ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਵੰਡ ਦੇ ਦੁੱਖੜੇ ਸਾਂਵਲ ਧਾਮੀ

ਜਲੰਧਰ ਜ਼ਿਲ੍ਹੇ ਦੀ ਤਹਿਸੀਲ ਆਦਮਪੁਰ ਦਾ ਇਕ ਪਿੰਡ ਹੈ ਮਨਸੂਰਪੁਰ ਬਡਾਲਾ। ਇਸ ਪਿੰਡ ਦੀਆਂ ਦੋ ਪੱਤੀਆਂ ਹਨ। ਸੰਤਾਲੀ ਤੋਂ ਪਹਿਲਾਂ ਮਨਸੂਰਪੁਰ ਪੱਤੀ ’ਚ ਗੁੱਜਰ ਤੇ ਬਡਾਲੇ ’ਚ ਨਾਰੂ ਰਾਜਪੂਤ ਵੱਸਦੇ ਸਨ। ਬਡਾਲਾ ਪੱਤੀ ਦਾ ਅੱਲ੍ਹਾ ਬਖ਼ਸ਼ ਖ਼ਾਕਸਾਰ ਪਾਰਟੀ ਦਾ ਸਿਰਕੱਢ ਲੀਡਰ ਹੁੰਦਾ ਸੀ। ਇਹ ਪੰਜ ਭਰਾ ਸਨ। ਵੱਡਾ ਭਰਾ ਮੁਖਤਿਆਰ ਖੇਤੀਬਾੜੀ ਮਹਿਕਮੇ ’ਚ ਅਫ਼ਸਰ ਸੀ। ਇਸ ਨਾਲੋਂ ਛੋਟਾ ਇਲਾਹੀ ਬਖ਼ਸ਼ ਫ਼ੌਜ ’ਚ ਮੇਜਰ ਸੀ ਤੇ ਦੋਵੇਂ ਛੋਟੇ ਭਰਾ ਜਲੰਧਰ ਦੇ ਡੀ.ਏ.ਵੀ. ਕਾਲਜ ’ਚ ਪੜ੍ਹਦੇ ਸਨ। ਅੱਲ੍ਹਾ ਬਖ਼ਸ਼ ਘੋੜੀ ’ਤੇ ਸਵਾਰ ਹੋ ਕੇ ਪਿੰਡਾਂ ’ਚ ਜਾਂਦਾ। ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦਾ। ਉਸਦੇ ਯਾਰ ਸਿੱਖ ਹੁੰਦੇ ਸਨ। ਮਨਸੂਰਪੁਰ ਬਡਾਲੇ ’ਚ ਸਿੱਖਾਂ ਦੇ ਦੋ ਹੀ ਘਰ ਸਨ, ਜੋ ਮਿਸਲਾਂ ਵੇਲੇ ਮੋਗੇ ਨੇੜਲੇ ਕਿਸੇ ਪਿੰਡ ਤੋਂ ਆਣ ਕੇ ਇੱਥੇ ਵਸੇ ਸਨ। ਇਨ੍ਹਾਂ ਵਿਚੋਂ ਨੱਬੇ ਕੁ ਵਰ੍ਹਿਆਂ ਦੇ ਮਲਕੀਅਤ ਸਿੰਘ ਟਿਵਾਣਾ ਬੀਤੇ ਵਕਤ ਦੀ ਕਹਾਣੀ ਸੁਣਾਉਣ ਲਈ ਮੈਨੂੰ ਮਿਲੇ। ਅੱਲ੍ਹਾ ਬਖ਼ਸ਼ ਦਾ ਨਿਕਾਹ ਇਸੀ ਪਿੰਡ ਦੇ ਲੰਬੜਦਾਰ ਦੀ ਧੀ ਇਕਬਾਲ ਬੇਗ਼ਮ ਉਰਫ਼ ਬਾਲੋ ਨਾਲ ਹੋਇਆ ਸੀ। ਬਾਲੋ ਹੁਰੀਂ ਤਿੰਨ ਭੈਣਾਂ ਅਤੇ ਇਕ ਭਰਾ ਸੀ। ਇਨ੍ਹਾਂ ਦਾ ਬਾਪ ਦਸ ਕੁ ਏਕੜ ਦਾ ਮਾਲਕ ਸੀ, ਪਰ ਅੱਲ੍ਹਾ ਬਖ਼ਸ਼ ਦੇ ਪਿਓ ਦੀ ਜ਼ਮੀਨ ਸੌ ਕਿੱਲੇ ਦੇ ਕਰੀਬ ਸੀ ਅਤੇ ਉਹ ਸੱਤ ਖੂਹਾਂ ਦਾ ਮਾਲਕ ਸੀ। ਖ਼ਾਕਸਾਰ ਪਾਰਟੀ ਵੰਡ ਦੇ ਖ਼ਿਲਾਫ਼ ਸੀ। ਅੱਲ੍ਹਾ ਬਖ਼ਸ਼ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਸੰਤਾਲੀ ਦੇ ਅਗਸਤ ਮਹੀਨੇ ਉਹ ਟੱਬਰ ਸਮੇਤ ਪਿੰਡ ’ਚ ਟਿਕਿਆ ਰਿਹਾ ਸੀ। ਆਲੇ-ਦੁਆਲੇ ਦੇ ਪਿੰਡਾਂ ’ਚ ਧਾੜਵੀਆਂ ਤੇ ਲੁਟੇਰਿਆਂ ਨੂੰ ਸਮਝਾਉਂਦਾ ਰਿਹਾ। ਸਿੱਖਾਂ-ਹਿੰਦੂਆਂ ਦੀ ਟੋਲੀ ’ਚ ਉਹ ਇਕੱਲਾ ਮੁਸਲਮਾਨ ਹੁੰਦਾ ਸੀ। ਸ਼ਾਇਦ ਉਨ੍ਹਾਂ ਦਾ ਟੱਬਰ ਟਿਕਿਆ ਰਹਿੰਦਾ, ਪਰ ਧਾੜਵੀਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ। ਇਲਾਕੇ ਦੇ ਮੁਸਲਮਾਨ ਜੱਟਾਂ ਦੇ ਮਸ਼ਹੂਰ ਪਿੰਡਾਂ ਆਲਮਗੀਰ, ਦੋਰਾਵਾਂ ਤੇ ਕੋਹਜਿਆਂ ’ਤੇ ਹਮਲਾ ਹੋਇਆ ਤਾਂ ਇਸ ਟੱਬਰ ਨੇ ਵੀ ਉੱਠਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਫ਼ੌਜੀ ਟਰੱਕ ਮੰਗਵਾ ਲਏ ਸਨ। ਅੱਲ੍ਹਾ ਬਖ਼ਸ਼ ਨਾਲ ਜਾਣ ਨੂੰ ਨਹੀਂ ਸੀ ਮੰਨਿਆ, ਸਗੋਂ ਮੌਕੇ ’ਤੇ ਘਰੋਂ ਖਿਸਕ ਗਿਆ ਸੀ। ਉਸਦੀ ਪਤਨੀ ਬਾਲੋ ਨੇ ਵੀ ਉਸਤੋਂ ਬਗੈਰ ਟਰੱਕ ’ਚ ਬੈਠਣ ਤੋਂ ਇਨਕਾਰ ਕਰ ਦਿੱਤਾ ਸੀ। ਬਾਕੀਆਂ ਨੂੰ ਜਲੰਧਰ ਕੈਂਪ ’ਚ ਪਹੁੰਚਾ ਕੇ ਮੇਜਰ ਇਲਾਹੀ ਬਖ਼ਸ਼ ਟਰੱਕ ਲੈ ਕੇ ਫਿਰ ਪਿੰਡ ਵੱਲ ਮੁੜਿਆ ਸੀ। ਬੀਬੀ ਇਕਬਾਲ ਬੇਗ਼ਮ ਦੇ ਕੁੱਛੜ ਸਾਲ ਕੁ ਦਾ ਜਾਵੇਦ ਸੀ। ਇਹ ਨਾਂ ਅੱਲ੍ਹਾ ਬਖ਼ਸ਼ ਦੇ ਸਿੱਖ ਦੋਸਤਾਂ ਨੇ ਰੱਖਿਆ ਸੀ। ਮਨਸੂਰਪੁਰ ਤੇ ਦੂਹੜਿਆਂ ਵਿਚਕਾਰ ਸਿੱਖਾਂ ਦੀ ਟੋਲੀ ’ਚ ਬੀਬੀ ਬਾਲੋ ਨੇ ਅੱਲ੍ਹਾ ਬਖ਼ਸ਼ ਨੂੰ ਜਾ ਲੱਭਿਆ ਸੀ। ਉਸਨੂੰ ਬਾਹੋਂ ਫੜ ਕੇ ਟਰੱਕ ਵੱਲ ਖਿੱਚਦਿਆਂ ਉਹ ਗੁੱਸੇ ’ਚ ਬੋਲੀ ਸੀ,“ਜੇ ਨਹੀਂ ਜਾਣਾ ਤਾਂ ਆਪਣਾ ਮੁੰਡਾ ਚੁੱਕ ਲੈ।” ਨਾ ਚਾਹੁੰਦੇ ਹੋਏ ਵੀ ਅੱਲ੍ਹਾ ਬਖ਼ਸ਼ ਟਰੱਕ ’ਤੇ ਚੜ੍ਹ ਗਿਆ ਸੀ। ਉਹ ਜਲੰਧਰ ਤਕ ਡੁਸਕਦਾ ਰਿਹਾ ਸੀ। ਉਸਦਾ ਮਨਸੂਰਪੁਰ ਬਡਾਲਾ ਤੇ ਜਾਨ ਤੋਂ ਪਿਆਰੇ ਯਾਰ ਸਦਾ ਲਈ ਵਿੱਛੜ ਗਏ ਸਨ। ਉਹ ਪਿੰਡ ਬਹੁਤ ਦੂਰ ਰਹਿ ਗਏ ਸਨ, ਜਿਨ੍ਹਾਂ ਪਿੰਡਾਂ ਦੇ ਕਿਸਾਨ ਉਸਦੀ ਘੋੜੀ ਮੂਹਰੇ ਛੋਲਿਆਂ ਦੇ ਢੇਰ ਲਗਾ ਦਿੰਦੇ ਸਨ। ਇਹ ਉਹ ਆਜ਼ਾਦੀ ਬਿਲਕੁਲ ਨਹੀਂ ਸੀ, ਜਿਸ ਲਈ ਉਹ ਜੇਲ੍ਹਾਂ ਕੱਟਦਾ ਰਿਹਾ ਸੀ। ਗੁੱਜਰਾਂਵਾਲਾ ਦੇ ਕਿਲਾ ਦੀਦਾਰ ਸਿੰਘ ਲਾਗਲੇ ਪਿੰਡ ਚਾਹਲ ਕਲਾਂ ’ਚ ਅੱਲਾ ਬਖ਼ਸ਼ ਦੇ ਟੱਬਰ ਨੂੰ ਸਭ ਨਾਲੋਂ ਵੱਡਾ ਘਰ ਅਲਾਟ ਹੋ ਗਿਆ ਸੀ। ਜ਼ਮੀਨ ਬਦਲੇ ਜ਼ਮੀਨ ਵੀ ਮਿਲ ਗਈ ਸੀ। ਜ਼ਿੰਦਗੀ ਹੌਲੀ-ਹੌਲੀ ਪੈਰਾਂ ’ਤੇ ਆਉਣ ਲੱਗ ਪਈ ਸੀ। ਉੱਜੜ ਕੇ ਆਏ ਲੋਕਾਂ ਦੀ ਮਹਿਫ਼ਲ ਦਾ ਰੂਹ-ਏ-ਰਵਾਂ ਅੱਲ੍ਹਾ ਬਖ਼ਸ਼ ਬਹੁਤੀਆਂ ਗੱਲਾਂ ਆਪਣੇ ਇਲਾਕੇ ‘ਦੋਨੇ’ ਦੀਆਂ ਕਰਦਾ। ਆਪਣੇ ਸਿੱਖ ਦੋਸਤਾਂ ਦੀਆਂ ਕਹਾਣੀਆਂ ਸੁਣਾਉਂਦਾ। ਖ਼ਾਕਸਾਰ ਪਾਰਟੀ ਦੀਆਂ ਸਰਗਰਮੀਆਂ ਕਾਰਨ ਕੱਟੀਆਂ ਜੇਲ੍ਹਾਂ ਦੇ ਕਿੱਸੇ ਦੱਸਦਾ।

ਸਾਂਵਲ ਧਾਮੀ

ਉਹ ਜਾਵੇਦ, ਜਿਸਦਾ ਨਾਂ ਉਸਦੇ ਸਿੱਖ ਦੋਸਤਾਂ ਨੇ ਰੱਖਿਆ ਸੀ, ਦੁਨੀਆਂ ਤੋਂ ਛੇਤੀਂ ਤੁਰ ਗਿਆ ਸੀ। ਉਸ ਤੋਂ ਬਾਅਦ ਜਦੋਂ ਪੁੱਤਰ ਨੇ ਜਨਮ ਲਿਆ ਤਾਂ ਅੱਲ੍ਹਾ ਬਖ਼ਸ਼ ਉਸਦਾ ਨਾਂ ਆਪਣੇ ਸਿੱਖ ਦੋਸਤ ਵਾਲਾ ਰੱਖਣਾ ਚਾਹੁੰਦਾ ਸੀ। ਉਸਦੀ ਬੇਗ਼ਮ ਨਹੀਂ ਮੰਨੀ। ਇਸ ਤੋਂ ਬਾਅਦ ਉਸਦੇ ਘਰ ਤਿੰਨ ਪੁੱਤਰ ਹੋਰ ਪੈਦੇ ਹੋਏ। ਇਕਬਾਲ ਬੇਗ਼ਮ ਨੇ ਚਾਰਾਂ ਦੇ ਨਾਂ ਮੁਸਲਮਾਨਾਂ ਵਾਲੇ ਰੱਖੇ। ਅੱਲ੍ਹਾ ਬਖ਼ਸ਼ ਨੇ ਆਪਣੇ ਯਾਰਾਂ ਦੇ ਨਾਂ ’ਤੇ ਉਨ੍ਹਾਂ ਦੇ ਵੱਖਰੇ ਨਾਂ ਰੱਖੇ ਹੋਏ ਸਨ। ਫਰਿਆਦ ਖਾਂ ਦਾ ਬੰਤਾ ਸਿੰਘ, ਮੁਨੱਵਰ ਖਾਂ ਦਾ ਕਿਸ਼ਨ ਸਿੰਘ, ਤਾਰਿਕ ਮਹਿਮੂਦ ਖਾਂ ਦਾ ਉਜਾਗਰ ਸਿੰਘ ਤੇ ਬਹਿਬਲ ਖਾਂ ਦਾ ਟਹਿਲ ਸਿੰਘ। “ਓਏ ਟਹਿਲ ਸਿਹਾਂ, ਇਧਰ ਆ ਓਏ।” ਉਸਦੀ ਆਵਾਜ਼ ਸ਼ਗਨ ਸਿੰਘ ਚਾਹਲ ਦੇ ਘਰ ਅੰਦਰ ਗੂੰਜਦੀ ਰਹਿੰਦੀ। ਉਹ ਸ਼ਗਨ ਸਿੰਘ,ਜਿਸ ਕੋਲੋਂ ਸੰਤਾਲੀ ਨੇ ਚਾਹਲ ਕਲਾਂ ਵਾਲਾ ਘਰ ਖੋਹ ਲਿਆ ਸੀ। ਕੋਈ ਪੈਂਤੀ ਕੁ ਵਰ੍ਹਿਆਂ ਬਾਅਦ ਸ਼ਗਨ ਸਿੰਘ ਵੀਲ੍ਹ ਚੇਅਰ ’ਤੇ ਬੈਠ ਆਪਣਾ ਉਹ ਘਰ ਵੇਖਣ ਗਿਆ ਸੀ। “ਜੀਣਾ ਤਾਂ ਨਸੀਬ ਨਹੀਂ ਹੋਇਆ, ਕਾਸ਼ ਮੈਂ ਇੱਥੇ ਮਰ ਸਕਦਾ!” ਇਹ ਆਖ ਉਹ ਭੁੱਬੀਂ ਰੋ ਪਿਆ ਸੀ। “ਤੁਹਾਡਾ ਘਰ ਹੈ ਸਰਦਾਰ ਜੀ। ਤੁਸੀਂ ਜੰਮ-ਜੰਮ ਰਹੋ, ਘਰ ਆਪਣੇ।” ਉਸਨੂੰ ਬਾਹਵਾਂ ’ਚ ਲੈਂਦਿਆ ਮੌਲਾ ਬਖ਼ਸ਼ ਵੀ ਰੋ ਪਿਆ ਸੀ। ਉਸਨੂੰ ਮਨਸੂਰਪੁਰ ਬਡਾਲੇ ਵਾਲਾ ਘਰ ਯਾਦ ਆ ਗਿਆ ਸੀ। ਉਹ ਘਰ ਜਿਸ ’ਚ ਲਾਇਲਪੁਰ ਦੇ ਸਭ ਨਾਲੋਂ ਵੱਡੇ ਚੱਕ ਡਿਜ਼ਕੋਟ ਤੋਂ ਗਏ ਮਾਣਕੀਏ ਢਿੱਲੋਂ ਵਸ ਰਹੇ ਸਨ। ਅੱਲ੍ਹਾ ਬਖ਼ਸ਼ ਨੂੰ ਦੁਨੀਆਂ ਤੋਂ ਗਿਆਂ ਦਸ ਵਰ੍ਹੇ ਗੁਜ਼ਰ ਗਏ ਨੇ। ਬੀਬੀ ਬਾਲੋ ਦਾ ਭਰਾ ਖੁਰਸ਼ੈਦ ਤੇ ਸਭ ਨਾਲੋਂ ਵੱਡੀ ਭੈਣ ਵੀ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ। ਵਿਚਕਾਰਲੀਆਂ ਦੋਵੇਂ ਭੈਣਾਂ ਬੀਬੀ ਬਾਲੋ ਤੇ ਹਮੀਦਾ ਪਿੰਡ ਚਾਹਲ ਕਲਾਂ ਵਿਚ ਵੱਸਦੀਆਂ ਹਨ। ਪਿਛਲੇ ਦਿਨੀਂ, ਮੈਂ ਇਨ੍ਹਾਂ ਦੋਹਾਂ ਭੈਣਾਂ ਦੀ ਗੱਲਬਾਤ, ਉਨ੍ਹਾਂ ਦੇ ਪੁਰਾਣੇ ਗੁਆਂਢੀ ਮਲਕੀਅਤ ਸਿੰਘ ਨਾਲ ਕਰਵਾਈ। ਗੱਲਾਂ ਕਰਦੇ-ਕਰਦੇ ਇਹ ਬਜ਼ੁਰਗ ਪੌਣੀ ਸਦੀ ਪਿਛਾਂਹ ਵੱਲ ਪਰਤ ਗਏ। ਇਹ ਦੋਵੇਂ ਮਲਕੀਅਤ ਸਿੰਘ ਦੀਆਂ ਭੈਣਾਂ ਦੀਆਂ ਸਹੇਲੀਆਂ ਹੁੰਦੀਆਂ ਸਨ। ਉਨ੍ਹਾਂ ਇਕ-ਇਕ ਸਹੇਲੀ ਦਾ ਨਾਂ ਲੈ ਕੇ ਹਾਲ-ਚਾਲ ਪੁੱਛਿਆ। ਇੱਧਰੋਂ ਮੌਤ ਦੀਆਂ ਮਨਹੂਸ ਖ਼ਬਰਾਂ ਅਤੇ ਓਧਰੋਂ ਹਉਕੇ ਹੁੰਗਾਰਾ ਭਰਦੇ ਰਹੇ। “ਤੈਨੂੰ ਯਾਦ ਆ ਮਲਕੀਅਤ, ਅਸੀਂ ਬਹੁਤ ਸੋਹਣੀਆਂ ਹੁੰਦੀਆਂ ਸਾਂ। ਲੋਕਾਂ ਕਹਿਣਾਂ ਲੰਬੜ ਦੀਆਂ ਕੁੜੀਆਂ ਨੂੰ ਤਾਂ ਸੁੱਕੇ ਟੁੱਕਰ ਵੀ ਲੱਗੀ ਜਾਂਦੇ ਆ। ਬੜਾ ਆਸਰਾ ਰਿਹਾ, ਤੁਹਾਡੇ ਟੱਬਰ ਦਾ। ਜਦੋਂ ਕੋਹਜਿਆਂ ’ਤੇ ਹਮਲਾ ਹੋਇਆ ਤਾਂ ਅਸੀਂ ਤੁਹਾਡੇ ਘਰ ਲੁਕੇ ਸਾਂ। ਅਗਲੇ ਦਿਨ ਕੁਝ ਬੰਦੇ ਸਾਡੇ ਪਿੰਡ ਵੀ ਆ ਗਏ ਸੀ। ਉਸ ਦਿਨ ਚਾਚੀ ਸ਼ਾਇਦ ਕਿਤੇ ਗਈ ਹੋਈ ਸੀ। ਮੈਂ ਹੀ ਮੱਝ ਚੋਈ ਸੀ। ਚਾਚਾ ਮੇਰੇ ਨਾਲ ਗਿਆ ਸੀ। ਉਹ ਬਹੁਤ ਉਦਾਸ ਸੀ। ਕਹਿਣ ਲੱਗਾ- ਧੀਏ, ਸੋਚਿਆ ਨਹੀਂ ਸੀ, ਤੁਹਾਨੂੰ ਇਉਂ ਉੱਜੜ ਕੇ ਜਾਣਾ ਪਵੇਗਾ। ਮੈਂ ਰੋਣ ਲੱਗ ਪਈ ਸਾਂ। ਚਾਚਾ ਵੀ ਡੁਸਕਦਾ ਹੋਇਆ ਪਿੱਛੇ-ਪਿੱਛੇ ਤੁਰਦਾ ਆ ਰਿਹਾ ਸੀ। ਉਸ ਦਿਨ ਪਹਿਲੀ ਤੇ ਆਖਰੀ ਵਾਰ ਮੈਂ ਤੁਹਾਡੇ ਚੌਕੇ ’ਤੇ ਚੜ੍ਹੀ ਸਾਂ। ਮੈਂ ਹੀ ਦੁੱਧ ਗਰਮ ਕੀਤਾ ਸੀ। ਚਾਚੇ ਨੇ ਤੇ ਸੁਰਜੀਤ ਨੇ ਸਾਰਿਆਂ ਨੂੰ ਵਰਤਾਇਆ ਸੀ। ਸਮਝਾ-ਬੁਝਾ ਕੇ ਚਾਚੇ ਨੇ ਹਮਲਾਵਰ ਮੋੜ ਦਿੱਤੇ ਸੀ!” ਹਮੀਦਾ ਬੀਬੀ ਫੁੱਟ-ਫੁੱਟ ਕੇ ਰੋ ਪਈ ਸੀ। ਮਲਕੀਅਤ ਸਿੰਘ ਦੀਆਂ ਅੱਖਾਂ ’ਚ ਵੀ ਅੱਥਰੂ ਛਲਕ ਆਏ ਸਨ। “ਹੁਣ ਮੇਰਾ ਚੂਲ਼ਾ ਉਤਰਿਆ ਪਿਆ। ਮੇਰੇ ਕੋਲੋਂ ਤੁਰ ਨਹੀਂ ਹੁੰਦਾ, ਮਲਕੀਤ!” ਹਮੀਦਾ ਬੀਬੀ ਅਗਾਂਹ ਬੋਲੀ। “ਮੇਰੀਆਂ ਲੱਤਾਂ ਕਿਹੜੀਆਂ ਕੰਮ ਕਰਦੀਆਂ ਨੇ, ਹਮੀਦਾ! ਏਧਰ ਵੀ ਤੁਰਨਾ ਮੁਸ਼ਕਲ ਹੋਇਆ ਪਿਆ!” ਫਿੱਕਾ ਜਿਹਾ ਹੱਸਦਿਆਂ ਮਲਕੀਅਤ ਸਿੰਘ ਜਵਾਬ ਦਿੱਤਾ। ਕੋਈ ਡੇਢ ਘੰਟਾ ਉਹ ਪੁਰਾਣੇ ਪਿੰਡ, ਆਪਸੀ ਮੋਹ ਅਤੇ ਤੁਰ ਗਏ ਚਿਹਰਿਆਂ ਦੀਆਂ ਗੱਲਾਂ ਕਰਦੇ ਰਹੇ। ਬਹੁਤੀਆਂ ਗੱਲਾਂ ਅੱਲ੍ਹਾ ਬਖ਼ਸ਼ ਦੀ ਟੌਹਰ ਤੇ ਉਸਦੇ ਪਿੰਡ ਅਤੇ ਇਲਾਕੇ ਨਾਲ ਮੋਹ ਦੀਆਂ ਹੁੰਦੀਆਂ ਰਹੀਆਂ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ, ਮੈਂ ਵੀ ਅੰਦਰੋਂ-ਅੰਦਰੀਂ ਰੋਂਦਾ ਰਿਹਾ। ਪੰਜਾਬ ਦੇ ਟੋਟੇ ਹੋਇਆਂ ਬਹੱਤਰ ਵਰ੍ਹੇ ਲੰਘ ਗਏ ਨੇ। ਉਸ ਕੁਲਹਿਣੀ ਰੁੱਤੇ ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਲੋਕ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦੇ-ਕਰਦੇ ਕਬਰਾਂ ਅਤੇ ਸਿਵਿਆ ਦੇ ਰਾਹ ਪੈ ਚੁੱਕੇ ਨੇ। ਜੇਕਰ ਕੋਈ ਮਹਿਸੂਸ ਕਰ ਸਕੇ ਤਾਂ ਅੱਲ੍ਹਾ ਬਖ਼ਸ਼ ਵਰਗੇ ਸੱਚੇ-ਸੁੱਚੇ ਪੰਜਾਬੀਆਂ ਦੀਆਂ ਪੁੱਤਰਾਂ ਦੇ ਬਹਾਨੇ ਯਾਰਾਂ ਨੂੰ ਮਾਰੀਆਂ ਆਵਾਜ਼ਾਂ ਅੱਜ ਵੀ ਸਰਹੱਦ ਦੇ ਆਰ-ਪਾਰ ਗੂੰਜ ਰਹੀਆਂ ਨੇ। ਸੰਪਰਕ: 97818-43444

ਜ਼ਿਲ੍ਹਾ ਜਲੰਧਰ ਦੇ ਪਿੰਡ ਮਨਸੂਰਪੁਰ ਬਡਾਲੇ ਦੇ ਨੱਬੇ ਕੁ ਵਰ੍ਹਿਆਂ ਦੇ ਮਲਕੀਅਤ ਸਿੰਘ ਟਿਵਾਣਾ ਨੇ ਵੰਡ ਦੇ ਦਰਦ ਦੀ ਕਹਾਣੀ ਸੁਣਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All