ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ

ਰਣਦੀਪ ਮੱਦੋਕੇ

ਫਰਾਂਸਿਸਕੋ ਡੀ ਗੋਇਆ ਵੱਲੋਂ ਸਿਰਜਿਆ ‘ਤਿੰਨ ਮਈ 1808’ ਨਾਂ ਦਾ ਚਿੱਤਰ।

ਫਰਾਂਸਿਸਕੋ ਡੀ ਗੋਇਆ (1746-1828) ਨੂੰ ਅਠਾਰਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਆਰੰਭ ਦੇ ਰੋਮਾਂਸਵਾਦੀ ਕਲਾ ਅੰਦੋਲਨ ਦੇ ਸਭ ਤੋਂ ਮਹੱਤਵਪੂਰਨ ਸਪੈਨਿਸ਼ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਆਪਣੇ ਲੰਬੇ ਕਲਾ ਸਫ਼ਰ ਦੌਰਾਨ ਗੋਇਆ ਨੇ ਨਿਰਾਸ਼ਾਜਨਕ ਪ੍ਰਸਥਿਤੀਆਂ ਵਿਚ ਚਿੱਤਰਕਾਰੀ, ਰੇਖਾ ਚਿੱਤਰ ਅਤੇ ਛਾਪਾ ਕਲਾ ਵਿਚੋਂ ਤਾਜ਼ਗੀ ਭਰੇ ਪਲ ਲੱਭਣ ਦੀ ਕੋਸ਼ਿਸ਼ ਕੀਤੀ। ਉਸਦਾ ਜਨਮ ਫਿਉਏਨਡੇਡਾਡੋਸ ਵਿਚ ਹੋਇਆ ਅਤੇ ਚੌਦਾਂ ਸਾਲ ਦੀ ਉਮਰ ਵਿਚ ਉਹ ਆਪਣੇ ਮਾਪਿਆਂ ਨਾਲ ਜਰਾਗੋਜ਼ਾ ਚਲਾ ਗਿਆ, ਜਿੱਥੇ ਉਸਨੇ ਚਿੱਤਰਕਾਰ ਜੋਸੇ ਲੂਜ਼ੈਨ ਮਾਰਟੀਨੇਜ਼ (1710-1785) ਨਾਲ ਕੰਮ ਕੀਤਾ। 1746 ਵਿਚ ਗੋਇਆ ਦੇ ਜਨਮ ਦੇ ਸਾਲ ਸਪੇਨ ’ਤੇ ਫਰਡੀਨੈਂਡ ਛੇਵੇਂ ਦਾ ਰਾਜ ਸੀ। ਇਸ ਤੋਂ ਬਾਅਦ ਚਾਰਲਸ ਤੀਜੇ ਨੇ ਦੇਸ਼ ਨੂੰ ਬਦਲਣ ਵਾਲੇ ਹਮਦਰਦ ਦੇ ਤੌਰ ’ਤੇ ਸ਼ਾਸਨ ਕੀਤਾ। ਕੱਟੜ ਆਰਥਿਕ, ਉਦਯੋਗਿਕ ਅਤੇ ਖੇਤੀਬਾੜੀ ਸੁਧਾਰਾਂ ਦਾ ਸਮਰਥਨ ਕਰਨ ਵਾਲੇ ਮੰਤਰੀਆਂ ਦੀ ਨਿਯੁਕਤੀ ਕੀਤੀ। ਗੋਇਆ ਵਿਚ ਗਿਆਨ ਦੇ ਇਸ ਯੁੱਗ ਦੌਰਾਨ ਕਲਾਤਮਕ ਪਰਿਪੱਕਤਾ ਆਈ। ਮੈਡ੍ਰਿਡ ਵਿਚ ਪੇਂਟਰ ਭਰਾ ਫ੍ਰਾਂਸਿਸਕੋ (1734-1795) ਅਤੇ ਫਰਾਂਸਿਸਕੋ ਬੇਯੂ ਵਾਈ ਸੁਬਾਸ (1744-1793) ਨੇ 1763 ਵਿਚ ਕਾਰਜਸ਼ਾਲਾ ਸਥਾਪਿਤ ਕੀਤੀ ਸੀ। ਗੋਇਆ ਜਲਦੀ ਹੀ ਇਸ ਨਾਲ ਜੁੜ ਗਿਆ ਅਤੇ ਫਰਾਂਸਿਸਕੋ ਭਰਾਵਾਂ ਦੀ ਭੈਣ ਜੋਸਫ਼ਾ ਨਾਲ ਵਿਆਹ ਕਰਵਾ ਲਿਆ।

