ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ

ਡਾ. ਨੂਪੁਰ ਸੂਦ

ਸਕੂਲ ਸਿੱਖਿਆ ਵਿੱਚ ਟੈਕਨਾਲੋਜੀ ਦਾ ਵਿਕਾਸ ਸਮੇਂ ਦੀ ਲੋੜ ਬਣ ਚੁੱਕਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਾਠਕ੍ਰਮ ਨੂੰ ਦਿਲਚਸਪ ਅਤੇ ਸਰਲ ਬਨਾਉਣ ਲਈ ਟੈਕਨਾਲੋਜੀ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਿੱਚ ਈ-ਕੰਟੈਂਟ, ਐਜੂਸੈੱਟ, ਕੰਪਿਊਟਰ ਅਤੇ ਇੰਟਰਨੈੱਟ ਆਦਿ ਸ਼ਾਮਲ ਹਨ। ਈ-ਕੰਟੈਂਟ ਅਧੀਨ ਪ੍ਰਾਇਮਰੀ ਸਕੂਲਾਂ ਵਿੱਚ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਮਨੋਰੰਜਕ ਕਹਾਣੀਆਂ, ਕਵਿਤਾਵਾਂ ਆਦਿ ਕੰਪਿਊਟਰ ਰਾਹੀਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਈ- ਕੰਟੈਂਟ ਅਧੀਨ ‘ਆਈ-ਸਕੁਏਲਾ’ ਨਾਂ ਦਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਨੂੰ ਵੀਡੀਓ/ਐਨੀਮੇਸ਼ਨ ਦੇ ਰੂਪ ਵਿੱਚ ਵਿਦਿਆਰਥੀ ਕੰਪਿਊਟਰਾਂ ਤੇ ਜਾਂ ਪ੍ਰੋਜੈਕਟਰ ’ਤੇ ਦੇਖ ਕੇ ਸਮਝ ਸਕਦੇ ਹਨ। ਈ-ਕੰਟੈਂਟ ਤੋਂ ਹੋਰ ਲਾਭ ਲੈਣ ਲਈ ਟੈਕਨਾਲੋਜੀ ਮਾਹਿਰਾਂ ਵੱਲੋਂ ਸਾਫਟਵੇਅਰ ਨੂੰ ਨਿਰੰਤਰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ ਅਤੇ ਵਿਸ਼ਾ ਮਾਹਿਰਾਂ ਵੱਲੋਂ ਵਿਸ਼ਾ ਵਸਤੂ ਵਿੱਚ ਲੋੜੀਂਦੇ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਐਜੂਸੈੱਟ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਵਿੱਚ ਵਿਸ਼ੇਸ਼ ਸਮਾਂ ਸਾਰਣੀ ਅਨੁਸਾਰ ਵੱਖ ਵੱਖ ਵਿਸ਼ਿਆਂ ਲਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ, ਜੋ ਕਿ ਪਾਠਕ੍ਰਮ ਨਾਲ ਸਬੰਧਤ ਹੁੰਦੇ ਹਨ। ਐਜੂਸੈੱਟ ਇੱਕ ਭਾਰਤੀ ਉਪਗ੍ਰਹਿ ਹੈ ਜਿਸਨੂੰ ਸਾਲ 2004 ਵਿੱਚ ਵਿਸ਼ੇਸ਼ ਤੌਰ ’ਤੇ ਸਿੱਖਿਆ ਖੇਤਰ ਦੇ ਪ੍ਰੋਗਰਾਮ ਪ੍ਰਸਾਰਿਤ ਕਰਨ ਲਈ ਬਣਾਇਆ ਗਿਆ ਹੈ। ਵਿਦਿਆਰਥੀ ਆਪਣੀ ਜਮਾਤ ਦੀ ਸਮਾਂ ਸਾਰਣੀ ਅਨੁਸਾਰ ਸਮੂਹ ਵਿੱਚ ਬੈਠ ਕੇ ਇਸਦਾ ਪ੍ਰਸਾਰਣ ਦੇਖਦੇ ਹਨ। ਜਮਾਤ ਵਿੱਚ ਅਧਿਆਪਕ ਵੱਲੋਂ ਪੜ੍ਹਾਈ ਗਈ ਵਿਸ਼ਾ ਵਸਤੂ ਦੇ ਨਾਲ ਨਾਲ ਐਜੂਸੈਟ ਰਾਹੀਂ ਸਿੱਖੇ ਨੁਕਤੇ, ਵਿਦਿਆਰਥੀਆਂ ਵੱਲੋਂ ਵਿਸ਼ਾ ਵਸਤੂ ਨੂੰ ਡੂੰਘਾਈ ਤੱਕ ਸਮਝਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ। ਸਿੱਖਿਆ ਵਿਭਾਗ ਨੂੰ ਐਜੂਸੈਟ ਜਿਹੀ ਲਾਭਦਾਇਕ ਸੁਵਿਧਾ ਨੂੰ ਮਿਡਲ ਸਕੂਲਾਂ ਵਿੱਚ ਵੀ ਦੇਣਾ ਚਾਹੀਦਾ ਹੈ।

ਡਾ. ਨੂਪੁਰ ਸੂਦ

ਸਰਕਾਰੀ ਮਿਡਲ ਸਕੂਲਾਂ ਵਿੱਚ ਕੰਪਿਊਟਰ ਅਤੇ ਇੰਟਰਨੈੱਟ ਦੀ ਸਹਾਇਤਾ ਨਾਲ ਕੰਪਿਊਟਰ-ਸਿੱਖਿਆ ਦਿੱਤੀ ਜਾ ਰਹੀ ਹੈ, ਜਿਸ ਤਹਿਤ ਵਿਦਿਆਰਥੀ ਟਾਈਪਿੰਗ, ਪਾਵਰ-ਪੁਆਇੰਟ ਆਦਿ ਸਿੱਖ ਸਕਦੇ ਹਨ। ਕਈ ਸਰਕਾਰੀ ਸਕੂਲਾਂ ਵਿੱਚ ‘ਸਮਾਰਟ ਕਲਾਸ’ ਤਹਿਤ ਜਮਾਤ ਵਿੱਚ ਹੀ ਕੰਪਿਊਟਰ/ਐਲ.ਸੀ.ਡੀ. ਰਾਹੀਂ ਪਾਠਕ੍ਰਮ ਸਮਝਾਇਆ ਜਾ ਰਿਹਾ ਹੈ, ਜੋ ਕਿ ਜਮਾਤ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਦੀ ਸਮਰੱਥਾ ਰੱਖਦਾ ਹੈ। ਅਜੋਕੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਿੱਖਣ ਸਮੱਗਰੀ ਦੀ ਕੰਪਿਊਟਰ ਰਾਹੀਂ ਵਰਤੋਂ ਸਬੰਧੀ ਸਿਖਲਾਈ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਅਧਿਆਪਕ, ਜੋ ਕਿਸੇ ਕਾਰਨ ਕਰ ਕੇ ਕੰਪਿਊਟਰ ਸਬੰਧੀ ਤਕਨੀਕੀ ਜਾਣਕਾਰੀ ਤੋਂ ਵਾਂਝੇ ਹਨ, ਹੋਰ ਅਧਿਆਪਕਾਂ ਨਾਲ ਰਲ ਕੇ ਟੈਕਨਾਲੋਜੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਮੋਬਾਈਲ ਫੋਨਾਂ ਦਾ ਵੀ ਟੈਕਨਾਲੋਜੀ ਦੇ ਵਿਕਾਸ ਵਿੱਚ ਯੋਗਦਾਨ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਿਦਿਆਰਥੀ ਵੱਖੋ-ਵੱਖਰੇ ਵਿਸ਼ਿਆਂ ਦੇ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਸਿੱਖਣ-ਸਿਖਾਉਣ ਸਬੰਧੀ ਜਾਣਕਾਰੀ ਆਪਸ ਵਿੱਚ ਸਾਂਝੀ ਕਰ ਸਕਦੇ ਹਨ। ਟੈਕਨਾਲੋਜੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਸਹਿਜ ਅਤੇ ਸੁਖਾਲਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਨਾਲ ਵਿਦਿਆਰਥੀ ਦੀ ਪਾਠਕ੍ਰਮ ਨਾਲ ਸ਼ਮੂਲੀਅਤ ਵਧਦੀ ਹੈ ਅਤੇ ਉਹ ਵਿਸ਼ਾ ਵਸਤੂ ਨੂੰ ਤਹਿ ਤੱਕ ਸਮਝ ਸਕਦੇ ਹਨ। ਜਮਾਤ ਵਿੱਚ ਟੈਕਨਾਲੋਜੀ ਦੀ ਵਰਤੋਂ ਦੌਰਾਨ ਵੱਖੋ-ਵੱਖਰੇ ਆਡੀਓ/ਵਿਜ਼ੂਅਲ ਵਰਤੇ ਜਾਂਦੇ ਹਨ। ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਵਧੇਰੇ ਗਿਆਨ ਇੰਦਰੀਆਂ ਵਰਤੋਂ ਵਿੱਚ ਆਉਂਦੀਆਂ ਹਨ ਅਤੇ ਉਹ ਦਿਲਚਸਪੀ ਨਾਲ ਸਿੱਖਦੇ ਹਨ। ਟੈਕਨਾਲੋਜੀ ਵਿੱਚ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ। ਨਵੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਂਦੇ ਰਹਿਣਾ ਵਿਅਕਤੀ ਨੂੰ ਸਮੇਂ ਦਾ ਹਾਣੀ ਬਣਾ ਕੇ ਰੱਖਦਾ ਹੈ। ਨਵੀਆਂ ਤਕਨੀਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਵੀ ਪਰਖਣਾ ਚਾਹੀਦਾ ਹੈ। ਅਜਿਹੀ ਇੱਕ ਤਕਨੀਕ ਹੈ- ਆਗਮੈਂਟਿਡ ਰਿਐਲਿਟੀ। ਇਸ ਤਕਨੀਕ ਨਾਲ ਅਸੀਂ ਪਹਿਲਾਂ ਤੋਂ ਪ੍ਰੋਗਰਾਮ ਕੀਤੇ ਚਿੱਤਰ ਅਤੇ ਆਡਿਓ ਨੂੰ ਅਸਲ ਵਸਤੂ/ਵਾਤਾਵਰਨ ਦੇ ਉੱਤੇ ਇੱਕ ਹੀ ਸਕਰੀਨ ’ਤੇ ਦੇਖ ਸਕਦੇ ਹਾਂ। ਇਸ ਤਕਨੀਕ ਵਿੱਚ ਕੰਪਿਊਟਰ/ਮੋਬਾਈਲ ਦੇ ਕੈਮਰੇ ਦੇ ਸਾਹਮਣੇ ਆਗਮੈਂਟਿਡ ਕਾਰਡ ਰੱਖ ਕੇ ਸਕੈਨ ਕਰਨੇ ਹੁੰਦੇ ਹਨ। ਇਨ੍ਹਾਂ ਕਾਰਡਾਂ ’ਤੇ ਵਿਸ਼ੇਸ਼ ਕੋਡ ਬਣਿਆ ਹੁੰਦਾ ਹੈ, ਜਿਸ ਨੂੰ ਕੰਪਿਊਟਰ ਤੇ ਸਥਾਪਿਤ ਕੀਤਾ ਸਾਫਟਵੇਅਰ ਪੜ੍ਹਦਾ ਹੈ। ਪਹਿਲਾਂ ਤੋਂ ਹੀ ਪ੍ਰੋਗਰਾਮ ਕੀਤੇ ਵਿਜ਼ੂਅਲ ਅਤੇ ਆਵਾਜ਼ਾਂ, ਕੈਮਰੇ ਵਿੱਚੋਂ ਦਿਖਾਈ ਦੇ ਰਹੇ ਅਸਲ ਦ੍ਰਿਸ਼ ਦੇ ਨਾਲ-ਨਾਲ ਚੱਲਣ ਲੱਗਦੇ ਹਨ। ਇਸ ਦੇ ਗੁਣ ਦੇਖਦੇ ਹੋਏ ਕਈ ਵਿਕਸਿਤ ਦੇਸ਼ਾਂ ਵਿੱਚ ਇਸ ਤਕਨੀਕ ਨੂੰ ਸਕੂਲਾਂ ਵਿੱਚ ਲਗਾਤਾਰ ਵਰਤਿਆ ਜਾ ਰਿਹਾ ਹੈ। ਭਾਰਤ ਵਿੱਚ ਵੀ ਆਗਮੈਂਟਿਡ ਕਾਰਡ ਉਪਲੱਬਧ ਹਨ, ਜਿਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਣ-ਸਿਖਾਉਣ ਦੇ ਮੰਤਵ ਲਈ ਵਰਤਿਆ ਜਾ ਸਕਦਾ ਹੈ। ‘ਆਗਮੈਂਟਿਡ ਰਿਐਲਿਟੀ’ ਸਿੱਖਣ ਦੀ ਪ੍ਰਕਿਰਿਆ ਵਿੱਚ ਖੇਡ-ਤੱਤ ਲੈ ਕੇ ਆਉਣ ਦੀ ਸਮਰੱਥਾ ਰੱਖਦੀ ਹੈ। ਇਸ ਨਾਲ ਸਿੱਖਣ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣ ਸਕਦੀ ਹੈ। ਉਦਾਹਰਨ ਦੇ ਤੌਰ ’ਤੇ ਵਿਗਿਆਨ ਵਿਸ਼ੇ ਵਿੱਚ ਜੇਕਰ ਅਸੀਂ ਵਿਦਿਆਰਥੀਆਂ ਨੂੰ ਕੂਹਣੀ ਦੇ ਜੋੜ ਬਾਰੇ ਸਮਝਾਉਣਾ ਹੋਵੇ ਤਾਂ ਇਸ ਤਕਨੀਕ ਨੂੰ ਵਰਤਦੇ ਹੋਏ, ਜੇ ਵਿਦਿਆਰਥੀ ਕੰਪਿਊਟਰ/ਮੋਬਾਈਲ ਦੇ ਕੈਮਰੇ ਦੇ ਸਾਹਮਣੇ ਆਪਣੀ ਕੂਹਣੀ ਲੈ ਕੇ ਆਵੇਗਾ ਤਾਂ ਸਕਰੀਨ ’ਤੇ ਉਸਨੂੰ ਆਪਣੀ ਕੂਹਣੀ (ਅਸਲ) ਦੇ ਨਾਲ ਨਾਲ ਹੱਡੀਆਂ ਦਾ ਜੋੜ (ਸਾਫਟਵੇਅਰ ’ਚੋਂ) ਕਾਰਜ ਕਰਦਾ ਨਜ਼ਰ ਆਵੇਗਾ। ਇਸ ਦੇ ਲਈ ਕੂਹਣੀ ਦੇ ਉੱਪਰ ਪਹਿਲਾਂ ਆਗਮੈਂਟਿਡ ਕਾਰਡ ਲਗਾਉਣਾ ਪੈਂਦਾ ਹੈ, ਜਿਸਦੇ ਉੱਪਰ ਬਣੇ ਕੋਡ ਨੂੰ ਕੈਮਰੇ ਰਾਹੀਂ, ਕੰਪਿਊਟਰ/ਮੋਬਾਈਲ (ਪਹਿਲਾਂ ਤੋਂ ਹੀ ਸਥਾਪਿਤ/ਪ੍ਰੋਗਰਾਮ ਕੀਤੇ ਸਾਫਟਵੇਅਰ ਦੁਆਰਾ) ਪੜ੍ਹਦਾ ਹੈ। ‘ਆਗਮੈਂਟਿਡ ਰਿਐਲਿਟੀ’ ਨੂੰ ਕਈ ਮੋਬਾਈਲ ਐਪਲੀਕੇਸ਼ਨਾਂ ਦੁਆਰਾ ਵੀ ਵਰਤਿਆ ਜਾ ਰਿਹਾ ਹੈ, ਜਿਸਨੂੰ ਸਿਖਾਉਣ ਦੇ ਮੰਤਵ ਲਈ ਵਰਤਿਆ ਜਾ ਸਕਦਾ ਹੈ। ਜਿਵੇਂ-’ਨਾਈਟ ਸਕਾਈ’, ‘ਸਕੈੱਚ ਏ.ਆਰ.’ ਆਦਿ। ਜੇਕਰ ਇਸ ਤਕਨੀਕ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਵਰਤਿਆ ਜਾਵੇ ਤਾਂ ਸਾਡੇ ਵਿਦਿਆਰਥੀ ਵਿਸ਼ਵ ਪੱਧਰ ਦੀ ਤਕਨੀਕ ਨਾਲ ਰੂਬਰੂ ਹੋ ਕੇ ਹੋਰ ਗਿਆਨ ਅਤੇ ਆਤਮ-ਵਿਸ਼ਵਾਸ ਹਾਸਲ ਕਰ ਸਕਦੇ ਹਨ। ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦੇ ਵਿੱਚ ਟੈਕਨਾਲੋਜੀ ਦੀ ਲੋੜ ਤੋਂ ਵੱਧ ਵਰਤੋਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਟੈਕਨਾਲੋਜੀ ਪੂਰਨ ਤੌਰ ਤੇ ਇੱਕ ਅਧਿਆਪਕ ਦੀ ਜਗ੍ਹਾ ਨਹੀਂ ਲੈ ਸਕਦੀ ਪਰੰਤੂ ਵਿਸ਼ਾ ਵਸਤੂ ਨੂੰ ਪੜ੍ਹਾਉਣ ਦੇ ਲਈ ਚੰਗੀ ਸਹਾਇਕ ਸਿੱਧ ਹੋ ਸਕਦੀ ਹੈ। ਜੇਕਰ ਸਿੱਖਿਆ ਦੇ ਖੇਤਰ ਵਿੱਚ ਟੈਕਨਾਲੋਜੀ ਦੀ ਸਹੀ ਤਰ੍ਹਾਂ ਵਰਤੋਂ ਹੁੰਦੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਾਖਰਤਾ ਦੀਆਂ ਸਿਖਰਾਂ ਨੂੰ ਛੂਹ ਲਵੇਗਾ।

ਸੰਪਰਕ: 9877687374

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All