ਸਰਹੱਦ ਤੋਂ 20 ਕਿਲੋ ਹੈਰੋਇਨ ਫੜੀ

ਬੋਹੜ ਵਡਾਲਾ ਚੌਕੀ ਲਾਗਿਓਂ ਕਾਰਤੂਸ ਅਤੇ ਪਿਸਤੌਲ ਵੀ ਮਿਲੇ

ਪੱਤਰ ਪ੍ਰੇਰਕ

ਕਲਾਨੌਰ, 15 ਮਈ ਅੱਜ ਤੜਕਸਾਰ ਹਿੰਦ-ਪਾਕਿ ਸਰਹੱਦ ’ਤੇ ਡੇਰਾ ਬਾਬਾ ਨਾਨਕ ਸੈਕਟਰ ਦੀ ਬੀ.ਐਸ.ਐਫ 153 ਬਟਾਲੀਅਨ ਦੀ ਪੋਸਟ ਬੋਹੜ ਵਡਾਲਾ ਵੱਲੋਂ ਇੰਟੈਲੀਜੈਂਸੀ ਗੁਰਦਾਸਪੁਰ  ਦੇ ਮੁਖੀ ਅਜੈ ਪਾਲ ਦੀ ਰਿਪੋਰਟ ’ਤੇ ਪਾਕਿ ਵੱਲੋਂ ਸਮੱਗਲਿੰਗ ਹੋ ਕੇ ਆਈ 19.75 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ 99.77 ਕਰੋੜ ਬਣਦੀ ਹੈ ਅਤੇ ਦੋ ਮੈਗਜ਼ੀਨ, 20 ਜਿੰਦਾ ਕਾਰਤੂਸ ਅਤੇ ਇੱਕ ਵਿਦੇਸ਼ੀ ਪਿਸਤੌਲ ਦੀ ਖੇਪ ਫੜੀ। ਸਰਹੱਦ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਹੱਦ ਸੁਰੱਖਿਆ ਬਲ ਦੇ ਡੀ.ਆਈ.ਜੀ. ਸ੍ਰੀ ਐਸ.ਐਸ. ਚਤਰਥ ਨੇ ਹੈਰੋਇਨ ਦਿਖਾਉਂਦੇ ਹੋਏ ਦੱਸਿਆ ਕਿ ਬੀ.ਐਸ.ਐਫ.ਦੇ ਜ਼ਿਲ੍ਹਾ ਗੁਰਦਾਸਪੁਰ ਇੰਟੈਲੀਜੈਂਸੀ ਦੇ ਇੰਚਾਰਜ ਅਜੈ ਪਾਲ ਦੀ ਸੂਚਨਾ ’ਤੇ ਪਿਛਲੇ ਸਮੇਂ ਤੋਂ ਇਸ ਸਰਹੱਦ ’ਤੇ ਪੂਰੀ ਚੌਕਸੀ ਰੱਖੀ ਗਈ ਸੀ ਅਤੇ ਇਸੇ ਤਹਿਤ  ਬੀ.ਐਸ.ਐਫ. ਦੀ 153 ਬਟਾਲੀਅਨ ਬੋਹੜ ਵਡਾਲਾ ਦੀ ਬੁਰਜੀ ਨੰਬਰ 31/7 ਉਤੇ ਅੱਜ ਸਵੇਰੇ ਤੜਕਸਾਰ 4:15 ਦੇ ਕਰੀਬ ਜਦੋਂ ਜਵਾਨ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਾਕਿ ਵਾਲੇ ਪਾਸਿਓਂ ਹਿਲਜੁਲ ਦਿਖਾਈ ਦਿੱਤੀ, ਜਿਸ ਦੌਰਾਨ ਜਵਾਨਾਂ ਨੇ ਦੋ ਫਾਇਰ ਕੀਤੇ ਅਤੇ  ਇਲਾਕੇ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਿਲਜੁਲ ਵਾਲੀ ਜਗ੍ਹਾ ’ਤੇ ਇਕ ਪਾਕਿ ਕੰਪਨੀ ਦੀ ਅਨਮੋਲ ਪੀ.ਵੀ.ਸੀ. ਪਾਈਪ 3 ਐਸ.ਐਸ. 3505 ਲਾਹੌਰ ਮਾਰਕੇ ਵਾਲੀ ਕਰੀਬ 11 ਫੁੱਟ ਦੀ ਪਲਾਸਟਿਕ ਦੀ ਪਾਈਪ ਕੰਡਿਆਲੀ ਤਾਰ ਵਿੱਚ ਫਸੀ ਦਿਖਾਈ ਦਿੱਤੀ। ਆਲ੍ਹਾ ਅਫਸਰਾਂ ਨੇ ਮੌਕੇ ’ਤੇ ਪਹੁੰਚ ਕੇ ਵੇਖਿਆਂ ਤਾਂ ਉਸ ਪਾਈਪ ਵਿੱਚ ਇਕ ਕੱਪੜੇ ਦੀ ਲੰਬੀ ਥੈਲੀ ਵਿੱਚ ਪਲਾਸਟਿਕ ਦੇ ਕੁਝ ਪੈਕਟ ਪਾਏ ਗਏ। ਇਸ ਦੌਰਾਨ ਕੰਡਿਆਲੀ ਤਾਰ ਵਿੱਚੋਂ ਇਸ ਪਾਈਪ ਨੂੰ ਬਾਹਰ ਕੱਢ ਕੇ ਥੈਲੀਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ 19.75 ਗ੍ਰਾਮ ਦੇ 18 ਪੈਕਟ ਹੈਰੋਇਨ ਦੇ ਪਾਏ ਗਏ ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 99.77 ਕਰੋੜ ਬਣਦੀ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਉਸੇ ਸਥਾਨ ਤੋਂ ਇੱਕ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਕਿ ਵਾਲੇ ਪਾਸਿਓਂ ਇਸੇ ਹੀ ਸਥਾਨ ਦੇ ਨੇੜਿਓਂ 18 ਅਗਸਤ 2009 ਨੂੰ ਵੀ 25 ਕਿਲੋ ਹੈਰੋਇਨ ਫੜੀ ਗਈ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 1 ਅਰਬ 25 ਕਰੋੜ ਬਣਦੀ ਸੀ, ਉਨ੍ਹਾਂ ਕਿਹਾ ਕਿ ਇਸ ਪੋਸਟ ਦੇ ਸਾਹਮਣੇ ਪੈਂਦੀ ਪਾਕਿ ਦੀ ਮੁਹੰਮਦ ਸਈਦ ਪੋਸਟ ਜ਼ਿਲ੍ਹਾ ਨਾਰੋਵਾਲ ਪੈਂਦੀ ਹੈ ਅਤੇ ਭਾਰਤ ਵਾਲੇ ਪਾਸੇ ਇਸ ਸਥਾਨ ’ਤੇ ਕਰੀਬ ਤਿੰਨ ਕਿਲੋਮੀਟਰ ’ਚ ਕੰਡਿਆਲੀ ਤਾਰ ਦੇ ਨਜ਼ਦੀਕ ਧੁੱਸੀ ਬੰਨ੍ਹ ਨਹੀਂ ਹੈ ਅਤੇ ਇਸ ਜਗ੍ਹਾ ’ਤੇ ਪਾਕਿ ਵਾਲੇ ਪਾਸੇ ਕਰੀਬ 25 ਫੁੱਟ ਦੀ ਦੂਰੀ ’ਤੇ ਸੰਘਣਾ ਸਰਕੰਡਾ ਹੈ ਅਤੇ ਜਿਸ ਦੀ ਆੜ ਹੇਠ ਸਮਗਲਰ ਇਸ ਸਥਾਨ ’ਤੇ ਘਟਨਾ ਨੂੰ ਅੰਜਾਮ ਦੇ ਰਹੇ ਹਨ। ਪਰ ਸਮੇਂ-ਸਮੇਂ ਸਿਰ ਬੀ.ਐਸ.ਐਫ. ਦੇ ਜਵਾਨਾਂ ਨੇ ਮੁਸਤੈਦੀ ਵਰਤਦਿਆਂ ਹੋਇਆਂ ਪਾਕਿ ਸਮਗਲਰਾਂ ਦੀਆਂ ਇਨ੍ਹਾਂ ਘਟਨਾਵਾਂ ਨੂੰ ਨਾਕਾਮ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਹੈ ਪਿਛਲ ਸਮੇਂ ਦੌਰਾਨ ਪਠਾਨਕੋਟ ਨਜ਼ਦੀਕ ਰਤਵਾੜਾ ਵਿਖੇ ਹੋਏ ਅਤਿਵਾਦੀ ਹਮਲੇ ਵਿੱਚ ਬਰਾਮਦ ਪਿਸਤੌਲ ’ਤੇ ਵੀ ਸਟਾਰ ਦਾ ਨਿਸ਼ਾਨ ਸੀ ਅਤੇ ਜੋ ਹੁਣ ਪਿਸਤੌਲ ਬਰਾਮਦ ਕੀਤਾ ਹੈ ਉਸ ਤੇ ਵੀ ਉਸੇ ਤਰ੍ਹਾਂ ਦਾ ਸਟਾਰ ਦਾ ਚਿੰਨ੍ਹ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਪਾਕਿ ਆਪਣੀ ਬੁਰੀ ਸੋਚ ਤੋਂ ਬਾਜ਼ ਨਹੀਂ ਆ ਰਿਹਾ ਅਤੇ ਹਿੰਦੋਸਤਾਨ ਵਿੱਚ ਹਥਿਆਰ, ਹੈਰੋਇਨ ਆਦਿ ਦੀ ਸਮਗਲਿੰਗ ਕਰਾ ਰਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੜੀ ਗਈ ਹੈਰੋਇਨ ਦੀ ਖੇਪ ਦੌਰਾਨ ਇੱਕ ਮੋਬਾਇਲ ਅਤੇ ਪਾਕਿਸਤਾਨੀ ਸਿਮ ਕਾਰਡ ਵੀ ਬੀ.ਐਸ.ਐਫ. ਦੇ ਅਧਿਕਾਰੀਆਂ ਦੇ ਹੱਥ ਲੱਗੀ ਹੈ। ਇਸ ਮੌਕੇ ’ਤੇ ਕਮਾਂਡੈਂਟ ਅਜੀਤ ਕੁਮਾਰ ਪੀ., ਇੰਸਪੈਕਟਰ ਮੁਖਤਾਰ ਸਿੰਘ, ਸੀ.ਡੀ. ਸਿੰਘ ਪੋਸਟ ਇੰਚਾਰਜ ਕਮਾਲਪੁਰ ਜੱਟਾਂ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All