ਫਰਾਂਸਿਸਕੋ ਡੀ ਗੋਇਆ

ਉਸਦੀ ਸ਼ਾਹੀ ਕਲਾ ਕਾਰਜਸ਼ਾਲਾ ਵਿਚ ਵੀ ਪਹੁੰਚ ਬਣੀ ਅਤੇ ਉਸਦੇ ਚਾਰ ਸ਼ਾਸਕ ਰਾਜਸ਼ਾਹੀਆਂ ਨਾਲ ਸਬੰਧ ਰਹੇ। ਜਰਮਨ ਚਿੱਤਰਕਾਰ ਐਂਟਨ ਰਾਫੇਲ ਮੈਂਗਜ਼ ਨੇ ਗੋਇਆ ਨੂੰ ਰਾਇਲ ਟੈਪੇਸਟਰੀ ਫੈਕਟਰੀ ਲਈ ਟੈਪੇਸਟਰੀ ਕਾਰਟੂਨ ਬਣਾਉਣ ਲਈ ਪ੍ਰੇਰਿਆ ਅਤੇ ਉਸਨੇ ਕਾਫ਼ੀ ਕਾਰਟੂਨ ਬਣਾਏ ਵੀ। ਗੋਇਆ ਮੁੱਖ ਤੌਰ ’ਤੇ ਸਥਾਪਤੀ ਦੀ ਬਰਬਰਤਾ ਵਿਰੋਧੀ ਕਲਾਕਾਰ ਵਜੋਂ ਹੀ ਜਾਣਿਆ ਜਾਂਦਾ ਹੈ। 1810 ਅਤੇ 1820 ਵਿਚਕਾਰ ਯੁੱਧ ਦੀ ਬਰਬਰਤਾ ਬਾਰੇ ਬਣਾਈ ਗਈ 82 ਛਾਪਾ ਚਿੱਤਰਾਂ ਦੀ ਲੜੀ ਉਸਦੇ ਸਭ ਤੋਂ ਮਹੱਤਵਪੂਰਨ ਕੰਮਾਂ ਵਿਚ ਸ਼ਾਮਲ ਹੈ। ਕਲਾ ਇਤਿਹਾਸਕਾਰਾਂ ਨੇ ਲੜੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ- ਪਹਿਲੇ 47 ਪ੍ਰਿੰਟ ਯੁੱਧ ਦੀ ਭਿਆਨਕਤਾ ਨੂੰ ਦਰਸਾਉਂਦੇ ਹਨ, ਮੱਧ ਲੜੀ (48 ਤੋਂ 64 ਪ੍ਰਿੰਟ) ਵਿਚ ਮੈਡ੍ਰਿਡ ਵਿਚ 1811-12 ਵਿਚ ਆਏ ਅਕਾਲ ਦੇ ਪ੍ਰਭਾਵ ਬਾਰੇ ਦੱਸਿਆ ਗਿਆ ਹੈ ਅਤੇ ਅਖੀਰਲੇ 17 ਚਿੱਤਰ 1814 ਦੀ ਬੌਰਬਨ ਰਾਜਸ਼ਾਹੀ ਦੀ ਮੁੜ ਸਥਾਪਨਾ ਤੋਂ ਬਾਅਦ ਨਿਰਾਸ਼ਾ ਨੂੰ ਦਰਸਾਉਂਦੇ ਹਨ। ਗੋਇਆ ਦੇ ਯੁੱਧ ਦੇ ਨਤੀਜਿਆਂ ਦੇ ਹਨੇਰੇ ਚਿੱਤਰਣ ਨੂੰ ਯੁੱਧ ਵਿਰੁੱਧ ਇਕ ਅਜੀਬੋ-ਗਰੀਬ ਦਰਸ਼ਨੀ-ਵਿਦਰੋਹ ਅਤੇ ਦਲੇਰਾਨਾ ਰਾਜਨੀਤਕ ਬਿਆਨ ਮੰਨਿਆ ਜਾਂਦਾ ਹੈ। ਜਦੋਂ 1808 ਵਿਚ ਨੈਪੋਲੀਅਨ ਦੀ ਸੈਨਾ ਨੇ ਸਪੇਨ ’ਤੇ ਹਮਲਾ ਕੀਤਾ। ਉਸ ਵੇਲੇ ਚਿੱਤਰਕਾਰ ਗੋਇਆ ਸੱਠ ਸਾਲ ਦੀ ਉਮਰ ਤੋਂ ਉੱਪਰ ਸੀ। ਉਹ ਪਹਿਲਾਂ ਤੋਂ ਹੀ ਚਿੱਤਰਾਂ ਰਾਹੀਂ ਰਾਜਨੀਤਕ ਤੇ ਧਾਰਮਿਕ ਪਾਖੰਡਾਂ ਦਾ ਮਜ਼ਾਕ ਉਡਾਉਣ ਵਾਲੇ ਕਲਾਕਾਰ ਵਜੋਂ ਜਾਣਿਆ ਜਾਂਦਾ ਸੀ। ਨੈਪੋਲੀਅਨ ਦੇ ਜੰਗੀ ਅਭਿਆਨਾਂ ’ਚ ਹਮੇਸ਼ਾਂ ਪੇਸ਼ਾਵਰ ਚਿੱਤਰਕਾਰ ਨਾਲ ਹੁੰਦੇ ਸਨ ਜੋ ਅਕਸਰ ਭਿਆਨਕ ਜੰਗੀ ਦ੍ਰਿਸ਼ਾਂ ਦਾ ਚਿਤਰਣ ਕਰਦੇ ਸਨ ਜੋ ਨੈਪੋਲੀਅਨ ਦੇ ਸੂਖਮ ਕਲਾਵਾਂ ਬਾਰੇ ਮੰਤਰੀ ਦੀ ਦੇਖਰੇਖ ’ਚ ਹੁੰਦਾ ਸੀ। ਗੋਇਆ ਕਈ ਮਜਬੂਰੀਆਂ ਦੇ ਬਾਵਜੂਦ ਜੰਗ ਦੀ ਭਿਆਨਕਤਾ ’ਚ ਲੋਕਾਂ ਦੀ ਹਾਲਤ ਉੱਪਰ ਚਿੱਤਰ ਬਣਾਉਂਦਾ ਸੀ। ਜੰਗ ਸਮੇ ਲੋਕਾਂ ’ਤੇ ਕੀ ਬੀਤਦੀ ਹੈ ਤੇ ਜੰਗ ਨਾਲ ਆਮ ਲੋਕ ਕਿਵੇਂ ਨਜਿੱਠਦੇ ਹਨ, ਗੋਇਆ ਦੇ ਚਿਤਰਣ ’ਚ ਇਹ ਬਾਕਮਾਲ ਸਿਰਜਿਆ ਗਿਆ ਹੈ। ਉਹ ਜੰਗ ਦੇ ਬਿਲਕੁਲ ਆਸਪਾਸ ਹੁੰਦੇ ਹੋਏ ਵੀ ਜੰਗ ਵਿਰੁੱਧ ਆਪਣੀ ਕੈਨਵਸ ਰਾਹੀਂ ਜੰਗ ਲੜਦਾ ਸੀ। ਤੇਲ ਰੰਗਾਂ ਨਾਲ ਸਿਰਜੇ ਚਿੱਤਰਾਂ ਵਿਚੋਂ ‘ਤਿੰਨ ਮਈ 1808’ ਧਾੜਵੀ ਬਰਬਰਤਾ ਬਾਰੇ ਬੇਮਿਸਾਲ ਕ੍ਰਿਤਾਂ ਵਿਚੋਂ ਇਕ ਹੈ ਜੋ ਅਤਿ ਸਿਆਸੀ ਕਲਾਤਮਕ ਪ੍ਰਗਟਾਵਾ ਹੈ। ਇਸ ਰਾਹੀਂ ਗੋਇਆ ਵੱਲੋਂ ਉਨ੍ਹਾਂ ਸਪੇਨੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਨੇ ਨੈਪੋਲੀਅਨ ਦੀਆਂ ਫਰਾਂਸੀਸੀ ਫ਼ੌਜਾਂ ਵਿਰੁੱਧ ਬਗਾਵਤ ਕੀਤੀ ਸੀ। ਇਸ ਚਿੱਤਰ ਵਿਚ ਨੈਪੋਲੀਅਨ ਦੀ ਫਰਾਂਸੀਸੀ ਫ਼ੌਜ ਨਾਲ ਸਪੇਨ ਦੀ ਜਨਤਾ ਦੀ ਟੱਕਰ ਦਿਖਾਈ ਗਈ ਹੈ।

ਰਣਦੀਪ ਮੱਦੋਕੇ

ਨਾਟਕੀ ਢੰਗ ਨਾਲ ਪ੍ਰਕਾਸ਼ਿਤ, ਐਕਸ਼ਨ ਨਾਲ ਭਰਿਆ ਅਤੇ ਭਾਵਨਾ ਨਾਲ ਭਰਪੂਰ ਇਹ ਚਿੱਤਰ ਇੰਜ ਹੈ ਜਿਵੇਂ ਟਾਕਰੇ ਦੇ ਪਲ ਨੂੰ ਕੈਮਰੇ ਦੀ ਅੱਖ ਨਾਲ ਕੈਦ ਕੀਤਾ ਗਿਆ ਹੋਵੇ। ਜਦੋਂ ਫਰਾਂਸੀਸੀ ਹਥਿਆਰਬੰਦ ਦਸਤੇ ਨੇ ਨਿਹੱਥੇ ਬੰਦੀਆਂ ਦੇ ਸਮੂਹ ਦਾ ਕਤਲੇਆਮ ਕੀਤਾ, ਇਹ ਸਾਰੇ ਆਪਣੇ ਨੇਤਾਵਾਂ ਅਤੇ ਦੇਸ਼ ਨੂੰ ਨੈਪੋਲੀਅਨ ਦੀ ਧਾੜ ਤੋਂ ਬਚਾਉਣ ਲਈ ਲੜ ਰਹੇ ਸਨ। ਹਨੇਰੀ ਭਾਅ ਰਾਹੀਂ ਗੋਇਆ ਨੇ ਵਿਦਰੋਹ ਨੂੰ ਸਿਰਜਿਆ ਹੈ। ‘ਤਿੰਨ ਮਈ 1808’ ਆਧੁਨਿਕ ਕਲਾ ਦੇ ਇਤਿਹਾਸ ਦੀ ਇਕ ਮਹਾਨ ਕ੍ਰਿਤ ਹੈ ਜਿਸ ਵਿਚ ਲੋਕਾਂ ’ਤੇ ਥੋਪੀ ਗਈ ਜੰਗ ਨੂੰ ਖੁਭ ਕੇ ਸਿਰਜਿਆ ਗਿਆ ਹੈ। ਮਸ਼ਹੂਰ ਬ੍ਰਿਟਿਸ਼ ਕਲਾ ਇਤਿਹਾਸਕਾਰ ਅਤੇ ਅਜਾਇਬ ਘਰ ਦੇ ਨਿਰਦੇਸ਼ਕ ਕੈਨੇਥ ਕਲਾਰਕ ਨੇ ਵੀ ਇਸਨੂੰ ਪਹਿਲਾ ਮਹਾਨ ਚਿੱਤਰ ਮੰਨਿਆ। ਸਾਡੇ ਸਮਿਆਂ ਵਿਚ ਇਸਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਜਦੋਂ ਚਾਰੇ ਪਾਸੇ ਲੋਕਾਂ ਦਾ ਖੂਨ ਪੀਣੀਆਂ ਧਾੜਾਂ ਅੰਦਰੋਂ ਬਾਹਰੋਂ ਲੋਕਾਈ ਖਿਲਾਫ਼ ਬਾਰਬਰ ਯੁੱਧ ਛੇੜ ਚੁੱਕੀਆਂ ਹਨ।

ਸੰਪਰਕ: 98146-93368

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All