ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇੱਕੋਂ ਛੱਤ ਹੇਠ

ਟਰੱਸਟ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ

ਸਰਬਜੀਤ ਗਿੱਲ ਗੁਰਾਇਆ, 23 ਜੂਨ ਪਿੰਡ ਦੁਸਾਂਝ ਕਲਾਂ ’ਚ ਇੱਕੋਂ ਛੱਤ ਹੇਠ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਚੱਲ ਰਹੇ ਹਨ। ਇਸ ਕਾਰਨ ਮਰੀਜ਼ਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ 10 ਰੁਪਏ ਵਾਲੀ ਪਰਚੀ ਕਟਵਾਉਣ ਜਾਂ ਇੱਕ ਰੁਪਏ ਵਾਲੀ। ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੇ ਸਥਾਨ ’ਤੇ ਬਣੀ ਹੋਈ ਇਸ ਇਮਾਰਤ ’ਤੇ ਲੰਬਾ ਸਮਾਂ ਸਰਕਾਰੀ ਹਸਪਤਾਲ ਅਤੇ ਟਰੱਸਟ ਦੀ ਸਾਂਝ ਪੱਤੀ ਦਾ ਕਬਜ਼ਾ ਰਿਹਾ ਹੈ। ਹੁਣ ਇਸ ਹੀ ਇਮਾਰਤ ’ਚ ਟਰੱਸਟ ਵਲੋਂ ਚਲਾਏ ਜਾ ਰਹੇ ਹਸਪਤਾਲ ਨੇ ਆਪਣਾ ‘ਕਬਜ਼ਾ’ ਕੀਤਾ ਹੋਇਆ ਹੈ। ਇਸ ਕਬਜ਼ੇ ਦੌਰਾਨ ਸਰਕਾਰੀ ਡਾਕਟਰ ਤੋਂ ਪ੍ਰਾਈਵੇਟ ਬਣਨ ਵਾਲਾ ਡਾਕਟਰ ਵੀ ਉਹੀ ਹੈ। ਨਾ ਹੀ ਇਸ ਡਾਕਟਰ ਦਾ ਕਮਰਾ ਬਦਲਿਆ ਹੈ ਅਤੇ ਨਾ ਹੀ ਬਹੁਤਾ ਸਟਾਫ ਬਦਲਿਆ ਹੈ। ਸਰਕਾਰੀ ਤੌਰ ’ਤੇ ਦੁਸਾਂਝ ਕਲਾਂ ’ਚ ਮਿੰਨੀ ਪੀ. ਐਚ. ਸੀ. ਵੀ ਚੱਲ ਰਿਹਾ ਹੈ। ਜਿਥੇ ਸੇਵਾ ਮੁਕਤੀ ਤੋਂ ਪਹਿਲਾ ਤੱਕ ਜ਼ਿਆਦਾਤਰ ਸਮਾਂ ਡਾ. ਮਲਕੀਤ ਸਿੰਘ ਨੇ ਸੇਵਾ ਨਿਭਾਈ ਹੈ। ਮਿੰਨੀ ਪੀ. ਐਚ. ਸੀ. ਦੇ ਬਿਲਕੁੱਲ ਨਾਲ ਲੱਗਦੇ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀ ਥਾਂ ’ਤੇ 1974 ’ਚ ਅਮਰ ਸਿੰਘ ਦੁਸਾਂਝ ਦੇ ਯਤਨਾਂ ਨਾਲ ਕੁੱਝ ਕਮਰਿਆਂ ਦਾ ਨੀਂਹ ਪੱਥਰ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਰੱਖਿਆ ਸੀ। ਪਿੰਡ ਵਾਲਿਆਂ ਮੁਤਾਬਿਕ ਉਨ੍ਹਾਂ ਉਸ ਵੇਲੇ ਇਸ ਨੂੰ ਲੋਕ ਅਰਪਣ ਕਰਦਿਆਂ ਇਸ ਥਾਂ ਨੂੰ ਲੋਕਾਂ ਦੇ ਹਿੱਤਾਂ ’ਚ ਵਰਤਣ ਲਈ ਕਹਿ ਦਿੱਤਾ ਸੀ। ਮਗਰੋਂ ਪਿੰਡ ਦੀ ਪੰਚਾਇਤ ਨੇ ਸ਼੍ਰੋਮਣੀ ਕਮੇਟੀ ਦੀ ਇਸ ਥਾਂ ਨਾਲ ਪਿੰਡ ਦੀ ਪੰਚਾਇਤ ਨਾਲ ਤਬਾਦਲਾ ਕਰਨ ਦੀ ਸਹਿਮਤੀ ਕਰ ਲਈ ਪਰ ਕਾਗਜ਼ਾਂ ’ਚ ਅੱਜ ਤੱਕ ਤਬਾਦਲਾ ਨਹੀਂ ਹੋ ਸਕਿਆ। ਇਸ ਅਰਸੇ ਦੌਰਾਨ ਮੌਜੂਦਾ ਹਸਪਤਾਲ ਵਾਲੀ ਜ਼ਮੀਨ ’ਤੇ ਇਲਾਕੇ ਦੇ 20-25 ਪਿੰਡਾਂ ਦੇ ਲੋਕਾਂ ਨੇ ਪੈਸੇ ਇਕੱਠੇ ਕਰ ਕੇ ਹਸਪਤਾਲ ਬਣਾ ਦਿੱਤਾ, ਜਿਸ ਦਾ ਨਾਂ ਬਾਬਾ ਅੱਛਰ ਸਿੰਘ ਹਸਪਤਾਲ ਰੱਖਿਆ। ਮਗਰੋਂ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਕਾਰਨ ਇਸ ਨੂੰ ਬਾਬਾ ਅੱਛਰ ਸਿੰਘ ਬਲਾਕ ਦਾ ਨਾਂ ਦੇ ਦਿੱਤਾ ਅਤੇ ਹਸਪਤਾਲ ਦਾ ਨਾਂ ਗੁਰੂ ਗੋਬਿੰਦ ਸਿੰਘ ਹਸਪਤਾਲ ਰੱਖ ਦਿੱਤਾ। ਇਸ ਹਸਪਤਾਲ ਨੂੰ ਟਰੱਸਟ ਬਣਾ ਕੇ ਲੰਬੇ ਸਮੇਂ ਤੋਂ ਚਲਾਇਆ ਜਾਂਦਾ ਰਿਹਾ, ਜਿਸ ’ਚ ਹਸਪਤਾਲ ਦੀ ਮਸ਼ੀਨਰੀ, ਫਰਨੀਚਰ ਆਦਿ ਦਾ ਪ੍ਰਬੰਧ ਇਸ ਕਮੇਟੀ ਵਲੋਂ ਹੀ ਕੀਤਾ ਜਾਂਦਾ ਰਿਹਾ ਹੈ। ਸਰਕਾਰੀ ਨੌਕਰੀ ਵੇਲੇ ਤੋਂ ਲੈ ਕੇ ਹੁਣ ਤੱਕ ਡਾ. ਮਲਕੀਤ ਸਿੰਘ ਵਲੋਂ ਹੀ ਇਥੇ ਸਾਰੀਆ ਸੇਵਾਵਾਂ ਦਿੱਤੀਆਂ ਜਾਂਦੀਆ ਰਹੀਆਂ ਹਨ। ਮਿੰਨੀ ਪੀ. ਐਚ. ਸੀ. ਨਾਲ ਕੰਧ ਨਾਲ ਕੰਧ ਸਾਂਝੀ ਹੋਣ ਕਾਰਨ ਅਤੇ ਦੋਨੋਂ ਪਾਸੇ ਇੱਕ ਹੀ ਡਾਕਟਰ ਹੋਣ ਕਾਰਨ ਕਿਸੇ ਨੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਡਾਕਟਰ ‘ਦੋ ਵਜੇ’ ਤੋਂ ਬਾਅਦ ਟਰੱਸਟ ਦਾ ਡਾਕਟਰ ਬਣ ਜਾਂਦਾ ਹੈ। ਹੁਣ ਇਸ ਡਾਕਟਰ ਦੀ ਸੇਵਾ ਮੁਕਤੀ ਬਾਅਦ ਵੀ ਟਰੱਸਟ ਨੇ ਹੋਰ ਡਾਕਟਰਾਂ ਦਾ ਪੈਨਲ ਬਣਾ ਕੇ ਪਹਿਲਾਂ ਵਾਲੀ ਇਮਾਰਤ ’ਚ ਹੀ ਹਸਪਤਾਲ ਅਰੰਭ ਕੀਤਾ ਹੋਇਆ ਹੈ। ਇਸ ਸਬੰਧੀ ਪਿੰਡ ਦੇ ਵਸਨੀਕ ਨੇ ਦੱਸਿਆ ਕਿ ਇਥੇ ਤਿੰਨ ਤਰ੍ਹਾਂ ਦੀ ਫੀਸ ਸਵੇਰੇ 10 ਰੁਪਏ, ਬਾਅਦ ਦੁਪਹਿਰ 20 ਰੁਪਏ ਅਤੇ ਰਾਤ ਨੂੰ ਪੰਜਾਹ ਰੁਪਏ ਲਈ ਜਾਂਦੀ ਹੈ। ਹੁਣ ਨਵੇਂ ਸਿਸਟਮ ’ਚ ਮਰੀਜ਼ਾਂ ਨੂੰ ਦਵਾਈਆਂ ਅੰਦਰੋਂ ਹੀ ਮੁੱਲ ਦਿੱਤੀਆਂ ਜਾਂਦੀਆਂ  ਹਨ, ਜਿਸ ਕਾਰਨ ਬਾਹਰ ਦੁਕਾਨਦਾਰਾਂ ਦੀ ਸੇਲ ਘਟਣ ਨਾਲ ਇਹ ਮਾਮਲਾ ਹੌਲੀ ਹੌਲੀ ਭਖਣ ਲੱਗਾ ਹੈ। ਪਿੰਡ ਦੇ ਪੰਚ ਸ਼ਮਸ਼ੇਰ ਸਿੰਘ ਸ਼ੇਰਾ ਮੁਤਾਬਕ ਇਹ ਥਾਂ ਸ਼੍ਰੋਮਣੀ ਕਮੇਟੀ ਦੀ ਹੈ ਅਤੇ ਟਰੱਸਟ ਕੋਲ ਇਸ ਥਾਂ ਦੀ ਮਾਲਕੀ ਨਹੀਂ ਹੈ ਅਤੇ ਨਾ ਹੀ ਲੀਜ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਥਾਂ ’ਤੇ ਸਰਕਾਰੀ ਹਸਪਤਾਲ ਚਲਦਾ ਸੀ, ਹੁਣ ਡਾ. ਮਲਕੀਤ ਸਿੰਘ ਵਲੋਂ ਪ੍ਰਾਈਵੇਟ ਹਸਪਤਾਲ ਚਲਾਉਣ ਤੋਂ ਪਹਿਲਾ ਪੰਚਾਇਤ ਨੂੰ ਪੁੱਛਣਾ ਚਾਹੀਦਾ ਸੀ। ਦੂਜੇ ਪਾਸੇ ਟਰੱਸਟ ਰਾਹੀਂ ਹਸਪਤਾਲ ਚਲਾਉਣ ਵਾਲਿਆਂ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਡਾਕਟਰ ਦੀਆਂ ਮੁਫਤ ਸੇਵਾਵਾਂ ਲੈਂਦੇ ਸਨ ਪਰ ਹੁਣ ਸੇਵਾ ਮੁਕਤੀ ਬਾਅਦ ਹੋਰ ਨਵੇਂ ਡਾਕਟਰ ਰੱਖ ਕੇ ਹੋਰ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਟਰੱਸਟ ਦੇ ਨੁਮਾਇੰਦਿਆਂ ਨੇ ਕਲ੍ਹ ਆਨੰਦਪੁਰ ਸਾਹਿਬ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕਰਕੇ ਲੋਕ ਹਿੱਤ ਲਈ ਇਹ ਥਾਂ ਲੀਜ਼ ’ਤੇ ਦੇਣ ਦੀ ਮੰਗ ਕੀਤੀ ਹੈ। ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਨੇ ਕਿਹਾ ਕਿ ਲੋਕ ਹਿੱਤਾਂ ਲਈ ਸਾਂਝੀ ਕਮੇਟੀ ਬਣਾ ਕੇ ਕੰਮ ਚਲਾਇਆ ਜਾਵੇ। ਇਸ ਅਰਸੇ ਦੌਰਾਨ ਮਿੰਨੀ ਪੀ.ਐਚ.ਐਸ.ਸੀ.ਵਿਚ ਵਕਤੀ ਤੌਰ ’ਤੇ ਨਵੇਂ ਸਰਕਾਰੀ ਡਾਕਟਰਾਂ ਲਈ ਅਲਾਟਮੈਂਟ ਸ਼੍ਰੋਮਣੀ ਕਮੇਟੀ ਮੈਂਬਰ ਦੀ ਅਗਵਾਈ ਵਿਚ ਇਸੇ ਹਸਪਤਾਲ ਵਿਚ ਕਰਵਾ ਦਿੱਤੀ ਹੈ ਅਤੇ ਨਾਲ ਹੀ 30 ਜੂਨ ਤੱਕ ਦੋਨੋਂ ਧਿਰਾਂ ਨੂੰ ਹਸਪਤਾਲ ਖਾਲੀ ਕਰਨ ਦੇ ਸ਼੍ਰੋਮਣੀ ਕਮੇਟੀ ਵਲੋਂ ਹੁਕਮ ਵੀ ਦੇ ਦਿੱਤੇ ਗਏ ਹਨ।  ਅਕਾਲੀ ਆਗੂ ਸੁੱਚਾ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਪ੍ਰਧਾਨ ਨਾਲ ਗੱਲਬਾਤ ਉਪਰੰਤ ਯਕੀਨ ਬੱਝਾ ਹੈ ਕਿ 30 ਪਿੰਡਾਂ ਵਲੋਂ ਚਲਾਇਆ ਜਾ ਰਿਹਾ ਇਹ ਹਸਪਤਾਲ ਲੋਕ ਹਿੱਤਾਂ ਲਈ ਚਲਦਾ ਰਹੇਗਾ। ਪਿੰਡ ਦੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਪ੍ਰਧਾਨ ਹਰਕੇਵਲ ਸਿੰਘ ਨੇ ਕਿਹਾ ਕਿ ਲੋਕਾਂ ਨੇ ਪੈਸਾ ਲਗਾ ਕੇ ਇਹ ਹਸਪਤਾਲ ਬਣਾਇਆ ਹੈ, ਜਿਥੇ ਦੋ ਵਜੇ ਤੋਂ ਬਾਅਦ ਵੀ ਇਲਾਜ ਦੀ ਸਹੂਲਤ ਰਹੀ ਹੈ। ਇਹ ਸਹੂਲਤ ਹੁਣ ਵੀ ਕਾਇਮ ਰਹਿਣੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਬੌਲੀਵੁੱਡ ਦੇ ਕਪੂਰ ਪਰਿਵਾਰ ਦੀ ਜੱਦੀ ਵਿਰਾਸਤ ਹੈ ਇਤਿਹਾਸਕ ਇਮਾਰਤ

ਸ਼ਹਿਰ

View All