ ਹੋਣ ਦੀ ਆਸ ਪ੍ਰਗਟਾਈ

ਜ਼ੁਬੈਰ ਅਹਿਮਦ ਲਾਹੌਰ, 8 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਲਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਾਕਿ ‘ਜੀ ਆਇਆਂ’ ਆਖੇਗਾ। ਸਾਢੇ ਤਿੰਨ ਵਰ੍ਹਿਆਂ ਵਿਚ ਪੂਰੇ ਕੀਤੇ ਜਾਣ ਵਾਲੇ ਲਾਂਘੇ ਦੇ ਕੰਮ ਨੂੰ ਅਰਬਾਂ ਰੁਪਏ ਖ਼ਰਚ ਕੇ 10 ਮਹੀਨਿਆਂ ਵਿਚ ਹੀ ਨੇਪਰੇ ਚਾੜ੍ਹ ਦਿੱਤਾ ਗਿਆ ਹੈ। ਪਾਕਿਸਤਾਨ ਦੀ ਸਰਕਾਰ ਨੇ ਸਰਹੱਦ ਪਾਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਅਤੇ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨੂੰ ਵੀ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਮੁਲਕ ਵਿਚ ਵਿਰੋਧੀ ਧਿਰਾਂ ਇਸ ਦੇ ਖ਼ਿਲਾਫ਼ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਚੜ੍ਹਦੇ ਪੰਜਾਬ ਤੋਂ ਯਾਤਰੀਆਂ ਨੂੰ ਅਜਿਹੀ ਖੁੱਲ੍ਹ ਦੇਣੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਪਾਕਿਸਤਾਨ ਦੇ ਡਾਕ ਮਹਿਕਮੇ ਨੇ ਇਸ ਮੌਕੇ ਯਾਦਗਾਰੀ ਟਿਕਟ ਵੀ ਜਾਰੀ ਕੀਤੀ ਹੈ। ਲਾਂਘਾ ਖੋਲ੍ਹਣ ਦੀ ਜ਼ਿਆਦਾਤਰ ਧੜਿਆਂ, ਸੂਝਵਾਨਾਂ ਤੇ ਅਖ਼ਬਾਰਚੀਆਂ ਵੱਲੋਂ ਸਰਾਹਨਾ ਹੀ ਕੀਤੀ ਗਈ ਹੈ। ਖੱਬੇ ਧੜੇ ਦੇ ਸੂਝਵਾਨ ਤੇ ਹੰਢੇ ਹੋਏ ਆਗੂ ਪ੍ਰੋਫ਼ੈਸਰ ਅਜ਼ੀਜ਼ ਉੱਦ ਦੀਨ ਨੇ ਕਿਹਾ ‘ਵੇਖੋ ਜੀ ਤਿੰਨ ਗੱਲਾਂ ਹਨ: ਪਹਿਲੀ ਇਹ ਹੈ ਕਿ ਜਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਹਨੇਰੇ ਜਾਪ ਰਹੇ ਹਨ ਤਾਂ ਇਹ ਲਾਂਘਾ ਖੁੱਲ੍ਹਣ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਦੋਵਾਂ ਮੁਲਕਾਂ ਦੇ ਆਪਸੀ ਸਬੰਧ ਬਿਹਤਰ ਹੋਣਗੇ, ਲਾਂਘਾ ਸਥਿਤੀਆਂ ਨੂੰ ਰੌਸ਼ਨ ਕਰੇਗਾ। ਦੂਜਾ ਪੱਖ ਇਹ ਹੈ ਕਿ ਕਰਤਾਰਪੁਰ ਸਿੱਖਾਂ ਦਾ ਮੁਕੱਦਸ ਮੁਕਾਮ ਹੈ ਅਤੇ ਬਾਕੀ ਦੁਨੀਆ ਲਈ ਵੀ ਖ਼ੁਸ਼ੀ ਦਾ ਮੁਕਾਮ ਹੈ। ਅਸੀਂ ਇਹ ਖੁਸ਼ੀ ਉਨ੍ਹਾਂ ਨਾਲ ਸਾਂਝੀ ਕਰਦੇ ਹਾਂ। ਇਸ ਦੇ ਨਾਲ ਹੀ ਮੰਗ ਕਰਦੇ ਹਾਂ ਸਿੱਖਾਂ ਦੇ ਸਾਰੇ ਮੁਕਾਮ ਖੋਲ੍ਹੇ ਜਾਣ ਤੇ ਉਨ੍ਹਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦਿੱਤੀਆਂ ਜਾਣ। ਸੱਜਰਾ ਕਦਮ ਅੱਛਾ ਹੈ ਪਰ ਇਹ ਕਾਫ਼ੀ ਨਹੀਂ। ਦੋਵੇਂ ਪਾਸਿਆਂ ਦੀਆਂ ਸਾਰੀਆਂ ਥਾਵਾਂ ਖੋਲ੍ਹੀਆਂ ਜਾਣ। ਤੀਜਾ, ਮੁਸਲਮਾਨਾਂ ਦੀਆਂ ਜਿਹੜੀਆਂ ਪਵਿੱਤਰ ਥਾਵਾਂ ਹਿੰਦੁਸਤਾਨ ਵਿਚ ਹਨ, ਉੱਥੇ ਪਾਕਿਸਤਾਨੀਆਂ ਨੂੰ ਜਾਣ ਦੀ ਖੁੱਲ੍ਹ ਦਿੱਤੀ ਜਾਵੇ।’ ਨੀਲਮ ਅਹਿਮਦ ਬਸ਼ੀਰ, ਜਿਨ੍ਹਾਂ ਦੀ ਨਜ਼ਮ ‘ਗੁਆਂਢਣੇ-ਗੁਆਂਢਣੇ’ ਬਹੁਤ ਮਸ਼ਹੂਰ ਹੋਈ ਸੀ ਤੇ ਉਰਦੂ ਦੇ ਬੜੇ ਮੰਨੇ-ਪ੍ਰਮੰਨੇ ਲਿਖਾਰੀ ਵਜੋਂ ਵੀ ਉਹ ਜਾਣੇ ਜਾਂਦੇ ਹਨ, ਨੇ ਗੱਲਬਾਤ ਕਰਦਿਆਂ ਕਿਹਾ ‘ਲਾਂਘੇ ਨਾਲ ਅਮਨ ਦਾ ਰਾਹ ਖੁੱਲ੍ਹੇਗਾ ਅਤੇ ਲੋਕਾਂ ਦਾ ਆਪਸੀ ਰਾਬਤਾ ਕਾਇਮ ਹੋਵੇਗਾ। ਰਸਤੇ ਬੰਦ ਕਰਨ ਨਾਲ ਕੋਈ ਤਰੱਕੀ ਨਹੀਂ ਹੁੰਦੀ। ਰਸਤੇ ਬੰਦ, ਦਿਲ ਬੰਦ। ਸਾਰਿਆਂ ਹਿੰਦੂਆਂ ਤੇ ਸਿੱਖਾਂ ਨੂੰ ਵੀ ਪਾਕਿਸਤਾਨ ਆਉਣਾ ਚਾਹੀਦਾ ਹੈ। ਜੇ ਇਸ ਨਾਲ ਸਿੱਖ ਭਾਈਚਾਰਾ ਖੁਸ਼ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ। ਮੁਸਲਮਾਨ ਭਾਈਚਾਰੇ ਲਈ ਉੱਧਰ ਦੀਆਂ ਥਾਵਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ। ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਦਾ ਮਿਲਣਾ ਜ਼ਰੂਰੀ ਹੈ। ਗੱਲ ਸਿਰਫ਼ ਪੰਜਾਬੀਆਂ ਤੇ ਸਿੱਖਾਂ ਤੱਕ ਮਹਿਦੂਦ ਨਹੀਂ ਰਹਿਣੀ ਚਾਹੀਦੀ, ਅਮਨ-ਅਮਾਨ ਕਾਇਮ ਹੋਣਾ ਚਾਹੀਦਾ ਹੈ।’ ਮਸ਼ਹੂਰ ਕਾਲਮਨਵੀਸ ਤੇ ਅਖ਼ਬਾਰਚੀ ਹੁਸੈਨ ਨਿੱਕੀ ਨੇ ਆਖਿਆ ‘ਮੈਂ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਵਿਚਾਲੇ ਸੌਫ਼ਟ ਬਾਰਡਰ ਦੇ ਪੱਖ ਵਿਚ ਹਾਂ ਜਿਵੇਂ ਮੁਹੰਮਦ ਅਲੀ ਜਿਨਾਹ ਤੇ ਮਹਾਤਮਾ ਗਾਂਧੀ ਸਨ। ਕਰਤਾਰਪੁਰ ਇਕ ਅੱਛਾ ਕਦਮ ਹੈ ਜਿਸ ਨੂੰ ਕੁਝ ਲੋਕ ਖ਼ਰਾਬ ਕਰਾਰ ਦੇ ਰਹੇ ਹਨ। ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਨਾਲ ਤਾਲੁਕਾਤ ਸੁਧਰਨਗੇ। ਜਿਹੜੇ ਦੋਸਤੀ ਚਾਹੁੰਦੇ ਹਨ, ਉਨ੍ਹਾਂ ਲਈ ਅੱਛਾ ਮੌਕਾ ਹੈ ਇਸ ਨੂੰ ਬਿਹਤਰ ਬਣਾਉਣ ਦਾ।’ ਉੱਘੇ ਲਿਖਾਰੀ ਡਾ. ਮਨਜ਼ੂਰ ਏਜ਼ਾਜ਼ ਨੇ ਆਖਿਆ ‘ਇਹ ਤਵਾਰੀਖ਼ ਦਾ ਖ਼ਾਸ ਮੌਕਾ ਹੈ ਕਿਉਂਕਿ ਜੇ ਪੰਜਾਬੀ ਭਾਈਚਾਰੇ ਨੂੰ ਮੁਲਕ ਦੀ ਸਰਹੱਦ ਪਾਰ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਇੰਜ ਹੀ ਹੋਰ ਰਾਹ ਵੀ ਖੁੱਲ੍ਹਣਗੇ।’ ਮੇਲ-ਮਿਲਾਪ ਵਧਾਉਣ ਲਈ ਉਪਰਾਲੇ ਹੋਣ: ਸਾਫ਼ਮਾ ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ) ਦੇ ਜਨਰਲ ਸਕੱਤਰ ਇਮਤਿਆਜ਼ ਆਲਮ ਨੇ ਕਿਹਾ ‘ਕਰਤਾਰਪੁਰ ਗੁਰਦੁਆਰੇ ਦੀ ਮੁਰੰਮਤ ਤੇ ਲਾਂਘੇ ਦਾ ਖੁੱਲ੍ਹਣਾ ਬਾਬਾ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਾਡੇ ਲਈ ਅਨਮੋਲ ਤੋਹਫ਼ਾ ਹੈ। ਇਸ ਲਾਂਘੇ ਰਾਹੀਂ ਆਪਸੀ ਭਾਈਚਾਰੇ ਤੇ ਅਮਨ ਨੂੰ ਹੁਲਾਰਾ ਦਿੱਤਾ ਜਾਵੇ। ਇਹ ਸਾਰੀਆਂ ਫ਼ਿਕਰਾਂ, ਸੌੜੀ ਸੋਚ ਤੇ ਰਿਆਸਤਾਂ ਦੀਆਂ ਲੜਾਈਆਂ ਤੋਂ ਆਜ਼ਾਦ ਹੋਣਾ ਚਾਹੀਦਾ ਹੈ। ਗੁਰਦੁਆਰੇ ਅਤੇ ਨਾਲ ਲੱਗਦੇ ਇਲਾਕੇ ਨੂੰ ਮਹਾਨ ਅਮਨ ਪਾਰਕ ਵਿਚ ਤਬਦੀਲ ਕਰ ਕੇ ਜ਼ੀਰੋ ਲਾਈਨ ’ਤੇ ਲੋਕਾਂ ਦਾ ਮੇਲ-ਮਿਲਾਪ ਕਰਵਾਇਆ ਜਾਵੇ, ਭਾਈਚਾਰਾ ਵਧਾਇਆ ਜਾਵੇ ਜਿਸ ਦੀ ਮੰਗ ਚਿਰਾਂ ਤੋਂ ਸਾਫ਼ਮਾ ਕਰਦਾ ਆ ਰਿਹਾ ਹੈ।’ ਸਿੱਖ ਭਾਈਚਾਰੇ ਲਈ ਕਰਤਾਰਪੁਰ ਸਾਹਿਬ ਵੱਡੀ ਅਹਿਮੀਅਤ ਰੱਖਦਾ ਹੈ ਤੇ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਇਮਰਾਨ ਖ਼ਾਨ ਹਕੂਮਤ ਨੇ ਰਾਹਦਾਰੀ ਖੋਲ੍ਹਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪਾਕਿਸਤਾਨ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ। ਬਾਬਾ ਗੁਰੂ ਨਾਨਕ ਕੇਵਲ ਸਿੱਖਾਂ ਦਾ ਨਹੀਂ, ਸਾਰਿਆਂ ਦਾ ਸਾਂਝਾ ਹੈ। ਆਸ ਕਰਦੇ ਹਾਂ ਕਿ ਆਪਸ ਵਿਚ ਪਿਆਰ ਮੁਹੱਬਤ ਦੀਆਂ ਹੋਰ ਰਾਹਾਂ ਵੀ ਖੁੱਲ੍ਹਣਗੀਆਂ। ਪੰਜਾਬੀ ਜ਼ੁਬਾਨ ਤੇ ਪੰਜਾਬੀ ਮਿੱਤਰਾਂ ਦਾ ਮਾਣ ਵਧੇਗਾ। ਇਮਰਾਨ ਖ਼ਾਨ ਵੱਲੋਂ ਰਾਹਦਾਰੀ ਖੋਲ੍ਹਣ ਦੀ ਮਨਜ਼ੂਰੀ ਦੇਣ ਵਾਲੇ ਦਿਨ ਲੇਖਕ (ਜ਼ੁਬੈਰ ਅਹਿਮਦ) ਵੱਲੋਂ ਲਿਖੀ ਗਈ ਨਜ਼ਮ ਕੋਈ ਗੱਲ ਕਰੀਏ ਕੋਈ ਗੱਲ ਕਰੀਏ ਤੇ ਹਰ ਮੁਸ਼ਕਿਲ ਨੂੰ ਹੱਲ ਕਰੀਏ ਤੇ ਆਪਸ ਵਿਚ ਨਾ ਝੱਲ ਕਰੀਏ ਤੇ ਪੇਸ਼ ਪਈ ਨੂੰ ਹੱਲ ਕਰੀਏ ਕੱਲਿਆਂ ਕੱਲਿਆਂ ਨਹੀਂ ਰਲ਼ ਕਰੀਏ ਆ ਗੱਲ ਕਰੀਏ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All