ਸਦਮਾ ਸਿਧਾਂਤ’

ਨੈਓਮੀ ਕਲੇਨ ਦੀ ਬੇਜੋੜ ਰਚਨਾ ‘

ਨੈਓਮੀ ਕਲੇਨ ਦੀ ਬੇਜੋੜ ਕਿਰਤ ‘ਦਿ ਸ਼ੌਕਡ ਡੌਕਟਰਾਈਨ: ਦਿ ਰਾਈਜ਼ ਔਫ ਡਿਜ਼ਾਸਟਰ ਕੈਪੀਟਲਿਮਜ਼’ ਦਾ ਪੰਜਾਬੀ ਵਿਚ ਅਨੁਵਾਦ ‘ਸਦਮਾ ਸਿਧਾਂਤ: ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ’ ਪੰਜਾਬੀ ਅਤੇ ਪੰਜਾਬੀਆਂ ਦੇ ਧੰਨਭਾਗ ਹਨ। ਇਸ ਕਿਰਤ ਵਿਚ ਨੈਓਮੀ ਕਲੇਨ ਕਾਰਪੋਰੇਟ ਸਰਮਾਏਦਾਰੀ ਦੇ ਨਵ-ਉਦਾਰਵਾਦੀ ਏਜੰਡੇ ਨੂੰ ਕੁਲ ਦੁਨੀਆਂ 'ਤੇ ਥੋਪਣ ਅਤੇ ਅੱਗੇ ਵਧਾਉਣ ਲਈ ਅਮਰੀਕੀ ਸਾਮਰਾਜ ਵਲੋਂ ਇਸਤੇਮਾਲ ਕੀਤੇ ਜਾ ਰਹੇ ਸਦਮੇ ਦੇ ਵੱਖੋ ਵੱਖਰੇ ਰੂਪਾਂ ਦੇ ਅੰਤਰ-ਸਬੰਧਾਂ ਨੂੰ ਠੋਸ ਤਰਕਾਂ ਅਤੇ ਤੱਥਾਂ ਸਹਿਤ ਸਾਹਮਣੇ ਲਿਆਉਂਦੀ ਹੈ। ਨਾਲ ਹੀ, ਇਨ੍ਹਾਂ ਪਿੱਛੇ ਕਾਰਜਸ਼ੀਲ ਸਾਂਝੇ ਨੀਤੀ-ਸੂਤਰ ਨੂੰ ਬੇਨਕਾਬ ਕਰਕੇ ਇਸ ਨੂੰ ‘ਸਦਮਾ ਸਿਧਾਂਤ’ ਦੇ ਰੂਪ ਵਿਚ ਪੇਸ਼ ਕਰਦੀ ਹੈ। ਕਾਰਪੋਰੇਟਾਂ ਦੇ ਸੁਪਰ-ਮੁਨਾਫ਼ਿਆਂ ਅਤੇ ਦੁਨੀਆਂ ਵਿਚ ਮੈਗਾ-ਤਬਾਹੀਆਂ ਦਾ ਗੂੜ੍ਹਾ ਰਿਸ਼ਤਾ ਨੈਓਮੀ ਕਲੇਨ ਦਾ ਬੁਨਿਆਦੀ ਥੀਸਿਜ਼ ਹੈ। ਉਹ ਦੱਸਦੀ ਹੈ ਕਿ ਸਦਮਾ ਸਿਧਾਂਤ ਕੌਮੀ ਹਿੱਤਾਂ ਦੀਆਂ ਰੋਕਾਂ ਰਾਹੀਂ ਮਹਿਫੂਜ਼ ਕੀਤੇ ਅਰਥਚਾਰਿਆਂ ਵਿਚ ਸੰਨ੍ਹ ਲਾਉਣ ਅਤੇ ਇਨ੍ਹਾਂ ਤੱਕ ਬੇਲਗਾਮ ਮੰਡੀ ਦਾ ਵਿਸਤਾਰ ਕਰਨ ਦਾ ਸੰਸਾਰ ਕਾਰਪੋਰੇਟ ਸਰਮਾਏਦਾਰੀ ਦਾ ਮੁੱਖ ਮਨਭਾਉਂਦਾ ਹਥਿਆਰ ਹੈ। ਇਸੇ ਲਈ ਹੀ ਇਹ ਵਿਸ਼ੇਸ਼ ਸਰਮਾਏਦਾਰੀ ‘ਤਬਾਹੀਪਸੰਦ ਸਰਮਾਏਦਾਰੀ’ ਹੈ। ਇਸ ਹਥਿਆਰ ਨੂੰ ਵੱਖੋ ਵੱਖਰੇ ਦੇਸ਼ਾਂ ਵਿਚ ਆਰਥਿਕ-ਸਿਆਸੀ ਸੰਕਟਾਂ, ਕੁਦਰਤੀ ਆਫ਼ਤਾਂ, ਜੰਗਾਂ ਜਾਂ ਹੋਰ ਰੂਪਾਂ ਵਿਚ ਤਬਾਹੀਆਂ ਜ਼ਰੀਏ ਨਵ-ਉਦਾਰਵਾਦੀ ਏਜੰਡੇ ਨੂੰ ਥੋਪਣ ਲਈ ਵਰਤਿਆ ਗਿਆ ਹੈ। ਜੇ ਕਿਸੇ ਦੇਸ਼ ਵਿਚ ਹਕੀਕੀ ਆਰਥਕ ਸੰਕਟ ਮੌਜੂਦ ਨਹੀਂ ਤਾਂ ਕਾਰਪੋਰੇਟ ਜਹਾਦ ਦਾ ਆਗੂ ਅਮਰੀਕਾ ਉੱਥੇ ਜਾਅਲੀ ਸੰਕਟ ਖੜ੍ਹਾ ਕਰਕੇ ਆਪਣੇ ਲਈ ਮੁਆਫ਼ਕ ਹਾਲਾਤ ਪੈਦਾ ਕਰਦਾ ਹੈ। ਕਲੇਨ ਸਦਮਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਕਾਰਪੋਰੇਟ ਸਰਮਾਏਦਾਰੀ ਦੀਆਂ ਸਮਕਾਲੀ ਕਾਰਵਾਈਆਂ ਨੂੰ ਬੇਨਕਾਬ ਕਰਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ-ਪਲਟਿਆਂ ਅਤੇ ਕੁਦਰਤੀ ਆਫ਼ਤਾਂ ਨਾਲ ਦੇਸ਼ਾਂ ਵਿਚ ਆਪਾ-ਧਾਪੀ ਮਚੀ ਹੁੰਦੀ ਹੈ ਅਤੇ ਸਮਾਜ ਸਕਤੇ ਦੀ ਹਾਲਤ ਵਿਚ ਹੁੰਦੇ ਹਨ ਤਾਂ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਇਨ੍ਹਾਂ ਦੇ ਹੱਥਠੋਕਾ ਸਿਆਸਤਦਾਨ ਇਨ੍ਹਾਂ ਦੇਸ਼ਾਂ ਨੂੰ ਹੋਰ ਸਦਮੇ ਦਿੰਦੇ ਹਨ ਅਤੇ ਇੰਜ ਪਹਿਲੇ ਸਦਮੇ ਰਾਹੀਂ ਬਣੀ ਵਿਆਪਕ ਖੌਫ਼ ਅਤੇ ਮਾਨਸਿਕ ਖਲਬਲੀ ਦੇ ਹਾਲਾਤ ਦਾ ਲਾਹਾ ਲੈ ਕੇ ਆਰਥਿਕ ਸਦਮਾ ਇਲਾਜ ਥੋਪ ਦਿੰਦੇ ਹਨ, ਤੇ ਜਦੋਂ ਲੋਕ ਆਪਣੇ ਕੌਮੀ ਅਤੇ ਸਮਾਜਿਕ ਹਿੱਤ ਖ਼ਤਰੇ ਮੂੰਹ ਆਏ ਦੇਖਕੇ ਇਨ੍ਹਾਂ ਦੀ ਰਾਖੀ ਲਈ ਸਦਮਾ ਰਣਨੀਤੀ ਦਾ ਵਿਰੋਧ ਕਰਨ ਦੇ ਰਾਹ ਪੈਂਦੇ ਹਨ ਤਾਂ ਪੁਲੀਸ, ਫ਼ੌਜ ਅਤੇ ਜੇਲ੍ਹਾਂ ਦੇ ਤਫ਼ਤੀਸ਼ੀ ਅਧਿਕਾਰੀ ਸਦਮੇ ਤੋਂ ਪੀੜਤ ਸਮਾਜਾਂ ਨੂੰ ਭਿਆਨਕ ਤਸੀਹਿਆਂ ਅਤੇ ਜਬਰ ਦੇ ਰੂਪ ਵਿਚ ਤੀਜਾ ਸਦਮਾ ਦਿੰਦੇ ਹਨ। ਉਹ ਇਰਾਕ ਵਿਰੁੱਧ ਅਮਰੀਕਾ ਦੀ ਪੂਰੀ ਤਰ੍ਹਾਂ ਨਹੱਕੀ ਤੇ ਧਾੜਵੀ ਜੰਗ ਅਤੇ ਇਰਾਕ ਉੱਪਰ ਕਬਜ਼ੇ ਨੂੰ ਸਦਮਾ ਸਿਧਾਂਤ ਦੀ ਹਿੰਸਾ ਦੀ ਸਿਖ਼ਰ ਕਹਿੰਦੀ ਹੈ। ‘ਤਬਾਹੀਪਸੰਦ ਸਰਮਾਏਦਾਰੀ’ ਦੇ ਸਿਧਾਂਤ ਅਤੇ ਅਮਲ ਦੀ ਪ੍ਰਮਾਣਿਕ ਤਸਵੀਰ ਪੇਸ਼ ਕਰਨ ਲਈ ਨੈਓਮੀ ਸੀ.ਆਈ.ਏ. ਵੱਲੋਂ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਵਿਚ ਤਸੀਹਿਆਂ ਬਾਰੇ ਕਰਵਾਈ ਖੋਜ ਨੂੰ ਆਰੰਭ ਬਿੰਦੂ ਬਣਾਉਂਦੀ ਹੈ। ਫਿਰ ਉਹ ਚਾਰ ਦਹਾਕਿਆਂ ਦੌਰਾਨ ਇੰਡੋਨੇਸ਼ੀਆ, ਚਿੱਲੀ, ਅਰਜਨਟਾਈਨਾ, ਬੋਲੀਵੀਆ, ਉਰੂਗੁਏ, ਪੋਲੈਂਡ, ਰੂਸ, ਦੱਖਣੀ ਅਫ਼ਰੀਕਾ, ਸ੍ਰੀ ਲੰਕਾ, ਥਾਈਲੈਂਡ, ਦੱਖਣੀ ਕੋਰੀਆ, ਇਰਾਕ ਅਤੇ ਹੋਰ ਦੇਸ਼ਾਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ ਵਿਸਥਾਰ ਸਹਿਤ ਅਤੇ ਤੱਥਪੂਰਨ ਵੇਰਵਾ ਦਿੰਦੀ ਹੋਈ ਇਨ੍ਹਾਂ ਥਾਵਾਂ 'ਤੇ ਸਦਮਾ ਸਿਧਾਂਤ ਨੂੰ ਅਮਲ ਵਿਚ ਆਉਂਦਾ ਦਰਸਾਉਂਦੀ ਹੈ। ਉਹ ਸਾਬਤ ਕਰਦੀ ਹੈ ਕਿ ਇਹ ਸ਼ਿਕਾਗੋ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਅਤੇ ਇਸ ਦੇ ਮੁੱਖ ਅਰਥ ਸ਼ਾਸਤਰੀ ਮਿਲਟਨ ਫਰਾਇਡਮੈਨ ਦਾ ਸਦਮਾ ਸਿਧਾਂਤ ਹੀ ਹੈ ਜੋ ਕਾਰਪੋਰੇਟਸ਼ਾਹੀ ਵੱਲੋਂ ਕੁਲ ਦੁਨੀਆਂ ਦੀ ਆਰਥਿਕਤਾ ਉੱਪਰ ਗ਼ਲਬਾ ਪਾਉਣ ਦੇ ਸੁਚੇਤ ਵਿਚਾਰਧਾਰਕ ਜਹਾਦ ਦਾ ਸਿਧਾਂਤਕ ਆਧਾਰ ਹੈ। ਉਹ ਸਬੂਤ ਪੇਸ਼ ਕਰਦੀ ਹੈ ਕਿ ਕਿਵੇਂ ਦੁਨੀਆਂ ਭਰ ਵਿਚ ਬੀਤੇ ਚਾਰ ਦਹਾਕਿਆਂ ਵਿਚ ਖੱਬੇਪੱਖੀ ਅਤੇ ਕੌਮਪ੍ਰਸਤ ਸਰਕਾਰਾਂ ਦੇ ਰਾਜ ਪਲਟਿਆਂ ਤੋਂ ਲੈ ਕੇ ਮੌਜੂਦਾ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਵਰਤਾਰਿਆਂ ਪਿੱਛੇ ਇਹੀ ਸਿਧਾਂਤ ਕੰਮ ਕਰਦਾ ਆ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਆਦਿ ਕੌਮਾਂਤਰੀ ਵਿਤੀ ਸੰਸਥਾਵਾਂ ਦੀ ਸਾਮਰਾਜੀ ਸਰਮਾਏਦਾਰੀ ਦੇ ਹੱਥਠੋਕਿਆਂ ਵਜੋਂ ਭੂਮਿਕਾ ਬਾਰੇ ਚਰਚਾ ਭਾਵੇਂ ਅਕਸਰ ਹੀ ਹੁੰਦੀ ਰਹਿੰਦੀ ਹੈ ਪਰ ਨੈਓਮੀ ਕਲੇਨ ਨੇ ਜਿਵੇਂ ਇਨ੍ਹਾਂ ਦੀ ਭੂਮਿਕਾ ਨੂੰ ਤੱਥਾਂ ਸਹਿਤ ਬਿਆਨ ਕੀਤਾ ਹੈ, ਉਹ ਬੇਮਿਸਾਲ ਹੈ। ਉਸ ਦੀ ਧੂਹ-ਪਾਊ ਪੇਸ਼ਕਾਰੀ ਕਿਰਤ ਨੂੰ ਚਾਰ ਚੰਨ੍ਹ ਲਾਉਂਦੀ ਹੈ। ਨੈਓਮੀ ਕਾਰਪੋਰੇਟ ਸਰਮਾਏਦਾਰੀ ਦੇ ਬੁੱਧੀਜੀਵੀ ਫਰਾਂਸਿਸ ਫੁਕੂਯਾਮਾ ਦੇ ‘ਇਤਿਹਾਸ ਦਾ ਅੰਤ’ ਦੇ ਐਲਾਨ ਨੂੰ ਇਸੇ ਸਿਧਾਂਤਕ ਜਹਾਦ ਦੀ ਕੜੀ ਵਜੋਂ ਦੇਖਦੀ ਹੈ। ਉਹ ਕਾਰਪੋਰੇਟ ਸਰਮਾਏਦਾਰੀ ਦੇ ਬੁੱਧੀਜੀਵੀਆਂ ਵਲੋਂ ਸਿਰਜੀ ਇਸ ਸਿਧਾਂਤਕ ਮਿੱਥ ਦੇ ਬਖੀਏ ਉਧੇੜਦੀ ਹੈ ਕਿ ਖੁੱਲ੍ਹੀ ਮੰਡੀ ਦੀ ਸਰਮਾਏਦਾਰਾ ਵਿਚਾਰਧਾਰਾ ਅਜਿੱਤ ਤਾਕਤ ਸਾਬਤ ਹੋ ਗਈ ਹੈ ਅਤੇ ਇਸ ਦੀ ਆਲਮੀ ਫ਼ਤਹਿ ਜਮਹੂਰੀ ਅਮਲ ਰਾਹੀਂ ਹੋਈ ਹੈ। ਉਹ ‘ਸਦਮਾ ਸਿਧਾਂਤ’ ਰਾਹੀਂ ਇਸ ਬੁਨਿਆਦੀ ਧਾਰਨਾ ਨੂੰ ਮੁੜ ਸਥਾਪਤ ਕਰਦੀ ਹੈ ਕਿ ਖੁੱਲ੍ਹੀ ਮੰਡੀ ਅਤੇ ਜਮਹੂਰੀਅਤ ਆਪੋ ਵਿਚ ਬੇਮੇਲ ਵਰਤਾਰੇ ਹਨ ਅਤੇ ਖੁੱਲ੍ਹੀ ਮੰਡੀ ਦਾ ਨਵ-ਉਦਾਰਵਾਦ ਸਿਰਫ਼ ਹਿੰਸਾ ਰਾਹੀਂ ਹੀ ਲਾਗੂ ਕੀਤਾ ਜਾ ਸਕਦਾ ਹੈ। ਉਹ ਨਵ-ਉਦਾਰਵਾਦ ਦੇ ਏਜੰਡੇ ਦੀਆਂ ਝੰਡਾਬਰਦਾਰ ਤਾਕਤਾਂ ਦੇ ਬਿਆਨਾਂ ਰਾਹੀਂ ਇਸ ਨੂੰ ਸਿੱਧ ਕਰਦੀ ਹੈ ਜਿਨ੍ਹਾਂ ਦਾ ਕਥਨ ਹੈ ਕਿ ਸੰਕਟਾਂ, ਆਫ਼ਤਾਂ, ਜੰਗਾਂ, ਤਬਾਹੀਆਂ ਦਾ ਖ਼ਾਸ ਸਮਾਂ ਹੀ ਉਨ੍ਹਾਂ ਦੇ ਏਜੰਡੇ ਨੂੰ ਲਾਗੂ ਕਰਨ ਦਾ ਸਹੀ ਸਮਾਂ ਹੁੰਦਾ ਹੈ। ਨੈਓਮੀ ਦਾ ਮੰਨਣਾ ਹੈ ਕਿ ਸਮਾਜ ਵਿਚ ਬੁਨਿਆਦੀ ਤਬਦੀਲੀ ਲਈ ਸਰਗਰਮ ਤਾਕਤਾਂ ਦੇ ਰਾਜਸੀ ਏਜੰਡੇ ਦੇ ਵਾਅਦੇ ਫਿਰ ਹੀ ਵਫ਼ਾ ਹੋ ਸਕਦੇ ਹਨ, ਜੇ ਉਹ ਨਵ-ਉਦਾਰਵਾਦ ਵਿਰੁੱਧ ਸਮਝੌਤਾਰਹਿਤ ਜੱਦੋਜਹਿਦ 'ਤੇ ਡਟੀਆਂ ਰਹਿੰਦੀਆਂ ਹਨ; ਨਹੀਂ ਤਾਂ ਉਹ ਵੀ ਉਸੇ ਤਰ੍ਹਾਂ ਦੀ ਬੇਵਫ਼ਾਈ ਅਤੇ ਗ਼ਦਾਰੀ ਭਰੀ ਭੂਮਿਕਾ ਨਿਭਾਉਣ ਲਈ ਸਰਾਪੀਆਂ ਜਾਣਗੀਆਂ ਜਿਸ ਤਰ੍ਹਾਂ ਦੀ ਭੂਮਿਕਾ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਪੋਲੈਂਡ ਦੀ ਸੌਲੀਡੈਰਿਟੀ ਲਹਿਰ ਅਤੇ ਦੱਖਣੀ ਅਫ਼ਰੀਕਾ ਵਿਚ ਨੈਲਸਨ ਮੰਡੇਲਾ ਦੀ ਅਫ਼ਰੀਕੀ ਨੈਸ਼ਨਲ ਕਾਂਗਰਸ ਵਲੋਂ ਨਿਭਾਈ ਗਈ। ਆਪਣੇ ਦੇਸ਼ ਭਾਰਤ ਵਿਚ ਇਸੇ ਤਰ੍ਹਾਂ ਦੀ ਭੂਮਿਕਾ ਕੇਂਦਰ ਸਰਕਾਰ ਵਿਚ ਅਤੇ ਖ਼ਾਸ ਕਰਕੇ ਪੱਛਮੀ ਬੰਗਾਲ ਵਿਚ ਖੱਬੇ ਮੋਰਚੇ ਵੱਲੋਂ ਨਿਭਾਈ ਗਈ। ਉਂਝ, ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ‘ਤਬਾਹੀਪਸੰਦ ਸਰਮਾਏਦਾਰੀ’ ਬਾਰੇ ਲਿਖੀ ਇੰਨੀ ਅਹਿਮ ਅਤੇ ਠੁੱਕਦਾਰ ਕਿਤਾਬ ਵਿਚ ਭਾਰਤ ਸਰਕਾਰ ਵੱਲੋਂ ਅਪਣਾਈਆਂ ਆਰਥਿਕ ਨੀਤੀਆਂ-ਰਣਨੀਤੀਆਂ ਵਾਲੇ ਮਾਡਲ ਦਾ ਕਿਤੇ ਜ਼ਿਕਰ ਨਹੀਂ ਆਇਆ। ਇਹ ਮਾਡਲ ਜਿਹੜਾ ਅਵਾਮ ਵਿਚ ਲਗਾਤਾਰ ਪਾੜਾ ਵਧਾਉਣ ਦਾ ਬਾਇਸ ਬਣਿਆ ਹੈ ਅਤੇ ‘ਗ੍ਰੀਨ ਹੰਟ’ ਵਰਗੀਆਂ ਲੋਕ-ਮਾਰੂ ਕਾਰਵਾਈਆਂ ਤੱਕ ਜਾ ਅੱਪੜਿਆ ਹੈ। ਪਤਾ ਨਹੀਂ, ਨੈਓਮੀ ਤੋਂ ਭਾਰਤ ਦੇ ਮਾਡਲ ਦੀ ਗੱਲ ਕਿਵੇਂ ਛੁੱਟ ਗਈ ਹੈ! ਨੈਓਮੀ ਕਲੇਨ ਭਾਵੇਂ ਸਰਮਾਏਦਾਰੀ ਦੀ ਖ਼ਾਸ ਵੰਨਗੀ ‘ਤਬਾਹੀਪਸੰਦ ਸਰਮਾਏਦਾਰੀ’ ਨੂੰ ਹੀ ਬੁਰਾਈ ਦੀ ਜੜ੍ਹ ਮੰਨਦੀ ਹੈ ਅਤੇ ਮਿੱਸੀ ਆਰਥਿਕਤਾ ਦੇ ਕੀਨਜ਼ਵਾਦੀ ਸਰਮਾਏਦਾਰਾ ਮਾਡਲ ਦੀ ਮੁਦੱਈ ਹੈ ਪਰ ਉਸ ਵੱਲੋਂ ਕੀਤਾ ਪਰਦਾਫਾਸ਼ ਲਾਜਵਾਬ ਹੈ ਅਤੇ ਡੂੰਘੀ ਖੋਜ ਨਾਲ ਲਬਰੇਜ਼ ਹੈ। ਇਸੇ ਰੌਸ਼ਨੀ ਵਿਚ ਉਹ ਵੈਨਜ਼ੁਏਲਾ, ਕਿਊਬਾ ਅਤੇ ਬੋਲੀਵੀਆ ਦੀ ਅਗਵਾਈ ਹੇਠ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਖੇਤਰ ਦੇ ਅੱਠ ਦੇਸ਼ਾਂ ਦੀ ‘ਅਲਬਾ’ ਲਹਿਰ ਨੂੰ ਨਵ-ਉਦਾਰਵਾਦ ਵਿਰੁੱਧ ਲੜਾਈ ਦੇ ਦਰੁਸਤ ਨਮੂਨੇ ਵਜੋਂ ਬੁਲੰਦ ਕਰਦੀ ਹੈ। ਸਮੁੱਚੇ ਰੂਪ ਵਿਚ, ਇਹ ਬੇਹੱਦ ਅਹਿਮ ਅਤੇ ਸਮਰੱਥ ਕਿਤਾਬ ਪਾਠਕ ਨੂੰ ਅਜੋਕੇ ਸੰਸਾਰ ਦੇ ਗਤੀ-ਅਮਲ ਨੂੰ ਸਮਝਣ ਲਈ ਠੋਸ ਦ੍ਰਿਸ਼ਟੀ ਮੁਹੱਈਆ ਕਰਦੀ ਹੈ। ਬਕੌਲ ਅਰੁੰਧਤੀ ''ਨੈਓਮੀ ਕਲੇਨ ਨੇ ਸ਼ਾਨਦਾਰ, ਜੁਰਅਤਮੰਦ ਅਤੇ ਭਿਆਨਕਤਾ ਨੂੰ ਬਿਆਨਦੀ ਕਿਤਾਬ ਲਿਖੀ ਹੈ। ਇਹ ਉਸ ਚੀਜ਼ ਦੇ ਗੁਪਤ ਇਤਿਹਾਸ ਤੋਂ ਘੱਟ ਨਹੀਂ ਹੈ ਜਿਸ ਨੂੰ ਅਸੀਂ ‘ਖੁੱਲ੍ਹੀ ਮੰਡੀ’ ਕਹਿੰਦੇ ਹਾਂ। ਇਹ ਲਾਜ਼ਮੀ ਪੜ੍ਹੇ ਜਾਣ ਵਾਲੀ ਕਿਤਾਬ ਹੈ।" ਇਹ ਕਿਤਾਬ ਪੜ੍ਹ ਕੇ ਸੋਚ ਦੀ ਇਕ ਲੜੀ ਇਹ ਵੀ ਤੁਰਦੀ ਹੈ ਕਿ ਦੁਨੀਆਂ ਕਿੱਥੇ ਪਹੁੰਚ ਗਈ ਅਤੇ ਆਪਣਾ ਪੰਜਾਬ ਕਿੱਥੇ ਖੜ੍ਹਾ ਹੈ! ਦੁਨੀਆਂ ਨਾਲ ਵਰ੍ਹ ਮੇਲਣ ਲਈ ਪੰਜਾਬੀਆਂ ਨੂੰ ਇੰਨੀ ਹੀ ਬੌਧਿਕ ਬੁਲੰਦੀ 'ਤੇ ਪੁੱਜਣਾ ਪਵੇਗਾ ਅਤੇ ‘ਪੰਜਾਬੀ ਬੱਲੇ-ਬੱਲੇ’ ਦੇ ਖੋਲ ਵਿਚੋਂ ਬਾਹਰ ਨਿੱਕਲ ਕੇ ਬਹੁਤ ਅਗਾਂਹ ਤੱਕ ਦੇਖਣਾ ਪਵੇਗਾ। ਇਸ ਤੋਂ ਘੱਟ ਨਾਲ ਹੁਣ ਸੌਰੇਗਾ ਵੀ ਕੀ? ਇਹ ਕਿਤਾਬ ਹੁਣ ਤੱਕ ਦੁਨੀਆਂ ਦੀਆਂ 30 ਜ਼ੁਬਾਨਾਂ ਵਿਚ ਅਨੁਵਾਦ ਹੋ ਚੁੱਕੀ ਹੈ ਅਤੇ ਇਹ ਬੀਤੇ ਦਹਾਕੇ ਵਿਚ ਛਪੀਆਂ ਦੁਨੀਆਂ ਦੀਆਂ ਸਭ ਤੋਂ ਮਹੱਤਵਪੂਰਨ ਕਿਤਾਬਾਂ ਵਿਚੋਂ ਇਕ ਹੈ। ਪੰਜਾਬੀ ਵਿਚ ਇਸ ਕਿਤਾਬ ਦਾ ਅਨੁਵਾਦ ਬੂਟਾ ਸਿੰਘ ਨੇ ਕੀਤਾ ਹੈ ਜੋ ਆਪਣੇ ‘ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਬੰਗਾ’ ਰਾਹੀਂ ਵਧੀਆ ਪੁਸਤਕਾਂ ਪੰਜਾਬੀ ਪਾਠਕਾਂ ਤੱਕ ਲਗਾਤਾਰ ਪਹੁੰਚਾ ਰਹੇ ਹਨ। -ਜਸਵੀਰ ਸਮਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All