ਸਮਾਰਟ ਸਿਟੀ ਯੋਜਨਾ ’ਚ ਚਾਰ ਹੋਰ ਪ੍ਰਾਜੈਕਟ ਲਿਆਉਣ ਦੀ ਚਾਰਾਜੋਈ

ਮੀਟਿੰਗ ਵਿਚ ਹਾਜ਼ਰ ਐਮਪੀ ਸੰਤੋਖ ਚੌਧਰੀ, ਮੇਅਰ ਜਗਦੀਸ਼ ਰਾਜਾ ਤੇ ਵਿਧਾਇਕ।

ਪਾਲ ਸਿੰਘ ਨੌਲੀ ਜਲੰਧਰ, 11 ਜੂਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਮਾਰਟ ਸਿਟੀ ਪ੍ਰਾਜੈਕਟਾਂ ’ਚ ਨਵੇਂ ਹੋਰ ਪ੍ਰਾਜੈਕਟ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ। ਸ਼ਹਿਰ ਦੇ ਸਭ ਤੋਂ ਭੀੜ ਭੜੱਕੇ ਵਾਲੇ ਇਲਾਕੇ ਰੈਣਕ ਬਾਜ਼ਾਰ ਵਿਚ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਾਜ਼ਾਰ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਪਹਿਲ ਦੇ ਅਧਾਰ ’ਤੇ ਕੱਸਣ ਦਾ ਫ਼ੈਸਲਾ ਕੀਤਾ ਗਿਆ। ਇਸ ਲਈ ਲੋੜੀਂਦੇ ਕਾਰਜਾਂ ਨੂੰ ਜਲਦੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦੀ ਲਾਗਤ 2.75 ਕਰੋੜ ਦੇ ਕਰੀਬ ਆਵੇਗੀ। ਮੀਟਿੰਗ ਦੌਰਾਨ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਅਵਤਾਰ ਸਿੰਘ ਬਾਵਾ ਹੈਨਰੀ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ, ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਤਿੰਦਰ ਜੋਰਵਾਲ ਹਾਜ਼ਰ ਸਨ। ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ 116.94 ਕਰੋੜ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਖੇਤਰ ਅਧਾਰਿਤ ਵਿਕਾਸ ਲਈ ਠੋਸ ਰਹਿੰਦ ਖੂੰਹਦ ਪ੍ਰਬੰਧਨ ਯੋਜਨਾ ਨੂੰ ਵੀ 3.62 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਉਸਾਰੀਆਂ ਢਾਉਣ ਤੋਂ ਬਾਅਦ ਮਲਬੇ ਦੇ ਪ੍ਰਬੰਧਨ ਲਈ 6.05 ਕਰੋਡ਼ ਦੀ ਲਾਗਤ ਇਕ ਯੂਨਿਟ ਸਥਾਪਤ ਕੀਤਾ ਜਾਵੇਗਾ ਜਿਸ ਰਾਹੀਂ ਮਲਬੇ ਤੋਂ ਟਾੲੀਲਾਂ ਆਦਿ ਬਣਾਈਆਂ ਜਾਣਗੀਆਂ। ਸਲਾਹਕਾਰ ਫੋਰਮ ਵਲੋਂ 71 ਕਰੋੜ ਰੁਪਏ ਦੀ ਲਾਗਤ ਵਾਲੇ ਵਰਿਆਣਾ ਡੰਪ ਦੇ ਰੈਮੇਡਾਈਜੇਸ਼ਨ ਪ੍ਰੋਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਗਈ। ਇਸ ਪ੍ਰੋਜੈਕਟ ਤਹਿਤ ਪੁਰਾਣੇ ਕੂੜੇ ਨੂੰ ਆਰਗੈਨਿਕ ਅਤੇ ਵਿਗਿਆਨਿਕ ਤਰੀਕਿਆਂ ਨਾਲ ਰੀ-ਸਾਈਕਲ ਕਰ ਕੇ ਖ਼ਤਮ ਕੀਤਾ ਜਾਵੇਗਾ। ਸਲਾਹਕਾਰ ਫੋਰਮ ਵਲੋਂ 120 ਫੁੱਟੀ ਰੋਡ ,ਬਾਬੂ ਜਗਜੀਵਨ ਰਾਮ ਚੌਕ, ਬਬਰੀਕ ਚੌਕ, ਫੁੱਟਬਾਲ ਚੌਕ ਅਤੇ ਬਸਤੀ ਅੱਡਾ ਚੌਕ ਵਿਖੇ ਪਾਣੀ ਖੜ੍ਹਨ ਦੀ ਸਮੱਸਿਆ ਦੇ ਹੱਲ ਲਈ 7 ਕਿਲੋਮੀਟਰ ਲੰਬਾ ਸਟੌਰਮ ਡਰੇਨੇਜ ਨੈੱਟਵਰਕ ਪੁਆਉਣ ਨੂੰ ਮਨਜ਼ੂਰੀ ਦਿੱਤੀ ਗਈ। ਬਸਤੀ ਪੀਰ ਦਾਦ ਵਿਚ ਪਹਿਲੇ 50 ਐਮਐਲਡੀ.ਦੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੇੜੇ 15 ਐਮਐਲਡੀ. ਦੀ ਸਮਰੱਥਾ ਵਾਲਾ ਇਕ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਮਹੱਤਵਪੂਰਨ ਫ਼ੈਸਲਾ ਵੀ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All