ਸਰਹੱਦ ਕੰਢੇ ਵੱਸਿਆ ਇਤਿਹਾਸਕ ਪਿੰਡ ਨੇਸ਼ਟਾ

ਦਿਲਬਾਗ ਸਿੰਘ ਗਿੱਲ

ਚੀਨ ਕਾਲ ਦਾ ਵੱਸਿਆ ਇਤਿਹਾਸਕ ਪਿੰਡ ਨੇਸ਼ਟਾ ਹੁਣ ਭਾਰਤ-ਪਾਕਿਸਤਾਨ ਸਰਹੱਦ ਉੱਤੇ ਅਟਾਰੀ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੋਂ ਅੰਮ੍ਰਿਤਸਰ ਅਤੇ ਲਾਹੌਰ ਇੱਕੋ ਜਿੰਨੀ ਦੂਰੀ ’ਤੇ ਹਨ। ਪਿੰਡ ਨੇਸ਼ਟਾ ਅੰਮ੍ਰਿਤਸਰ ਤੋਂ 27 ਕਿਲੋਮੀਟਰ ਦੂਰ ਅਟਾਰੀ-ਝਬਾਲ ਸੜਕ ’ਤੇ ਸਥਿਤ ਹੈ। ਪਿੰਡ ਨੇਸ਼ਟਾ ਦਾ ਨਾਂ ਨਸ਼ਿਸ਼ਤ ਗਾਹ (ਸੋਹਣੀ ਕੁੜੀ ਦਾ ਬਗੀਚਾ) ਤੋਂ ਉਤਪੰਨ ਹੋਇਆ ਹੈ ਜਿਸ ਦੀ ਅਸਲੀ ਹੋਂਦ ਲੋਪ ਹੋ ਚੁੱਕੀ ਹੈ। ਇਹ ਪਿੰਡ ਅੰਮ੍ਰਿਤਸਰ ਤੋਂ ਵੀ ਪੁਰਾਣਾ ਦੱਸਿਆ ਜਾਂਦਾ ਹੈ ਪਰ ਹੁਣ ਇਸ ਪਿੰਡ ਨੂੰ ਬੋਲ-ਚਾਲ ਦੀ ਭਾਸ਼ਾ ਵਿੱਚ ‘ਪੱਕਾ ਪਿੰਡ’ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਿੰਡ ਨੇਸ਼ਟਾ ਨੂੰ ਰਾਜਸਥਾਨ ਦੇ ਰਾਜਾ ‘ਨਲ’ ਨੇ ਵਸਾਇਆ ਸੀ। ਉਸ ਸਮੇਂ ਬਹੁਤ ਸਾਰੇ ਲੋਕ ਸੋਕਾ ਪ੍ਰਭਾਵਿਤ ਖੇਤਰ ਰਾਜਸਥਾਨ ਤੋਂ ਉੱਠ ਕੇ ਪੰਜਾਬ ਦੀ ਇਸ ਜ਼ਰਖੇਜ਼ ਧਰਤੀ ’ਤੇ ਆਣ ਵੱਸੇ ਸਨ। ਇੱਥੇ ਪੰਜ ਸੌ ਸਾਲ ਪੁਰਾਣਾ ਦੇਵੀ-ਦਵਾਰਾ ਮੰਦਰ ਹੈ। ਇਹ ਛੋਟਾ ਪਰ ਖੂਬਸੂਰਤ ਮੰਦਰ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ ਅਤੇ ਅੱਜ ਵੀ ਇਸ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਹੈ। ਇੱਥੋਂ ਦਾ  ਤਪ-ਸਥਾਨ ਅਤੇ ਪਵਿੱਤਰ ਸਰੋਵਰ ਦੂਰ-ਦੂਰ ਤੱਕ ਪ੍ਰਸਿੱਧ ਹੈ। ਸੰਨ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਵੀ ਪਾਕਿਸਤਾਨ ਦੇ ਬਾਸ਼ਿੰਦੇ ਕਈ ਸਾਲਾਂ ਤੱਕ ਇਸ ਦੇ ਸਰੋਵਰ ਦਾ ਜਲ ਲੈਣ ਲਈ ਇੱਥੇ ਆਉਂਦੇ ਰਹੇ।

ਪਿੰਡ ਨੇਸ਼ਟਾ ਦੇ ਜੰਮਪਲ ਅਤੇ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਸੁਖਦੇਵ ਸਿੰਘ ਰੰਧਾਵਾ ਅਨੁਸਾਰ ਜਦੋਂ ਪਿੰਡ ਨੇਸ਼ਟਾ ਵੱਸਿਆ ਤਾਂ ਉਸ ਸਮੇਂ ਰਾਜਾ ਨਲ ਵੱਲੋਂ ਇੱਕ ਸ਼ਾਹੀ ਕਿਲ੍ਹਾ ਬਣਵਾਇਆ ਗਿਆ। ਇਸ ਕਿਲ੍ਹੇ ਦੇ ਚਾਰ ਬਾਹਰੀ ਦਰਵਾਜ਼ੇ ਸਨ। ਸੂਰਜ ਦੇ ਅਸਤ ਹੋ ਜਾਣ ’ਤੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ ਤਾਂ ਜੋ ਕੋਈ ਬਾਹਰੀ ਹਮਲਾਵਰ ਆ ਕੇ ਉਸ ’ਤੇ ਕਬਜ਼ਾ ਨਾ ਕਰ ਸਕੇ। ਇਸੇ ਤਰ੍ਹਾਂ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੇ ਘਰ ਅਨੋਖੀ ਭਵਨ ਨਿਰਮਾਣ ਕਲਾ ਦਾ ਨਮੂਨਾ ਸਨ, ਜੋ ਲੋਪ ਹੋ ਚੁੱਕੇ ਹਨ। ਪੁਰਾਤਨ ਸਮਿਆਂ ਵਿੱਚ ਇਹ ਪਿੰਡ ਵੱਡਾ ਵਪਾਰਕ ਕੇਂਦਰ ਸੀ ਪਰ ਸਮੇਂ-ਸਮੇਂ ’ਤੇ ਆਉਣ ਵਾਲੇ ਧਾੜਵੀਆਂ ਦੀ ਨਜ਼ਰ ਤੋਂ ਇਹ ਬਚ ਨਾ ਸਕਿਆ। ਜਦੋਂ ਵੀ ਧਾੜਵੀ ਇੱਥੇ ਆਏ, ਉਨ੍ਹਾਂ ਨੇ ਇਸ ਪਿੰਡ ਨੂੰ ਖ਼ੂਬ ਲੁੱਟਿਆ ਅਤੇ ਇਸ ਦਾ ਨੁਕਸਾਨ ਕੀਤਾ। ਮੁਗ਼ਲਾਂ ਦੀ ਨਜ਼ਰ ਵੀ ਇਸ ਪਿੰਡ ’ਤੇ ਰਹਿੰਦੀ ਸੀ। ਇਸੇ ਕਾਰਨ ਪਿੰਡ ਨੇਸ਼ਟਾ ਕਈ ਵਾਰ ਉਜੜਿਆ ਤੇ ਵੱਸਿਆ। ਇਸ ਪਿੰਡ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਮੁਜ਼ੰਗ ਤੋਂ ਅੰਮ੍ਰਿਤਸਰ ਪਰਤਦੇ ਸਮੇਂ ਇੱਥੇ ਠਹਿਰੇ ਸਨ। ਉਨ੍ਹਾਂ ਨਾਲ ਸਿੱਖ ਸ਼ਰਧਾਲੂਆਂ ਵਿੱਚ ਮਾਤਾ ਕੌਲਾਂ ਵੀ ਸ਼ਾਮਲ ਸਨ। ਪਿੰਡ ਦੇ ਲੋਕ ਗੁਰੂ ਸਾਹਿਬ ਅਤੇ ਸੰਗਤ ਲਈ ਪੀਣ ਵਾਲਾ ਪਾਣੀ ਲੈ ਕੇ ਆਏ। ਪਿੰਡ ਵਿੱਚ ਨੇੜੇ-ਨੇੜੇ ਦੋ ਖੂਹ ਸਨ। ਇੱਕ ਦਾ ਪਾਣੀ ਖਾਰਾ ਸੀ ਅਤੇ ਦੂਜੇ ਦਾ ਪਾਣੀ ਮਿੱਠਾ ਸੀ। ਸ਼ਰਧਾਲੂ ਖਾਰੇ ਪਾਣੀ ਵਾਲੇ ਖੂਹ ਤੋਂ ਪਾਣੀ ਲੈ ਆਏ ਪਰ ਗੁਰੂ ਸਾਹਿਬ ਦੇ ਪਾਣੀ ਪੀਣ ’ਤੇ ਖਾਰਾ ਪਾਣੀ ਮਿੱਠਾ ਹੋ ਗਿਆ। ਇਸ ਉਪਰੰਤ ਇੱਥੇ ਸਥਾਪਤ ਕੀਤੇ ਗਏ ਗੁਰਦੁਆਰਾ ਸਾਹਿਬ ਦਾ ਨਾਂ ਹੀ ਗੁਰਦੁਆਰਾ ਮਿੱਠਾਸਰ ਰੱਖ ਦਿੱਤਾ ਗਿਆ। ਇੱਥੇ ਹੁਣ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਉਸਾਰੀ ਗਈ ਹੈ। ਉਸ ਸਮੇਂ ਦੇ ਖੂਹ ਅੱਜ ਵੀ ਮੌਜੂਦ ਹਨ। ਪਿੰਡ ਨੇਸ਼ਟਾ ਦੇ ਬੈਰਾਗੀ ਸਾਧੂ ਮਹੰਤ ਜਗਜੀਵਨ ਦਾਸ ਨੇ ਸੰਨ 1722 ਵਿੱਚ ਪਿੰਡ ਅਟਾਰੀ ਵਸਾਇਆ। ਪਿੰਡ ਵੱਸਣ ਤੋਂ ਪਹਿਲਾਂ ਅਟਾਰੀ ਦੇ ਸਥਾਨ ’ਤੇ ਇੱਕ ਵੱਡਾ ਥੇਹ ਸੀ, ਜਿਸ ਉਤੇ ਬੈਰਾਗੀ ਸਾਧੂਆਂ ਦਾ ਡੇਰਾ ਸੀ। ਇਸ ਦੇ ਨੇੜੇ ਕੁਝ ਕੱਚੇ ਮਕਾਨ ਸਨ। ਮੁਗ਼ਲਾਂ ਦਾ ਰਾਜ ਸੀ। ਦਿਨ-ਦਿਹਾੜੇ ਚੋਰੀਆਂ-ਡਾਕੇ ਪੈਂਦੇ ਸਨ। ਇਸ ਕਰਕੇ ਬੈਰਾਗੀ ਸਾਧੂ ਮੁਗ਼ਲਾਂ ਤੋਂ ਬਹੁਤ ਪ੍ਰੇਸ਼ਾਨ ਸਨ। ਸਾਧੂਆਂ ਦਾ ਮੁਖੀ ਬਾਵਾ ਮੂਲ ਦਾਸ ਸੀ ਜਿਸ ਦੀ ਕਾਉਂਕੇ (ਲੁਧਿਆਣਾ) ਨਿਵਾਸੀ ਸਰਦਾਰ ਗੌਰ ਸਿੰਘ ਨਾਲ ਗੂੜ੍ਹੀ ਨੇੜਤਾ ਸੀ। ਸਰਦਾਰ ਗੌਰ ਸਿੰਘ ਅਤੇ ਕੌਰ ਸਿੰਘ ਦੋਵੇਂ ਸਕੇ ਭਰਾ ਸਨ। ਬੈਰਾਗੀ ਸਾਧੂ ਬਾਵਾ ਮੂਲ ਦਾਸ ਨੇ ਉਨ੍ਹਾਂ ਦੋਵਾਂ ਭਰਾਵਾਂ ਨੂੰ ਇੱਥੇ ਆ ਕੇ ਵੱਸ ਜਾਣ ਲਈ ਕਿਹਾ। ਉਨ੍ਹਾਂ ਨੇ ਬੈਰਾਗੀ ਸਾਧੂ ਦੀ ਗੱਲ ਮੰਨ ਕੇ ਥੇਹ ’ਤੇ ਅਟਾਰੀ ਬਣਾ ਲਈ ਅਤੇ ਇਸ ਥੇਹ ਦਾ ਨਾਂ ਅਟਾਰੀ ਪ੍ਰਚੱਲਿਤ ਹੋ ਗਿਆ। ਮੁਲਕ ਦੀ ਵੰਡ ਤੋਂ ਪਹਿਲਾਂ ਇੱਥੇ ਸਭ ਧਰਮਾਂ ਦੇ ਲੋਕ ਵੱਸਦੇ ਸਨ ਪਰ ਵੰਡ ਤੋਂ ਬਾਅਦ ਇੱਥੋਂ ਦੇ ਵਸਨੀਕ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਇੱਥੇ ਸਿਰਫ਼ ਹਿੰਦੂ-ਸਿੱਖ ਭਾਈਚਾਰਾ ਹੀ ਰਹਿ ਗਿਆ ਸੀ। ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਪਿੰਡ ਵਿੱਚ ਸ਼ਾਂਤੀ ਬਰਕਰਾਰ ਰਹੀ ਅਤੇ ਮੰਦਰ ਦੀ ਮਾਣ-ਮਰਿਆਦਾ ਤੇ ਦੇਖ-ਭਾਲ ਉਸੇ ਤਰ੍ਹਾਂ ਕਾਇਮ ਰਹੀ। ਸੇਵਾਮੁਕਤ ਇੰਜਨੀਅਰ ਗੁਰਦੇਵ ਸਿੰਘ ਰੰਧਾਵਾ ਅਨੁਸਾਰ ਬਾਲੀਵੁੱਡ ਦੀ ਅਦਾਕਾਰ ਜੋੜੀ ਸੁਨੀਲ ਦੱਤ ਅਤੇ ਉਨ੍ਹਾਂ ਦੀ ਪਤਨੀ ਨਰਗਿਸ ਦੱਤ ਵੱਲੋਂ ਭਾਰਤ-ਚੀਨ ਜੰਗ ਤੋਂ ਬਾਅਦ ਇੱਥੇ ਸਟੇਜੀ ਨਾਟਕ ‘ਹਿੰਦੀ-ਚੀਨੀ ਭਾਈ-ਭਾਈ’ ਦਾ ਮੰਚਨ ਕੀਤਾ ਗਿਆ ਸੀ। ਪੰਜਾਬੀ ਪ੍ਰਗਤੀਵਾਦੀ ਕਵਿਤਾ ਦਾ ਸਿਰਮੌਰ ਸ਼ਾਇਰ ਅਤੇ ਨਿਬੰਧ ਲੇਖਕ ਬਾਵਾ ਬਲਵੰਤ ਪਿੰਡ ਨੇਸ਼ਟਾ ਦਾ ਜੰਮਪਲ ਸੀ। ਅੱਜ ਬਾਵਾ ਬਲਵੰਤ ਦਾ ਘਰ ਉਦਾਸੀਨਤਾ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਥੇ ਇਮਾਰਤ ਦਾ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੇ ਵਡੇਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਕੀਮ ਹੋਣ ਦਾ ਮਾਣ ਪ੍ਰਾਪਤ ਸੀ। ਉਨ੍ਹਾਂ ਦੇ ਪੜਦਾਦਾ ਹਕੀਮ ਮਿਸ਼ਰ ਮੂਲ ਚੰਦ, ਸਰਦਾਰ ਸ਼ਾਮ ਸਿੰਘ ਅਟਾਰੀ ਖਾਨਦਾਨ ਦੇ ਹਕੀਮ ਸਨ। ਇਸ ਕਰਕੇ ਉਨ੍ਹਾਂ ਨੂੰ ਪਿੰਡ ਨੇਸ਼ਟਾ ਵਿੱਚ ਜਗੀਰ ਮਿਲੀ ਹੋਈ ਸੀ। ਹਕੀਮ ਮਿਸ਼ਰ ਮੂਲ ਚੰਦ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ ਪਰਿਵਾਰ ’ਚ ਚੰਗਾ ਮਾਣ-ਸਨਮਾਨ ਸੀ। ਬਾਵਾ ਬਲਵੰਤ ਦੇ ਲੋਪ ਹੋ ਚੁੱਕੇ ਘਰ ਵਾਲੀ ਥਾਂ ਦੇ ਬਾਹਰ ਹੁਣ ਉਥੋਂ ਦੇ ਲੋਕ ਡੰਗਰ ਬੰਨ੍ਹਦੇ ਹਨ। ਪਿੰਡ ਨੇਸ਼ਟਾ ਸਥਿਤ ਪ੍ਰਾਚੀਨ ਕਾਲ ਦੀ ਬਹੁਮੁੱਲੀ ਵਿਰਾਸਤ ਨੂੰ ਸੈਲਾਨੀਆਂ ਦੀ ਖਿੱਚ ਲਈ ਵਿਰਾਸਤੀ ਇਮਾਰਤ ਵਜੋਂ ਕਾਇਮ ਕਰਨ ਅਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਬਾਵਾ ਬਲਵੰਤ ਦੀ ਯਾਦਗਾਰ ਸਥਾਪਤ ਕਰਨ ਲਈ ਸਰਕਾਰਾਂ ਨੇ ਕੋਈ ਯਤਨ ਨਹੀਂ ਕੀਤਾ। ਪੁਰਾਤੱਤਵ ਵਿਭਾਗ ਅਤੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਵੱਲੋਂ ਪ੍ਰਾਚੀਨ ਕਾਲ ਦੇ ਵੱਸੇ ਪਿੰਡ ਨੇਸ਼ਟਾ ਦੀ ਪੁਰਾਤਨ ਇਤਿਹਾਸਕ ਇਮਾਰਤ (ਮੰਦਰਾਂ) ਨੂੰ ਅਜੇ ਤਕ ਵਿਰਾਸਤੀ ਇਮਾਰਤ ਨਹੀਂ ਐਲਾਨਿਆ ਜਾ ਸਕਿਆ। ਇਹ ਘੁੱਗ ਵੱਸਦਾ ਪਿੰਡ ਅਟਾਰੀ ਸਰਹੱਦ ਦੇ ਨੇੜੇ ਹੈ। ਅਟਾਰੀ-ਵਾਹਗਾ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਪਰ ਪਿੰਡ ਨੇਸ਼ਟਾ ਅਜੇ ਵੀ ਸੈਰ-ਸਪਾਟਾ ਵਿਭਾਗ ਦੇ ਨਕਸ਼ੇ ਵਿੱਚੋਂ ਲੋਪ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All